ਅੱਸੂ ਪੁੱਤ ਸਿਆਲੇ ਦਾ

ਦੇਸੀ ਸਾਲ ਦੇ ਪਸੀਨੇ ਛੁਡਾ ਦੇਣ ਵਾਲੇ ਹੁੰਮਸ ਭਰੇ ਮਹੀਨੇ ਭਾਦੋਂ ਬਾਅਦ ਸੁਹਾਵਣੇ ਮੌਸਮ ਵਾਲਾ ਮਹੀਨਾ ਅੱਸੂ ਆਉਂਦਾ ਹੈ। ਇਸ ਮਹੀਨੇ ਫਸਲਾਂ ਦਾ ਰੰਗ ਵੀ ਗੂੜ੍ਹਾ ਹਰਾ ਹੋ ਜਾਂਦਾ ਹੈ। ਦਰਿਆਵਾਂ, ਨਦੀਆਂ, ਵੇਈਆਂ, ਛੱਪੜਾਂ, ਛੰਭਾਂ ਦੇ ਕੰਢਿਆਂ ‘ਤੇ ਕਈ ਕਿਸਮਾਂ ਦੇ ਜੰਗਲੀ ਤੇ ਅਵਾਰਾ ਜਿਹੇ ਬੂਟੇ ਭਰ ਜੋਬਨ ‘ਤੇ ਹੁੰਦੇ ਹਨ, ਚਾਹੇ ਉਹ ਕਾਨੇ ਹੋਣ ਜਾਂ ਕਾਈ। ਸੁਹਾਵਣੇ ਮੌਸਮ ਕਰ ਕੇ ਵਿਆਹ-ਸ਼ਾਦੀ ਅਤੇ ਹੋਰ ਜਸ਼ਨਾਂ ਦਾ ਦੌਰ ਵੀ ਚੱਲ ਪੈਂਦਾ ਹੈ। ਅੱਸੂ ਮਹੀਨੇ ਦਾ ਇਹੋ ਨਜ਼ਾਰਾ ਹੈ ਜੋ ਇਸ ਲੇਖ ਵਿਚ ਆਸਾ ਸਿੰਘ ਘੁਮਾਣ ਨੇ ਬੜੀ ਬਾਰੀਕੀ ਨਾਲ ਚਿਤਰਿਆ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਅੱਸੂ ਦੇਸੀ ਸਾਲ ਦਾ ਸੱਤਵਾਂ ਮਹੀਨਾ ਹੈ, ਭਾਵ ਇਸ ਨਾਲ ਸਾਲ ਦੇ ਦੂਸਰੇ ਹਿੱਸੇ ਦਾ ਆਗਾਜ਼ ਹੋ ਜਾਂਦਾ ਹੈ। ਅੱਸੂ-ਕੱਤਕ ਸਰਦ ਰੁੱਤ ਦੇ ਸ਼ੁਰੂਆਤੀ ਮਹੀਨੇ ਕਹੇ ਜਾ ਸਕਦੇ ਹਨ। ਗੁਰੂ ਅਰਜਨ ਦੇਵ ਅਨੁਸਾਰ
ਰੁਤਿ ਸਰਦ ਅਡੰਬਰੋ
ਅਸੂ ਕਤਕੇ ਹਰਿ ਪਿਆਸ ਜੀਉ॥
ਆਮ ਅਖਾਣ ਹੈ, ਅੱਸੂ ਪੁੱਤ ਸਿਆਲੇ ਦਾ। ਬਾਰਹਮਾਹ ਤੁਖਾਰੀ ਵਿਚ ਗੁਰੂ ਨਾਨਕ ਦੇਵ ਇਸ ਮਹੀਨੇ ਬਾਰੇ ਬਚਨ ਹੈ, “ਅਗੈ ਘਾਮ ਪਿਛੈ ਰੁਤ ਜਾਡਾ॥” ਭਾਵ ਗਰਮੀ ਨਿਕਲ ਗਈ ਹੈ ਅਤੇ ਸਰਦੀ ਅੱਗੇ ਆ ਰਹੀ ਹੈ। ਇਸ ਮਹੀਨੇ ਵਿਚ ਨਾ ਗਰਮੀ ਹੁੰਦੀ ਹੈ, ਨਾ ਸਰਦੀ। ਖਾਸ ਤੌਰ ‘ਤੇ ਸਵੇਰ ਤੇ ਸ਼ਾਮ ਸਮੇਂ ਮੌਸਮ ਬੜਾ ਸੁਹਾਵਣਾ ਅਤੇ ਸੁਖਾਵਾਂ ਹੋਣ ਲਗਦਾ ਹੈ। ਇਸ ਦੇ ਠੰਡੇ-ਮਿੱਠੇ ਸੁਭਾਅ ਕਰਕੇ ਆਮ ਕਿਹਾ ਜਾਂਦਾ ਹੈ, ਅਸੂ ਮਾਹ ਨਿਰਾਲਾ, ਦਿਹੁੰ ਧੁੱਪ ਤੇ ਰਾਤੀਂ ਪਾਲਾ।
