ਅੰਮ੍ਰਿਤਸਰ: ਸੁਪਰੀਮ ਕੋਰਟ ਦੇ ਜੱਜ ਵੱਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀ ਗਈ ਟਿੱਪਣੀ ਅਤੇ ਉਸ ਉਤੇ ਉਠਾਏ ਗਏ ਸਵਾਲ ਦਾ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਜਤਾਇਆ ਹੈ। ਸਿੱਖ ਜਥੇਬੰਦੀਆਂ ਨੇ ਆਖਿਆ ਕਿ ਦਸਤਾਰ ਸਿੱਖਾਂ ਦੇ ਪਹਿਰਾਵੇ ਦਾ ਅਹਿਮ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਦਸਤਾਰ ਸਿੱਖਾਂ ਦੀ ਪਛਾਣ ਦਾ ਹਿੱਸਾ ਹੈ ਅਤੇ ਇਹ ਉਨ੍ਹਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ।
ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਹਿਨਣ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਈਕਲ ਐਸੋਸੀਏਸ਼ਨ ਵੱਲੋਂ ਹੈਲਮੇਟ ਪਹਿਨਣ ਦੀ ਲਾਜ਼ਮੀ ਸ਼ਰਤ ਨੂੰ ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਉਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਿੱਖਾਂ ਲਈ ਹੈਲਮਟ ਪਹਿਨਣਾ ਲਾਜ਼ਮੀ ਨਹੀਂ ਹੈ। ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਜੱਜਾਂ ਨੇ ਸਵਾਲ ਉਠਾਇਆ ਕਿ ਕੀ ਦਸਤਾਰ ਸਿੱਖਾਂ ਲਈ ਲਾਜ਼ਮੀ ਹੈ ਜਾਂ ਫਿਰ ਸਿਰਫ ਸਿਰ ਢੱਕਣ ਦਾ ਇਕ ਸਾਧਨ ਹੈ। ਇਤਿਹਾਸ ਦਾ ਹਵਾਲਾ ਦਿੰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਵਿਸ਼ਵ ਜੰਗਾਂ ਦੌਰਾਨ ਵੀ ਸਿੱਖ ਸੈਨਿਕਾਂ ਨੇ ਦਸਤਾਰਾਂ ਸਜਾ ਕੇ ਹੀ ਯੁੱਧ ਲੜੇ ਸਨ। ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਫੌਜ ਮੁਖੀ ਵੀ ਸਿੱਖ ਵਿਅਕਤੀ ਰਹਿ ਚੁੱਕੇ ਹਨ। ਇਸ ਲਈ ਦਸਤਾਰ ਸਬੰਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਵੱਲੋਂ ਇਸ ਕੇਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਨੇ ਆਖਿਆ ਕਿ ਜੱਜਾਂ ਵੱਲੋਂ ਦਸਤਾਰ ਵਿਰੋਧੀ ਟਿੱਪਣੀਆਂ ਮੰਦਭਾਗੀਆਂ ਹਨ। ਉਧਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਦਸਤਾਰ ਦੀ ਮਹੱਤਤਾ ਬਾਰੇ ਪੁੱਛੇ ਸਵਾਲਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਮੰਦਭਾਗਾ ਕਰਾਰ ਦਿੱਤਾ ਹੈ।
_____________
ਅਦਾਲਤ ਦੀਆਂ ਦਲੀਲਾਂ
ਨਵੀਂ ਦਿੱਲੀ: ਦਸਤਾਰ ਬਾਰੇ ਜੱਜ ਦੀਆਂ ਦਲੀਲਾਂ ਕਾਫੀ ਹੈਰਾਨ ਕਰਨ ਵਾਲੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਸਟਿਸ ਐਸ਼ਏæ ਬੋਡਬੇ ਤੇ ਐਲ਼ਐਨæ ਰਾਓ ਦੇ ਬੈਂਚ ਨੇ ਇਹ ਵੀ ਪੁੱਛ ਲਿਆ ਕਿ ਕੀ ਸਿੱਖ ਧਰਮ ਵਿਚ ਦਸਤਾਰ ਲਾਜ਼ਮੀ ਹੈ ਜਾਂ ਸਿਰ ਢਕਣ ਦਾ ਇਕ ਤਰੀਕਾ। ਇੰਨਾ ਹੀ ਨਹੀਂ ਦੋਵੇਂ ਜੱਜਾਂ ਨੇ ਇਸ ਉਤੇ ਉਨ੍ਹਾਂ ਖਿਡਾਰੀਆਂ ਦਾ ਹਵਾਲਾ ਦਿੱਤਾ, ਜੋ ਬਿਨਾ ਦਸਤਾਰ ਤੋਂ ਆਪਣੀਆਂ ਖੇਡਾਂ ਖੇਡਦੇ ਹਨ। ਬੈਂਚ ਨੇ ਪਟੀਸ਼ਨਕਰਤਾ ਪੁਰੀ ਦੇ ਵਕੀਲ ਆਰæਐਸ਼ ਸੂਰੀ ਤੋਂ ਪੁੱਛਿਆ ਕਿ ਕੀ ਫੌਜੀ ਜੰਗ ਦੌਰਾਨ ਸਿਰਾਂ ‘ਤੇ ਹੈਲਮੇਟ ਨਹੀਂ ਪਹਿਨਦੇ?
_______________
ਮੁੱਦਾ ਕੇਂਦਰ ਕੋਲ ਲਿਜਾਵਾਂਗੇ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਸਤਾਰ ਸਿੱਖੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਮੁੱਦੇ ਉਤੇ ਸੁਪਰੀਮ ਕੋਰਟ ਵੱਲੋਂ ਉਠਾਏ ਸਵਾਲ ਨੂੰ ਪਾਰਟੀ ਕੇਂਦਰ ਸਰਕਾਰ ਕੋਲ ਲੈ ਕੇ ਜਾਵੇਗੀ ਤਾਂ ਜੋ ਇਸ ਮੁੱਦੇ ਦਾ ਹਮੇਸ਼ਾ ਲਈ ਨਿਬੇੜਾ ਹੋ ਜਾਵੇ। ਉਨ੍ਹਾਂ ਕਿਹਾ ਕਿ ਉਚ ਅਦਾਲਤ ਵੱਲੋਂ ਸਿੱਖ ਧਰਮ ਵਿਚ ਦਸਤਾਰ ਦੀ ਅਹਿਮੀਅਤ ਬਾਰੇ ਖੜ੍ਹੇ ਕੀਤੇ ਸਵਾਲ ਨਾਲ ਠੇਸ ਪੁੱਜੀ ਹੈ।