ਜੇ ਕਿਹਾ ਜਾਵੇ ਕਿ ਮਹਾਨ ਸਾਇੰਸਦਾਨ, ਪ੍ਰੋਫੈਸਰ ਤੇ ਲੇਖਕ ਸਟੀਫਨ ਹਾਕਿੰਗ ਸਿਦਕ ਅਤੇ ਸਿਰੜ ਦਾ ਮੁਜੱਸਮਾ ਸੀ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ 20 ਸਾਲ ਦਾ ਸੀ ਜਦੋਂ ਲਾਇਲਾਜ਼ ਰੋਗ ਮੋਟਰ ਨਿਓਰੋਨ ਡਿਜ਼ੀਜ਼ (ਏ ਐਲ ਐਸ) ਦੇ ਮੁਢਲੇ ਲੱਛਣ ਸਾਹਮਣੇ ਆਉਣ ਲੱਗੇ। ਉਹ 21 ਸਾਲ ਦਾ ਸੀ ਜਦੋਂ ਡਾਕਟਰਾਂ ਨੇ ਉਸ ਦਾ ਤਫਸੀਲ ਵਿਚ ਮੁਆਇਨਾ ਅਤੇ ਟੈਸਟ ਵਗੈਰਾ ਕਰਨ ਪਿਛੋਂ ਕਿਹਾ ਕਿ ਉਹ ਢਾਈ-ਤਿੰਨ ਸਾਲ ਤੋਂ ਵੱਧ ਜੀਅ ਨਹੀਂ ਸਕੇਗਾ। ਸ਼ੁਰੂ ਵਿਚ ਇਹ ਜਾਣ ਕੇ ਹਾਕਿੰਗ ਨੂੰ ਸਦਮਾ ਲੱਗਾ ਪਰ ਛੇਤੀ ਹੀ ਉਹ ਸੰਭਲ ਗਿਆ।
ਸਰੀਰ ਵਿਚ ਕਾਫੀ ਕਮਜੋਰੀ ਆ ਜਾਣ ਕਰਕੇ ਅਗਲੇ ਦੋ ਸਾਲਾਂ ਵਿਚ ਹੀ ਉਸ ਨੂੰ ਵ੍ਹੀਲ ਚੇਅਰ ਵਿਚ ਜਾਣਾ ਪਿਆ, ਪਰ ਹਾਕਿੰਗ ਨੇ ਦਿਲ ਛਡਣ ਦੀ ਥਾਂ ਸਰੀਰ ਦੀਆਂ ਕਮਜੋਰੀਆਂ ਤੋਂ ਧਿਆਨ ਪਾਸੇ ਹਟਾ ਕੇ ਆਪਣੇ ਦਿਮਾਗ ਨੂੰ ਹੀ ਆਪਣੀ ਤਾਕਤ ਬਣਾ ਲਿਆ। ਜਲਦੀ ਹੀ ਉਸ ਦੀ ਬੋਲਣ ਸ਼ਕਤੀ ਵੀ ਜਾਂਦੀ ਰਹੀ, ਇਸ ਦੇ ਬਾਵਜੂਦ ਉਸ ਨੇ ਉਹ ਕੁਝ ਕਰ ਵਿਖਾਇਆ ਜੋ ਚੰਗਾ-ਭਲਾ ਬੰਦਾ ਵੀ ਨਹੀਂ ਕਰ ਸਕਦਾ। ਇਸੇ ਕਰਕੇ ਹਾਕਿੰਗ ਮੇਰਾ ਰੋਲ ਮਾਡਲ ਵੀ ਹੈ ਤੇ ਪ੍ਰੇਰਣਾ ਸ੍ਰੋਤ ਵੀ। ਕਾਰਨ, ਮੈਨੂੰ ਵੀ ਉਹ ਹੀ ਰੋਗ ਯਾਨਿ ਏ ਐਲ ਐਸ ਹੈ, ਜੋ ਹਾਕਿੰਗ ਨੂੰ ਸੀ। ਮੈਂ ਵੀ ਉਦੋਂ 20 ਸਾਲ ਦਾ ਸਾਂ, ਜਦੋਂ ਏ ਐਲ ਐਸ ਦੇ ਮੁਢਲੇ ਲੱਛਣ ਸਾਹਮਣੇ ਆਉਣ ਲੱਗੇ ਸਨ। ਹਾਕਿੰਗ ਤਾਂ ਦੋ-ਤਿੰਨ ਸਾਲ ਵਿਚ ਹੀ ਸਰੀਰਕ ਪੱਖੋਂ ਨਕਾਰਾ ਹੋ ਗਿਆ ਸੀ, ਪਰ ਮੇਰੇ ਮਾਮਲੇ ਵਿਚ ਰੋਗ ਦੀ ਗਤੀ ਬਹੁਤ ਧੀਮੀ ਰਹੀ ਅਤੇ 30 ਸਾਲ ਪਿਛੋਂ ਵੀ ਮੈਂ ਚਲ-ਫਿਰ ਸਕਦਾ ਸਾਂ। ਫਿਰ ਬੀਮਾਰੀ ਬਹੁਤ ਤੇਜੀ ਨਾਲ ਵਧੀ ਅਤੇ ਦੋ ਸਾਲਾਂ ਵਿਚ ਹੀ ਮੈਨੂੰ ਵ੍ਹੀਲ ਚੇਅਰ ਵਿਚ ਜਾਣਾ ਪਿਆ। 2014 ਵਿਚ ਫੇਫੜੇ ਕਮਜੋਰ ਹੋ ਜਾਣ ਕਰਕੇ ਟਰੈਕਿਓਸਟੋਮੀ ਪਾਉਣੀ ਪਈ ਅਤੇ ਉਦੋਂ ਤੋਂ ਹੀ ਮੈਂ ਵੈਂਟੀਲੇਟਰ ‘ਤੇ ਹਾਂ। ਜਦੋਂ ਕਦੇ ਰੋਗ ਕਰਕੇ ਮਨ ਥੋੜਾ ਢਹਿੰਦੀ ਕਲਾ ਵਲ ਜਾਣ ਲਗਦਾ ਹੈ ਤਾਂ ਮੈਂ ਆਪਣੇ ਆਪ ਨੂੰ ਸਮਝਾਉਂਦਾ ਹਾਂ ਕਿ ਸਟੀਫਨ ਹਾਕਿੰਗ ਇਨਾ ਲੰਮਾਂ ਸਮਾਂ ਸਿਰੜ ਦਿਖਾ ਸਕਿਆ ਤਾਂ ਮੈਨੂੰ ਵੀ ਉਸ ਤੋਂ ਕੁਝ ਸਿੱਖਣਾ ਚਾਹੀਦਾ ਹੈ ਤੇ ਮੇਰਾ ਮਨ ਝੱਟ ਹੀ ਚੜ੍ਹਦੀ ਕਲਾ ਵਿਚ ਆ ਜਾਂਦਾ ਹੈ। ਸਟੀਫਨ ਹਾਕਿੰਗ ਤੋਂ ਪ੍ਰੇਰਣਾ ਲੈ ਕੇ ਹੀ ਧਿਆਨ ਪੰਜਾਬ ਟਾਈਮਜ਼ ਵਿਚ ਲਾਈ ਰਖਦਾ ਹਾਂ ਤੇ ਮੈਨੂੰ ਆਪਣਾ ਰੋਗ ਭੁਲ ਹੀ ਜਾਂਦਾ ਹੈ।