ਇਸ ਮਹੀਨੇ ਦੇ ਸ਼ੁਰੂ ਹੋਣ ਤੱਕ ਆਮ ਤੌਰ ‘ਤੇ ਬਰਸਾਤ ਦਾ ਖਾਤਮਾ ਹੋ ਚੁਕਾ ਹੁੰਦਾ ਹੈ। ਅਸਮਾਨ ਵਿਚ ਕਿਤੇ ਕਿਤੇ ਕੋਈ ਬਦਲੀ ਰਮਤੇ ਰਮਤੇ ਏਧਰ-ਓਧਰ ਸੈਰ ਕਰਦੀ ਨਜ਼ਰ ਆਉਂਦੀ ਹੈ। ਨਦੀਆਂ ਵੀ ਠਰੰਮੇ ਵਿਚ ਆ ਜਾਂਦੀਆਂ ਹਨ ਅਤੇ ਨਿਓਂ ਕੇ ਵਗਦੀਆਂ ਹਨ। ਬਰਸਾਤ ਤੋਂ ਬਾਅਦ ਘੱਟਾ-ਮਿੱਟੀ ਬੈਠ ਜਾਂਦਾ ਹੈ। ਮੱਛਰ-ਮੱਖੀ ਘਟਣ ਲੱਗਦਾ ਹੈ। ਪੰਛੀ ਖੁਸ਼ੀ ਦੇ ਆਲਮ ਵਿਚ ਸਵੇਰੇ-ਸ਼ਾਮ ਚੁੰਘੀਆਂ ਭਰਦੇ ਨਜ਼ਰ ਆਉਂਦੇ ਹਨ। ਸਾਫ-ਸੁਥਰੇ ਨੀਲੀ ਭਾਅ ਮਾਰਦੇ ਅਸਮਾਨ ਵਿਚ ਉਡਦੇ ਇਹ ਪੰਛੀ ਕਾਦਰ ਦੀ ਕੁਦਰਤ ਦਾ ਅਤਿ ਸੁੰਦਰ ਸੰਸਾਰ ਸਿਰਜਦੇ ਹਨ।
ਬਾਹਰ ਖੇਤਾਂ ਵਿਚ ਪੂਰੀ ਹਰਿਆਵਲ ਹੁੰਦੀ ਹੈ। ਉਹ ਹਰਿਆਵਲ ਹੁਣ ਪੱਕੇ ਹਰੇ ਰੰਗ ਦੀ ਹੁੰਦੀ ਹੈ। ਕੁਝ ਖਾਸ ਕਿਸਮ ਦੇ ਪੌਦਿਆਂ ‘ਤੇ ਫੁੱਲ ਵੀ ਹਾਜ਼ਰੀ ਭਰ ਰਹੇ ਹੁੰਦੇ ਹਨ। ਦਰਿਆਵਾਂ, ਨਦੀਆਂ, ਵੇਈਆਂ, ਛੱਪੜਾਂ, ਛੰਭਾਂ ਦੇ ਕੰਢਿਆਂ ‘ਤੇ ਕਈ ਕਿਸਮਾਂ ਦੇ ਜੰਗਲੀ ਤੇ ਅਵਾਰਾ ਜਿਹੇ ਬੂਟੇ ਭਰ ਜੋਬਨ ‘ਤੇ ਹੁੰਦੇ ਹਨ, ਚਾਹੇ ਉਹ ਕਾਨੇ ਹੋਣ ਜਾਂ ਕਾਈ। ਕਿਤੇ ਕਿਤੇ ਉਪਜਾਊ ਧਰਤੀ ਦੇ ਨਾਲ ਲੱਗਦੇ ਛੱਪੜਾਂ ਵਿਚ ਕੰਮੀਆਂ ਦੇ ਚਿੱਟੇ ਫੁੱਲ ਸ਼ਰਮਾਕਲ ਸੋਹਣੀਆਂ ਮੁਟਿਆਰਾਂ ਵਾਂਗੂ ਝਾਤੀਆਂ ਮਾਰ ਰਹੇ ਨਜ਼ਰ ਆਉਂਦੇ ਹਨ। ਹਰੀਆਂ ਕਚੂਰ ਕੇਲੀਆਂ ਨੂੰ ਵੀ ਲਾਲ-ਪੀਲੇ ਫੁੱਲ ਭਾਗ ਭਾਰੀਆਂ ਬਣਾ ਰਹੇ ਹੁੰਦੇ ਹਨ।
ਕਿਹਾ ਜਾਂਦਾ ਹੈ ਕਿ ਅੱਸੂ ਦੇ ਮਹੀਨੇ ਵਿਚ ਹੀ ਕ੍ਰਿਸ਼ਨ ਮਹਾਰਾਜ ਨੇ ਆਪਣੀ ਰੁਕਮਣੀ ਦੀ ਖੁਸ਼ੀ ਲਈ ਪਾਰਜਾਤ ਦਾ ਦੈਵੀ ਰੁੱਖ ਇੰਦਰ ਦੇ ਬਾਗ ਵਿਚੋਂ ਧਰਤੀ ਉਤੇ ਲਿਆਂਦਾ ਸੀ। ਇਸ ਦੈਵੀ ਕਰਮ ਸਦਕਾ ਇਨ੍ਹੀ ਦਿਨੀਂ ਮੌਸਮ ਉਤੇ ਦੈਵੀ ਜੋਬਨ ਸਹਿਜ ਰੂਪ ਵਿਚ ਹੀ ਛਾ ਜਾਂਦਾ ਹੈ। ਇਕ ਵਿਸ਼ਵਾਸ ਅਨੁਸਾਰ ਅੱਸੂ ਦੇ ਮਹੀਨੇ ਦਾ ਪਾਣੀ ਸ਼ੁਭ ਅਤੇ ਗੁਣਕਾਰੀ ਹੁੰਦਾ ਹੈ। ਧਨ ਪੋਠੋਹਾਰ ਵਿਚ ਜੇ ਕਿਸੇ ਗਰਭਵਤੀ ਨੂੰ ਕੱਤਕ ਦੇ ਮਹੀਨੇ ਬੱਚਾ ਹੋਣ ਦੀ ਆਸ ਹੋਵੇ ਤਾਂ ਉਹ ਅੱਸੂ ਦੇ ਮਹੀਨੇ ਹੀ ਪਾਣੀ ਦੇ ਘੜੇ ਭਰ ਕੇ ਆਪਣੇ ਪੀਣ ਲਈ ਰਾਖਵੇਂ ਰੱਖ ਲੈਂਦੀ ਹੈ। ਅੱਸੂ ਦਾ ਪਾਣੀ ਮਿੱਠਾ ਅਤੇ ਸਿਹਤਮੰਦ ਹੁੰਦਾ ਹੈ,
