ਅਸਲੀ ਦਾਰਾ ਕਿਹੜਾ ਤੇ ਨਕਲੀ ਕਿਹੜਾ?

ਪ੍ਰਿੰ. ਸਰਵਣ ਸਿੰਘ
ਕਈ ਅਜੇ ਵੀ ਸ਼ਰਤਾਂ ਲਾਈ ਜਾਂਦੇ ਹਨ। ਮੈਥੋਂ ਅਕਸਰ ਪੁੱਛਿਆ ਜਾਂਦੈ, ਅਸਲੀ ਦਾਰਾ ਕਿਹੜਾ ਸੀ ਤੇ ਨਕਲੀ ਕਿਹੜਾ? ਨਾਲੇ ਤਕੜਾ ਕਿਹੜਾ ਸੀ ਤੇ ਮਾੜਾ ਕਿਹੜਾ?
ਜਵਾਬ ਹੈ, ਦੋਹੇਂ ਦਾਰੇ ਅਸਲੀ ਸਨ। ਤਕੜੇ ਮਾੜੇ ਦਾ ਤਦ ਪਤਾ ਲੱਗਦਾ ਜੇ ਉਹ ਆਪਸ ਵਿਚ ਘੁਲਦੇ। ਉਹ ਕਿਸੇ ਟਾਈਟਲ ਲਈ ਆਪਸ ਵਿਚ ਨਹੀਂ ਭਿੜੇ। ਵੱਡੇ ਦਾਰੇ ਦਾ ਜਮਾਂਦਰੂ ਨਾਂ ਹੀ ਦਾਰਾ ਸਿੰਘ ਰੱਖਿਆ ਗਿਆ ਸੀ ਜਦ ਕਿ ਛੋਟੇ ਦਾ ਜਮਾਂਦਰੂ ਨਾਂ ਦੀਦਾਰ ਸਿੰਘ ਸੀ। ਘਰ ਦੇ ਉਸ ਨੂੰ ਦਾਰੀ ਕਹਿੰਦੇ ਸਨ। ਵੱਡਾ ਹੋ ਕੇ ਉਹ ਦਾਰਾ ਸਿੰਘ ਬਣ ਗਿਆ। ਉਂਜ ਦੋਹਾਂ ਦਾਰਿਆਂ ਦੀ ਵੱਖਰੀ ਪਛਾਣ ਦਾਰਾ ਦੁਲਚੀਪੁਰੀਆ ਤੇ ਦਾਰਾ ਧਰਮੂਚੱਕੀਆ ਹੈ। ਦੋਹੇਂ ਦਾਰੇ ਰੁਸਤਮੇ-ਜ਼ਮਾਂ ਦੇ ਖਿਤਾਬਾਂ ਨਾਲ ਸਨਮਾਨੇ ਗਏ। ਦੋਹਾਂ ਨੇ ਸਿੰਘਾਪੁਰੋਂ ਫਰੀ ਸਟਾਈਲ ਕੁਸ਼ਤੀ ਸਿੱਖੀ ਸੀ।

ਦੁਲਚੀਪੁਰੀਏ ਦਾਰੇ ਨੇ ਸਕੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਆਪਣੇ ਸ਼ਰੀਕ ਭਰਾ ਨੂੰ ਕਤਲ ਕਰ ਦਿੱਤਾ ਸੀ ਜਿਸ ਬਦਲੇ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਹੋਈ ਜੋ ਪਿੱਛੋਂ ਉਮਰ ਕੈਦ ਵਿਚ ਬਦਲ ਗਈ। ਰੈਡ ਕਰਾਸ ਦਾ ਫੰਡ ‘ਕੱਠਾ ਕਰਨ ਲਈ ਉਸ ਨੂੰ ਹੱਥਕੜੀ ਲਾ ਕੇ ਰਿੰਗ ਵਿਚ ਲਿਜਾਇਆ ਜਾਂਦਾ। ਕੁਸ਼ਤੀ ਲੜਨ ਵੇਲੇ ਹੱਥਕੜੀ ਖੋਲ੍ਹ ਦਿੱਤੀ ਜਾਂਦੀ ਤੇ ਕੁਸ਼ਤੀ ਪਿੱਛੋਂ ਮੁੜ ਜੜ ਦਿੱਤੀ ਜਾਂਦੀ।
1957 ਵਿਚ ਉਹਦੀ ਇਕ ਕੁਸ਼ਤੀ ਫਾਜ਼ਿਲਕਾ ਦੇ ਗਊਸ਼ਾਲਾ ਮੈਦਾਨ ਵਿਚ ਮੈਂ ਅੱਖੀਂ ਵੇਖੀ ਸੀ। ਉਹਦਾ ਕੱਦ ਸੱਤ ਫੁੱਟ ਦੇ ਕਰੀਬ ਸੀ ਜਦ ਕਿ ਛੋਟੇ ਦਾਰੇ ਦਾ ਕੱਦ ਸਵਾ ਛੇ ਫੁੱਟ ਦੇ ਕਰੀਬ ਸੀ। ਵੱਡਾ ਦਾਰਾ 1918 ‘ਚ ਜੰਮਿਆ ਸੀ ਜੋ 1988 ਵਿਚ ਮਰ ਗਿਆ। ਪਿੱਛੋਂ ਉਹਦਾ ਇਕੋ ਇਕ ਪੁੱਤਰ ਵੀ ਮਰ ਗਿਆ ਤੇ ਪਤਨੀ ਵੀ ਮਰ ਗਈ। ਉਸ ਦੇ ਦੋ ਪੋਤੇ ਹਨ, ਇਕ ਪੜਪੋਤਾ ਤੇ ਇਕ ਪੜਪੋਤੀ। ਉਹ ਪਿੰਡੋਂ ਬਾਹਰ ਖੇਤ ਵਿਚ ਰਹਿੰਦੇ ਹਨ ਜਿਥੇ ਉਨ੍ਹਾਂ ਨੇ ਦਾਰੇ ਦੀ ਸੱਤ ਫੁੱਟੀ ਸਮਾਧ ਬਣਾਈ ਹੈ।
ਦੁਲਚੀਪੁਰੀਏ ਦਾਰੇ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਉਸ ਦੀ ਜ਼ਿੰਦਗੀ ਮਾਲ ਡੰਗਰ ਚਾਰਦਿਆਂ ਡੰਡ ਬੈਠਕਾਂ ਕੱਢਣ ਤੇ ਘੁਲਣ-ਘੁਲਾਈ ਤੋਂ ਸ਼ੁਰੂ ਹੋ ਕੇ ਖੇਤੀ ਕਰਨ, ਪਰਵਾਸੀ ਬਣਨ, ਕੁਸ਼ਤੀਆਂ ਲੜਨ, ਖੂਨ ਕਰਨ, ਸਜ਼ਾ ਭੁਗਤਣ, ਰੁਮਾਂਸ, ਸਰਪੰਚੀ, ਨਸ਼ੇ ਤੇ ਭਲਵਾਨੀ ਕਲਚਰ ਵਿਚ ਗੁੱਧੀ ਹੋਈ ਸੀ ਜਿਸ ‘ਤੇ ਹਿੱਟ ਫਿਲਮ ਬਣ ਸਕਦੀ ਹੈ। ਉਸ ਦਾ ਆਖਰੀ ਸਮਾਂ ਬੜਾ ਬੁਰਾ ਬੀਤਿਆ। ਉਹ ਸ਼ੂਗਰ ਤੇ ਜੋੜਾਂ ਦੀਆਂ ਮਰਜ਼ਾਂ ਦਾ ਸ਼ਿਕਾਰ ਹੋ ਗਿਆ ਸੀ, ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ 70 ਕਿਲੋ ਦਾ ਰਹਿ ਗਿਆ ਸੀ ਤੇ ਉਹ 70ਵੇਂ ਸਾਲ ਦੀ ਉਮਰ ਵਿਚ ਗੁਜ਼ਰ ਗਿਆ।
ਛੋਟੇ ਦਾਰੇ ਨੇ ਪਹਿਲਵਾਨੀ ਦੇ ਨਾਲ ਫਿਲਮਾਂ ਵਿਚ ਵੀ ਨਾਮਣਾ ਖੱਟਿਆ। ਉਹ ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਕਰ ਕੇ ਹੋਰ ਮਸ਼ਹੂਰ ਹੋਇਆ। ਉਸ ਨੇ ਮੁਹਾਲੀ ਵਿਚ ਦਾਰਾ ਸਟੂਡੀਓ ਬਣਾਇਆ ਤੇ ਰਾਜ ਸਭਾ ਦਾ ਮੈਂਬਰ ਰਿਹਾ। 1978 ਵਿਚ ਜਸਵੰਤ ਸਿੰਘ ਕੰਵਲ ਨੇ ਮੈਨੂੰ ਜਲੰਧਰ ਲਿਜਾ ਕੇ ਉਹਦੇ ਨਾਲ ਖੁੱਲ੍ਹੀਆਂ ਗੱਲਾਂ ਕਰਾਈਆਂ ਸਨ। ਉਹਦੇ ਬਾਰੇ ਲਿਖਿਆ ਮੇਰਾ ਲੇਖ ‘ਪਹਿਲਵਾਨਾਂ ਦਾ ਪਹਿਲਵਾਨ’ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਪੁਸਤਕ ‘ਪੰਜਾਬੀ ਖਿਡਾਰੀ’ ਤੇ ਨੈਸ਼ਨਲ ਬੁੱਕ ਟਰਸਟ ਵੱਲੋਂ ਛਪੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ ਸ਼ਾਮਲ ਹੈ। ਉਹ 19 ਨਵੰਬਰ 1928 ਨੂੰ ਧਰਮੂਚੱਕ ‘ਚ ਜੰਮਿਆ ਸੀ ਤੇ 11 ਜੁਲਾਈ 2012 ਨੂੰ ਮੁੰਬਈ ‘ਚ ਗੁਜ਼ਰ ਗਿਆ।
ਪਹਿਲਾਂ ਦਾਰਾ ਦੁਲਚੀਪੁਰੀਆ ਤਕੜਾ ਹੁੰਦਾ ਸੀ, ਫਿਰ ਦਾਰਾ ਧਰਮੂਚੱਕੀਆ ਤਕੜਾ ਹੋ ਗਿਆ। ਦੋਹਾਂ ਦੀ ਉਮਰ ‘ਚ ਦਸ ਸਾਲ ਦਾ ਫਰਕ ਜੁ ਸੀ। ਦੁਲਚੀਪੁਰ ਤੇ ਧਰਮੂਚੱਕ ਦੋਵੇਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਨ। ਦੋਹਾਂ ਦਾਰਿਆਂ ਨੇ ਫਰੀ ਸਟਾਈਲ ਕੁਸ਼ਤੀਆਂ ਵਿਚ ਨਾਮਣਾ ਖੱਟਿਆ ਜਦ ਕਿ ਦੇਸੀ ਕੁਸ਼ਤੀਆਂ ਨਾਂਮਾਤਰ ਲੜੀਆਂ। ਦਾਰਾ ਧਰਮੂਚੱਕੀਆ ਹਰਫਨਮੌਲਾ ਨਿਕਲਿਆ ਜਿਸ ਨੇ ਫਿਲਮਾਂ, ਬਿਜਨਸ ਤੇ ਸਿਆਸਤ ਵਿਚ ਵੀ ਮੱਲਾਂ ਮਾਰੀਆਂ। ਦਾਰਾ ਦੁਲਚੀਪੁਰੀਆ ਕੇਵਲ ਇਕ ਦੋ ਫਿਲਮਾਂ ‘ਚ ਆ ਸਕਿਆ ਤੇ ਪਿੰਡ ਦੀ ਸਰਪੰਚੀ ਤਕ ਹੀ ਪੁੱਜਾ। ਮਗਰੋਂ ਉਹ ਬਦਨਾਮ ਤੇ ਗੁੰਮਨਾਮ ਹੋ ਗਿਆ। ਦਾਰੇ ਧਰਮੂਚੱਕੀਏ ਦੀਆਂ ਕੁਸ਼ਤੀਆਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮੁਰਾਰਜੀ ਡਿਸਾਈ, ਚੌਧਰੀ ਚਰਨ ਸਿੰਘ, ਇੰਦਰਾ ਗਾਂਧੀ, ਚੰਦਰ ਸ਼ੇਖਰ, ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੋਰੀਂ ਵੇਖਦੇ ਰਹੇ। ਉਸ ਨੇ ਪੰਜ ਸੌ ਤੋਂ ਵੱਧ ਕੁਸ਼ਤੀਆਂ ਘੁਲੀਆਂ ਤੇ ਸੌ ਤੋਂ ਵੱਧ ਫਿਲਮਾਂ ਵਿਚ ਰੋਲ ਅਦਾ ਕੀਤਾ। ਕਦੇ ਸੈਮਸਨ, ਕਦੇ ਹਰਕੁਲੀਸ, ਕਦੇ ਜੱਗਾ ਡਾਕੂ, ਕਦੇ ਭੀਮ, ਕਦੇ ਧਿਆਨੂੰ ਭਗਤ, ਕਦੇ ਸੂਰਮਾ ਸਿੰਘ ਤੇ ਕਦੇ ਹਨੂੰਮਾਨ ਬਣਦਾ ਰਿਹਾ। ਸਮੇਂ ਨਾਲ ‘ਦਾਰਾ’ ਨਾਂ ਤਾਕਤ ਦਾ ਠੱਪਾ ਬਣ ਗਿਆ। ਇਸ਼ਤਿਹਾਰ ਦੇਣ ਵਾਲੇ ਘਿਉ ਦੇ ਡੱਬੇ ਵੇਚਣ ਲਈ ਦਾਰੇ ਦਾ ਨਾਂ ਵਰਤਣ ਲੱਗੇ। ਹੁਣ ਹਾਲਤ ਇਹ ਹੈ ਕਿ ਸ਼ੇਖੀਆਂ ਮਾਰਨ ਵਾਲੇ ਨੂੰ ਅਕਸਰ ਕਿਹਾ ਜਾਂਦੈ, “ਤੂੰ ਕਿਹੜਾ ਦਾਰਾ ਭਲਵਾਨ ਐਂ!”