-ਅਮੋਲਕ ਸਿੰਘ (ਸੰਪਾਦਕ)
ਡਾ. ਕੁਲਦੀਪ ਸਿੰਘ ਧੀਰ
ਫੋਨ: +91-98722-60550
ਅਸੀਂ ਤਰੀਕ, ਮਹੀਨਾ ਦੱਸਣ ਵੇਲੇ ਤਰੀਕ ਪਹਿਲਾਂ ਤੇ ਮਹੀਨਾ ਪਿਛੋਂ ਦੱਸਦੇ ਹਾਂ। ਇੰਗਲੈਂਡ, ਅਮਰੀਕਾ ਵਿਚ ਮਹੀਨਾ ਪਹਿਲਾਂ ਤੇ ਤਰੀਕ ਪਿਛੋਂ। ਮਾਰਚ ਦੀ 14 ਤਰੀਕ ਨੂੰ ਜਦੋਂ ਸਾਡੇ ਸਮਿਆਂ ਦੇ ਬਹੁਚਰਚਿਤ ਤੇ ਵਚਿਤਰ ਸਿਧਾਂਤਕ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦੀ ਮੌਤ ਦੀ ਖਬਰ ਆਈ ਤਾਂ ਪੱਛਮ ਦੇ ਵਿਗਿਆਨੀਆਂ ਨੇ ਇਸ ਨੂੰ ‘ਪਾਈ ਡੇਅ’ ਕਿਹਾ। ਪਾਈ ਚੱਕਰ ਦੇ ਖੇਤਰਫਲ/ਘੇਰੇ ਤੇ ਅਰਧ-ਵਿਆਸ ਦਾ ਸਬੰਧ ਜੋੜਨ ਵਾਲਾ ਸਥਿਰ ਅੰਕ (3.14) ਹੈ, ਯਾਨਿ ਇਸ ਵਿਚਿਤਰ ਵਿਗਿਆਨੀ ਦੀ ਮੌਤ ਵੀ ਵਿਚਿਤਰ ਅੰਕ ਨਾਲ ਜੁੜ ਗਈ। ਉਂਜ, ਉਸ ਦੀ ਮੌਤ 76 ਸਾਲ ਦੀ ਉਮਰ ਵਿਚ ਪਾਈ ਡੇਅ ਉਤੇ ਹੋਈ ਹੈ। ਵੀਹਵੀਂ ਸਦੀ ਦੇ ਵੱਡੇ ਵਿਗਿਆਨੀ ਆਈਨਸਟਾਈਨ ਦੀ ਮੌਤ ਵੀ 76 ਸਾਲ ਦੀ ਉਮਰੇ ਪਾਈ ਡੇਅ ਨੂੰ ਹੀ ਹੋਈ ਸੀ। ਇਕ ਹੋਰ ਮਜ਼ੇਦਾਰ ਗੱਲ ਦੇਖੋ। ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਹੋਇਆ। ਉਸ ਤੋਂ ਠੀਕ ਤਿੰਨ ਸੌ ਸਾਲ ਪਹਿਲਾਂ ਮਹਾਨ ਵਿਗਿਆਨੀ ਗੈਲੀਲੀਓ ਦੀ ਮੌਤ 8 ਜਨਵਰੀ 1642 ਨੂੰ ਹੋਈ। ਕਮਾਲ ਦੀ ਗੱਲ ਇਹ ਹੈ ਕਿ 1642 ਦੀ ਕ੍ਰਿਸਮਸ ਵਾਲੇ ਦਿਨ ਹੀ ਇਕ ਹੋਰ ਵੱਡੇ ਵਿਗਿਆਨੀ ਨਿਊਟਨ ਦਾ ਜਨਮ ਹੋਇਆ। ਇਹ ਕੁਦਰਤ ਦਾ ਕ੍ਰਿਸ਼ਮਾ ਕਹੋ, ਤੇ ਭਾਵੇਂ ਇਤਫਾਕ, ਇੰਨਾ ਜ਼ਰੂਰ ਹੈ ਕਿ ਨਿਊਟਨ, ਗੈਲੀਲੀਓ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤਰੀਕਾਂ, ਮਹੀਨਿਆਂ ਤੇ ਸਾਲਾਂ ਜ਼ਰੀਏ ਵਿਚਿਤਰ ਤਰੀਕੇ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਨ। ਕਿਸੇ ਸਮੇਂ ਜਦੋਂ ਸਟੀਫਨ ਹਾਕਿੰਗ ਚਰਚਾ ਦਾ ਬਿੰਦੂ ਬਣਿਆ ਸੀ, ਉਸ ਦੇ ਜਨਮ ਦੀ ਮਿਤੀ ਨੇ ਇਸ ਗੱਲ ਵੱਲ ਧਿਆਨ ਖਿਚਿਆ। ਉਸ ਦੀ ਮੌਤ ਨੇ ਇਕ ਵਾਰ ਮੁੜ ਇਸ ਤੱਥ ਵੱਲ ਧਿਆਨ ਦਿਵਾਇਆ ਹੈ। ਚਲੋ, ਇਸ ਵਿਚਿੱਤਰ ਵਿਗਿਆਨੀ ਦੇ ਜੀਵਨ ਅਤੇ ਪ੍ਰਾਪਤੀਆਂ ਉਤੇ ਰਤਾ ਝਾਤੀ ਮਾਰੀਏ।