ਰੱਬਾ! ਇਕ ਵਾਰ ਜੀਆਂ
ਤੇ ਅੱਸੂ ਦਾ ਪਾਣੀ ਪੀਆਂ।
ਅਜਿਹੇ ਮਿੱਠੇ ਪਿਆਰੇ ਮੌਸਮ ਬਾਰੇ ਅਤੇ ਇਸ ਮੌਸਮ ਵਿਚ ਪਿੰਡਾਂ ਵਿਚ ਚਲਦੇ ਕਾਰ-ਵਿਹਾਰ ਦਾ ਕੇਸ਼ਵ ਦਾਸ ਇੰਜ ਉਲੇਖ ਕਰਦਾ ਹੈ, “ਪਾਰਜਾਤ ਦਾ ਦੈਵੀ ਰੁੱਖ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਮਹਾਰਾਜ ਨੇ ਆਪਣੀ ਰੁਕਮਣੀ ਦੀ ਖੁਸ਼ੀ ਲਈ ਇੰਦਰ ਦੇ ਬਾਗ ਵਿਚੋਂ ਧਰਤੀ ਉਤੇ ਲਿਆਂਦਾ ਸੀ, ਅੱਸੂ-ਕੱਤੇ ਵਿਚ ਮਹਾਨ ਖੁਸ਼ੀਆਂ ਪ੍ਰਦਾਨ ਕਰਦਾ ਹੈ। ਰਾਤ ਵੇਲੇ ਇਸ ਦੇ ਖਿੜਦੇ ਫੁੱਲਾਂ ਦੀ ਸੁਗੰਧੀ ਨਾਲ ਵਾਤਾਵਰਣ ਭਰ ਜਾਂਦਾ ਹੈ। ਮੁਟਿਆਰਾਂ ਹੱਥ ਵਿਚ ਨਵੇਂ ਅੰਨ ਦੇ ਸਿੱਟੇ ਚੁੱਕੀ ਨਦੀ-ਦੇਵੀ ਦੀ ਉਪਾਸਨਾ ਕਰਦੀਆਂ ਹਨ। ਕਿਸਾਨ ਧਾਨ ਦੀ ਵਾਢੀ ਕਰ ਰਹੇ ਹਨ ਤੇ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਉਤੇ ਮੱਕਈ ਦੀਆਂ ਛੱਲੀਆਂ ਦੇ ਸੁਨਹਿਰੀ ਢੇਰ ਲੱਗ ਗਏ ਹਨ। ਰਾਤ ਚਾਂਦੀ ਰੰਗੀ ਚਾਨਣੀ ਨਾਲ ਭਰ ਜਾਂਦੀ ਹੈ। ਮੀਂਹ ਮੁੱਕ ਗਏ ਹਨ। ਵਾਤਾਵਰਣ ਮਿੱਟੀ-ਘੱਟੇ ਤੋਂ ਸਾਫ ਹੋ ਗਿਆ ਹੈ। ਨੀਲੇ ਆਕਾਸ਼ ਵਿਚ ਪਾਣੀ ਤੋਂ ਸੱਖਣੇ ਚਿੱਟੇ ਬੱਦਲਾਂ ਦੇ ਦਲ ਤਰਦੇ ਹਨ ਜਿਵੇਂ ਕਿਸੇ ਪੇਂਜੇ ਦੀ ਖੁਣਖੁਣੀ ਨੇ ਰੂੰ ਦੇ ਗੋਹੜੇ ਪਿੰਜ ਕੇ ਉਡਾ ਦਿੱਤੇ ਹੋਣ।”
ਅੱਸੂ ਕੱਤਕ ਦੇ ਮੌਸਮ ਦਾ ਜ਼ਿਕਰ ਕਰਦਿਆਂ ਕਾਲੀਦਾਸ ਵੀ ਧਾਨ ਦੇ ਖੇਤਾਂ ਦਾ, ਸੁਰਮਈ ਸ਼ਾਮਾਂ ਦਾ, ਬੱਦਲ-ਰਹਿਤ ਅਸਮਾਨ ਆਦਿ ਦਾ ਉਚੇਚਾ ਵਰਣਨ ਕਰਦਾ ਹੈ, “ਚਿੱਟੀ-ਕਾਹੀ ਦੀ ਪੁਸ਼ਾਕ ਵਾਲੀ, ਖਿੜੇ ਹੋਏ ਕੌਲ ਵਰਗੇ ਮੁਖੜੇ ਵਾਲੀ, ਮਸਤ-ਹੰਸਾਂ ਦੀ ਗੂੰਜ ਵਰਗੀ ਝਾਂਜਰ ਪਹਿਨੀਂ, ਪੱਕੇ ਹੋਏ ਧਾਨਾਂ ਵਾਂਗ ਝੂਲੇ ਖਾਂਦੀ ਹੋਈ ਸਰਦ ਰੁੱਤ ਨਵੀਂ ਵਹੁਟੀ ਵਾਂਗ ਬਣ-ਤਣ ਕੇ ਆ ਰਹੀ ਹੈ। ਨਵੀਂ ਨਵੇਲੀ ਮੁਟਿਆਰ ਵਰਗੀ ਅੱਜ ਕੱਲ ਦੀ ਰਾਤ, ਬੱਦਲਾਂ ਤੋਂ ਖਾਲੀ, ਚੰਨ ਜਿਹੇ ਮੁਖੜੇ ਵਾਲੀ, ਤਾਰਿਆਂ ਦੇ ਗਹਿਣਿਆਂ ਨਾਲ ਲੱਦੀ, ਚੰਨ ਚਾਨਣੀ ਦੀ ਚਿੱਟੀ ਸਾੜੀ ਵਾਲੀ, ਦਿਨ-ਬ-ਦਿਨ ਵਧ ਹੀ ਰਹੀ ਹੈ। ਧਾਨ ਦੀਆਂ ਬੱਲੀਆਂ ਨੂੰ ਝੁਲਾਉਂਦਾ ਹੋਇਆ ਪੌਣ ਦੇਵਤਾ ਗੱਭਰੂਆਂ ਦੇ ਦਿਲਾਂ ਨੂੰ ਡੁਲਾ ਰਿਹਾ ਹੈ।”
ਅੱਸੂ ਪ੍ਰੇਮ ਉਮਾਹੜਾ ਦਾ ਮਹੀਨਾ ਹੈ। ਇਹ ਮਹੀਨਾ ਵਿਆਹ-ਸ਼ਾਦੀਆਂ ਲਈ ਸ਼ੁਭ ਸਮਝਿਆ ਜਾਂਦਾ ਹੈ। ਸ਼ੁਭ ਮੰਨੇ ਜਾਣ ਦਾ ਵਿਗਿਆਨਕ ਕਾਰਨ ਇਹੀ ਹੈ ਕਿ ਇਹ ਠੰਡੀ ਮਿੱਠੀ ਤੇ ਸਮਾਗਮੀ ਰੁੱਤ ਹੈ। ਇਨ੍ਹੀਂ ਦਿਨੀਂ ਵਿਆਹ-ਸ਼ਾਦੀ ਰਚਾਉਣ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਅੱਸੂ ਵਿਚ ਨਾ ਬਹੁਤ ਗਰਮੀ ਹੁੰਦੀ ਹੈ, ਨਾ ਸਰਦੀ, ਜਿਸ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋਣ ਦਾ ਡਰ ਨਹੀਂ ਹੁੰਦਾ। ਤਾਂ ਹੀ ਤਾਂ ਇਕ ਪੰਜਾਬਣ ਧੀ ਆਪਣੇ ਬਾਬਲ ਨੂੰ ਨੇਕ ਸਲਾਹ ਦਿੰਦੀ ਹੈ,
ਮੈਂ ਤੈਨੂੰ ਆਖਦੀ ਬਾਬਲਾ
ਮੇਰਾ ਅੱਸੂ ਦਾ ਕਾਜ ਰਚਾ
ਤੇਰਾ ਅੰਨ ਨਾ ਤਰੱਕੇ ਕੋਠੜੀ
ਤੇਰਾ ਦਹੀਂ ਨਾ ਅਮਲਾ ਜਾ
ਬਾਬਲ ਮੈਂ ਬੇਟੀ ਪਰਨਾ
ਵੇ ਧਰਮੀ ਬਾਬਲਾ।
ਇਹ ਉਹੀ ਰੁੱਤ ਹੈ, ਜਿਸ ਬਾਰੇ ਸ਼ਿਵ ਕੁਮਾਰ ਬਟਾਲਵੀ ਕਹਿੰਦਾ ਹੈ,
ਜਦ ਪੈਣ ਕਪਾਹੀ ਫੁੱਲ ਵੇ
ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ
ਧਰਮੀ ਬਾਬਲਾ।
ਅੱਸੂ ਆਸਾਂ ਪੁੱਗਣ ਦਾ ਮਹੀਨਾ ਹੈ। ਜਿਥੇ ਇਹ ਵਿਆਹ-ਸ਼ਾਦੀਆਂ ਲਈ ਸ਼ੁਭ ਹੈ, ਉਥੇ ਇਹ ਪੂਜਾ-ਪਾਠ ਲਈ ਵੀ ਕਲਿਆਣਕਾਰੀ ਹੈ। ਇਹ ਮਹੀਨਾ ਕਿਸਾਨਾਂ ਲਈ ਵੀ ਸ਼ੁਭ ਹੈ: ਕੁਝ ਫਸਲਾਂ ਪੱਕ ਚੁੱਕੀਆਂ ਹੁੰਦੀਆਂ ਹਨ ਅਤੇ ਕੁਝ ਪੱਕਣ ਦੀ ਤਿਆਰੀ ਵਿਚ ਹੁੰਦੀਆਂ ਹਨ। ਗਿਆਨੀ ਗੁਰਦਿੱਤ ਸਿੰਘ ਇਸ ਮਹੀਨੇ ਬਾਰੇ ਲਿਖਦੇ ਹਨ,
ਅੱਸੂ ਆਸਾਂ ਦਾ ਮਹੀਨਾ
ਇੰਜ ਛੜੀਦਾ ਹੋ ਚੀਨਾ
ਅਸੀਂ ਬਕਲੀਆਂ ਧਰੀਆਂ
