ਕਈ ਇਤਿਹਾਸ ਸਿਰਜ ਗਈ ਮੋਗੇ ਵਾਲੀ ਚੋਣ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਮੋਗਾ ਜ਼ਿਮਨੀ ਚੋਣ ਕਈ ਗੱਲਾਂ ਕਰ ਕੇ ਇਤਿਹਾਸ ਬਣ ਗਈ ਹੈ। ਇਸ ਚੋਣ ਵਿਚ ਮਿਲੀ ਹਾਰ ਕਾਰਨ ਜਿੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਕਾਂਗਰਸ ਦੀ ਕਪਤਾਨੀ ਖੁੱਸ ਗਈ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਬ) ਕੋਲ ਵਿਧਾਨ ਸਭਾ ਵਿਚ ਬਹੁਮਤ ਲਈ ਮੈਂਬਰ ਪੂਰੇ ਹੋ ਗਏ ਹਨ ਅਤੇ ਉਹ ਹੁਣ ਭਾਈਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਥਾਜ ਨਹੀਂ ਰਿਹਾ। ਇਸ ਦੇ ਨਾਲ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਪੰਜਾਬ ਵਿਚ ਤੀਜੀ ਵਾਰੀ ਸੱਤਾ ਦਾ ਨਿੱਘਾ ਮਾਣ ਰਹੇ ਅਕਾਲੀ-ਭਾਜਪਾ ਗੱਠਜੋੜ ਵਿਚ ਨਵੇਂ ਸਿਆਸੀ ਸਮੀਕਰਨ ਬਣਨਗੇ ਜਿਨ੍ਹਾਂ ਵਿਚ ਭਾਜਪਾ ਆਪਣਾ ਪਹਿਲਾਂ ਵਾਲਾ ਦਬਕਾ ਕਾਇਮ ਨਹੀਂ ਰੱਖ ਸਕੇਗੀ।
ਮੋਗਾ ਜ਼ਿਮਨੀ ਚੋਣ ਵਿਚ ਜਿੱਤ ਨਾਲ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ‘ਤੇ ਨਿਰਭਰਤਾ ਖ਼ਤਮ ਹੋ ਗਈ ਹੈ। ਹੁਣ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ 57 ਹੋ ਗਈ ਹੈ ਅਤੇ ਦੋ ਬਾਗੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਹਨ। ਅਕਾਲੀ ਦਲ ਨੂੰ 59 ਮੈਂਬਰਾਂ ਨਾਲ ਸਪੱਸ਼ਟ ਬਹੁਮਤ ਹਾਸਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ 1997 ਤੋਂ ਪਹਿਲਾਂ ਦਾ ਗੱਠਜੋੜ ਬਣਿਆ ਹੋਇਆ ਹੈ। ਇਸ ਗੱਠਜੋੜ ਨੇ ਪਹਿਲੀ ਵਾਰੀ 1997 ਤੋਂ 2002 ਤੱਕ ਰਾਜ ਕੀਤਾ ਅਤੇ ਦੂਜੀ ਵਾਰੀ 2007 ਵਿਚ ਸੱਤਾ ਸੰਭਾਲੀ ਤੇ ਉਸ ਤੋਂ ਬਾਅਦ ਗੱਦੀ ‘ਤੇ ਕਾਇਮ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਦਾ ਪੰਜਾਬ ਵਿਚ ਆਪਣਾ ਕੋਈ ਬਹੁਤਾ ਆਧਾਰ ਨਹੀਂ, ਪਰ ਕੇਂਦਰੀ ਸਿਆਸਤ ਵਿਚ ਪੈਂਠ ਬਣਾਉਣ ਲਈ ਬਾਦਲਾਂ ਨੇ ਇਸ ਪਾਰਟੀ ਨਾਲ ਪਿਛਲੇ ਕਾਫੀ ਸਮੇਂ ਤੋਂ ਯਾਰੀ ਪਾਈ ਹੋਈ ਹੈ। ਹਿੰਦੂ ਅਤੇ ਸ਼ਹਿਰੀ ਵੋਟ ਖਿੱਚਣ ਦੇ ਨਾਂ ਹੇਠ ਭਾਜਪਾ ਅਕਸਰ ਅਕਾਲੀ ਦਲ ਤੋਂ ਵਧੇਰੇ ਸੀਟਾਂ ਲੈਣ ਵਿਚ ਕਾਮਯਾਬ ਰਹਿੰਦੀ ਹੈ। ਇਸ ਲਈ 2007 ਵਿਚ ਬਣੀ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਪਾਰਟੀ ਨੇ ਅਕਾਲੀਆਂ ਦੇ ਨੱਕ ਵਿਚ ਦਮ ਕਰੀ ਰੱਖਿਆ। ਭਾਜਪਾ ਨੇ ਸਰਕਾਰ ਦੇ ਕਈ ਫੈਸਲਿਆਂ ਦਾ ਵਿਰੋਧ ਵੀ ਕੀਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰੀ ‘ਮਜਬੂਰ’ ਹੋਏ ਨਜ਼ਰ ਆਏ। ਭਾਜਪਾ ਦੇ ਹੁਣ 12 ਵਿਧਾਇਕ ਹਨ ਅਤੇ ਮੰਤਰੀ ਮੰਡਲ ਵਿਚ ਪਾਰਟੀ ਦੇ ਚਾਰ ਮੰਤਰੀ ਹਨ। ਇਸ ਤੋਂ ਬਿਨਾਂ ਮੁੱਖ ਸੰਸਦੀ ਸਕੱਤਰਾਂ ਤੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵਿਚ ਵੀ ਭਾਜਪਾ ਦਾ ਹਿੱਸਾ ਹੈ।