8 ਜਨਵਰੀ 1942 ਨੂੰ ਆਕਸਫੋਰਡ ਵਿਚ ਰਹਿੰਦੇ ਫਰੈਂਕ ਹਾਕਿੰਗ ਅਤੇ ਇਸਾਬੈਲ ਹਾਕਿੰਗ ਦੇ ਘਰ ਸਟੀਫਨ ਹਾਕਿੰਗ ਦਾ ਜਨਮ ਹੋਇਆ। ਮਾਂ ਗਲਾਸਗੋ (ਸਕਾਟਲੈਂਡ) ਦੇ ਡਾਕਟਰਾਂ ਦੇ ਪਰਿਵਾਰ ਵਿਚੋਂ ਸੀ। ਪੜਦਾਦੇ ਦਾ ਸਬੰਧ ਯਾਰਕਸ਼ਾਇਰ ਦੇ ਕਹਿੰਦੇ-ਕਹਾਉਂਦੇ ਅਮੀਰ ਜ਼ਿਮੀਂਦਾਰ ਪਰਿਵਾਰ ਨਾਲ ਸੀ, ਪਰ ਪਿਛੋਂ ਜਾ ਕੇ ਉਹ ਦੀਵਾਲੀਆ ਹੋ ਗਿਆ। ਉਸ ਵੇਲੇ ਨਾਨਕੇ ਬਹੁੜੇ। ਉਨ੍ਹਾਂ ਹਾਕਿੰਗ ਪਰਿਵਾਰ ਦੇ ਘਰ ਇਕ ਸਕੂਲ ਬਣਵਾ ਕੇ ਫਰੈਂਕ ਤੇ ਇਸਾਬੈਲ ਦਾ ਹੱਥ ਸੌਖਾ ਕਰ ਦਿੱਤਾ। ਦੋਵੇਂ ਆਕਸਫੋਰਡ ਪੜ੍ਹੇ। ਫਰੈਂਕ ਨੇ ਮੈਡੀਸਨ ਪੜ੍ਹੀ ਅਤੇ ਇਸਾਬੈਲ ਨੇ ਫਿਲਾਸਫੀ, ਇਕਨਾਮਿਕਸ ਤੇ ਪੁਲੀਟੀਕਲ ਸਾਇੰਸ। ਸਟੀਫਨ ਦੀਆਂ ਦੋ ਨਿੱਕੀਆਂ ਭੈਣਾਂ ਫਿਲਿਪਾ ਤੇ ਮੇਰੀ ਸਨ। ਉਸ ਦੇ ਮਾਪਿਆਂ ਨੇ ਐਡਵਰਡ ਫਰੈਂਕ ਡੇਵਿਡ ਨੂੰ ਗੋਦ ਲੈ ਕੇ ਪਾਲਿਆ। 1950 ਵਿਚ ਫਰੈਂਕ ਨੈਸ਼ਨਲ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ ਦੇ ਪੈਰਾਸਾਈਟਾਲੋਜੀ ਵਿਭਾਗ ਦਾ ਮੁਖੀ ਬਣਿਆ ਤਾਂ ਸਾਰਾ ਪਰਿਵਾਰ ਸੇਂਟ ਐਲਬੈਨਜ਼ ਹਰਟਫੋਰਡਸ਼ਾਇਰ ਚਲਾ ਗਿਆ। ਉਨ੍ਹਾਂ ਦੇ ਗੁਆਂਢੀ ਇਸ ਪਰਿਵਾਰ ਨੂੰ ਵਾਹਵਾ ਸਿਆਣੇ, ਪਰ ਅਜੀਬ ਸਮਝਦੇ। ਹਰ ਸਮੇਂ ਕਿਤਾਬਾਂ ਪੜ੍ਹਨ ਦੇ ਖਬਤੀ।
ਸਟੀਫਨ ਦੂਜੀ ਸੰਸਾਰ ਜੰਗ ਦੇ ਦਿਨਾਂ ਵਿਚ ਜੰਮਿਆ। ਉਨ੍ਹੀਂ ਦਿਨੀਂ ਆਕਸਫੋਰਡ ਉਤੇ ਬੰਬਾਰੀ ਦਾ ਖਤਰਾ ਵੱਧ ਸੀ, ਇਸ ਲਈ ਹਾਕਿੰਗ ਪਰਿਵਾਰ ਲੰਡਨ ਚਲਾ ਗਿਆ। ਉਥੇ ਹੀ ਸਟੀਫਨ ਦੀ ਸਕੂਲੀ ਪੜ੍ਹਾਈ ਸ਼ੁਰੂ ਹੋਈ। ਅੱਠ ਸਾਲ ਦਾ ਹੋ ਕੇ ਉਹ ਕੁਝ ਮਹੀਨੇ ਲਈ ਸੇਂਟ ਐਲਬਨਜ਼ ਦੇ ਗਰਲਜ਼ ਸਕੂਲ ਵਿਚ ਦਾਖਲ ਹੋਇਆ। ਫਿਰ ਉਹ ਸੇਂਟ ਐਲਬਨਜ਼ ਦੇ ਲੜਕਿਆਂ ਦੇ ਸਕੂਲ ਤੇ ਰੈਡਲੈਟ ਸਕੂਲ ਵਿਚ ਪੜ੍ਹਿਆ। ਸਕੂਲ ਵਿਚ ਸਟੀਫਨ ਦੇ ਜਮਾਤੀ ਭਾਵੇਂ ਉਸ ਨੂੰ ਆਈਨਸਟਾਈਨ ਆਖਦੇ, ਪਰ ਪੜ੍ਹਾਈ-ਲਿਖਾਈ ਵਿਚ ਉਹ ਬਹੁਤਾ ਤੇਜ਼ ਨਹੀਂ ਸੀ। ਉਸ ਦਾ ਗਣਿਤ ਦਾ ਪ੍ਰੋਫੈਸਰ ਚਾਹੁੰਦਾ ਸੀ ਕਿ ਉਹ ਗਣਿਤ ਦੀ ਉਚੇਰੀ ਪੜ੍ਹਾਈ ਕਰੇ ਤੇ ਪਿਤਾ ਚਾਹੁੰਦਾ ਸੀ ਕਿ ਉਹ ਮੈਡੀਸਨ ਦੇ ਖੇਤਰ ਵਿਚ ਪਵੇ। ਪਿਤਾ ਆਪਣੇ ਵਾਂਗ ਉਸ ਨੂੰ ਆਕਸਫੋਰਡ ਭੇਜਣਾ ਚਾਹੁੰਦਾ ਸੀ। ਮੈਡੀਸਨ ਵਿਚ ਸਟੀਫਨ ਦੀ ਰੁਚੀ ਨਹੀਂ ਸੀ। ਗਣਿਤ ਦੀ ਉਚੇਰੀ ਪੜ੍ਹਾਈ ਦਾ ਪ੍ਰਬੰਧ ਉਦੋਂ ਆਕਸਫੋਰਡ ਵਿਚ ਨਹੀਂ ਸੀ। ਇਸ ਲਈ ਸਟੀਫਨ ਨੇ ਫਿਜ਼ਿਕਸ ਤੇ ਕੈਮਿਸਟਰੀ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹ 1959 ਦੀ ਗੱਲ ਹੈ।
ਪਹਿਲੇ ਅਠਾਰਾਂ ਮਹੀਨੇ ਉਸ ਨੂੰ ਆਕਸਫੋਰਡ ਦੀ ਪੜ੍ਹਾਈ ਬੋਰਿੰਗ, ਪਰ ਅਤਿ ਸੌਖੀ ਲੱਗੀ। ਇਸ ਉਪਰੰਤ ਉਸ ਨੇ ਪੜ੍ਹਾਈ ਦੇ ਨਾਲ ਨਾਲ ਸੰਗੀਤ ਤੇ ਹੋਰ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਕਾਲਜ ਦਾ ਬੋਟ ਕਲੱਬ ਜਾਇਨ ਕਰ ਲਿਆ ਤੇ ਬੋਟਿੰਗ ਵੇਲੇ ਖਤਰੇ ਮੁੱਲ ਲੈਣ ਵਿਚ ਅਨੰਦ ਲੈਂਦਾ।
ਸਟੀਫਨ ਹਾਕਿੰਗ ਦੇ ਆਪਣੇ ਕਹੇ ਅਨੁਸਾਰ ਆਕਸਫੋਰਡ ਦੇ ਤਿੰਨ ਸਾਲਾਂ ਵਿਚ ਕੇਵਲ ਇਕ ਹਜ਼ਾਰ ਘੰਟੇ ਪੜ੍ਹਨ ਵਿਚ ਲਾਏ, ਬਾਕੀ ਮੌਜ-ਮਸਤੀ ਕੀਤੀ। ਇੰਨੇ ਨਾਲ ਆਕਸਫੋਰਡ ਦੀ ਅੰਤਿਮ ਪ੍ਰੀਖਿਆ ਪਾਸ ਕਰਨੀ ਸੌਖੀ ਨਹੀਂ ਸੀ। ਉਸ ਨੇ ਫੈਸਲਾ ਕੀਤਾ ਕਿ ਕੇਵਲ ਸਿਧਾਂਤਕ ਭੌਤਿਕ ਵਿਗਿਆਨ ਦੇ ਪ੍ਰਸ਼ਨਾਂ ਦਾ ਉਤਰ ਦੇਵੇ, ਬਾਕੀ ਗੱਲਾਂ ਉਸ ਦੇ ਵੱਸ ਨਹੀਂ। ਕੈਂਬਰਿਜ ਵਿਚ ਦਾਖਲੇ ਲਈ ਇਥੋਂ ਫਸਟ ਕਲਾਸ ਜ਼ਰੂਰੀ ਸੀ। ਕੈਂਬਰਿਜ ਵਿਚ ਉਸ ਨੇ ਕੌਸਮੋਲੋਜੀ (ਬ੍ਰਹਿਮੰਡ ਵਿਗਿਆਨ) ਪੜ੍ਹਨੀ ਸੀ। ਉਸ ਨੇ ਰਾਤਾਂ ਜਾਗ ਜਾਗ ਪੜ੍ਹਾਈ ਕੀਤੀ ਤੇ ਔਖੇ-ਸੌਖੇ ਦਾਖਲੇ ਲਈ ਨੰਬਰ ਬਣਾ ਲਏ। ਬੱਸ, ਉਸ ਲਈ ਮੌਖਿਕ ਪ੍ਰੀਖਿਆ ਦੀ ਸ਼ਰਤ ਲਾ ਦਿੱਤੀ ਗਈ। ਉਥੋਂ ਵੀ ਉਹ ਕਿਵੇਂ ਨਾ ਕਿਵੇਂ ਪਾਰ ਹੋ ਗਿਆ। ਅਕਤੂਬਰ 1962 ਵਿਚ ਉਹ ਕੈਂਬਰਿਜ ਪਹੁੰਚ ਗਿਆ। ਫਰੈਡ ਹਾਇਲ ਦੀ ਥਾਂ ਡਾਕਟਰੇਟ ਲਈ ਉਸ ਦਾ ਸੁਪਰਵਾਈਜ਼ਰ ਡੈਨਿਸ ਸਕਿਆਮਾ ਲਾਇਆ ਗਿਆ ਤਾਂ ਉਸ ਨੂੰ ਕੁਝ ਨਿਰਾਸ਼ਾ ਹੋਈ। 1963 ਦੇ ਅੰਤ ਵਿਚ ਉਸ ਦੇ ਏ.ਐਲ਼ਐਸ਼ ਨਾਂ ਦੀ ਤਿਲ ਤਿਲ ਕਰ ਕੇ ਖਤਮ ਕਰਨ ਵਾਲੀ ਮੋਟਰ ਨਿਊਰੋਨ ਬਿਮਾਰੀ ਤੋਂ ਪੀੜਤ ਹੋਣ ਦਾ ਪਤਾ ਲੱਗਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਉਸ ਦੀ ਜ਼ਿੰਦਗੀ ਮਸਾਂ ਢਾਈ-ਤਿੰਨ ਸਾਲ ਦੀ ਹੀ ਬਚੀ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋਇਆ। ਪ੍ਰੇਮਿਕਾ ਜੇਨ ਦੇ ਪ੍ਰੇਮ ਭਰੇ ਸਾਥ ਨਾਲ ਉਹ ਮੁੜ ਸੰਭਲ ਗਿਆ।
ਸਕਿਆਮਾ ਦੇ ਮਾਰਗਦਰਸ਼ਨ ਹੇਠ ਸਟੀਫਨ ਨੇ ਹਾਇਲ ਅਤੇ ਉਸ ਦੇ ਭਾਰਤੀ ਸ਼ਾਗਿਰਦ ਨਾਰਲੀਕਰ ਦੀਆਂ ਧਾਰਨਾਵਾਂ ਨੂੰ 1964 ਵਿਚ ਇਕ ਲੈਕਚਰ ਵਿਚ ਖੁੱਲ੍ਹੇਆਮ ਵੰਗਾਰਿਆ। ਉਨ੍ਹਾਂ ਦਿਨਾਂ ਵਿਚ ਬਿੱਗ ਬੈਂਗ ਤੇ ਸਟੈਡੀ ਸਟੇਟ ਥਿਊਰੀਆਂ ਬਾਰੇ ਵਿਵਾਦ ਜ਼ੋਰਾਂ ਉਤੇ ਸੀ। ਰੋਜਰ ਪੈਨਰੋਜ਼ ਨੇ ਬਲੈਕ ਹੋਲਾਂ ਦੇ ਕੇਂਦਰ ਵਿਚ ਦੇਸ਼/ਕਾਲ ਦੀ ਸਿੰਗੂਲੈਰਿਟੀ (ਇਕੋ ਬਿੰਦੂ ਵਿਚ ਸੀਮਿਤ ਹੋਣ) ਦਾ ਸੰਕਲਪ ਦਿੱਤਾ ਸੀ। ਸਟੀਫਨ ਨੇ ਇਸ ਨੂੰ ਬ੍ਰਹਿਮੰਡ ਦੇ ਜਨਮ ਉਤੇ ਲਾਗੂ ਕਰ ਕੇ ਆਪਣਾ ਥੀਸਿਜ਼ ਲਿਖਿਆ ਜੋ 1966 ਵਿਚ ਪ੍ਰਵਾਨ ਹੋਇਆ।
ਉਸ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਪਤਨੀ ਜੇਨ ਦਾ ਵੱਡਾ ਹੱਥ ਸੀ। 1963 ਦੇ ਆਖਰੀ ਮਹੀਨਿਆਂ ਵਿਚ ਹਾਕਿੰਗ ਦੀ ਬਿਮਾਰੀ (ਏ.ਐਲ਼ਐਸ਼) ਦਾ ਪਤਾ ਲੱਗਾ। ਉਨ੍ਹੀਂ ਦਿਨੀਂ ਹੀ ਉਸ ਦਾ ਪ੍ਰੇਮ ਆਪਣੀ ਭੈਣ ਦੀ ਸਹੇਲੀ ਜੇਨ ਨਾਲ ਸ਼ੁਰੂ ਹੀ ਹੋਇਆ ਸੀ। ਜੇਨ ਚਾਹੁੰਦੀ ਤਾਂ ਪਿੱਛੇ ਹਟ ਸਕਦੀ ਸੀ, ਪਰ ਉਸ ਨੇ ਪਰਖ ਦੀ ਇਸ ਘੜੀ ਸੱਚੇ ਸਮਰਪਿਤ ਪ੍ਰੇਮ ਦਾ ਆਦਰਸ਼ ਪੇਸ਼ ਕਰਦਿਆਂ ਸਟੀਫਨ ਦਾ ਸਾਥ ਦੇਣ ਦਾ ਫੈਸਲਾ ਕੀਤਾ। ਜੁਲਾਈ 1965 ਵਿਚ ਦੋਵਾਂ ਦੀ ਸ਼ਾਦੀ ਹੋ ਗਈ। ਉਸ ਨੇ ਹਰ ਔਖੇ ਸਮੇਂ ਉਸ ਨੂੰ ਡੋਲਣ ਤੋਂ ਬਚਾਇਆ। 1965 ਵਿਚ ਸਟੀਫਨ ਦਾ ਥੀਸਿਜ਼ ਪੂਰਾ ਹੋ ਗਿਆ ਤੇ 1966 ਵਿਚ ਡਿਗਰੀ ਵੀ ਮਿਲ ਗਈ। ਮਈ 1967 ਵਿਚ ਉਨ੍ਹਾਂ ਦੇ ਘਰ ਪਹਿਲੇ ਬੇਟੇ ਰੌਬਰਟ, 1970 ਵਿਚ ਬੇਟੀ ਲੂਸੀ ਅਤੇ 1979 ਵਿਚ ਬੇਟੇ ਟਿਮੋਥੀ ਦਾ ਜਨਮ ਹੋਇਆ। ਜੇਨ ਕਦੇ ਸਟੀਫਨ ਨੂੰ ਉਸ ਦੀ ਬਿਮਾਰੀ ਕਾਰਨ ਪੈਦਾ ਹੋਈਆਂ ਸੀਮਾਵਾਂ ਦਾ ਅਹਿਸਾਸ ਨਾ ਹੋਣ ਦਿੰਦੀ। ਉਸ ਦੀ ਹਰ ਪ੍ਰੇਸ਼ਾਨੀ ਤੇ ਸਮੱਸਿਆ ਦਾ ਭਾਰ ਆਪ ਝੱਲ ਕੇ ਉਸ ਨੂੰ ਪੜ੍ਹਨ-ਲਿਖਣ ਤੇ ਖੋਜ ਕਰਨ ਲਈ ਹਰ ਪ੍ਰਕਾਰ ਦੇ ਸੁਖ-ਸਹੂਲਤ ਦਾ ਮਾਹੌਲ ਸਿਰਜੀ ਰੱਖਦੀ। ਸਟੀਫਨ ਨੂੰ ਗੋਨਵਿਲ ਤੇ ਕੇਅਸ ਕਾਲਜ ਕੈਂਬਰਿਜ ਵਿਚ ਰਿਸਰਚ ਫੈਲੋਸ਼ਿਪ ਮਿਲੀ। ਉਸ ਦੇ ਥੀਸਿਜ਼ ਨੂੰ 1966 ਦੇ ਐਡਮਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰੇਟ ਉਸ ਨੇ ਪੈਨਰੋਜ਼ ਦੇ ਸਿੰਗੂਲੈਰਿਟੀ ਸਿਧਾਂਤ ਨੂੰ ਅੱਗੇ ਤੋਰ ਕੇ ਲਈ ਸੀ। ਉਸ ਨੇ ਡਾਕਟਰੇਟ ਉਪਰੰਤ ਵੀ ਇਸੇ ਸਿਧਾਂਤ ਉਤੇ ਅੱਗੇ ਕੰਮ ਜਾਰੀ ਰੱਖਿਆ। ਪੈਨਰੋਜ਼ ਨੂੰ ਮਿਲ ਕੇ ਉਸ ਨੇ ਇਹ ਧਾਰਨਾ ਪੇਸ਼ ਕੀਤੀ ਕਿ ਬ੍ਰਹਿਮੰਡ ਦੀ ਉਤਪਤੀ ਦੇਸ਼ ਕਾਲ ਦੀ ਇਸੇ ਸਿੰਗੂਲੈਰਿਟੀ ਵਿਚੋਂ ਹੋਈ, ਯਾਨਿ ਉਸ ਸਮੇਂ ਦੇਸ਼ ਕਾਲ ਇਕੋ ਬਿੰਦੂ ਵਿਚ ਸੰਗਠਿਤ ਸਨ। ਇਹ ਗੱਲ ਉਨ੍ਹਾਂ 1968 ਤੇ 1970 ਵਿਚ ਵਾਰ ਵਾਰ ਜ਼ੋਰ ਦੇ ਕੇ ਸਥਾਪਿਤ ਕੀਤੀ। 1970 ਵਿਚ ਹਾਕਿੰਗ ਨੇ ਬਲੈਕ ਹੋਲ ਉਤੇ ਕੰਮ ਸ਼ੁਰੂ ਕੀਤਾ। ਉਸ ਨੇ ਇਹ ਨੋਟ ਕੀਤਾ ਕਿ ਬਲੈਕ ਹੋਲ ਕਿਉਂ ਜੁ ਆਪਣੇ ਪ੍ਰਭਾਵ ਖੇਤਰ (ਈਵੈਂਟ ਹੋਰਾਈਜ਼ਨ) ਤਕ ਪੁੱਜਣ ਵਾਲੀ ਕਿਸੇ ਵੀ ਸ਼ੈਅ ਨੂੰ ਹੜੱਪ ਕਰ ਜਾਂਦੀ ਹੈ, ਇਸ ਲਈ ਇਸ ਦਾ ਘੇਰਾ ਕਦੇ ਛੋਟਾ ਨਹੀਂ ਹੁੰਦਾ। ਐਂਟਰਾਪੀ ਦੇ ਨਿਰੰਤਰ ਵਾਧੇ ਤੇ ਤਾਪਮਾਨ/ਭਾਰ/ਐਂਟਰਾਪੀ/ਰੇਡੀਏਸ਼ਨ ਦੇ ਆਪਸੀ ਰਿਸ਼ਤੇ ਨੂੰ ਬਾਰੀਕੀ ਨਾਲ ਘੋਖ ਕੇ ਉਸ ਨੇ ਅੰਤ ਬਲੈਕ ਹੋਲਾਂ ਵਿਚੋਂ ਕੁਝ ਵੀ ਕਦੇ ਬਾਹਰ ਨਾ ਨਿਕਲਣ ਦੀ ਧਾਰਨਾ ਉਤੇ ਸਵਾਲੀਆ ਨਿਸ਼ਾਨ ਲਾਇਆ।
ਸਟੀਫਨ ਨੇ ਕਿਹਾ ਕਿ ਬਲੈਕ ਹੋਲ ਦੀ ਵਧੀਕ ਐਂਟਰਾਪੀ ਤੇ ਤਾਪਮਾਨ ਕਾਰਨ ਇਨ੍ਹਾਂ ਵਿਚੋਂ ਰੇਡੀਏਸ਼ਨ ਨਿਕਲਣੀ ਲਾਜ਼ਮੀ ਹੈ। ਰੇਡੀਏਸ਼ਨ ਊਰਜਾ ਬਲੈਕ ਹੋਲ ਦੇ ਪਦਾਰਥ ਦੇ ਖੋਰੇ ਨਾਲ ਹੀ ਪੈਦਾ ਹੁੰਦੀ ਹੈ। ਇਸ ਨਾਲ ਬਲੈਕ ਹੋਲ ਦਾ ਭਾਰ (ਪੁੰਜ) ਨਿਰੰਤਰ ਘਟਦਾ ਹੈ। ਜਿਉਂ ਜਿਉਂ ਭਾਰ ਘਟਦਾ ਹੈ, ਤਿਉਂ ਤਿਉਂ ਬਲੈਕ ਹੋਲ ਦਾ ਤਾਪਮਾਨ ਵਧੀ ਜਾਂਦਾ ਹੈ।
ਰੇਡੀਏਸ਼ਨ ਵਧੀ ਜਾਂਦੀ ਹੈ; ਯਾਨਿ ਸਮੇਂ ਦੇ ਬੀਤਣ ਨਾਲ ਬਲੈਕ ਹੋਲ ਦੇ ਖੋਰੇ ਵਿਚ ਤੇਜ਼ੀ ਆਉਂਦੀ ਹੈ। ਸਿਧਾਂਤਕ ਤੌਰ Ḕਤੇ ਬਲੈਕ ਹੋਲ ਇਕ ਦਿਨ ਖੁਰ ਕੇ ਮੁੱਕ ਸਕਦੀ ਹੈ। ਉਸ ਦੀ ਇਸ ਧਾਰਨਾ ਨੇ ਬਲੈਕ ਹੋਲ ਦੀ ਅਨੰਤਤਾ/ਸਦੀਵਤਾ ਦੀ ਮਿੱਥ ਨੂੰ ਤੋੜ ਕੇ ਰੱਖ ਦਿੱਤਾ। ਇਸ ਨਾਲ ਸਟੀਫਨ ਹਾਕਿੰਗ ਦੀ ਸ਼ੋਹਰਤ ਤੇਜ਼ੀ ਨਾਲ ਫੈਲੀ।
