ਡਾ. ਗੁਰਨਾਮ ਕੌਰ, ਪਟਿਆਲਾ
ਪਿਛਲੇ ਦਿਨਾਂ ਵਿਚ ਜੰਮੂ ਕਸ਼ਮੀਰ ਦੇ ਕਠੂਆ ਅਤੇ ਉਤਰ ਪ੍ਰਦੇਸ਼ ਦੇ ਉਨਾਓ ਕਸਬੇ ਵਿਚ ਜਬਰ ਜਨਾਹ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੀ ਨਾ ਸਿਰਫ ਮੁਲਕ ਵਿਚ ਬਲਕਿ ਦੁਨੀਆਂ ਭਰ ਦੇ ਮੀਡੀਏ ਵਿਚ ਚਰਚਾ ਹੋ ਰਹੀ ਹੈ। ਖਬਰ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਨੇ ਵੀ ਇਸ ਦਾ ਨੋਟਿਸ ਲਿਆ ਹੈ|
‘ਪੰਜਾਬ ਟਾਈਮਜ਼’ ਦੇ 21 ਅਪਰੈਲ ਦੇ ਅੰਕ ਵਿਚ ਕਾਫੀ ਵਿਸਥਾਰ ਵਿਚ ਖਬਰ ਵੀ ਛਪੀ ਹੈ ਕਿ ਕਿਸ ਤਰ੍ਹਾਂ ਜਬਰ ਜਨਾਹ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ ਵਿਚ ਦੋਸ਼ੀਆਂ ਨੂੰ ਬਚਾਉਣ ਲਈ ਕਿਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਲੋਕ-ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ| ਝੰਜੋੜ ਕੇ ਇਸ ਲਈ ਵੀ ਰੱਖ ਦਿੱਤਾ ਹੈ ਕਿਉਂਕਿ ਹੈਵਾਨੀਅਤ ਦੇ ਇਹ ਦੋਵੇਂ ਕਾਰੇ ਜਿਨ੍ਹਾਂ ਸੂਬਿਆਂ ਵਿਚ ਵਾਪਰੇ ਹਨ, ਉਥੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਦੋਹਾਂ ਹੀ ਘਟਨਾਵਾਂ ਵਿਚ ਦੋਸ਼ੀਆਂ ਦੀਆਂ ਤਾਰਾਂ ਕਿਵੇਂ ਨਾ ਕਿਵੇਂ ਭਾਜਪਾ ਆਗੂਆਂ ਨਾਲ ਜਾ ਕੇ ਜੁੜਦੀਆਂ ਹਨ| ਉਨਾਓ ਕੇਸ ਵਿਚ ਭਾਜਪਾ ਵਿਧਾਇਕ ਅਤੇ ਉਸ ਦੇ ਹਮਾਇਤੀਆਂ ਨੇ ਨਾ ਸਿਰਫ ਕੇਸ ਨੂੰ ਖੁਰਦ-ਬੁਰਦ ਕਰਵਾਉਣ ਲਈ ਸਿਰ-ਤੋੜ ਯਤਨ ਕੀਤੇ ਬਲਕਿ ਕੁੜੀ ਦੇ ਬਾਪ ‘ਤੇ ਝੂਠਾ ਕੇਸ ਪੁਆ ਕੇ ਗ੍ਰਿਫਤਾਰ ਕਰਵਾਇਆ ਅਤੇ ਏਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ| ਇਹ ਮੀਡੀਆ ਦੀ ਖਬਰ ਹੈ ਅਤੇ ਇਸ ਵਿਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਲੋਕਾਂ ਦਾ ਰੋਹ ਦੇਖਦਿਆਂ ਅਤੇ ਅਦਾਲਤੀ ਦਖਲਅੰਦਾਜ਼ੀ ਕਰਕੇ ਪੁਲਿਸ ਨੂੰ ਕੇਸ ਦਰਜ ਕਰਨੇ ਪਏ ਹਨ|
‘ਪੰਜਾਬ ਟਾਈਮਜ਼’ ਵਿਚ ਦੋਹਾਂ ਘਟਨਾਵਾਂ ਬਾਰੇ ਅਭੈ ਸਿੰਘ ਦਾ ਲੇਖ ਵੀ ਛਪਿਆ ਹੈ| ਇਨ੍ਹਾਂ ਸ਼ਰਮਨਾਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਹਰਿਆਣੇ ਵਿਚ ‘ਜਾਟ ਅੰਦੋਲਨ’ ਸਮੇਤ ਮੂਰਥਲ ਵਿਚ ਔਰਤਾਂ ਨਾਲ ਜੋ ਵਾਪਰਿਆ, ਉਹ ਵੀ ਚੇਤਿਆਂ ਵਿਚੋਂ ਵਿਸਾਰਿਆ ਨਹੀਂ ਜਾ ਸਕਦਾ ਕਿ ਸਰਕਾਰ ਉਥੇ ਵੀ ਭਾਜਪਾ ਦੀ ਹੀ ਸੀ; ਅਤੇ ਉਥੇ ਵੀ ਸਰਕਾਰ ਤੇ ਪੁਲਿਸ ਦਾ ਕਿਹੋ ਜਿਹਾ ਰੋਲ ਸੀ! ਘਟਨਾਵਾਂ ਦੀ ਚਰਚਾ ਤਾਂ ਹੋ ਹੀ ਚੁਕੀ ਹੈ ਤੇ ਅਜਿਹੇ ਵਹਿਸ਼ੀ ਕਾਰਨਾਮਿਆਂ ਬਾਰੇ ਲਿਖਦਿਆਂ ਵੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ|
ਅਭੈ ਸਿੰਘ ਨੇ ਆਪਣੇ ਲੇਖ ਵਿਚ, ਜਨਵਰੀ ਦੇ ਹੀ ਮਹੀਨੇ ਜਦੋਂ ਬੱਕਰਵਾਲ ਕਬੀਲੇ ਦੀ ਨਿੱਕੀ ਜਿੰਦ ਨਾਲ ਇਹ ਵਹਿਸ਼ੀਆਨਾ ਭਾਣਾ ਵਾਪਰਿਆ ਸੀ, ਉਨ੍ਹਾਂ ਹੀ ਦਿਨਾਂ ਵਿਚ ਪਾਕਿਸਤਾਨ ਦੇ ਸੂਰਤ ਕਸਬੇ ਵਿਚ ਏਨੀ ਕੁ ਹੀ ਉਮਰ ਦੀ ਪਿਆਰੀ ਜਿਹੀ ਕੁੜੀ ਜ਼ੈਨਬ ਅਨਸਾਰੀ ਨਾਲ ਵਾਪਰੇ ਭਾਣੇ ਦੀ ਗੱਲ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦੀ ਅਦਾਲਤ ਨੇ ਉਸ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾ ਵੀ ਦਿੱਤੀ ਹੈ ਤੇ ਉਸ ਦੀ ਅਪੀਲ ਵੀ ਖਾਰਜ ਹੋ ਚੁਕੀ ਹੈ ਅਤੇ ਸਾਡੇ ਮੁਲਕ ਵਿਚ ਹਾਲੇ ਤਫਤੀਸ਼ ਦਾ ਹੀ ਰੌਲਾ ਪਾਇਆ ਜਾ ਰਿਹਾ ਹੈ| ਜੈ.ਨਬ ਦੇ ਮਾਮਲੇ ਵਿਚ ਨਾ ਸਿਰਫ ਥਾਂ ਥਾਂ ਜੈ.ਨਬ ਦੇ ਹੱਕ ਵਿਚ ਰੋਸ ਮੁਜਾਹਰੇ ਹੀ ਕੀਤੇ ਗਏ ਸਨ ਬਲਕਿ ਜਦੋਂ ਉਸ ਦੇ ਦੋਸ਼ੀ ਮੁਹੰਮਦ ਇਮਰਾਨ ਅਲੀ ਦੀ ਮਾਂ ਨੂੰ ਸੀ. ਸੀ. ਟੀ. ਵੀ. ਦੀ ਫੁਟੇਜ਼ ਦਿਖਾਈ ਗਈ ਤੇ ਉਸ ਨੂੰ ਆਪਣੇ ਪੁੱਤ ਦੇ ਇਸ ਘਟਨਾ ਵਿਚ ਸ਼ਾਮਲ ਹੋਣ ਦਾ ਸੱ.ਕ ਪਿਆ, ਤਾਂ ਉਸ ਨੇ ਆਪਣੇ ਪੁੱਤ ਦਾ ਥਹੁ-ਟਿਕਾਣਾ ਦੱਸਣ ਤੇ ਉਸ ਨੂੰ ਗ੍ਰਿਫਤਾਰ ਕਰਾਉਣ ਵਿਚ ਪੁਲਿਸ ਦੀ ਮਦਦ ਕੀਤੀ ਸੀ। ਲੋਕਾਂ ਨੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਲਈ ਸਰਕਾਰ ‘ਤੇ ਦਬਾਉ ਪਾਇਆ ਸੀ|
ਇੱਥੇ ਕਹਾਣੀ ਬਿਲਕੁਲ ਹੀ ਉਲਟ ਹੈ ਜਿਵੇਂ ਇੰਟਰਨੈਟ ਅਤੇ ਅਖਬਾਰਾਂ ਦੀਆਂ ਖਬਰਾਂ, ਸੂਹੀ ਸਵੇਰ ਵਿਚ ਨਸ਼ਰ ਕੀਤੀ ਗਈ ਚਾਰਜਸ਼ੀਟ ਦੀ ਨਕਲ ਅਤੇ ਅਭੈ ਸਿੰਘ ਦੇ ਲੇਖ ਤੋਂ ਪਤਾ ਲੱਗਦਾ ਹੈ ਕਿ ਇੱਕੋ ਪਰਿਵਾਰ ਦੇ ਚਾਰ ਮੈਂਬਰ-ਮਾਮਾ ਸਾਂਝੀ ਰਾਮ, ਜੋ ਮੰਦਿਰ ਦਾ ਪੁਜਾਰੀ ਵੀ ਹੈ, ਉਸ ਦਾ ਪੁੱਤਰ ਵਿਸ਼ਾਲ ਜੰਗੋਤਰਾ ਤੇ ਭਾਣਜਾ ਸ਼ੁਭਮ ਸੰਗਰਾ, ਪ੍ਰਵੇਸ਼ ਕੁਮਾਰ ਉਰਫ ਮੰਨੂ ਅਤੇ ਕੇਸ ਨੂੰ ਰਫਾ-ਦਫਾ ਕਰਨ ਵਿਚ ਦੋ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ| ਬੇਸ਼ਰਮੀ ਦੀ ਹੱਦ ਇਹ ਹੈ ਕਿ ਪੁਲਿਸ ਕਰਮਚਾਰੀ ਦੀਪਕ ਖਜੂ.ਰੀਆ ਅਤੇ ਸਾਂਝੀ ਰਾਮ ਨੇ ਮਿਲ ਕੇ ਸਾਰੀ ਯੋਜਨਾ ਬਣਾਈ ਸੀ|
ਇਥੇ ਦੂਜਾ ਨੁਕਤਾ ਇਹ ਹੈ ਕਿ ਮੁਹੰਮਦ ਇਮਰਾਨ ਅਲੀ ਦੇ ਹੱਕ ਵਿਚ ਵਕੀਲਾਂ ਵਾਲਾ ‘ਕਾਲਾ ਚੋਗਾ’ ਪਹਿਨ ਕੇ ਵਕੀਲਾਂ ਦੀ ਧਾੜ ਖੜੀ ਨਹੀਂ ਸੀ ਹੋਈ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੀ ਇਸ ਨੰਨ੍ਹੀ ਜਾਨ ਦੇ ਕੇਸ ਦੇ ਖਿਲਾਫ ਅਤੇ ਦੋਸ਼ੀਆਂ ਦੇ ਹੱਕ ਵਿਚ ‘ਬੇਸ਼ਰਮੀ’ ਦਾ ਚੋਲਾ ਪਾ ਕੇ ਵਕੀਲਾਂ ਦੀ ਧਾੜ ਖੜੀ ਹੋਈ ਹੈ| ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ‘ਵਕੀਲ ਪੇਸ਼ੇ’ ਨਾਲ ਜੁੜੇ ਜਨੂੰਨੀ ਲੋਕਾਂ ਨੇ ਇਹ ਕਾਰਾ ਕੋਈ ਪਹਿਲੀ ਵਾਰ ਨਹੀਂ ਕੀਤਾ| ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮਾਮਲੇ ਵਿਚ ਵੀ ਇਨ੍ਹਾਂ ਨੇ ਕੋਈ ਕਸਰ ਨਹੀਂ ਸੀ ਛੱਡੀ। ਅਦਾਲਤ ਵਿਚ ਕਾਨੂੰਨੀ ਲੜਾਈ ਲੜਨ ਦੀ ਥਾਂ ਵਿਦਿਆਰਥੀ ਆਗੂਆਂ ਨੂੰ ਕੁੱਟਣ ਪੈ ਗਏ ਸਨ| ਸਾਰੇ ਕਾਨੂੰਨ ਛਿੱਕੇ ਟੰਗ ਕੇ ਬਹੁਤ ਬੇਸ਼ਰਮ ਹੋ ਗਿਆ ਹੈ, ਇਹ ਜਨੂੰਨੀ ਲਾਣਾ|
ਜ਼ੀ ਟੀ. ਵੀ. ਨਿਊਜ਼ ਚੈਨਲ ‘ਤੇ ਐਂਕਰ ਸੁਧੀਰ ਚੌਧਰੀ ਨੇ ਆਨ ਲਾਈਨ ਪ੍ਰਾਪਤ ਵੀਡੀਓ ਵਿਚ ਵੱਕਾਰ ਭੱਟੀ ਦੇ ਹਵਾਲੇ ਨਾਲ ਮਰਹੂਮ ਪੀੜਤ ਕੁੜੀ ਦਾ ਕੇਸ ਲੜ ਰਹੀ ਵਕੀਲ ਦੀਪਿਕਾ ਸਿੰਘ ਰਾਜਵੰਤ ‘ਤੇ ਪੈਸੇ ਇਕੱਠੇ ਕਰਨ ਦਾ ਦੋਸ਼ ਲਾਇਆ ਹੈ। ਇਹ ਦੋਸ਼ ਵੀ ਲਾਇਆ ਹੈ ਕਿ ਇਸ ਮੁਲਕ ਵਿਚ ਹਰ ਰੋਜ਼ 99 ਅਤੇ ਸਾਲ ਦੇ 36000 ਬਲਾਤਕਾਰ ਦੇ ਕੇਸ ਹੁੰਦੇ ਹਨ ਪਰ ਉਨ੍ਹਾਂ ਕੇਸਾਂ ‘ਤੇ ਏਨਾ ਰੌਲਾ ਕਿਉਂ ਨਹੀਂ ਪੈਂਦਾ ਜਿੰਨਾ ਇਸ ਕੇਸ ਵਿਚ ਪਿਆ ਹੈ? ਉਸ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਕੇਸ ਵਿਚ ਪੀੜਤ ਦਾ ਨਾਂ ਅਤੇ ਫੋਟੋ ਵਾਇਰਲ ਨਹੀਂ ਹੁੰਦੀ ਪਰ ਸਿਰਫ ਇਸ ਕੇਸ ਵਿਚ ਹੀ ਐਸਾ ਹੋਇਆ ਹੈ|
‘ਨਿਰਭੈਯਾ’ ਕੇਸ ਦੇ ਹਵਾਲੇ ਨਾਲ ਉਸ ਨੇ ਕਿਹਾ ਹੈ ਕਿ ਅੱਜ ਤੱਕ ਕਿਸੇ ਨੇ ਨਿਰਭੈਯਾ ਦੀ ਫੋਟੋ ਨਹੀਂ ਦੇਖੀ ਅਤੇ ਨਾ ਹੀ ਕਿਸੇ ਨੂੰ ਉਸ ਦਾ ਅਸਲੀ ਨਾਂ ਪਤਾ ਹੈ| ਉਹ ਨਤੀਜਾ ਇਹ ਕੱਢਦਾ ਹੈ ਕਿ ਇਸ ਕੇਸ ਨੂੰ ਪੂਰੇ ਤਿੰਨ ਮਹੀਨੇ ਬਾਅਦ ਉਛਾਲਣ ਪਿੱਛੇ ਉਹ ਤਾਕਤਾਂ ਹਨ ਜੋ ਇਸ ਦੇਸ਼ ਦੇ ਟੁਕੜੇ ਟੁਕੜੇ ਕਰਨੇ ਲੋਚਦੀਆਂ ਹਨ ਜਿਵੇਂ ‘ਅਫਜ਼ਲ ਪ੍ਰੇਮੀ ਗੈਂਗ’ ਅਤੇ ਅਜਿਹੇ ਹੋਰ ਸੰਗਠਨ ਜੋ ਜੰਮੂ ਕਸ਼ਮੀਰ ਨੂੰ ਦੇਸ਼ ਤੋਂ ਅਲੱਗ ਕਰਨਾ ਚਾਹੁੰਦੇ ਹਨ| ਸੁਧੀਰ ਚੌਧਰੀ ਅਨੁਸਾਰ ਉਸ ਦੀ ਮੀਡੀਆ ਟੀਮ ਦੇ ਖੋਜ ਕੀਤੇ ਕੁਝ ਨਵੇਂ ਤੱਥਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਕੇਸ ਨੂੰ ਮੁੜ ਚੁੱਕਣ ਪਿਛੇ ਇੱਕ ਸਾਜਿਸ਼ ਹੈ|
ਜਿੱਥੋਂ ਤੱਕ ਪੀੜਤ ਦੀ ਵਕੀਲ ਦੀਪਿਕਾ ਸਿੰਘ ਰਾਜਵੰਤ ‘ਤੇ ਲਾਏ ਗਏ ਇਲਜ਼ਾਮਾਂ ਦਾ ਸਬੰਧ ਹੈ, ਉਸ ਨੇ ਮੀਡੀਆ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਹੀਂ ਗਈ ਅਤੇ ਨਾ ਹੀ ਉਸ ਨੇ ਕਿਸੇ ਤੋਂ ਕੋਈ ਪੈਸੇ ਇਕੱਠੇ ਕੀਤੇ ਹਨ| ਉਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਨੇ ਪੀੜਤ ਦਾ ਨਾਂ ਜਾਂ ਫੋਟੋ ਵਾਇਰਲ ਨਹੀਂ ਕੀਤੀ| ਉਸ ਦੇ ਕਹਿਣ ਮੁਤਾਬਕ ਉਸ ਦਾ ਟਵਿੱਟਰ-ਹੈਂਡਲ ਜੋ ਉਸ ਨੇ ਕਾਫੀ ਸਮਾਂ ਪਹਿਲਾਂ ਬਣਾਇਆ ਸੀ ਪਰ ਕਦੇ ਵਰਤਿਆ ਨਹੀਂ, ‘ਹਾਈਜੈਕ’ ਕਰ ਲਿਆ ਗਿਆ ਹੈ ਜਿਸ ਦੀ ਸ਼ਿਕਾਇਤ ਉਸ ਨੇ ਦਿੱਲੀ ਦੇ ਸਾਈਬਰ ਸੈਲ ਨੂੰ ਕੀਤੀ ਹੈ| ਉਸ ਦੀ ਸਮੁੱਚੀ ਟੀਮ ਸੁਨੀਲ ਫਰਨਾਂਡੇਜ਼ (ਐਡਵੋਕੇਟ-ਆਨ-ਰੀਕਾਰਡ), ਇੰਦਰਾ ਜੈ ਸਿੰਘ (ਸੀਨੀਅਰ ਕੌਂਸਲਰ) ਅਤੇ ਲਾਇਰਜ਼ ਕੋਲੈਕਟਿਵ ਇਨ ਦਿੱਲੀ ਇਸ ਕੇਸ ਲਈ ਲੜਨ ਵਾਸਤੇ ਬਿਨਾ ਕੋਈ ਪੈਸਾ ਲਏ ਆਪਣੀਆਂ ਸੇਵਾਵਾਂ ਦੇ ਰਹੇ ਹਨ| ਮੀਡੀਆ ਵਿਚ ਵਕੀਲ ਰਾਜਵੰਤ ਬਾਰੇ ਇਸ ਤਰ੍ਹਾਂ ਦੀ ਇਲਜ਼ਾਮ-ਤਰਾਸ਼ੀ ਉਸ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ| ਇਹ ਵੀ ਜੱਗ ਜਾਹਰ ਹੋ ਗਿਆ ਹੈ ਕਿ ਉਸ ਨੂੰ ‘ਬਾਰ ਐਸੋਸੀਏਸ਼ਨ’ ਵਿਚੋਂ ਕੱਢ ਦਿੱਤਾ ਗਿਆ ਹੈ ਅਤੇ ਉਸ ਦਾ ਹਸ਼ਰ ਉਸ ਪੀੜਤ ਬੱਚੀ ਵਾਂਗ ਹੀ ਕਰ ਦੇਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ|
ਸੁਧੀਰ ਚੌਧਰੀ ਦੀ ਇਹ ਗੱਲ ਜੇ ਇੱਕ ਪਲ ਲਈ ਮੰਨ ਵੀ ਲਈ ਜਾਵੇ ਕਿ ਇਸ ਕੇਸ ਨੂੰ ਉਛਾਲਣ ਪਿੱਛੇ ਵੱਖਵਾਦੀ ਟੋਲਿਆਂ ਦਾ ਹੱਥ ਹੈ ਅਤੇ ਉਨ੍ਹਾਂ ਵੱਲੋਂ ਗਰੀਬ ਪਰਿਵਾਰ ਦੇ ਨਾਂ ‘ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਕੀ ਸੁਧੀਰ ਚੌਧਰੀ ਦੱਸਣਗੇ ਕਿ ਰਾਜਵੰਤ ਨੂੰ ਧਮਕੀਆਂ ਦੇਣ ਪਿੱਛੇ ਕਿਹੜੀ ਸਾਜਿਸ਼ ਕੰਮ ਕਰ ਰਹੀ ਹੈ? ਕੀ ਉਹ ਦੱਸ ਸਕਦੇ ਹਨ ਕਿ ਕਿਸੇ ਗਰੀਬ ਮਰ ਚੁਕੀ ਬੱਚੀ ਲਈ ਜੇ ਲੋਕ ਅੱਗੇ ਆਉਂਦੇ ਹਨ ਜਾਂ ਕੋਈ ਵਕੀਲ ਮਨੁੱਖੀ ਹਮਦਰਦੀ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਨ ਤਾਂ ਇਸ ਵਿਚ ਮੁਲਕ ਨੂੰ ਤੋੜਨ ਵਾਲੀ ਗੱਲ ਕਿੱਥੋਂ ਆ ਗਈ? ਸੁਧੀਰ ਚੌਧਰੀ ਇਹ ਭੁੱਲ ਜਾਂਦੇ ਹਨ ਕਿ ‘ਭਗਵੇ ਬ੍ਰਿਗੇਡ’ ਵੱਲੋਂ ਨਿੱਤ ਦਿਹਾੜੇ ਕਦੀ ਗਾਂ ਨੂੰ ਮੁੱਦਾ ਬਣਾ ਕੇ ਘੱਟ ਗਿਣਤੀ ਭਾਈਚਾਰੇ ‘ਤੇ ਹਮਲਾ ਕਰਨਾ, ਕਦੀ ਆਨੇ-ਬਹਾਨੇ ਦਲਿਤ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਜਿਵੇਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੇ ਹੈਦਰਾਬਾਦ ਯੂਨੀਵਰਸਿਟੀ ਵਿਚ, ਅਤੇ ਹੋਰ ਅਜਿਹੇ ਬਹੁਤ ਸਾਰੇ ਕਾਰਨਾਮੇ ਜੋ ਪਿਛਲੇ ਕੁਝ ਸਾਲਾਂ ਵਿਚ ਕੀਤੇ ਗਏ ਹਨ, ਦੇਸ਼ ਨੂੰ ਜੋੜਨ ਵਾਲੇ ਕਿਸ ਕਿਸਮ ਦੇ ਯਤਨ ਹਨ? ਇਸ ਵੇਲੇ ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਸਭ ਤੋਂ ਵੱਧ ਭਗਵੇ ਬ੍ਰਿਗੇਡ ਤੋਂ ਹੈ ਜੋ ‘ਦੇਸ਼ ਭਗਤੀ’ ਦੇ ਨਾਂ ‘ਤੇ ਫਿਰਕੂ ਨਫਰਤ ਫੈਲਾ ਰਿਹਾ ਹੈ ਅਤੇ ਇੱਕ ਜਾਂ ਦੂਜੇ ਬਹਾਨੇ ਮੁਲਕ ਦੇ ਸਮਾਜਕ ਤਾਣੇ-ਬਾਣੇ ਨੂੰ ਵਿਚਲਿਤ ਕਰਨ ‘ਤੇ ਤੁਲਿਆ ਹੋਇਆ ਹੈ|