ਉਂਜ ਵੀ ਦੋਹਾਂ ਪਾਰਟੀਆਂ ਵਿਚਾਲੇ ਪਿਛਲੇ ਛੇ ਸਾਲਾਂ ਦੇ ਸਮੇਂ ਦੌਰਾਨ ਕਈ ਵਾਰੀ ਮੱਤਭੇਦ ਉਭਰ ਕੇ ਸਾਹਮਣੇ ਆਉਂਦੇ ਰਹੇ। ਅਕਾਲੀਆਂ ਤੇ ਭਾਜਪਾਈਆਂ ਦੀ ‘ਸਿਆਸੀ ਲੜਾਈ’ ਦਾ ਨਿਬੇੜਾ ਕਈ ਵਾਰੀ ਭਾਜਪਾ ਹਾਈ ਕਮਾਨ ਨੂੰ ਹੀ ਦਖਲ ਦੇ ਕੇ ਕਰਨਾ ਪਿਆ ਸੀ। 2008 ਦੀਆਂ ਪੰਚਾਇਤ ਚੋਣਾਂ ਦੌਰਾਨ ਅੰਮ੍ਰਿਤਸਰ ਤੇ ਬਠਿੰਡਾ ਜ਼ਿਲ੍ਹਿਆਂ ਵਿਚ ਅਕਾਲੀ ਅਤੇ ਭਾਜਪਾਈ ਇਸ ਹੱਦ ਤੱਕ ਇਕ-ਦੂਜੇ ਦੇ ਆਹਮੋ ਸਾਹਮਣੇ ਆਣ ਖੜ੍ਹੇ ਸਨ ਕਿ ਭਾਜਪਾ ਦੇ ਮੰਤਰੀ ਅਸਤੀਫੇ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚ ਗਏ ਸਨ। ਬਿਜਲੀ ਦੀਆਂ ਦਰਾਂ ਦੇ ਮੁੱਦੇ ‘ਤੇ ਵੀ ਭਾਜਪਾ ਨੇ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ ਸੀ ਅਤੇ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਮੁੱਦੇ ‘ਤੇ ਵੀ ਕਲੇਸ਼ ਖੜ੍ਹਾ ਹੋ ਗਿਆ ਸੀ।
ਉਧਰ, ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦਾ ਦਾਅਵਾ ਹੈ ਕਿ ਅਕਾਲੀ ਦਲ ਨੂੰ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਵੀ ਗੱਠਜੋੜ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸਿਰਫ਼ ਸੱਤਾ ਹਾਸਲ ਕਰਨ ਲਈ ਹੀ ਨਹੀਂ, ਸਿਧਾਂਤਕ ਹੈ।
ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਅਕਾਲੀਆਂ ਦੀ ਅਗਲੀ ਪੀੜ੍ਹੀ, ਭਾਵ ਸੁਖਬੀਰ ਸਿੰਘ ਬਾਦਲ ਦੇ ਹੱਥ ਆ ਜਾਣ ਤੋਂ ਬਾਅਦ ਗੱਠਜੋੜ ਦੇ ਭਵਿੱਖ ਬਾਰੇ ਅਕਸਰ ਸਵਾਲ ਉਠਦੇ ਰਹੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਆਗੂ ਬੇਸ਼ੱਕ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਅਕਾਲੀ-ਭਾਜਪਾ ਗੱਠਜੋੜ ਕਾਇਮ ਰਹੇਗਾ ਪਰ ਪਿਛੋਕੜ ਵਿਚ ਵਾਪਰੀਆਂ ਕਈ ਘਟਨਾਵਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੱਠਜੋੜ ਦੀ ਕਾਇਮੀ ਦੇ ਮੁੱਦੇ ‘ਤੇ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੇ ਆਗੂਆਂ ਦੀ ਸੋਚ ਦਰਮਿਆਨ ਵੱਡਾ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰਾਂ ਵਿਚ ਅਧਾਰ ਪੈਦਾ ਕਰਨ ਦਾ ਮਾਮਲਾ ਭਾਜਪਾ ਨੂੰ ਰੜਕਦਾ ਰਿਹਾ ਹੈ। ਉਂਜ ਹੁਣ ਇਸ ਮਾਮਲੇ ‘ਤੇ ਵੀ ਪਾਰਟੀ ਨੇ ਚੁੱਪ ਵੱਟ ਲਈ ਹੈ।

Be the first to comment

Leave a Reply

Your email address will not be published.