ਬੜਾ ਕੁਝ ਤੇਜ਼ੀ ਨਾਲ ਹੋਇਆ ਇਨ੍ਹਾਂ ਸਾਲਾਂ ਵਿਚ। ਇਕ ਪਾਸੇ ਉਸ ਦੀ ਵਧ ਰਹੀ ਬਿਮਾਰੀ, ਦੂਜੇ ਪਾਸੇ ਉਸ ਦੀਆਂ ਖੋਜ ਸਰਗਰਮੀਆਂ। 1973 ਵਿਚ ਜਾਰਜ ਐਲਿਸ ਨਾਲ ਰਲ ਕੇ ਲਿਖੀ ਉਸ ਦੀ ਕਿਤਾਬ ‘ਲਾਰਜ ਸਕੇਲ ਸਟ੍ਰਕਚਰ ਆਫ ਦਿ ਯੁਨੀਵਰਸ’ ਛਪ ਗਈ। ਇਸੇ ਵਰ੍ਹੇ ਉਹ ਮਾਸਕੋ ਗਿਆ ਜਿਥੇ ਜੈਲਦੋਵਿਚ ਤੇ ਸਤਾਰੋਬਿੰਸਕੀ ਨਾਲ ਵਿਚਾਰ ਵਟਾਂਦਰੇ ਨੇ ਉਸ ਨੂੰ ਹਾਕਿੰਗ ਰੇਡੀਏਸ਼ਨ ਦੇ ਆਪਣੇ ਸੰਕਲਪਾਂ ਨੂੰ ਨਿਖਾਰਨ ਤੇ ਅੰਤਿਮ ਰੂਪ ਦੇਣ ਦੇ ਰਾਹ ਪਇਆ। 1974 ਵਿਚ ਉਸ ਨੂੰ ਇਸ ਖੋਜ ਲਈ ਰਾਇਲ ਸੁਸਾਇਟੀ ਦੀ ਫੈਲੋਸ਼ਿਪ ਦਿੱਤੀ ਗਈ। ਇਸ ਤੋਂ ਵੀ ਪਹਿਲਾਂ ਉਸ ਨੂੰ 1970 ਵਿਚ ਹੀ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਵੱਲੋਂ ਵਿਜ਼ਿਟਿੰਗ ਪ੍ਰੋਫੈਸਰੀ ਮਿਲੀ। ਉਥੋਂ ਉਹ 1975 ਵਿਚ ਕੈਂਬਰਿਜ ਪਰਤਿਆ।
1975 ਵਿਚ ਉਸ ਨੂੰ ਐਡਿੰਗਟਨ ਮੈਡਲ ਤੇ ਪਾਇਸ ਅਲੈਵਨ ਗੋਲਡ ਮੈਡਲ ਮਿਲੇ। 1976 ਵਿਚ ਡੈਨੀ ਹੇਨਮੈਨ ਪ੍ਰਾਈਜ਼, ਮੈਕਸਵੈਲ ਪ੍ਰਾਈਜ਼ ਤੇ ਹਫ਼ਜ਼ ਮੈਡਲ ਮਿਲੇ। 1977 ਵਿਚ ਉਸ ਨੂੰ ਤਰੱਕੀ ਦੇ ਕੇ ਪ੍ਰਫੈਸਰ ਬਣਾ ਦਿੱਤਾ ਗਿਆ। ਅਗਲੇ ਵਰ੍ਹੇ ਉਸ ਨੂੰ ਆਈਨਸਟਾਈਨ ਮੈਡਲ ਵੀ ਮਿਲਿਆ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਵੀ। 1979 ਵਿਚ ਕੈਂਬਰਿਜ ਨੇ ਉਸ ਨੂੰ ਲੁਕਾਸ਼ੀਅਨ ਪ੍ਰੋਫੈਸਰ ਆਫ ਮੈਥੇਮੈਟਿਕਸ ਬਣਾਇਆ।
ਤੇਜ਼ੀ ਨਾਲ ਵਧ ਰਹੀ ਪ੍ਰਸਿਧੀ ਤੇ ਪ੍ਰਾਪਤੀਆਂ ਦੌਰਾਨ ਉਸ ਦੀ ਸਿਹਤ ਨਿਰੰਤਰ ਖਰਾਬ ਹੁੰਦੀ ਗਈ। ਜੇਨ ਉਤੇ ਭਾਰ ਨਿਰੰਤਰ ਵਧਦਾ ਗਿਆ ਤੇ ਉਹ ਕਈ ਵਾਰ ਨਿਰਾਸ਼ ਹੋ ਕੇ ਮਰਨ ਦੀ ਵੀ ਸੋਚਦੀ। ਹਾਕਿੰਗ ਨੂੰ ਇਕੱਲਿਆਂ ਸਾਂਭਣਾ ਉਸ ਲਈ ਔਖਾ ਹੋ ਗਿਆ ਤੇ ਉਸ ਲਈ ਨਰਸਾਂ ਦਾ ਪ੍ਰਬੰਧ ਕਰਨਾ ਪਿਆ। ਉਹ ਖੋਜ ਕਾਰਜਾਂ ਵਿਚ ਦਿਨੋ-ਦਿਨ ਵਧੇਰੇ ਸਿਧਾਂਤਕ ਖੇਤਰ ਵੱਲ ਮੁੜਨ ਲੱਗਾ। 1980 ਤੋਂ 1983 ਤਕ ਬ੍ਰਹਿਮੰਡ ਦੇ ਮੂਲ/ਦੇਸ਼ ਕਾਲ/ਇਨਫਲੇਸ਼ਨ ਬਾਰੇ ਉਸ ਨੇ ਕਈ ਕਾਨਫਰੰਸਾਂ, ਬਹਿਸਾਂ ਵਿਚ ਭਾਗ ਲਿਆ ਤੇ ਬ੍ਰਹਿਮੰਡ ਦੇ ਅਰੰਭ ਨਾਲ ਹੀ ਦੇਸ਼/ਕਾਲ ਦੇ ਅਰੰਭ ਦਾ ਨੁਕਤਾ ਸਪਸ਼ਟਤਾ Ḕਤੇ ਜ਼ੋਰ ਨਾਲ ਪੇਸ਼ ਕੀਤਾ।
