ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਚੂਲਾਂ ਕੱਸਣ ਦੀ ਕਵਾਇਦ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਮੋਗਾ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਹਾਰ ਕੈਪਟਨ ਅਮਰਿੰਦਰ ਵਿਰੋਧੀ ਧੜਿਆਂ ਲਈ ਸ਼ੁਭ ਰਹੀ ਹੈ। ਇਸ ਹਾਰ ਤੋਂ ਬਾਅਦ ਪਾਰਟੀ ਵਿਚ ਪੈਦਾ ਹੋਈ ਖਿੱਚੋਤਾਣ ਨੂੰ ਵੇਖਦਿਆਂ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਨਵਾਂ ਪ੍ਰਦੇਸ਼ ਪ੍ਰਧਾਨ ਥਾਪ ਦਿੱਤਾ ਹੈ। ਬਾਜਵਾ ਲੋਕ ਸਭਾ ਵਿਚ ਗੁਰਦਾਸਪੁਰ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਪਹਿਲਾਂ ਪੰਜਾਬ ਦੇ ਮੰਤਰੀ ਤੇ ਕੁੱਲ ਹਿੰਦ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ।
ਮੋਗਾ ਉਪ ਚੋਣ ਵਿਚ ਹਾਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅੱਧੀ ਦਰਜਨ ਤੋਂ ਵੱਧ ਕਾਂਗਰਸ ਆਗੂਆਂ ਨੂੰ ਨੋਟਿਸ ਭੇਜ ਕੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ ਤੇ ਲਾਪ੍ਰਵਾਹੀ ਕਾਰਨ ਹੀ ਪਾਰਟੀ ਨੂੰ ਇੰਨੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੋ ਲੋਕ ਸਭਾ ਮੈਂਬਰਾਂ-ਮਹਿੰਦਰ ਸਿੰਘ ਕੇæਪੀæ ਤੇ ਸ੍ਰੀਮਤੀ ਸੰਤੋਸ਼ ਚੌਧਰੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਵਿਧਾਇਕ ਬ੍ਰਹਮ ਮਹਿੰਦਰਾ, ਰਾਜੇਸ਼ ਪਾਂਡੇ ਤੇ ਰਣਦੀਪ ਸਿੰਘ ਨਾਭਾ ਨੂੰ ਨੋਟਿਸ ਭੇਜੇ ਸਨ। ਇਨ੍ਹਾਂ ਆਗੂਆਂ ਨੇ ਨੋਟਿਸ ਭੇਜਣ ‘ਤੇ ਸਖ਼ਤ ਇਤਰਾਜ਼ ਕਰਦਿਆਂ ਕੈਪਟਨ ਉਤੇ ਹੀ ਸਵਾਲਾਂ ਦੀ ਵਾਛੜ ਕਰ ਦਿੱਤੀ ਸੀ ਜਿਸ ਤੋਂ ਬਾਅਦ ਮੀਡੀਆ ਵਿਚ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਕੁਝ ਹੋਰ ਕਾਂਗਰਸੀ ਵਿਧਾਇਕ ਅਕਾਲੀ ਦਲ ਦੇ ਲੜ ਲੱਗਣ ਵਾਲੇ ਹਨ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਹੀ ਹਾਈ ਕਮਾਨ ਨੇ ਕੈਪਟਨ ਤੋਂ ਕਪਤਾਨੀ ਖੋਹਣ ਦਾ ਸਖ਼ਤ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਇਕ ਦਹਾਕੇ ਤੋਂ ਕਾਂਗਰਸ ਨੂੰ ਮਿਲੀ ਹਾਰ-ਦਰ-ਹਾਰ ਦਾ ਭਾਂਡਾ ਕੈਪਟਨ ਅਮਰਿੰਦਰ ਸਿੰਘ ਸਿਰ ਭੱਜ ਰਿਹਾ ਸੀ। ਉਨ੍ਹਾਂ ਦੇ ‘ਸ਼ਾਹੀ’ ਅਤੇ ‘ਧੱਕੜ’ ਰਵੱਈਏ ਤੋਂ ਬਹੁਤੇ ਕਾਂਗਰਸੀ ਖਫ਼ਾ ਸਨ। ਉਨ੍ਹਾਂ ਉਤੇ ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਉਹ ਮਹਿਲਾਂ ਵਿਚ ਬੈਠ ਕੇ ਹੀ ਸਿਆਸਤ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ। ਕੈਪਟਨ ਖ਼ਿਲਾਫ਼ ਬੇਸ਼ੱਕ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਅਣਕਿਆਸੀ ਹਾਰ ਤੋਂ ਬਾਅਦ ਹੀ ਬਗਾਵਤ ਉਠ ਖੜ੍ਹੀ ਸੀ, ਪਰ ਹਾਈ ਕਮਾਨ ਨੂੰ ਪੰਜਾਬ ਵਿਚ ਉਨ੍ਹਾਂ ਦੇ ਮੇਚ ਦਾ ਕੋਈ ਹੋਰ ਆਗੂ ਦਿਖਾਈ ਨਹੀਂ ਸੀ ਦੇ ਰਿਹਾ ਜਿਹੜਾ ਅਕਾਲੀਆਂ ਨੂੰ ਖੁੱਲ੍ਹੀ ਵੰਗਾਰ ਦੇ ਸਕੇ। ਪੰਜਾਬ ਕਾਂਗਰਸ ਦਾ ਵਿਰੋਧੀ ਧੜਾ ਲਗਾਤਾਰ ਹਾਈ ਕਮਾਨ ‘ਤੇ ਕੈਪਟਨ ਨੂੰ ਲਾਂਭੇ ਕਰਨ ਲਈ ਦਬਾਅ ਪਾ ਰਿਹਾ ਸੀ ਪਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਮਾਮਲੇ ਨੂੰ ਟਾਲਦੇ ਆ ਰਹੇ ਸਨ।
ਮੋਗਾ ਵਿਧਾਨ ਸਭਾ ਚੋਣ ਵਿਚ ਕਾਂਗਰਸ ਦੀ ਕਰਾਰੀ ਹਾਰ ਅਤੇ ਉਸ ਮਗਰੋਂ ਕੈਪਟਨ ਵੱਲੋਂ ਵਿਰੋਧੀ ਧੜੇ ਦੇ ਕੁਝ ਆਗੂਆਂ ਖ਼ਿਲਾਫ਼ ਸਖਤ ਰਵੱਈਆ ਅਪਨਾਉਣ ਕਰ ਕੇ ਪੰਜਾਬ ਕਾਂਗਰਸ ਵਿਚ ਖਿੱਚੋਤਾਣ ਸਿਖਰ ‘ਤੇ ਪਹੁੰਚ ਗਈ। ਕਾਂਗਰਸੀ ਆਗੂਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਕੀਤੀ ਦੂਸ਼ਣਬਾਜ਼ੀ ਤੋਂ ਲੱਗਣ ਲੱਗਾ ਕਿ ਪਾਰਟੀ ਦੋਫਾੜ ਹੋ ਜਾਵੇਗੀ ਅਤੇ ਹੋਰ ਕਾਂਗਰਸੀ ਆਗੂ ਅਕਾਲੀ ਦਲ ਦੀ ਛਤਰ-ਛਾਇਆ ਹੇਠ ਜਾ ਸਕਦੇ ਹਨ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਹਾਈ ਕਮਾਨ ਨੇ ਅਮਰਿੰਦਰ ਸਿੰਘ ਤੋਂ ਕਪਤਾਨੀ ਖੋਹਣ ਦਾ ਕੌੜਾ ਫੈਸਲਾ ਕਰ ਲਿਆ।
ਇਸੇ ਦੌਰਾਨ ਹਾਈ ਕਮਾਨ ਨੇ ਰਾਜਸਥਾਨ ਦੇ ਸੰਸਦ ਮੈਂਬਰ ਹਰੀਸ਼ ਚੌਧਰੀ ਨੂੰ ਕੁਲ ਹਿੰਦ ਕਾਂਗਰਸ ਕਮੇਟੀ ਦਾ ਸਕੱਤਰ ਥਾਪਣ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ ਵੀ ਥਾਪਿਆ ਹੈ ਅਤੇ ਜੰਮੂ ਦੇ ਨੇਤਾ ਗੁਲਚੈਨ ਸਿੰਘ ਚੜ੍ਹਕ ਤੋਂ ਇਹ ਜ਼ਿੰਮੇਵਾਰੀ ਵਾਪਸ ਲੈ ਲਈ ਹੈ।
