ਦਿਨ-ਦਿਆਨਤਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ!

ਪਿਛਲੇ ਕੁਝ ਲੇਖਾਂ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਸੀ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਸੀ। ਪਿਛਲੇ ਲੇਖ ਵਿਚ ਉਨ੍ਹਾਂ ਮਨ ਦੇ ਅੰਦਰਲੀ ਤੇ ਬਾਹਰਲੀ ਚੁੱਪ ਦੀ ਗੱਲ ਕਰਦਿਆਂ ਕਿਹਾ ਸੀ, “ਅੰਦਰਲੀ ਚੁੱਪ ਮਨੁੱਖ ਨੂੰ ਉਸ ਦੇ ਅੰਦਰ ਨਾਲ ਜੋੜਦੀ ਜਦ ਕਿ ਬਾਹਰਲੀ ਚੁੱਪ ਉਸ ਨੂੰ ਅੰਦਰ ਨਾਲੋਂ ਤੋੜਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੂਰਜ ਦੀਆਂ ਬਖਸ਼ੀਆਂ ਨਿਆਮਤਾਂ ਦੀ ਗੱਲ ਕਰਦਿਆਂ ਲਿਖਿਆ ਹੈ, “ਹਰ ਦਿਨ ਨਵਾਂ, ਨਵੀਂ ਰੌਸ਼ਨੀ, ਨਿਵੇਕਲੀ ਧੁੱਪ, ਨਰੋਈ ਅੰਗੜਾਈ, ਨਵੇਂ-ਨਕੋਰ ਚਾਅ ਅਤੇ ਨਵੀਨਤਮ ਦੁਆ ਲੈ ਕੇ ਦਰੀਂ ਪਾਣੀ ਡੋਲ੍ਹਦਾ। ਪਰ ਇਸ ਨਵੀਨਤਾ ਵਿਚੋਂ ਕੀ ਕੁਝ ਨਵਾਂ ਨਕੋਰ, ਆਪਣੀ ਸੋਚ ਅਤੇ ਕਰਮ-ਸਾਧਨਾ ਦੇ ਨਾਮ ਲਾਉਂਦੇ ਹੋ, ਇਹ ਮਨੁੱਖੀ ਔਕਾਤ ‘ਤੇ ਨਿਰਭਰ।” ਕਿੱਡੀ ਸੰਤ ਬਾਣੀ ਜਿਹੀ ਗੱਲ ਹੈ ਜਦੋਂ ਉਹ ਕਹਿੰਦੇ ਹਨ, “ਦਿਨ ਦੀਵੀਂ ਜਦ ਹਨੇਰ ਪਵੇ, ਖੂਨ ਦੀ ਹੋਲੀ ਖੇਡੀ ਜਾਵੇ, ਸਬੰਧਾਂ ਵਿਚ ਖੁਦਗਰਜ਼ੀ ਦਾ ਨਾਚ ਹੋਵੇ, ਰਿਸ਼ਤਿਆਂ ਵਿਚ ਨੀਚਤਾ ਦਨਦਨਾਵੇ, ਚੂੜੀਆਂ-ਕਲੀਰੇ ਤਿੱੜਕਣ ਲੱਗ ਪੈਣ ਅਤੇ ਸਿਰ ਦੀ ਸੂਹੀ ਚੁੰਨੀ ਨੂੰ ਚਿੱਟੇਪਣ ਦਾ ਰੁਦਨ ਹੰਢਾਉਣਾ ਪਵੇ ਤਾਂ ਦਿਨ ਭੁੱਬੀਂ ਰੋਂਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਦਿਨ, ਸੂਰਜ ਦੀ ਦਸਤਕ, ਸਵੇਰ ਦਾ ਸ਼ੁਭ-ਆਗਮਨ, ਘੁਸਮੁਸੇ ਨੂੰ ਅਲਵਿਦਾ ਅਤੇ ਦਰਾਂ ‘ਤੇ ਤ੍ਰੇਲ ਚੋਂਦੀਆਂ ਸੁੱਚੀਆਂ ਕਿਰਨਾਂ।
ਦਿਨ, ਚਾਨਣ-ਤਰੌਂਕਾ, ਕੋਸੇ ਕੋਸੇ ਪਹਿਰਾਂ ਦੀ ਪੈੜਚਾਲ, ਨਿੱਘੀਆਂ ਕਿਰਨਾਂ ਦਾ ਬਨੇਰਿਆਂ ਤੋਂ ਲਹਿਣਾ ਅਤੇ ਵਿਹੜਿਆਂ ਵਿਚ ਚਹਿਲ-ਪਹਿਲ ਨੂੰ ਖੁਸ਼ਆਮਦੀਦ ਕਹਿਣਾ।
ਦਿਨ, ਨਿੱਕੇ ਨਿੱਕੇ ਰੁਝੇਵਿਆਂ ਨੂੰ ਸੱਦਾ, ਤਰੋ-ਤਾਜ਼ਗੀ ਨੂੰ ਨਿੱਤਨੇਮ ਦੇ ਨਾਂ ਕਰਨਾ ਅਤੇ ਨਵੇਂ ਹੁਲਾਸ ਤੇ ਉਦਮ ਨਾਲ ਜੀਵਨ-ਰਾਹਾਂ ਨੂੰ ਨਤਮਸਤਕ ਹੋਣਾ।