ਪੱਟ ਚੂਪੀਆਂ ਵੀ ਚਰੀਆਂ
ਸਾਡੇ ਖੇਤੀਂ ਸਿੱਟੇ ਪੱਕੇ
ਤੇ ਕਪਾਹ ਪਈ ਹੱਸੇ
ਮੱਕੀਆਂ ਨੇ ਕੱਢੇ ਬਾਬੂ
ਹੋਇਆ ਜੋਬਨ ਬੇ-ਕਾਬੂ
ਹਰ ਟਾਹਣੀ ਮੂੰਹ ਚੁੱਕ
ਜਿਵੇਂ ਹਰੀ ਭਰੀ ਕੁੱਖ
ਵਾਂਗ ਫਨੀਅਰ ਮੇਲੇ
ਪਏ ਘੂਕਣ ਗਲੇਲੇ
ਨਿੱਕਾ ਮੋਟਾ ਬਾਜਰਾ
ਹੇ…ਹੋ…ਹਾ…। ਹੇ…ਹੋ…ਹਾ।
ਰਾਖੀ ਚੱਲੀਆਂ ਰਿੰਨਦਿਆਂ ਢੋਲਾ
ਹੇ…ਹੋ…ਹਾ…। ਹੇ…ਹੋ…ਹਾ।
ਪੰਜਾਬ ਵਿਚ ਗਰਮੀ ਤੋਂ ਬਾਅਦ ਅੱਸੂ-ਕੱਤੇ ਅਤੇ ਸਰਦੀ ਤੋਂ ਬਾਅਦ ਫੱਗਣ-ਚੇਤਰ ਬੜੇ ਖੁਸ਼ਗਵਾਰ ਮਹੀਨੇ ਹੁੰਦੇ ਹਨ। ਇਨ੍ਹਾਂ ਮਹੀਨਿਆਂ ਵਿਚ ਪਿੰਡਾਂ ਵਿਚ ਸ਼ਾਮ ਸਮੇਂ ਵਿਹਲ ਹੁੰਦੀ ਹੈ। ਇਹ ਮਹੀਨੇ ਖੇਡਣ ਲਈ ਅਤੇ ਕਸਰਤ ਲਈ ਬੜੇ ਅਨੁਕੂਲ ਗਿਣੇ ਜਾਂਦੇ ਹਨ।
ਅੱਸੂ ਦਾ ਮਹੀਨਾ ਤ੍ਰੇਲ ਪੈਣ ਦਾ ਮਹੀਨਾ ਹੈ। ਤ੍ਰੇਲ ਪੈਣ ਕਰਕੇ ਰਾਤ ਨੂੰ ਬਰਾਂਡਿਆਂ ਵਿਚ ਸੌਣਾ ਚੰਗਾ ਲੱਗਣ ਲਗਦਾ ਹੈ। ਉਂਜ ਵੀ ਤ੍ਰੇਲ ਕੁਦਰਤ ਦੀ ਖੁਸ਼ਨੁਮਾ ਅਤੇ ਰਹੱਸਮਈ ਪ੍ਰਕ੍ਰਿਆ ਹੈ। ਬਨਸਪਤੀ ਤੇ ਪਈ ਤ੍ਰੇਲ ਕੁਦਰਤ ਦੀ ਰਹੱਸਮਈ ਰਚਨਾ ਹੈ। ਇਸ ਨੂੰ ਵੇਖ ਕੇ ਸੰਵੇਦਨਸ਼ੀਲ ਮਨ ਤ੍ਰਿਪਤ ਹੁੰਦੇ ਹਨ। ਕਈ ਕਾਵਿਕ ਮਨਾਂ ਨੂੰ ਇਹ ਤ੍ਰੇਲ ਦੇ ਤੁਪਕੇ ਸ਼ਬਨਮ ਦੇ ਹੰਝੂ ਮਹਿਸੂਸ ਹੁੰਦੇ ਹਨ। ਸਵੇਰ ਨੂੰ ਤਰੇਲੇ ਘਾਹ ‘ਤੇ ਤੁਰਨਾ ਤਨ, ਮਨ ਅਤੇ ਰੂਹ ਨੂੰ ਤਰੋ-ਤਾਜ਼ਾ ਤੇ ਨਰੋਆ ਕਰ ਦਿੰਦਾ ਹੈ। ਫੁੱਲਾਂ ਦੀਆਂ ਪੱਤੀਆਂ ‘ਤੇ ਪਏ ਤ੍ਰੇਲ ਦੇ ਤੁਪਕੇ ਬਹੁਤ ਹੁਸੀਨ ਲੱਗਦੇ ਹਨ।
ਅੱਸੂ ਦੇ ਮਹੀਨੇ ਹੀ ਰਾਮ ਲੀਲਾ ਆਉਂਦੀ ਹੈ। ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿਚ ਇਹ ਦਸ-ਬਾਰਾਂ ਦਿਨਾਂ ਲਈ ਵਾਹਵਾ ਰੌਣਕ ਦਾ ਸਬੱਬ ਬਣਦੀ ਹੈ। ਇਹ ਦੁਸ਼ਹਿਰੇ ਤੱਕ ਚੱਲਦੀ ਹੈ। ਦੁਸ਼ਹਿਰੇ ਤੋਂ ਵੀਹਵੇਂ ਦਿਨ ਦੀਵਾਲੀ ਆਉਂਦੀ ਹੈ। ਰਾਮ ਲੀਲਾ ਆਪਣੇ ਆਪ ਵਿਚ ਕਈ ਸੰਸਕਾਰਾਂ ਦਾ ਸਮੂਹ ਹੈ। ਸੰਯੋਗ-ਵਿਯੋਗ ਦੇ ਕਈ ਦ੍ਰਿਸ਼ਾਂ ਨਾਲ ਭਰਪੂਰ ਇਹ ਗਾਥਾ ਆਪਣੇ ਅੰਦਰ ਕਈ ਸੰਦੇਸ਼ ਅਤੇ ਉਪਦੇਸ਼ ਸਮੋਈ ਬੈਠੀ ਹੈ। ਰਾਮ ਲੀਲਾ ਵਿਚ ਇਕ ਚਲਾਕ ਔਰਤ ਦਾ ਪੁੱਤਰ-ਮੋਹ ਵਿਚ ਆ ਕੇ ਮੱਕਾਰ ਹੋ ਜਾਣਾ, ਪਿਤਾ ਦਾ ਪੁੱਤਰ ਦੇ ਵਿਛੋੜੇ ਵਿਚ ਮਰ ਜਾਣਾ, ਇਕ ਸੁਹਿਰਦ ਪਤਨੀ ਦਾ ਇਕ ਦੁਸ਼ਟ ਹੱਥੋਂ ਅਪਹਰਣ ਹੋਣਾ, ਇਕ ਆਦਰਸ਼ ਭਰਾ ਦਾ ਦੁਸ਼ਮਣ ਦੇ ਹੱਥੋਂ ਮਾਰੇ ਜਾਣਾ, ਚੌਦਾਂ ਸਾਲਾਂ ਬਾਅਦ ਭਰਾਤਾ ਮਿਲਾਪ ਕਲਾਕਾਰਾਂ ਵੱਲੋਂ ਬੜੇ ਕਰੁਣਾਮਈ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਕਮਾਲ ਦੀ ਉਪਦੇਸ਼ਾਤਮਕ ਕਹਾਣੀ ਵਿਚ ਰਿਸ਼ਤਿਆਂ ਦੀ ਟੁੱਟ-ਭੱਜ, ਦੂਈ-ਦਵੈਤ, ਤੋੜ ਨਿਭਾਉਣ ਦੀ ਪ੍ਰਤੀਬੱਧਤਾ, ਧੋਖਾ-ਫਰੇਬ ਆਦਿ ਕਿੰਨਾ ਕੁਝ ਸ਼ਾਮਲ ਹੈ। ਇਸ ਕਹਾਣੀ ਦੇ ਨਾਇਕ ਸੀਤਾ-ਰਾਮ-ਲਛਮਣ ਹਨ। ਆਮ ਤੌਰ ‘ਤੇ ਰਾਵਣ ਬਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਇਸ ਦਾ ਪੁਨਰ-ਮੁਲਾਂਕਣ ਕਰਨ ਵਾਲੇ ਰਾਵਣ ਨੂੰ ਬਹੁਤ ਹੱਦ ਤੱਕ ਨਾਇਕ ਹੀ ਮੰਨਦੇ ਹਨ। ਉਹ ਜਿੱਥੇ ਵੇਦਾਂ ਦਾ ਗਿਆਤਾ ਮੰਨਿਆ ਗਿਆ ਹੈ, ਉਥੇ ਉਹ ਅਲੋਕਾਰੀ ਸੰਸਕਾਰੀ ਵਿਅਕਤੀ ਸਾਬਤ ਹੁੰਦਾ ਹੈ, ਜੋ ਏਨੇ ਲੰਬੇ ਸਮੇਂ ਦੀ ਕੈਦ ਵਿਚ ਸੀਤਾ ਦਾ ਸਤ ਭੰਗ ਨਹੀਂ ਕਰਦਾ। ਹਾਂ, ਉਹ ਬਦੀ ਨਾਲੋਂ ਜ਼ਿਆਦਾ ਹਉਮੈ ਦਾ ਸ਼ਿਕਾਰ ਵਿਅਕਤੀ ਮਹਿਸੂਸ ਹੁੰਦਾ ਹੈ। ਉਸ ਨੂੰ ਬਦੀ ਦਾ ਪ੍ਰਤੀਕ ਬਣਾ ਕੇ ਹਰ ਸਾਲ ਸਾੜਨਾ ਕਈ ਲੋਕਾਂ ਨੂੰ ਬਹੁਤ ਬੁਰਾ ਲੱਗਦਾ ਹੈ।
ਇਹ ਮਹੀਨਾ ਬੜੇ ਸੁਖਦ ਅਹਿਸਾਸ ਦੀ ਆਮਦ ਵਾਲਾ ਹੈ, ਫਸਲਾਂ ਪੱਕਣ ਦੇ ਨਜ਼ਦੀਕ ਹੁੰਦੀਆਂ ਹਨ ਜਦੋਂ ਕਿ ਮੰਗੇਤਰ ਜੋੜੇ ਮਿਲਾਪ ਦੀ ਉਮੀਦ ਵਿਚ ਗੁਦਗੁਦੇ ਅਹਿਸਾਸਾਂ ਦੇ ਅੰਗ ਸੰਗ ਵਿਚਰਦੇ ਹਨ। ਸ਼ੁਭ ਘੜੀਆਂ ਨਜ਼ਦੀਕ ਆ ਰਹੀਆਂ ਹੁੰਦੀਆਂ ਹਨ। ਐਵੇਂ ਕੈਵੇਂ ਦੇ ਜੰਗਲੀ ਕੱਖਾਂ-ਕਾਨਿਆਂ ਨੂੰ ਵੀ ਬੁੰਬਲ ਖਿੜ ਪੈਂਦੇ ਹਨ, ਪਰ ਬਾਰਹ-ਮਾਹ ਦੀ ਜਗਿਆਸੂ ਨਾਇਕਾ ਅਜੇ ਵੀ ਮਿਲਾਪ ਦੀ ਮੰਜ਼ਲ ਤੋਂ ਬਹੁਤ ਦੂਰ ਹੈ। ਉਹ ਤਾਂ ਅਧਵਾਟੇ ਖੜੀ ਹੈ, ਆਗੈ ਘਾਮ ਪਿਛੈ ਰੁਤ ਜਾੜਾ।