ਕਾਂਗਰਸ ਸੂਤਰਾਂ ਅਨੁਸਾਰ ਬਾਜਵਾ ਦੀ ਚੋਣ ਤਿੰਨ ਕਾਰਨਾਂ ਕਰਕੇ ਕੀਤੀ ਗਈ। ਪਹਿਲਾ ਇਹ ਕਿ ਉਹ ਜੱਟ ਸਿੱਖ ਹਨ, ਦੂਜਾ ਚੋਣ ਪਿੜ ਵਿਚ ਉਨ੍ਹਾਂ ਦਾ ਆਧਾਰ ਹੈ ਜਿਸ ਦਾ ਮੁਜ਼ਾਹਰਾ ਉਹ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਕਰ ਚੁੱਕੇ ਹਨ ਅਤੇ ਤੀਜਾ ਉਨ੍ਹਾਂ ਵਿਚ ਹੋਰਾਂ ਨੂੰ ਨਾਲ ਲੈ ਕੇ ਤੁਰਨ ਦੀ ਸਮਰੱਥਾ ਵੀ ਹੈ। ਉਂਜ, ਇਹ ਵੀ ਕੌੜਾ ਸੱਚ ਹੈ ਕਿ ਉਹ ਨਾ ਤਾਂ ਅਮਰਿੰਦਰ ਸਿੰਘ ਵਰਗੇ ਕੱਦਾਵਰ ਆਗੂ ਹਨ ਤੇ ਨਾ ਹੀ ਉਨ੍ਹਾਂ ਦੇ ਹਮਾਇਤੀਆਂ ਦਾ ਘੇਰਾ ਬਹੁਤਾ ਵਿਸ਼ਾਲ ਹੈ।
ਸ਼ ਬਾਜਵਾ ਚਾਰ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਮਰਹੂਮ ਬੇਅੰਤ ਸਿੰਘ ਤੇ ਹਰਚਰਨ ਸਿੰਘ ਬਰਾੜ ਤੋਂ ਇਲਾਵਾ ਬੀਬੀ ਰਾਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਵਿਚ ਮੰਤਰੀ ਰਹਿ ਚੁਕੇ ਹਨ। ਪਾਰਟੀ ਵੱਲੋਂ ਉਨ੍ਹਾਂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਤੋਂ ਭਾਜਪਾ ਦੇ ਵਿਨੋਦ ਖੰਨਾ ਦੇ ਮੁਕਾਬਲੇ ਉਮੀਦਵਾਰ ਬਣਾਇਆ ਗਿਆ ਤੇ ਉਹ ਸਰਹੱਦੀ ਖੇਤਰ ਵਿਚੋਂ ਚੋਣ ਜਿੱਤਣ ਵਾਲੇ ਇਕੱਲੇ ਪਾਰਟੀ ਉਮੀਦਵਾਰ ਸਨ ਜਦੋਂਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਕਾਦੀਆ ਤੋਂ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਇਸ ਵੇਲੇ ਵਿਧਾਇਕ ਹਨ।
55 ਸਾਲਾ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਕੁਝ ਸਮੇਂ ਤੋਂ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਲਈ ਚੱਲ ਰਿਹਾ ਸੀ ਪਰ ਉਨ੍ਹਾਂ ਵੱਲੋਂ ਪਾਰਟੀ ਧੜੇਬੰਦੀ ਤੋਂ ਨਿਰਲੇਪ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਪਾਰਟੀ ਦੇ ਹਿੱਤ ਵਿਚ ਹਰ ਫੈਸਲਾ ਲੈਣ ਦਾ ਹੱਕ ਹੈ। ਉਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਮਿਲੇ ਸਹਿਯੋਗ ਲਈ ਕਾਂਗਰਸ ਵਰਕਰਾਂ ਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਤੇ ਉਹ ਭਵਿੱਖ ਵਿਚ ਪਾਰਟੀ ਦੀ ਬਿਹਤਰੀ ਲਈ ਸਰਗਰਮ ਰਹਿਣਗੇ।
Leave a Reply