1981 ਵਿਚ ਉਸ ਨੂੰ ਫਰੈਂਕਲਿਨ ਮੈਡਲ ਤੇ 1982 ਵਿਚ ਸੀ.ਬੀ.ਈ. (ਕਮਾਂਡਰ ਆਫ ਬ੍ਰਿਟਿਸ਼ ਐਂਪਾਇਰ) ਦਾ ਸਨਮਾਨ ਮਿਲਿਆ। 1982 ਵਿਚ ਉਸ ਨੇ ਹਰਮਨ ਪਿਆਰੀ ਪੁਸਤਕ ‘ਏ ਬਰੀਫ ਹਿਸਟਰੀ ਆਫ ਟਾਈਮ’ ਲਿਖਣ ਦਾ ਫੈਸਲਾ ਕੀਤਾ ਅਤੇ ਇਸ ਨੂੰ 1988 ਵਿਚ ਪ੍ਰਕਾਸ਼ਿਤ ਕਰਵਾ ਦਿੱਤਾ, ਜੋ ਖੂਬ ਵਿਕੀ ਤੇ ਬਹੁਚਰਚਿਤ ਹੋ ਕੇ ਚਾਲੀ ਤੋਂ ਵੱਧ ਜ਼ੁਬਾਨਾਂ ਵਿਚ ਛਪੀ। 1237 ਹਫਤੇ ਦੀ ਬੈਸਟ ਸੈਲਰ ਇਸ ਕਿਤਾਬ ਦੀਆਂ ਕਰੀਬ ਇਕ ਕਰੋੜ ਕਾਪੀਆਂ ਵਿਕ ਚੁੱਕੀਆਂ ਹਨ। ਇਸੇ ਦੌਰਾਨ ਮਾਣ-ਸਨਮਾਨ ਆਉਂਦੇ ਰਹੇ। ਰਾਇਲ ਐਸਟਰੋਨੌਮੀਕਲ ਸੁਸਾਇਟੀ ਦਾ ਗੋਲਡ ਮੈਡਲ (1985), ਪਾਲ ਡੀਰਾਕ ਮੈਡਲ (1987), ਵੁਲਫ ਪ੍ਰਾਈਜ਼ (1988) ਆਦਿ।
1993 ਵਿਚ ਸਟੀਫਨ ਹਾਕਿੰਗ ਨੇ ਗੈਰੀ ਗਿਬਨਜ਼ ਨਾਲ ਰਲ ਕੇ ‘ਯੂਕਲੀਡੀਅਨ ਕੁਆਂਟਮ ਗਰੈਵਿਟੀ’ ਪੁਸਤਕ ਸੰਪਾਦਿਤ ਕੀਤੀ। 1996 ਵਿਚ ਉਸ ਨੇ ਪੈਨਰੋਜ਼ ਨਾਲ ਰਲ ਕੇ ਕੈਂਬਰਿਜ ਵਿਚ ਛੇ ਲੈਕਚਰ ਦਿੱਤੇ। 1997 ਵਿਚ ਇਹ ‘ਦਿ ਨੇਚਰ ਆਫ ਸਪੇਸ ਐਂਡ ਟਾਈਮ’ ਪੁਸਤਕ ਵਿਚ ਪ੍ਰਕਾਸ਼ਿਤ ਹੋਏ। ਉਸ ਦੇ ਪ੍ਰਸਿਧ ਭਾਸ਼ਣਾਂ ਤੇ ਲੇਖਾਂ ਦਾ ਇਕ ਹੋਰ ਸੰਗ੍ਰਿਹ ‘ਬਲੈਕ ਹੋਲਜ਼ ਐਂਡ ਬੇਬੀ ਯੂਨੀਵਰਸਿਟੀਜ਼’ ਇਸੇ ਦੌਰਾਨ ਛਪਿਆ। 2001 ਵਿਚ ਉਸ ਦੀ ਕਿਤਾਬ ‘ਦਿ ਯੂਨੀਵਰਸ ਇਨ ਏ ਨਟਸ਼ੈਲ’ ਛਪੀ। 2006 ਵਿਚ ‘ਏ ਬਰੀਫਰ ਹਿਸਟਰੀ ਆਫ ਟਾਈਮ’ ਛਪੀ। ਇਸ ਵਰ੍ਹੇ ‘ਗੌਡ ਕਰੀਏਟਿਡ ਦਿ ਇੰਟੀਜਰਜ਼’ ਛਪੀ। ਬੀਤੇ ਚਾਰ ਦਹਾਕਿਆਂ ਦੀ ਉਸ ਦੀ ਤੂਫਾਨੀ ਜ਼ਿੰਦਗੀ ਵਿਚ ਬੜਾ ਕੁਝ ਵਾਪਰ ਗਿਆ ਸੀ। ਵਿਗਿਆਨਕ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਪੱਖੋਂ ਵੀ ਤੇ ਨਿੱਜੀ ਜ਼ਿੰਦਗੀ ਵਿਚ ਪਰਿਵਾਰਕ ਪੱਖੋਂ ਵੀ। ਬਿਮਾਰੀ ਦੌਰਾਨ ਕਦੇ ਕਦੇ ਦੋਵੇਂ ਘਬਰਾ ਜਾਂਦੇ ਕਿ ਜੇ ਸਟੀਫਨ ਦੀ ਬੇਵਕਤ ਮੌਤ ਹੋ ਗਈ ਤਾਂ ਬੱਚਿਆਂ ਤੇ ਜੇਨ ਦਾ ਕੀ ਬਣੇਗਾ। ਜੇਨ ਗੀਤ, ਸੰਗੀਤ ਤੇ ਧਾਰਮਿਕ ਰੁਚੀਆਂ ਵਾਲੀ ਸੰਵਦੇਨਸ਼ੀਲ ਸੁਭਾਅ ