ਚੰਡੀਗੜ੍ਹ: ਲੰਮੀ ਉਡੀਕ ਪਿੱਛੋਂ ਆਖਰ ਪੰਜਾਬ ਦੇ 9 ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਮਿਲ ਹੀ ਗਈ। ਪੰਜਾਬ ਦੇ ਰਾਜਪਾਲ ਵੀæਪੀæ ਸਿੰਘ ਬਦਨੌਰ ਨੇ ਕੈਪਟਨ ਵਜ਼ਾਰਤ ਦੇ ਨੌਂ ਨਵੇਂ ਮੰਤਰੀਆਂ ਨੂੰ ਰਾਜ ਭਵਨ ਵਿਚ ਸਮਾਗਮ ਦੌਰਾਨ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ। ਇਨ੍ਹਾਂ ਤੋਂ ਇਲਾਵਾ ਸ੍ਰੀਮਤੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਨੂੰ ਵੀ ਤਰੱਕੀ ਦੇ ਕੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਇਸ ਮੁਤਾਬਕ ਮੁੱਖ ਮੰਤਰੀ ਨੇ ਆਪਣੇ ਕੋਲ 19 ਵਿਭਾਗ ਰੱਖੇ ਹਨ। ਦੋ-ਤਿੰਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਕੀਤਾ ਗਿਆ ਹੈ। ਦੋਵਾਂ ਮਹਿਲਾ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੋ ਮੰਤਰੀਆਂ ਨੂੰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਨਵੇਂ ਮੰਤਰੀ ਓæਪੀæ ਸੋਨੀ ਅਤੇ ਉਚੇਰੀ ਸਿੱਖਿਆ ਰਜ਼ੀਆ ਸੁਲਤਾਨਾ ਨੂੰ ਦਿੱਤੀ ਗਈ ਹੈ। ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ ਕੋਲ ਪਹਿਲਾਂ ਵਾਲੇ ਹੀ ਵਿਭਾਗ ਰਹਿਣਗੇ, ਪਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਚਾਇਤਾਂ ਤੇ ਪੇਂਡੂ ਵਿਕਾਸ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਬ੍ਰਹਮ ਮਹਿੰਦਰਾ ਨੂੰ ਪਹਿਲੇ ਵਿਭਾਗਾਂ ਦੇ ਨਾਲ ਨਵਾਂ ਸ਼ਿਕਾਇਤ ਨਿਵਾਰਨ ਵਿਭਾਗ ਦਿੱਤਾ ਗਿਆ ਹੈ। ਸ੍ਰੀ ਸੋਨੀ ਨੂੰ ਸਕੂਲ ਸਿੱਖਿਆ ਦੇ ਨਾਲ ਸੁਤੰਤਰਤਾ ਸੈਨਾਨੀ ਵਿਭਾਗ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਅਰੁਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਵਿਭਾਗ ਦੇ ਨਾਲ ਟਰਾਂਸਪੋਰਟ ਵਿਭਾਗ ਦਿੱਤਾ ਹੈ। ਰਜ਼ੀਆ ਸੁਲਤਾਨਾ ਨੂੰ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦਿੱਤਾ ਗਿਆ ਹੈ। ਸੁੱਖ ਸਰਕਾਰੀਆ ਨੂੰ ਮਾਲ, ਮੁੜ ਵਸੇਬਾ, ਪਾਣੀ ਸੋਮੇ ਅਤੇ ਖਣਨ ਵਿਭਾਗ, ਗੁਰਪ੍ਰੀਤ ਸਿੰਘ ਕਾਂਗੜ ਨੂੰ ਬਿਜਲੀ, ਨਵਿਆਉਣਯੋਗ ਊਰਜਾ, ਬਲਬੀਰ ਸਿੰਘ ਸਿੱਧੂ ਨੂੰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ, ਵਿਜੇਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ, ਸੁੰਦਰ ਸ਼ਿਆਮ ਅਰੋੜਾ ਨੂੰ ਸਨਅਤ ਅਤੇ ਵਣਜ ਵਿਭਾਗ ਦਿੱਤਾ ਹੈ। ਭਾਰਤ ਭੂਸ਼ਨ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਿੱਤਾ ਗਿਆ ਹੈ।
ਰਾਜ ਭਵਨ ਵਿਚ ਹੋਏ ਹਲਫਦਾਰੀ ਸਮਾਗਮ ਵਿਚ ਰਾਜਪਾਲ ਨੇ ਸਭ ਤੋਂ ਪਹਿਲਾਂ ਸੀਨੀਅਰ ਵਿਧਾਇਕ ਓæਪੀæ ਸੋਨੀ ਨੂੰ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਤੇ ਫਿਰ ਤੀਜੇ ਤੇ ਚੌਥੇ ਸਥਾਨ ਉਤੇ ਮਹਿਲਾ ਮੰਤਰੀਆਂ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਨੂੰ ਰਾਜ ਮੰਤਰੀਆਂ ਤੋਂ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਪੰਜਵੇਂ ਨੰਬਰ ਉਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹੁੰ ਚੁਕਾਈ ਗਈ। ਛੇਵੇਂ ਨੰਬਰ ਉਤੇ ਮਾਝੇ ਤੋਂ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਸੁੱਖ ਸਰਕਾਰੀਆ ਨੂੰ ਸਹੁੰ ਚੁਕਾਈ ਜਾਣੀ ਸੀ ਪਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਸਹੁੰ ਚੁਕਾ ਦਿੱਤੀ ਗਈ ਪਰ ਇਸ ਗਲਤੀ ਨੂੰ ਮੁੱਖ ਸਕੱਤਰ ਨੇ ਉਸੇ ਸਮੇਂ ਹੀ ਸੁਧਾਰ ਲਿਆ ਗਿਆ। ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਅੱਠਵੇਂ, ਸੰਗਰੂਰ ਤੋਂ ਨੌਜਵਾਨ ਆਗੂ ਵਿਜੇਇੰਦਰ ਸਿੰਗਲਾ ਨੂੰ ਨੌਵੇਂ, ਫਿਰ ਸੁੰਦਰ ਸ਼ਿਆਮ ਅਰੋੜਾ ਅਤੇ ਅਖੀਰ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਨ ਆਸ਼ੂ ਨੂੰ ਸਹੁੰ ਚੁਕਾਉਣ ਨਾਲ ਸਮਾਗਮ ਖਤਮ ਹੋ ਗਿਆ।
__________________
ਕੈਪਟਨ ਸਰਕਾਰ ਵਿਚ ਪਹਿਲੀ ਵਾਰ ਦੁਆਬਾ ਰਿਹਾ ਫਾਡੀ
ਜਲੰਧਰ: ਕੈਪਟਨ ਸਰਕਾਰ ਵਿਚ ਪਹਿਲੀ ਵਾਰ ਦੁਆਬਾ ਫਾਡੀ ਰਿਹਾ ਹੈ। ਕੈਪਟਨ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਸਮੇਤ ਵਜ਼ਾਰਤ ਦੇ ਸਹੁੰ ਚੁੱਕਣ ਵਾਲੇ 10 ਵਿਧਾਇਕਾਂ ਵਿਚ ਸਿਰਫ ਰਾਣਾ ਗੁਰਜੀਤ ਸਿੰਘ ਇਕ ਵਿਧਾਇਕ ਨੂੰ ਹੀ ਮੰਤਰੀ ਬਣਨ ਦਾ ਮਾਣ ਮਿਲਿਆ ਸੀ, ਪਰ ਉਨ੍ਹਾਂ ਨੂੰ ਵੀ ਅਜਿਹੀ ਨਜ਼ਰ ਲੱਗੀ ਕਿ ਰੇਤ ਖੱਡਾਂ ਦੇ ਵਿਵਾਦ ਵਿਚ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਤੇ ਦੁਆਬਾ ਵਜ਼ਾਰਤ ਤੋਂ ਪੂਰੀ ਤਰ੍ਹਾਂ ਸੱਖਣਾ ਹੋ ਗਿਆ। ਹੁਣ ਨਵੇਂ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿਚ ਸਿਰਫ ਹੁਸ਼ਿਆਰਪੁਰ ਤੋਂ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਨਾਂ ਹੀ ਆਇਆ ਹੈ। ਪਿਛਲੇ ਤਿੰਨ ਦਹਾਕਿਆਂ ਵਿਚ ਪਹਿਲੀ ਵਾਰ ਜਲੰਧਰ ਝੰਡੀ ਵਾਲੀ ਕਾਰ ਤੋਂ ਵਿਰਵਾ ਰਹਿ ਗਿਆ ਹੈ। ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਵਿਚੋਂ 15 ਕਾਂਗਰਸ ਦੇ ਵਿਧਾਇਕ ਹਨ ਤੇ ਪੂਰੇ ਖੇਤਰ ਵਿਚੋਂ ਮੰਤਰੀ ਸਿਰਫ ਇਕ ਹੀ ਬਣਾਇਆ ਗਿਆ ਹੈ।
_______________
ਮੰਤਰੀ ਮੰਡਲ ਵਿਚ ਵਾਧੇ ਨੂੰ ਚੁਣੌਤੀ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵਿਚ ਵਾਧਾ ਕਰਦਿਆਂ 9 ਨਵੇਂ ਮੰਤਰੀਆਂ ਦੀ ਸ਼ਮੂਲੀਅਤ ਨੂੰ ਤੈਅ ਗਿਣਤੀ ਤੋਂ ਵੱਧ ਮੰਤਰੀ ਬਣਾਉਣ ਦੀ ਕਾਰਵਾਈ ਕਰਾਰ ਦਿੰਦਿਆਂ ਇਸ ਵਾਧੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਕ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਖਲ ਕੀਤੀ ਗਈ ਹੈ। ਹਾਈ ਕੋਰਟ ਵੱਲੋਂ ਇਸ ਪਟੀਸ਼ਨ ਉਤੇ ਫੌਰੀ ਸੁਣਵਾਈ ਤੋਂ ਇਨਕਾਰ ਕਰਨ ਨਾਲ ਫਿਲਹਾਲ ਕੈਪਟਨ ਸਰਕਾਰ ਨੂੰ ਵੱਡੀ ਰਾਹਤ ਮਿਲ ਗਈ ਹੈ।