1988 ਵਿਚ ਫਿਲਮ ਨਿਰਮਾਤਾ ਬੀ. ਆਰ. ਚੋਪੜਾ ਦਾ ਇੱਕ ਹਿੰਦੀ ਸੀਰੀਅਲ ‘ਮਹਾਂ ਭਾਰਤ’ ਟੀ. ਵੀ. ‘ਤੇ ਦਿਖਾਇਆ ਜਾਂਦਾ ਸੀ| ਫਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਗੱਲ ਕਰਦਿਆਂ ਮੇਰੇ ਲਾਗੇ ਕੋਈ ਕਹਿ ਰਿਹਾ ਸੀ ਕਿ ਹਿੰਦੂ ਸਮਾਜ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸੀਰੀਅਲ ‘ਮਹਾਂ ਭਾਰਤ’ ਨੇ ਬਹੁਤ ਹਿੱਸਾ ਪਾਇਆ| ਜਿਵੇਂ ਮਝੈਲ ਸਿੰਘ ਨੇ ਕੈਲੀਫੋਰਨੀਆ ਵਿਚ ਭੰਗ ਦੀ ਵਿਕਰੀ ਜਾਂ ਸੇਵਨ ਦੀ ਖੁੱਲ੍ਹ ਦੇ ਦੇਣ ਬਾਰੇ ਲੇਖ ਵਿਚ ਗਣੇਸ਼ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਇਸ ਨੂੰ ਧਾਰਮਿਕ ਭਾਵਨਾ ਵੱਲ ਨਾ ਲਿਜਾਇਆ ਜਾਵੇ, ਉਸੇ ਤਰ੍ਹਾਂ ਮੇਰਾ ਵੀ ਇਥੇ ਇਹੀ ਕਹਿਣਾ ਹੈ ਕਿ ਇਸ ਨੂੰ ਧਾਰਮਿਕ ਭਾਵਨਾ ਵੱਲ ਨਾ ਲਿਜਾਇਆ ਜਾਵੇ| ਪਰ ਮੈਨੂੰ ਜਿਸ ਸੀਨ ਨੇ ਧੁਰ ਆਤਮਾ ਤੱਕ ਝੰਜੋੜਿਆ ਸੀ, ਉਹ ਪਾਂਡਵਾਂ ਦੀ ਪਤਨੀ ਦਰੋਪਦੀ ਨੂੰ ਯੁਧਿਸ਼ਟਰ ਵੱਲੋਂ ਜੂਏ ਵਿਚ ਹਾਰ ਜਾਣ ਪਿਛੋਂ ਕੌਰਵ ਪੁੱਤਰ ਦੁਰਯੋਧਨ ਵੱਲੋਂ ਉਸ ਦੇ ਚੀਰ ਹਰਨ ਦਾ ਹੁਕਮ ਦੇਣਾ ਸੀ| ਇਸ ਵਿਚ ਦਰੋਪਦੀ ਕੁਝ ਪ੍ਰਸ਼ਨ ਕਰਦੀ ਹੈ ਜੋ ਅੱਜ ਵੀ ਅਹਿਮੀਅਤ ਰੱਖਦੇ ਹਨ| ਇਸ ਸੀਨ ਦੇ ਸ਼ੁਰੁ ਹੋਣ ਤੋਂ ਪਹਿਲਾਂ ਦਾ ਬੋਲਿਆ ਵਾਕ ਹੈ, “ਆਜ ਮਹਾ ਭਾਰਤ ਕੀ ਕਥਾ ਏਕ ਲੱਜਾਜਨਕ ਮੋੜ ਪਰ ਹੈ| ਮਰਿਆਦਾ ਕੀ ਰੇਖਾ ਕੇ ਇਸ ਪਾਰ ਦਰੋਪਦੀ ਕੇ ਸਿਵਾ ਕੋਈ ਨਹੀਂ ਹੈ ਔਰ ਉਸ ਪਾਰ ਸਭੀ ਹੈਂ-ਗੰਗਾ ਪੁੱਤਰ, ਗੁਰੂ ਦਰੋਣਾਚਾਰੀਆ ਔਰ ਕੁਲ ਗੁਰੂ ਕਿਰਪਾਚਾਰੀਆ…ਇਸ ਲੀਏ ਯਹ ਰੁਕ ਕਰ ਸੋਚਨੇ ਕੀ ਜਗਹ ਹੈ ਕਿਉਂਕਿ ਯਹ ਨਿਰਣੈ ਵਰਤਮਾਨ ਔਰ ਭਵਿੱਸ਼ਯ ਕੇ ਹਰ ਵਿਅਕਤੀ ਕੋ ਲੇਨਾ ਪੜੇਗਾ ਕਿ ਵਹ ਇਸ ਮਰਿਆਦਾ ਰੇਖਾ ਕੇ ਇਸ ਪਾਰ ਹੈ ਯਾ ਉਸ ਪਾਰ?”