ਇਸ ਅਵਸਥਾ ਦਾ ਹੀ ਜ਼ਿਕਰ ḔਅਸੁਨਿḔ ਵਿਚ ਗੁਰੂ ਨਾਨਕ ਦੇਵ ਇਸ ਤਰ੍ਹਾਂ ਕਰਦੇ ਹਨ,
ਅਸੁਨਿ ਆਉ ਪਿਰਾ
ਸਾ ਧਨ ਝੂਰਿ ਮੁਈ॥
ਤਾ ਮਿਲੀਐ ਪ੍ਰਭ ਮੇਲੇ
ਦੂਜੈ ਭਾਇ ਖੁਈ॥
ਝੂਠਿ ਵਿਗੁਤੀ ਤਾ ਪਿਰ ਮੁਤੀ
ਕੂਕਹ ਕਾਹ ਸਿ ਫੁਲੇ॥
ਅਗੈ ਘਾਮ ਪਿਛੈ ਰੁਤ ਜਾਡਾ
ਦੇਖਿ ਚਲਤ ਮਨ ਡੋਲੇ॥
ਦਹਦਿਸਿ ਸਾਖ ਹਰੀ ਹਰਿਆਵਲ
ਸਹਜਿ ਪਕੈ ਸੋ ਮੀਠਾ॥
ਨਾਨਕ ਅਸੁਨਿ ਮਿਲਹੁ ਪਿਆਰੇ
ਸਤਿਗੁਰ ਭਏ ਬਸੀਠਾ॥
ਸਭਨਾਂ ਦਿਸ਼ਾਵਾਂ ਵਿਚ ਹਰਿਆਵਲ ਹੈ। ਦਸ ਦਿਸ਼ਾਵਾਂ ਮੰਨੀਆਂ ਗਈਆਂ ਹਨ: ਪੂਰਬ, ਪੱਛਮ, ਉਤਰ ਤੇ ਦੱਖਣ; ਦੋ-ਦੋ ਦੀ ਅੰਦਰਲੀ ਦਿਸ਼ਾ- ਜਿਵੇਂ ਉਤਰ ਤੇ ਪੂਰਬ ਦੇ ਵਿਚਕਾਰ ਉਤਰ-ਪੂਰਬ, ਪੂਰਬ ਅਤੇ ਦੱਖਣ ਦੇ ਵਿਚਕਾਰ ਦੱਖਣ-ਪੂਰਬ; ਪੱਛਮ ਅਤੇ ਉਤਰ ਦੇ ਵਿਚਕਾਰ ਪੱਛਮ-ਉਤਰ ਅਤੇ ਇਸੇ ਤਰ੍ਹਾਂ ਪੱਛਮ ਤੇ ਦੱਖਣ ਵਿਚ ਪੱਛਮ-ਦੱਖਣ। ਇਨ੍ਹਾਂ ਅੱਠਾਂ ਤੋਂ ਬਿਨਾ ਉਤਲੀ ਅਤੇ ਹੇਠਲੀ ਦਿਸ਼ਾ ਮਿਲਾ ਕੇ ਦਹਿਦਿਸ (ਦਸ ਦਿਸ਼ਾਵਾਂ) ਬਣ ਜਾਂਦੀਆਂ ਹਨ। ਆਲੇ-ਦੁਆਲੇ ਸਭ ਦਿਸ਼ਾਵਾਂ ਵਿਚ ਨਜ਼ਰ ਆ ਰਹੀ ਇਹ ਹਰਿਆਵਲ ਇਹ ਫੁੱਲ, ਇਹ ਫਲ, ਅਚਾਨਕ ਨਹੀਂ ਇਸ ਅਵਸਥਾ ਵਿਚ ਪਹੁੰਚ ਜਾਂਦੇ। ਇਕ ਇਕ ਪਲ, ਇਕ ਇਕ ਦਿਨ ਕਰਕੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇਹੀ ਸੱਚ ਦੁਨਿਆਵੀ ਕਾਮਯਾਬੀ ਅਤੇ ਪ੍ਰਾਪਤੀ ਦੀ ਹੁੰਦੀ ਹੈ, ਸਹਿਜ ਪਕੇ ਸੋ ਮੀਠਾ ਹੋਵੇ।
ਗੁਰੂ ਨਾਨਕ ਦੇਵ ਦੀ ਕਲਾ ਦੀ ਪ੍ਰਬੀਨਤਾ ਹੈ ਕਿ ਇਸ ਮਹੀਨੇ ਦਾ ਕੁਦਰਤ ਚਿਤਰਣ ਕਰਦੇ ਕਰਦੇ ਅਤੇ ਪਰਮਾਰਥ ਦੀ ਰਮਜ਼ ਸਮਝਾਂਦੇ ਸਮਝਾਂਦੇ ਇਸ ਛੋਟੀ ਜਿਹੀ ਰਚਨਾ ਵਿਚ ਉਨ੍ਹਾਂ ਦੋ ਮੁਹਾਵਰੇ ਰਚ ਦਿੱਤੇ ਹਨ,
-ਅਗੈ ਘਾਮ ਪਿਛੈ ਰੁਤ ਜਾੜਾ…।