ਦਿਨ, ਕੁਦਰਤੀ ਕ੍ਰਿਆਵਾਂ ਸੋਧਣਾ, ਸਵੱਛਤਾ ਦਾ ਪਹਿਰਾਵਾ ਓਡਨਾ, ਸਰੀਰਕ ਤੇ ਮਾਨਸਿਕ ਤੰਦਰੁਸਤੀ, ਤਾਜ਼ਗੀ ਅਤੇ ਪਾਕੀਜ਼ਗੀ ਲਈ ਉਚੇਚ।
ਦਿਨ ਚੜ੍ਹਦੇ ਦੀ ਲਾਲੀ ਵਿਚ ਲੰਮੇ ਕਦਮੀਂ ਮੰਜ਼ਲਾਂ ਸਰ ਕਰਦੇ, ਡੂੰਘੇ ਸਾਹੀਂ ਜੀਵਨ ਨੂੰ ਲੰਮੇਰੀ ਉਮਰ ਦਾ ਵਰਦਾਨ ਦਿੰਦੇ ਅਤੇ ਕੁਦਰਤ ਨਾਲ ਗੁਫਤਗੂ ਵਿਚ ਰੁੱਝੇ ਸੁਚੇਤ ਲੋਕ, ਸਵੇਰ ਦਾ ਨਿੱਤਨੇਮੀ ਕਰਮ।
ਦਿਨ, ਨਵੇਂ ਵਿਚਾਰਾਂ, ਖਿਆਲਾਂ, ਸੋਚਾਂ ਤੇ ਸਰੋਕਾਰਾਂ ਸੰਗ ਲਬਰੇਜ਼ ਹੋਣਾ। ਜਦ ਦਿਨ ਦੇ ਮੱਥੇ ‘ਤੇ ਨਵੇਂ ਸੁਪਨਿਆਂ, ਸਾਧਨਾਵਾਂ ਅਤੇ ਸਫਲਤਾਵਾਂ ਦਾ ਟਿੱਕਾ ਲਾਉਣ ਦਾ ਮਨ ਵਿਚ ਧਾਰੀਏ ਤਾਂ ਦਿਨ ਦੀ ਸ਼ੁਕਰਗੁਜਾਰੀ ਸਾਡੇ ਨਾਂ ਹੁੰਦੀ।
ਦਿਨ, ਨਵੀਂ ਪਹਿਲ ਕਰਨ, ਨਵੇਂ ਕਦਮ ਪੁੱਟਣ, ਨਵੇਂ ਰਾਹ ਸਿਰਜਣ ਅਤੇ ਨਵੀਆਂ ਮੰਜ਼ਲਾਂ ਪਾਉਣ ਦਾ ਸਭ ਤੋਂ ਉਤਮ ਪੜੁੱਲ।
ਦਿਨ, ਕਦੇ ਖੇਤਾਂ ਵਿਚ ਵਗਦੀਆਂ ਜੋਗਾਂ, ਚਾਟੀ ਵਿਚ ਗੂੰਜਦੀਆਂ ਮਧਾਣੀਆਂ, ਵਗਦੇ ਖੂਹਾਂ ‘ਤੇ ਬਲਦਾਂ ਨੂੰ ਮਾਰੇ ਲਲਕਾਰੇ ਅਤੇ ਅੱਧ-ਰਿੱੜਕਾ ਪੀ ਕੇ ਗੱਭਰੂਆਂ ਦੀਆਂ ਡੰਡ-ਬੈਠਕਾਂ ਨਾਲ ਅਰੰਭ ਹੁੰਦਾ ਸੀ ਜੋ ਹੁਣ ਸਿਰਫ ਬੀਤੇ ਦੀ ਇਕ ਯਾਦ ਬਣ ਕੇ ਰਹਿ ਗਈ ਏ।
ਦਿਨ, ਪੋਲੇ ਪੋਲੇ ਪੱਬੀਂ ਚੁਬਾਰੇ ਤੋਂ ਉਤਰਦੀ ਲੋਅ, ਜੋ ਵਿਹੜੇ ਦੇ ਭਾਗ ਜਗਾਉਂਦੀ, ਚੌਂਕਾ ਸੁੱਚਾ ਕਰਦੀ ਅਤੇ ਪਰਿਵਾਰ ਤੇ ਵੱਸਦੇ ਘਰਾਂ ਦੀ ਸੁੱਖ ਲੋਚਦੀ। ਇਹ ਲੋਚਾ ਹੀ ਕੰਧਾਂ ਨੂੰ ਘਰ ਅਤੇ ਛੱਤਾਂ ਨੂੰ ਅਸੀਸ ਤੇ ਦੁਆ ਦਾ ਰੁਤਬਾ ਦਿੰਦੀ।
ਹਰ ਦਿਨ ਨਵਾਂ, ਨਵੀਂ ਰੌਸ਼ਨੀ, ਨਿਵੇਕਲੀ ਧੁੱਪ, ਨਰੋਈ ਅੰਗੜਾਈ, ਨਵੇਂ-ਨਕੋਰ ਚਾਅ ਅਤੇ ਨਵੀਨਤਮ ਦੁਆ ਲੈ ਕੇ ਦਰੀਂ ਪਾਣੀ ਡੋਲ੍ਹਦਾ। ਪਰ ਇਸ ਨਵੀਨਤਾ ਵਿਚੋਂ ਕੀ ਕੁਝ ਨਵਾਂ ਨਕੋਰ, ਆਪਣੀ ਸੋਚ ਅਤੇ ਕਰਮ-ਸਾਧਨਾ ਦੇ ਨਾਮ ਲਾਉਂਦੇ ਹੋ, ਇਹ ਮਨੁੱਖੀ ਔਕਾਤ ‘ਤੇ ਨਿਰਭਰ।
ਦਿਨ ਦੇ ਦੁਆਰ ‘ਤੇ ਬਹੁਤ ਕੁਝ ਬਹੁੜਦਾ। ਕੁਝ ਮੰਗਦਾ, ਕੁਝ ਦਿੰਦਾ। ਕੁਝ ਲੋਚਦਾ, ਕੁਝ ਖੋਂਹਦਾ। ਕੁਝ ਦੇਣਦਾਰੀਆਂ, ਕੁਝ ਲੈਣਦਾਰੀਆਂ। ਕੁਝ ਤਮੰਨਾਵਾਂ ਦੀ ਤਹਿਜ਼ੀਬ, ਕੁਝ ਆਸਾਂ ਦੀ ਸਲੀਬ। ਕੁਝ ਮਿਲਾਪ ਦੇ ਪਲ, ਕੁਝ ਵਿਛੋੜੇ ਦੀ ਚਸਕ।
ਕੁਝ ਦਿਨ ਲੋਅ ਵਰਗੇ, ਤੀਆਂ ਦਾ ਨਿਉਂਦਾ। ਕੁਝ ਡੁੱਬਦੇ ਦਿਨ ਦੀ ਗਹਿਰ ਵਰਗੇ, ਜੋ ਉਦਾਸ ਪਲਾਂ ਦੀ ਤ੍ਰਾਸਦੀ ਜੀਵਨ-ਤਲੀ ‘ਤੇ ਧਰਦੇ।
ਦਿਨ ਤਾਂ ਦਿਨ ਹੁੰਦਾ। ਦਿਨ ਨੂੰ ਕਿਹੜੇ ਰੰਗ, ਕਿਹੜੀਆਂ ਰੁੱਤਾਂ, ਕਿਹੜੇ ਪਹਿਰ ਅਤੇ ਕਿਹੜੀ ਤਹਿਕੀਆਤ ਵਿਚ ਮਾਣਨਾ ਚਾਹੁੰਦੇ ਹੋ, ਹਰ ਮਨੁੱਖ ਦਾ ਆਪੋ-ਆਪਣਾ ਨਜ਼ਰੀਆ।
ਦਿਨ ਦੀਵੀਂ ਜਦ ਹਨੇਰ ਪਵੇ, ਖੂਨ ਦੀ ਹੋਲੀ ਖੇਡੀ ਜਾਵੇ, ਸਬੰਧਾਂ ਵਿਚ ਖੁਦਗਰਜ਼ੀ ਦਾ ਨਾਚ ਹੋਵੇ, ਰਿਸ਼ਤਿਆਂ ਵਿਚ ਨੀਚਤਾ ਦਨਦਨਾਵੇ, ਚੂੜੀਆਂ-ਕਲੀਰੇ ਤਿੱੜਕਣ ਲੱਗ ਪੈਣ ਅਤੇ ਸਿਰ ਦੀ ਸੂਹੀ ਚੁੰਨੀ ਨੂੰ ਚਿੱਟੇਪਣ ਦਾ ਰੁਦਨ ਹੰਢਾਉਣਾ ਪਵੇ ਤਾਂ ਦਿਨ ਭੁੱਬੀਂ ਰੋਂਦਾ।
ਜਦ ਵਕਤ ਨੂੰ ਸਰਾਪ ਮਿਲਦਾ ਤਾਂ ਦਿਨ, ਰਾਤ ਦੀ ਜੂਨ ਹੰਢਾਉਣ ਲਈ ਮਜਬੂਰ ਹੁੰਦਾ। ਅਜਿਹੇ ਕਾਲੇ ਪਹਿਰਾਂ ਵਿਚ ਅਕਸਰ ਹੀ ਵਰਤਦਾ ਜਦ ਜ਼ੁਲਮ ਦਾ ਕਹਿਰ, ਹਰ ਬਸਤੀ ਵਿਚ ਨਾਜ਼ਲ ਹੋ, ਅਣਹੋਣੀਆਂ ਦਾ ਨਾਮਕਰਨ ਬਣ ਜਾਂਦਾ।
ਦਿਨ, ਦਿਨ ਹੀ ਰਹੇ ਤਾਂ ਇਸ ਦੇ ਰੰਗ ਵਿਚ ਰੰਗੀਆਂ ਜਾਂਦੀਆਂ ਬਚਪਨੀ ਸ਼ਰਾਰਤਾਂ, ਤੋਤਲੇ ਬੋਲਾਂ ਵਿਚ ਗੁਦਗਦਾਉਂਦੀਆਂ ਅਣਭੋਲ ਬਾਤਾਂ ਅਤੇ ਮਿਲ ਬੈਠ ਕੇ ਮਾਣੇ ਜਾਂਦੇ ਸੁਹਾਵਣੇ ਪਲ। ਇਨ੍ਹਾਂ ਪਲਾਂ ਦੀ ਸੱਤਰੰਗੀ ਚੁੱਪ ਵਿਚ ਘੁਲੀ ਹੁੰਦੀ ਬੋਲਾਂ ਦੀ ਨਾਦ-ਬਾਣੀ ਜੋ ਜ਼ਿੰਦਗੀ ਜਿਉਣ ਦਾ ਸਬੱਬ ਅਤੇ ਸਾਰਥਕਤਾ ਬਖਸ਼ਦੀ।
ਦਿਨ ਦੀ ਬੀਹੀ ਵਿਚ ਚਾਨਣ ਹੋਕਰਾ ਦਿੰਦਾ, ਕੁੰਗੜੇ ਪਲ ਨਿੱਘ ਵਿਚ ਫੜਫੜਾਉਂਦੇ ਅਤੇ ਸੰਦਲੀ ਪਲਾਂ ਵਿਚ ਰੰਗਿਆ ਜੀਵਨ-ਸੋਚ ਦਾ ਸੂਰਜ ਲਿਸ਼ਕੋਰਦਾ।
ਦਿਨ ਹੁੰਦਾ ਤਾਂ ਜ਼ਿੰਦਗੀ ਵਿਚ ਮੌਲਣ ਦਾ ਚਾਅ ਮਿਉਂਦਾ, ਨਵੇਂ ਸਰੋਕਾਰਾਂ ਤੇ ਸਫਰਾਂ ਵੰਨੀਂ ਕਦਮ ਅਹੁਲਦੇ ਅਤੇ ਨਵੀਆਂ ਪ੍ਰਾਪਤੀਆਂ ਦੇ ਸ਼ਿਲਾਲੇਖ ਜੀਵਨ-ਇਬਾਰਤ ਬਣਦੇ।
ਦਿਨ ਦੀ ਬੀਹੀ ਵਿਚ ਰਾਤ ਬੀਜਣ ਵਾਲੇ ਤਾਂ ਬਹੁਤ ਪਰ ਕੁਝ ਕੁ ਵਿਰਲੇ ਜੋ ਰਾਤ ਦੀ ਕੁੱਖ ਵਿਚ ਦਿਨ ਦਾ ਜਾਗ ਲਾ ਸੂਰਜਾਂ ਦੀ ਭਰਵੀਂ ਫਸਲ ਉਗਾਉਂਦੇ। ਇਸ ਦੇ ਚਾਨਣ ਵਿਚ ਕੁਕਰਮ ਭਰੀਆਂ ਰਾਤਾਂ ਤ੍ਰਹਿੰਦੀਆਂ ਅਤੇ ਰਾਤ-ਬੀਹੀ ਵਿਚ ਵੀ ਸੂਹੇ ਪਲਾਂ ਦਾ ਨਾਦ ਗੂੰਜਦਾ।
ਦਿਨ ਨੂੰ ਦਿਨ ਦੇ ਬਾਣੇ ਵਿਚ ਦੇਖਣ ਦੇ ਚਾਹਵਾਨ ਇਸ ਦੀ ਤਰਕ-ਸੰਗਤਾ ਤੇ ਸਦੀਵਤਾ ਦਾ ਰਾਗ ਆਪਣੀ ਕਰਮਸ਼ੈਲੀ ਵਿਚ ਉਪਜਾਉਂਦੇ। ਹਰ ਦਿਨ ਦੀ ਤਲੀ ‘ਤੇ ਨਿੱਤ ਉਗਮਣ ਦੀ ਮਹਿੰਦੀ ਲਾਉਂਦੇ। ਦਿਨ, ਨਵੇਂ ਹੁਲਾਸ, ਚਾਅ ਅਤੇ ਦਿਲਦਾਰੀ ਨਾਲ ਨਵੀਆਂ ਰਹਿਤਲਾਂ ‘ਤੇ ਚਾਨਣ ਵੰਡਦਾ ਚਾਨਣ-ਰੁੱਤ ਦਾ ਸੰਧਾਰਾ ਹਰ ਝੋਲੀ ਵਿਚ ਪਾਉਂਦਾ।
ਦਿਨ ਵਰਗੀ ਦਰਿਆ ਦਿਲੀ, ਦੀਵਾਨਗੀ ਅਤੇ ਦਰਵੇਸ਼ੀ ਜਦ ਮਨੁੱਖੀ ਸੋਚ ਵਿਚ ਪੁੰਗਰਨ ਲੱਗ ਪਵੇ ਤਾਂ ਮਨੁੱਖੀ ਫਿਤਰਤ ਵਿਚ ਕਰਮਯੋਗਤਾ ਦਾ ਵਾਸਾ ਹੁੰਦਾ ਜੋ ਬੰਦਿਆਈ, ਭਲਿਆਈ ਅਤੇ ਚੰਗਿਆਈ ਦਾ ਸੁਗਮ ਸੁਨੇਹਾ ਚੌਗਿਰਦੇ ਵਿਚ ਫੈਲਾਉਂਦੀ।
ਦਿਨ ਹੈ ਤਾਂ ਜੀਵਨ-ਧੜਕਣ ਹੈ, ਸਾਹਾਂ ਦੀ ਸੱਤਵਰਗੀ ਹੈ, ਸੋਚਾਂ ਦੀ ਸਤਰੰਗੀ ਹੈ, ਸੰਵੇਦਨਾ ਦਾ ਸੂਰਜ-ਕੁੰਡ ਹੈ ਅਤੇ ਸੁਹਜ ਤੇ ਸਹਿਜ ਦਾ ਸੰਗੀਤ ਹੈ।
ਦਿਨ, ਜੀਵਨ-ਸਫਰ ਦਾ ਬਿੰਬ; ਚੜ੍ਹਦੇ ਦਿਨ ਵਿਚ ਹੋਸ਼ ਨਾਲੋਂ ਜੋਸ਼ ਹਾਵੀ, ਸਿਖਰ ਦੁਪਹਿਰ ਨੂੰ ਜਵਾਨੀ, ਹੁਸਨ ਅਤੇ ਹੰਕਾਰ ਵਿਚ ਡੁੱਬਾ ਮਨੁੱਖ ਮੋਢਿਆਂ ਤੋਂ ਥੁੱਕਦਾ। ਪਰ ਢਲਦੇ ਪ੍ਰਛਾਵੇਂ ਮਨੁੱਖ ਨੂੰ ਅਤੀਤ ਦੇ ਰੂਬਰੂ ਕਰ, ਉਸ ਦੀ ਸੰਵੇਦਨਾ ਝੰਜੋੜਦੇ, ਉਸ ਦੀ ਔਕਾਤ ਤੇ ਢਲਦੀ ਅਉਧ ਦੇ ਸਨਮੁੱਖ ਕਰਦੇ ਅਤੇ ਆਖਰ ਨੂੰ ਪੱਛਮ ਵੰਨੀਂ ਚੜ੍ਹੀ ਗਹਿਰ, ਦਿਨ ਦੇ ਖਤਮ ਹੋ ਰਹੇ ਸਫਰ ਦੀ ਬੁੱਗਚੀ ਪਾ ਬੀਤੇ ਦਿਨ ਦਾ ਜਸ਼ਨ ਮਨਾਉਂਦੀ।
ਦਿਨ ਤੇ ਰਾਤ ਦਾ ਚੜ੍ਹਨਾ ਤੇ ਲਹਿਣਾ, ਇਕ ਨਿਰੰਤਰ ਵਰਤਾਰਾ। ਨਾ ਦਿਨ ਸਦੀਵ ਰਹਿੰਦਾ ਅਤੇ ਨਾ ਹੀ ਰਾਤ ਨੇ ਸਦੀਵ ਰਹਿਣਾ। ਪਲ ਪਲ ਬਦਲੇ ਹਾਲਾਤ ਅਤੇ ਮੌਸਮ ਵੀ ਦਿਨ-ਰਾਤ ਦਾ ਪ੍ਰਤੀਬਿੰਬ। ਜਦ ਕਿਸੇ ਨੇ ਵੀ ਸਦੀਵ ਨਹੀਂ ਰਹਿਣਾ ਤਾਂ ਜੀਵਨ-ਰਾਹਾਂ ‘ਤੇ ਤੁਰਦਿਆਂ ਪੀੜਾਂ, ਦੁੱਖਾਂ ਅਤੇ ਤੰਗੀਆਂ-ਤੁਰਸ਼ੀਆਂ ਤੋਂ ਕੀ ਘਬਰਾਉਣਾ! ਇਨ੍ਹਾਂ ਨੇ ਵੀ ਖੁਸ਼ੀਆਂ ਦਾ ਬਾਣਾ ਪਾਉਣਾ ਅਤੇ ਖੇੜਿਆਂ ਦੀ ਦਸਤਕ ਦਾ ਰੂਪ ਵਟਾਉਣਾ। ਇਕ ਨਿਰੰਤਰ ਵਰਤਾਰੇ ਨੂੰ ਸਮਝ ਅਤੇ ਇਸ ਅਨੁਸਾਰ ਜਿੰ.ਦਗੀ ਜਿਉਣ ਵਾਲੇ ਜੀਵਨ ਦਾ ਸੁੱਚਾ ਨਾਮਕਰਨ।
ਦਿਨ ਦੀਆਂ ਦੇਣਦਾਰੀਆਂ ਅਤੇ ਨਿਆਮਤਾਂ ਸਿਰਫ ਨੈਣਾਂ ਵਾਲੇ ਸਮਝ ਸਕਦੇ। ਨੈਣ-ਵਿਹੂਣੇ ਲੋਕਾਂ ਨੂੰ ਇਕ ਸੂਰਜ ਆਪਣੇ ਅੰਦਰ ਬਾਲਣਾ ਪੈਂਦਾ ਹੈ ਤਾਂ ਕਿ ਅੰਤਰੀਵੀ ਦਿਨ ਦੇ ਚਾਨਣ ਵਿਚ ਉਹ ਚਾਨਣ-ਰੱਤੇ ਰਾਹਾਂ ਦਾ ਮਾਰਗ-ਦਰਸ਼ਨ ਮਾਣ ਸਕਣ। ਜੇ ਨੈਣਾਂ ਵਾਲੇ ਵੀ ਆਪਣੇ ਅੰਦਰਲੇ ਤੇ ਬਾਹਰਲੇ ਸੂਰਜਾਂ ਵਿਚ ਇਕ ਸੰਤੁਲਨ ਬਣਾ, ਜੀਵਨ ਤੋਰ ਨੂੰ ਵਿਉਂਤਣ ਤਾਂ ਜ਼ਿੰਦ-ਬੀਹੀ ‘ਚ ਸੂਰਜਾਂ ਦੀ ਸੱਦ ਸੁਣੇਗੀ।
ਦਿਨ ਚੜ੍ਹਦਾ ਤਾਂ ਇਕ ਨਵੀਂ ਉਮੰਗ/ਰੀਝ ਜਿੰਦ ਬਨੇਰੇ ‘ਤੇ ਆਸ ਦਾ ਦੀਵਾ ਧਰਦੀ। ਪਰ ਪੈਰੋ-ਪੈਰ ਪੱਛਮ ਵੱਲ ਨੂੰ ਜਾ ਰਿਹਾ ਸੂਰਜ, ਦਿਨ ਦੀ ਅਲਵਿਦਾਇਗੀ ਦਾ ਸੂਚਕ। ਦਿਨ ਦੇ ਸਫਰ ਵਿਚ ਤੁਸੀਂ ਕਿੰਨਿਆਂ ਲਈ ਡੰਗੋਰੀ ਬਣੇ, ਕਿੰਨਿਆਂ ਦੇ ਨੈਣਾਂ ਵਿਚ ਅੱਖਰ-ਜੋਤ ਧਰੀ, ਕਿਸ ਦੀ ਸੋਚ-ਜੂਹੇ ਜੀਵਨ ਤਰੰਗ ਭਰੀ ਜਾਂ ਕਿੰਨੇ ਖਾਲੀ ਨੈਣਾਂ ਨੂੰ ਸੁਪਨ-ਰੁੱਤ ਵਰੀ, ਇਸ ਦਾ ਹਿਸਾਬ ਜਰੂਰ ਲਾਉਣਾ ਕਿਉਂਕਿ ਤੁਹਾਡੀ ਪ੍ਰਾਪਤੀ ਦਾ ਲੇਖਾ-ਜੋਖਾ ਤੁਹਾਡੀ ਕਰਮਯੋਗਤਾ ਨੇ ਹੀ ਨਿਸਚਿਤ ਕਰਨਾ।
ਦਿਨ, ਦਰਿਆਵਾਂ ਵਰਗੀ ਤੋਰ ਅਤੇ ਵਿਸ਼ਾਲਤਾ ਵਿਚ ਬੱਝੇ, ਖੈਰਾਤਾਂ ਵੰਡਦੇ, ਜੀਵਨ-ਦਾਨ ਦਾ ਹੋਕਰਾ ਦਿੰਦੇ, ਇਕ ਮਸਤ ਫਕੀਰ ਵਾਂਗ ਇਕ ਦਰ ਤੋਂ ਦੂਸਰੇ ਦਰ ਦੀ ਦਸਤਕ ਬਣਦੇ। ਦਿਨ ਕਦੇ ਮਰਦਾ ਜਾਂ ਡੁੱਬਦਾ ਨਹੀਂ, ਇਹ ਸਿਰਫ ਸਮਾਂ ਤੇ ਸਥਾਨ ਬਦਲਦਾ। ਮਸਤ ਚਾਲ ਤੁਰਦਾ ਰਮਤਾ ਜੋਗੀ, ਜਿਸ ਦੀ ਜੋਗ ਵਿਚ ਜੀਵਨ-ਜੁਗਤਾਂ ਦਾ ਵਾਸਾ, ਪੈੜਚਾਲ ਵਿਚ ਯੁੱਗ ਜਿਉਂਦਾ-ਹਾਸਾ ਅਤੇ ਰਾਹਾਂ ਲਈ ਚਾਨਣ-ਦਿਲਾਸਾ।
ਇਕ ਦਿਨ ਬਾਗ-ਬਗੀਚੀ ਬਹਿ, ਬਣੇ ਮਹਿਕ ਦਾ ਵਾਸਾ। ਇਕ ਦਿਨ ਘਰ-ਦਹਿਲੀਜ਼ ‘ਤੇ ਆ ਕੇ, ਡੋਲੇ ਧੁੱਪ ਦਾ ਕਾਸਾ। ਇਕ ਦਿਨ ਚੌਂਕੇ ਦੇ ਵਿਚ ਚੜ੍ਹਦਾ, ਵੰਡਦਾ ਨਿਰਮਲ ਹਾਸਾ। ਇਕ ਦਿਨ ਸਾਡੇ ਬੋਲੀਂ ਸਿੰਮਦਾ, ਡਿਗਿਆਂ ਤਾਈਂ ਦਿਲਾਸਾ। ਇਕ ਦਿਨ ਵਰਕੇ-ਪਿੰਡੇ ਉਗਮੇ, ਹਰਫੀਂ ਲੋਅ-ਮੜਾਸਾ। ਇਕ ਦਿਨ ਸਾਡਾ ਕਰਮ-ਧਰਮ, ਬਣ ਜੇ ਬਚਨ-ਬਿਲਾਸਾ। ਇਕ ਦਿਨ ਠੰਢੜੀ ਪੌਣ ਦਾ ਹਾਣੀ, ਕਰਦਾ ਦੂਰ ਚੌਮਾਸਾ। ਇਕ ਦਿਨ ਉਗੇ ਵਿਚ ਕਿਤਾਬਾਂ, ਬਣੇ ਗਿਆਨ-ਅਭਿਲਾਸ਼ਾ। ਇਕ ਦਿਨ ਵਾਂਗ ਖਲੇਪੜ ਲੱਥਦਾ, ਰੋਵੇ ਸਾਹ ਦਾ ਕਾਸਾ। ਇਕ ਦਿਨ ਖੇਤੀਂ ਚੜ੍ਹ ਕੇ ਪਲਟੇ ਸਿੱਧਾ ਪਾਸਾ। ਇਕ ਦਿਨ ਜਿੰਦ ਦੇ ਨਿਰਮਲ ਪਾਣੀ ਘੋਲੇ ਖੰਡ-ਪਤਾਸਾ। ਆ ਸੱਜਣਾ! ਹਰ ਦਿਨ ਦੀ ਜੂਹੇ, ਸੁੱਚੀ ਯੋਗ ਕਮਾਈਏ। ਇਸ ਦੇ ਹਰ ਲਮਹੇ ਦੇ ਪਲੇ, ਸਾਹ-ਸੁਗੰਧਤਾ ਪਾਈਏ।
ਚੜ੍ਹਦਾ ਦਿਨ, ਨਵੀਆਂ ਸ਼ੁਰੂਆਤਾਂ, ਨਵੇਂ ਦਿਸਹੱਦਿਆਂ ਅਤੇ ਨਵੀਆਂ ਉਡਾਣਾਂ ਦਾ ਅਰੰਭ। ਡੁੱਬਦਾ ਦਿਨ, ਕੀਤੇ ਯਤਨਾਂ, ਮਾਰੀਆਂ ਮੱਲ੍ਹਾਂ, ਹੋਈਆਂ ਪ੍ਰਾਪਤੀਆਂ, ਮਿਲੀਆਂ ਅਸਫਲਤਾਵਾਂ ਦਾ ਕੱਚਾ-ਚਿੱਠਾ। ਮਿੱਤਰਾਂ ਦੀ ਸਾਥ-ਸੰਜੀਵਨੀ ਜਾਂ ਮਿੱਤਰ-ਮਾਰ ਦਾ ਹਿਸਾਬ-ਕਿਤਾਬ। ਬੀਤੇ ਦਿਨ ਦੇ ਲੇਖੇ ਜੋਖੇ ਨਾਲ ਆਪਣੇ ਆਪ ਨੂੰ ਨਵੇਂ ਸਿਰਿਉਂ ਵਿਉਂਤਣ, ਭੁੱਲਾਂ ਸੁਧਾਰਨ, ਗਲਤੀਆਂ ਨੂੰ ਠੀਕ ਕਰਨ, ਚਿੰਤਾ ਤੋਂ ਚੇਤਨਾ ਤੀਕ ਦਾ ਸਫਰ ਕਰਨ ਵਾਲੇ ਹੀ, ਅਗਲੇ ਦਿਨ ਦੇ ਨਾਂਵੇਂ ਨਵੀਆਂ ਉਪਲਬਧੀਆਂ ਦਾ ਉਲੇਖ ਸਿਰਜਦੇ।
ਬੀਤਦਾ ਦਿਨ, ਘੱਟ ਰਹੀ ਉਮਰ ਦਾ ਦਾਸਤਾਵੇਜ਼, ਪਲ ਪਲ ਕਰਕੇ ਵਿਹਾਜ ਰਹੀ ਅਉਧ ਦਾ ਪ੍ਰਮਾਣ, ਉਮਰ ਵਿਚੋਂ ਇਕ ਦਿਨ ਦਾ ਖੁਰ ਜਾਣਾ ਅਤੇ ਨਵੇਂ ਕੀਰਤੀਮਾਨਾਂ ਦੀ ਸਿਰਜਣਾ ਦੇ ਮੌਕਿਆਂ ‘ਚ ਇਕ ਦਿਨ ਦੀ ਕਮੀ।
ਦਿਨ ਦਾ ਹਰ ਪਲ ਬੇਸ਼ਕੀਮਤੀ, ਪਲ ਨੂੰ ਵਿਉਂਤਣ ਅਤੇ ਸਾਜ਼ਗਾਰ ਵਰਤੋਂ ਹੀ ਜੀਵਨ-ਸਫਲਤਾ ਦਾ ਰਾਜ਼। ਹਰ ਪਲ ਵਿਚੋਂ ਕੁਝ ਨਵਾਂ ਕਰਨ ਤੇ ਪਾਉਣ ਦੀ ਚਾਹਤ ਅਤੇ ਇਸ ਦੀ ਸਾਰਥਕਤਾ ਨੂੰ ਸਹੀ ਸੰਦਰਭ ਵਿਚ ਵਰਤਣਾ ਹੀ ਗਾਡੀਰਾਹ।
ਹਰ ਜ਼ਿੰਦਗੀ ਵਿਚ ਦੋ ਦਿਨ ਅਹਿਮ ਹੁੰਦੇ। ਸੰਸਾਰ ‘ਤੇ ਆਮਦ ਦਾ ਦਿਨ ਜੋ ਜਿਉਂਦੇ-ਜੀਅ ਹਰ ਬੰਦੇ ਨੂੰ ਯਾਦ ਰਹਿੰਦਾ ਪਰ ਸੰਸਾਰ ਤੋਂ ਰੁਖਸਤ ਦਾ ਦਿਨ ਜੋ ਮਰਨ ਵਾਲੇ ਦੀ ਕਰਮ-ਅਮਾਨਤ ਕਾਰਨ ਲੋਕ-ਦਿਲਾਂ ਵਿਚ ਵੱਸਦਾ।
ਹਰ ਨਵਾਂ ਦਿਨ, ਨਵੀਂ ਸਵੇਰ, ਨਵੀਆਂ ਕਿਰਨਾਂ, ਨਵੇਂ ਤ੍ਰੇਲ-ਤੁਪਕੇ, ਨਵੀਂ ਸਰਘੀ ਤੇ ਨਵੀਂ ਲੋਅ ਨਾਲ ਪ੍ਰਗਟ ਹੁੰਦਾ। ਨਵਾਂ ਨਿੱਘ ਲੈ ਕੇ ਤੁਹਾਡੇ ਦਰਾਂ ‘ਤੇ ਦਸਤਕ ਦਿੰਦਾ, ਤੁਹਾਨੂੰ ਕੁਝ ਨਰੋਇਆ ਤੇ ਨਿਵੇਕਲਾ ਕਰਨ ਲਈ ਪ੍ਰੇਰਦਾ। ਇਸ ਦੀ ਪ੍ਰੇਰਨਾ ਦਾ ਹੁੰਗਾਰਾ ਜਰੂਰ ਭਰਨਾ।
ਦਿਨ ਹਮੇਸ਼ਾ ਧੁੱਪ ਲੈ ਕੇ ਤੁਹਾਡਾ ਦਰ ਖੜਕਾਉਂਦਾ। ਧੁੱਪ ਤੋਂ ਬਗੈਰ ਦਿਨ ਦੇ ਕੀ ਅਰਥ? ਫਿਰ ਤਾਂ ਦਿਨੇ ਹੀ ਰਾਤ।
ਕਈ ਵਾਰ ਸੰਘਣੀ ਧੁੰਦ, ਕਾਲੇ ਬੱਦਲ ਜਾਂ ਬਦਲੋਟੀਆਂ, ਸੂਰਜ ਦੀ ਮੂੰਹ-ਦਿਖਾਲੀ ਨੂੰ ਰੋਕਣ ਅਤੇ ਧਰਤੀ ਦਾ ਪਿੰਡਾ ਰੁਸ਼ਨਾਉਣ ਤੋਂ ਹੋੜਨ ਦੀ ਕੋਸ਼ਿਸ਼ ਕਰਦੇ। ਪਰ ਸੂਰਜ ਤਾਂ ਹਨੇਰਿਆਂ ਦੀ ਜੂਹ ਨੂੰ ਤਾਰ-ਤਾਰ ਕਰ ਚਾਨਣ ਦਾ ਭਰ ਵਗਦਾ ਦਰਿਆ ਬਣ ਹੀ ਜਾਂਦਾ।
ਦਿਨ ਚੜ੍ਹਦਾ ਤਾਂ ਜੀਵ-ਜੰਤੂ ਆਪਣੇ ਘੁਰਨਿਆਂ/ਆਲਣਿਆਂ ‘ਚੋਂ ਚੋਗ ਲਈ ਨਿਕਲਦੇ। ਬਨਸਪਤੀ ਪਿੰਡਾ ਛੰਡਦੀ ਅਤੇ ਸੇਵਾ-ਧਰਮ ਵਿਚ ਆਪਣੇ ਆਪ ਨੂੰ ਲੀਨ ਕਰਦੀ। ਪਾਣੀਆਂ ਵਿਚ ਲਿਸ਼ਕੋਰਦਾ ਸੂਰਜ ਧਰਮ-ਕਰਮ ਦਾ ਮੂਲ-ਮੰਤਰ ਅਲਾਪਦਾ। ਫਿਜ਼ਾ ਵਿਚ ਵਾਹਿਗੁਰੂ, ਰਾਮ-ਨਾਮ ਅਤੇ ਅੱਲਾ-ਹੂ ਦੀਆਂ ਪਾਕਿ ਆਵਾਜਾਂ ਚੌਗਿਰਦੇ ਨੂੰ ਪਵਿੱਤਰ ਕਰਦੀਆਂ।
ਦਿਨ ਦੀ ਆਮਦ, ਕੁੱਕੜ ਦੀ ਬਾਂਗ, ਘੜਿਆਲ, ਸੰਖ, ਅਜ਼ਾਨ, ਰੱਬੀ ਬਾਣੀ ਦੇ ਬੋਲ ਜਾਂ ਫਕੀਰ ਦੀ ਗਲੀਆਂ ਵਿਚਲੀ ਬਾਹੂ-ਹੂਕ ਨਾਲ ਹੁੰਦੀ ਤਾਂ ਜੀਵਨ ਉਸਲਵੱਟੇ ਭਰ ਨਵੇਂ ਹੰਭਲੇ ਨਾਲ ਦਿਨ ਨੂੰ ਜੀ ਆਇਆਂ ਕਹਿੰਦਾ।
ਉਹ ਦਿਨ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲਦਾ ਜਿਸ ਦੀ ਜੂਹ ਵਿਚ ਤੁਸੀਂ ਸੁਪਨਿਆਂ ਵਿਚ ਵਿਚਰੇ ਸੀ, ਜਿਸ ਦੀਆਂ ਬਰੂਹਾਂ ਵਿਚ ਪੈਰ ਧਰਨ ਲਈ ਤੁਸੀਂ ਤਰਸੇ ਸੀ ਅਤੇ ਜਿਸ ਦੀ ਰੌਸ਼ਨੀ ਵਿਚ ਤੁਹਾਡੀਆਂ ਸੰਦਲੀ ਪੈੜਾਂ ਨੂੰ ਨਵਾਂ ਵਰਦਾਨ ਮਿਲਿਆ ਸੀ। ਇਹ ਤੁਹਾਡੀ ਪ੍ਰਤੀਬੱਧਤਾ, ਇਕਾਗਰਤਾ ਅਤੇ ਮਿਹਨਤ ਦਾ ਹਾਸਲ ਸੀ।