ਕੁਝ ਬਹੁਤ ਹੀ ਅਹਿਮ ਵਾਕ ਹਨ ਜਿਵੇਂ ਭੀਸ਼ਮ ਪਿਤਾਮਾ ਦਾ ਵਾਕ ਹੈ ਕਿ ‘ਜਦੋਂ ਬਾਂਸ ਦਾ ਅੰਤ ਹੋਣਾ ਹੁੰਦਾ ਹੈ ਤਾਂ ਉਸ ‘ਤੇ ਫਲ ਆ ਜਾਂਦੇ ਹਨ| ਦੁਰਯੋਧਨ ਵੀ ਇਸ ਰਾਜ ਦਾ ਫਲ ਹੈ|’ ਦਰੋਪਦੀ ਉਥੇ ਬਿਰਾਜਮਾਨ ਸਭ ਸਨਮਾਨਯੋਗ ਹਸਤੀਆਂ ਨੂੰ, ਜੋ ਮੂਕ ਦਰਸ਼ਕ ਬਣੀ ਉਸ ਨੂੰ ਦੁਰਯੋਧਨ ਦੇ ਭਰਾ ਵੱਲੋਂ ਵਾਲਾਂ ਤੋਂ ਫੜ੍ਹ ਕੇ ਘਸੀਟਿਆ ਜਾਣਾ ਬਰਦਾਸ਼ਤ ਕਰ ਰਹੇ ਹਨ, ਪ੍ਰਸ਼ਨ ਕਰਦੀ ਹੈ, “ਆਂਖੇਂ ਝੁਕਾਨਾ ਇਸ ਸਮੱਸਿਆ ਕਾ ਸਮਾਧਾਨ ਨਹੀਂ ਹੈ ਪਿਤਾਮਾ? ਮੈਂ ਕੁਰੂ ਮਰਿਆਦਾ ਪੇ ਲਗਾ ਹੂਆ ਪ੍ਰਸ਼ਨ ਹੂੰ| ਕਿਆ ਭਰਤਵੰਸ਼ੀਓਂ (ਦੁਸ਼ਿਅੰਤ ਦੇ ਪੁੱਤਰ ਭਰਤ ਦੇ ਵੰਸ਼ਜ ਜਿਸ ਦੇ ਨਾਂ ‘ਤੇ ਮੁਲਕ ਦਾ ਨਾਂ ਭਾਰਤ ਪਿਆ) ਕੀ ਯਹੀ ਪਰੰਪਰਾ ਹੈ? ਮੁਝੇ ਭਰਤਵੰਸ਼ੀਓਂ ਕੀ ਪਰੰਪਰਾ ਬਤਾਈਏ? ਆਪ ਕੇ ਸਾਮਨੇ ਯਹ ਅਧਰਮ ਹੂਆ ਔਰ ਆਪ ਨੇ ਇਸ ਅਧਰਮ, ਅਨਿਆਯੇ ਕੋ ਸਵੀਕਾਰ ਕੀਆ, ਸਹਿਨ ਕੀਆ, ਕਿਆ ਆਪ ਮੇਰੇ ਇਸ ਅਪਮਾਨ ਕੇ ਭਾਗੀ ਨਹੀਂ ਹੈਂ? ਆਪ ਪਾਪ ਕੇ ਬ੍ਰਿਛ ਕੀ ਛਾਓਂ ਮੇਂ ਬੈਠੇ ਹੈਂ, ਉਠ ਜਾਈਏ|”
“ਯਹ ਪ੍ਰਸ਼ਨ ਕਰ ਰਹਾ ਹੈ, ਇਸ ਦੇਸ਼ ਕਾ ਭਵਿੱਸ਼ਯ। ਪੰਚਾਲੀ ਕੇ ਪ੍ਰਸ਼ਨੋਂ ਕਾ ਉਤਰ ਦੀਜੀਏ ਪਿਤਾਮਾ|”
ਇੱਥੇ ਹੀ ਇੱਕ ਡਾਇਲਾਗ ਹੈ ਕਿ ‘ਪਿਤਾਮਾ ਕਿਆ ਉਤਰ ਦੇਂਗੇ, ਯਹ ਤੋ ਖੁਦ ਏਕ ਪ੍ਰਸ਼ਨ ਹੈ|’
ਇਸੇ ਤਰ੍ਹਾਂ ਦਰੋਪਦੀ ਵਾਰੀ ਵਾਰੀ ਦਰੋਣਾਚਾਰੀਆ, ਕਿਰਪਾਚਾਰੀਆ, ਵਿਦੁਰ-ਸਭ ਨੂੰ ਸੰਬੋਧਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਧਰਮ ਦੇ ਗਿਆਨੀਆਂ ਵੱਲੋਂ ‘ਧਰਮ ਕਾ ਪ੍ਰਸ਼ਨ ਜਾਨਤੇ ਹੂਏ ਭੀ ਚੁੱਪ ਰਹਿਨਾ ਝੂਠ ਬੋਲਨੇ ਕੇ ਬਰਾਬਰ ਹੈ| ਯਹ ਸਭਾ ਮ੍ਰਿਤਕ ਲੋਗੋਂ ਕੀ ਸਭਾ ਹੈ।…ਹਸਤਨਾਪੁਰ ਕੇ ਨਰੇਸ਼ ਆਪ ਕੀ ਸਭਾ ਮੇਂ ਏਕ ਨਾਰੀ ਕਾ ਅਪਮਾਨ ਹੂਆ ਹੈ, ਕੁਰੂ ਜੀਵਨ ਪ੍ਰਣਾਲੀ ਮੇਂ ਯਹ ਕੋੜ੍ਹ ਕਹਾਂ ਸੇ ਆ ਗਿਆ?’
ਜਦੋਂ ਦਰੋਪਦੀ ਨੂੰ ਸ਼ਾਂਤ ਹੋਣ ਲਈ ਕਿਹਾ ਜਾਂਦਾ ਹੈ ਤਾਂ ਉਹ ਸਪਸ਼ਟ ਕਰਦੀ ਹੈ, ‘ਮੁਝੇ ਸ਼ਾਂਤੀ ਨਹੀਂ, ਅਪਨੇ ਪ੍ਰਸ਼ਨੋਂ ਕਾ ਉਤਰ ਚਾਹੀਏ।’ ਇਸ ਸੀਨ ਦੇ ਖਤਮ ਹੋ ਜਾਣ ‘ਤੇ ਕੁਝ ਇਸ ਤਰ੍ਹਾਂ ਦੇ ਡਾਇਲਾਗ ਹਨ ਜਿਵੇਂ ‘ਜਿਸ ਦੇਸ਼ ਮੇਂ ਸ਼ਕਤੀ ਪੂਜਨੀਯ ਹੋ, ਉਸ ਮੇਂ ਸ਼ਕਤੀ ਕਾ ਅਪਮਾਨ ਹੂਆ ਹੈ|…ਹਸਤਨਾਪੁਰ ਮਾਨ-ਅਪਮਾਨ ਕੀ ਭਾਸ਼ਾ ਭੂਲ ਚੁਕਾ ਹੈ|’
ਫਿਰ ਦਰੋਪਦੀ ਨੂੰ ਹੌਸਲਾ ਦੇਣ ਦੇ ਲਹਿਜੇ. ਵਿਚ ਕਿਹਾ ਜਾਂਦਾ ਹੈ, ‘ਅਪਮਾਨ ਤੁਮ੍ਹਾਰਾ ਨਹੀਂ ਹੂਆ, ਅਪਮਾਨ ਹੂਆ ਹੈ ਭੀਸ਼ਮ ਕਾ, ਹਸਤਨਾਪੁਰ ਕਾ…| ਭਰਤਵੰਸ਼ ਕੀ ਮਰਿਆਦਾ ਕਾ ਦਰਪਨ ਤਿੜਕ ਗਿਆ ਹੈ, ਵਿਦੁਰ ਜੀ, ਆਈਏ ਇਸ ਕਾ ਸ਼ੋਕ ਮਨਾਈਏ|’ ‘ਹਸਤਨਾਪੁਰ ਮੇਂ ਗਿਆਨ ਕੇ ਜਿਤਨੇ ਦਵਾਰ ਹੋਂ, ਮੈਂ ਉਨ ਸਭ ਕੋ ਖਟਖਟਾਊਂਗਾ|’
ਇਹ ਸਾਰੇ ਬੋਲ, ਜੋ ਭਾਵੇਂ ਫਿਲਮੀ ਹੋ ਸਕਦੇ ਹਨ ਪਰ ਅੱਜ ਵੀ ਅਹਿਮ ਹਨ| ਇਹ ਵੀ ਹੋ ਸਕਦਾ ਹੈ ਕਿ ਕਈਆਂ ਨੂੰ ਇਹ ਬੁਰਾ ਵੀ ਲੱਗੇ| ਮੇਰਾ ਇੱਥੇ ਇਹੀ ਕਹਿਣਾ ਹੈ ਕਿ ਗੱਲ ਇੱਥੇ ਇਸ ਦੇਸ਼ ਵਿਚ, ਇਸ ਜਮੀਨ ‘ਤੇ ਪੈਦਾ ਹੋਣ ਵਾਲੀਆਂ ਬੱਚੀਆਂ ਜਾਂ ਔਰਤਾਂ ਦੀ ਇੱਜਤ ਦੀ ਹੈ| ਇਸ ਨੂੰ ਧਾਰਮਿਕ ਭਾਵਨਾਵਾਂ ਵੱਲ ਨਾ ਲਿਜਾਇਆ ਜਾਵੇ| ਭਗਵਾ ਬ੍ਰਿਗੇਡ, ਜੋ ਆਪਣੇ ਤੋਂ ਬਿਨਾ ਹੋਰ ਕਿਸੇ ਨੂੰ ਮੁਲਕ ਦਾ ਖੈਰ ਖੁਆਹ ਹੀ ਨਹੀਂ ਸਮਝਦਾ ਅਤੇ ਜੋ ਵੀ ਕੋਈ ਬੇਇਨਸਾਫੀ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਉਸ ‘ਤੇ ਦੇਸ਼-ਧ੍ਰੋਹ ਦਾ ਇਲਜ਼ਾਮ ਲੱਦ ਦਿੰਦਾ ਹੈ; ਜੇ ਇਨ੍ਹਾਂ ਨੇ ਕਿਸੇ ਹੋਰ ਤੋਂ ਨਹੀਂ ਸਿੱਖਣਾ ਤਾਂ ‘ਮਹਾਂ ਭਾਰਤ’ ਤੋਂ ਹੀ ਕੁਝ ਸਿੱਖ ਲੈਣ ਕਿ ਔਰਤ ਦੀ ਇੱਜਤ ਦਾ ਕੀ ਮਤਲਬ ਹੁੰਦਾ ਹੈ? ਉਹ ਭਾਵੇਂ ਕਿਸੇ ਮਜਹਬ, ਕਿਸੇ ਜਾਤ ਜਾਂ ਫਿਰਕੇ ਨਾਲ ਸਬੰਧ ਰੱਖਦੀ ਹੋਵੇ, ਔਰਤ ਤਾਂ ਔਰਤ ਹੈ। ਜਿਸ ਦੀ ਕੁੱਖ ਤੋਂ ਮਨੁੱਖ ਜਨਮ ਲੈਂਦਾ ਹੈ, ਉਸ ਦੀ ਇੱਜਤ ਕਰਨੀ ਸਿੱਖੋ|