-ਸਹਿਜ ਪਕੇ ਸੋ ਮੀਠਾ…।
ਅੱਸੂ ਦਾ ਮਹੀਨਾ ਭਾਵੇਂ ਮਿੱਠੀ-ਪਿਆਰੀ ਰੁੱਤ ਹੈ, ਪਰ ਇਸ ਵਿਚ ਕੋਈ ਖਾਸ ਸਰਗਰਮੀਆਂ ਜਾਂ ਉਤਸਵਾਂ ਦੀ ਘਾਟ ਹੀ ਰਹਿੰਦੀ ਹੈ। ਬੱਸ, ਫਸਲ ਸਾਂਭਣ ਉਪਰੰਤ ਵਿਆਹ-ਸ਼ਾਦੀਆਂ ਹੀ ਇਸ ਦਾ ਮੁੱਖ ਆਕਰਸ਼ਣ ਹੈ। ਪਹਿਲੇ ਸਮਿਆਂ ਵਿਚ ਨਰਾਤਿਆਂ ਦੇ ਦਿਨਾਂ ਵਿਚ ਕੰਜਕਾਂ ਬਿਠਾਈਆਂ ਜਾਂਦੀਆਂ ਸਨ, ਇਹ ਨਰਾਤੇ ਭਾਦੋਂ ਦੀ ਮੱਸਿਆ ਤੋਂ ਸ਼ੁਰੂ ਹੋ ਕੇ ਅੱਸੂ ਦੀ ਚਾਨਣੀ ਨੌਂਵੀਂ ਤੱਕ ਦਸ ਦਿਨ ਲਈ ਚਲਦੇ ਸਨ। ਕੰਜਕ ਨੂੰ ਦੇਵੀ ਸਰੂਪ ਮੰਨ ਕੇ ਹਿੰਦੂ ਲੋਕ ਇਨ੍ਹੀਂ ਦਿਨੀਂ ਕੰਜਕਾਂ ਦੀ ਪੂਜਾ ਕਰਦੇ ਸਨ। ਕੰਜਕ ਲਫਜ਼ ḔਕੰਜḔ ਤੋਂ ਬਣਿਆ ਹੈ। ਇਸ ਦੇ ਲਫਜ਼ੀ ਅਰਥ ਹਨ, ਪਾਣੀ ‘ਚੋਂ ਪੈਦਾ ਹੋਣ ਵਾਲਾ ਕੰਵਲ ਫੁੱਲ। ਜਦੋਂ ਤੱਕ ਲੜਕੀਆਂ ਨੂੰ ਮਾਹਵਾਰੀ ਨਹੀਂ ਆਉਂਦੀ, ਉਹ ਕੰਜਕਾਂ ਹੀ ਰਹਿੰਦੀਆਂ ਹਨ, ਭਾਵ ਦੇਵੀ-ਸਰੂਪ ਮੰਨੀਆਂ ਜਾਂਦੀਆਂ ਹਨ। ਕੰਜਕਾਂ ਪੂਜਣ ਲਈ ਮਹੱਲੇ ਦੀਆਂ ਬਾਲੜੀਆਂ ਬੁਲਾ ਕੇ ਉਨ੍ਹਾਂ ਨੂੰ ਲਾਲ ਰੰਗ ਦੀਆਂ ਨਿੱਕੀਆਂ ਨਿੱਕੀਆਂ ਚੁੰਨੀਆਂ ਬੰਨ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇਕ ਪਾਲ ਵਿਚ ਬਿਠਾ ਕੇ ਉਨ੍ਹਾਂ ਦੀ ਆਰਤੀ ਉਤਾਰੀ ਜਾਂਦੀ ਹੈ ਅਤੇ ਕੜਾਹ-ਪੂੜੀਆਂ ਦਾ ਪ੍ਰਸ਼ਾਦ ਛਕਾਇਆ ਜਾਂਦਾ ਹੈ। ਅੱਸੂ ਦੇ ਮਹੀਨੇ ਫਸਲਾਂ ਵੇਚਣ ਨਾਲ ਕਿਸਾਨਾਂ ਕੋਲ ਪੈਸਾ ਆਇਆ ਹੁੰਦਾ ਹੈ, ਜੋ ਲੁੱਟਣ ਲਈ ਦੀਵਾਲੀ ਦਾ ਮੌਕਾ ਇਸ ਤਰ੍ਹਾਂ ਦਾ ਸਿਰਜ ਦਿੱਤਾ ਗਿਆ ਹੈ, ਜਿਸ ਮੌਕੇ ‘ਤੇ ਬੱਚੇ ਤੋਂ ਬੁੱਢੇ ਤੱਕ ਸਾਰੇ ਪੈਸੇ ਖਰਚਣਾ ਜ਼ਰੂਰੀ ਸਮਝਦੇ ਹਨ। ਜਿੱਥੇ ਦੁਸਹਿਰਾ ਸਿਰਫ ਵੇਖਿਆ ਜਾਂਦਾ ਹੈ, ਦੀਵਾਲੀ ਵੇਖੀ ਵੀ ਜਾਂਦੀ ਹੈ, ਮਨਾਈ ਵੀ ਜਾਂਦੀ ਹੈ ਅਤੇ ਮਾਣੀ ਵੀ ਜਾਂਦੀ ਹੈ। ਦੀਵਾਲੀ ਕਿਉਂਕਿ ਕੱਤਕ ਮਹੀਨੇ ਦਾ ਪ੍ਰਮੁੱਖ ਤਿਉਹਾਰ ਹੈ। ਇਸ ਲਈ ਸਭ ਨੂੰ ਕੱਤੇ ਦੀ ਉਡੀਕ ਹੁੰਦੀ ਹੈ।