ਹਰ ਦਿਨ ਦੇ ਸ਼ੁਕਰਗੁਜਾਰ ਹੋਵੋ ਕਿ ਇਕ ਹੋਰ ਦਿਨ ਤੁਹਾਡੀ ਜ਼ਿੰਦਗੀ ਵਿਚ ਆਇਆ, ਇਕ ਹੋਰ ਮੌਕਾ ਮਿਲਿਆ ਕੁਝ ਚੰਗੇਰਾ ਕਰਨ ਦਾ, ਹੋਰ ਸਮਾਂ ਮਿਲਿਆ ਮਿੱਠੜੇ ਬੋਲਾਂ ਨਾਲ ਰੂਹਾਂ ਨੂੰ ਸਰਸ਼ਾਰ ਕਰਨ ਦਾ ਅਤੇ ਭਵਿੱਖੀ ਪਲਾਂ ਵਿਚ ਮੋਹਵੰਤੇ ਦੀਵੇ ਜਗਾਉਣ ਦਾ। ਸ਼ੁਕਰਗੁਜਾਰੀ ਵਿਚ ਹਰ ਦਿਨ ਬਿਤਾਉਣ ਵਾਲੇ ਜੀਵਨ-ਰੁੱਤ ਦਾ ਰਾਮ-ਰਾਗ ਹੁੰਦੇ।
ਦਿਨ ਦੀਆਂ ਰਹਿਮਤਾਂ ਨਾਲ ਹੀ ਖੁਦ ਨੂੰ ਨਾ ਵਰਚਾਓ, ਸਗੋਂ ਦੇਖੋ ਕਿ ਤੁਸੀਂ ਦਿਨ ਦੀਵੀਂ ਚੰਗਿਆਈ ਦੀਆਂ ਕਿੰਨੀਆਂ ਕੁ ਕਲਮਾਂ ਲਾਈਆਂ, ਕਿੰਨੇ ਕੁ ਬੰਦਿਆਈ ਦੇ ਦੀਵੇ ਮਨੁੱਖੀ-ਮਨ ਦੇ ਆਲਿਆਂ ਵਿਚ ਜਗਾਏ ਅਤੇ ਕਿੰਨੀਆਂ ਸੋਚਾਂ ‘ਚ ਦਾਨਾਈ ਦਾ ਬੂਟਾ ਲਾਇਆ?
ਪਹਿਲੇ ਦਿਨ ਬੇਤਹਾਸ਼ਾ ਬਾਰਸ਼ ਹੁੰਦੀ ਹੈ, ਦੂਜੇ ਦਿਨ ਤੁਫਾਨ ਆਉਂਦਾ ਅਤੇ ਤੀਜੇ ਦਿਨ ਬਰਫਬਾਰੀ ਹੁੰਦੀ। ਪਰ ਆਖਰ ਨੂੰ ਚੌਥੇ ਦਿਨ ਤਾਂ ਸੂਰਜ ਜਰੂਰ ਨਿਕਲੇਗਾ ਅਤੇ ਇਕ ਨਵਾਂ ਸਵੇਰਾ ਤੁਹਾਡੇ ਦਰ ਦੀ ਬਖਸ਼ਿਸ਼ ਬਣੇਗਾ। ਇਸੇ ਤਰ੍ਹਾਂ ਜੀਵਨ ਦੀਆਂ ਦੁਸ਼ਵਾਰੀਆਂ ਤੁਹਾਨੂੰ ਪਰਖਦੀਆਂ ਅਤੇ ਇਸ ਵਿਚੋਂ ਖਰੇ ਨਿਕਲਣ ਵਾਲਿਆਂ ਦੇ ਮਸਤਕ ਵਿਚ ਹੀ ਸੂਰਜ-ਰੂਪੀ ਫੁੱਲ ਟਹਿਕਦੇ।
ਹਰ ਦਿਨ ਦੀ ਸ਼ੁਰੂਆਤ ਬੀਤੇ ਦੀਆਂ ਕੁਸੈਲੀਆਂ ਯਾਦਾਂ ਨੂੰ ਭੁੱਲ ਕੇ ਕਰੋ। ਤੁਹਾਡੀ ਮਨ-ਬੀਹੀ ਵਿਚ ਸੂਹੀਆਂ ਸੋਚਾਂ ਦੇ ਸਦਾ-ਬਹਾਰ ਫੁੱਲ ਖਿੜਨਗੇ ਜੋ ਤੁਹਾਡੇ ਜੀਵਨ-ਮੁਹਾਂਦਰੇ ਨੂੰ ਸੁਗੰਧੀਆਂ ਨਾਲ ਲਬਰੇਜ਼ ਕਰਨਗੇ।
ਦਿਨ ਨੂੰ ਦਿਨ ਵਾਂਗ ਜੀਓ। ਜ਼ਿਆਦਾ ਲੋਕ ਦਿਨ ਨੂੰ ਵੀ ਰਾਤ ਵਾਂਗ ਬਤੀਤ ਕਰਦੇ, ਆਪਣੇ ਜੀਵਨ ਵਿਚ ਇਕ ਹੋਰ ਰਾਤ ਦਾ ਵਾਧਾ ਕਰਦੇ। ਜੇ ਤੁਸੀਂ ਦਿਨ ਦਾ ਵਾਧਾ ਕਰੋਗੇ ਤਾਂ ਤੁਹਾਨੂੰ ਜ਼ਿੰਦਗੀ ਚੰਗੀ ਚੰਗੀ ਲੱਗਣ ਲੱਗ ਪਵੇਗੀ।
ਦਿਨ ਦੀ ਮੁਹਾਠ ‘ਤੇ ਸੁੱਚੇ, ਸੂਹੇ ਅਤੇ ਸਤਵਰਗੀ ਪਲ ਛਿੜਕਣ ਵਾਲੇ ਹੀ ਦਿਨ-ਰਾਗ ਬਣ, ਹਰ ਹੋਠ ਦੀ ਮੁਸਕਣੀ ਬਣਦੇ। ਤੁਸੀਂ ਅਜਿਹੀ ਹੀ ਮੁਸਕਣੀ ਦੇ ਹੱਕਦਾਰ ਹੋਣਾ ਏ। ਅਜਿਹਾ ਕਲਮ ਦਾ ਕਰਮ ਏ!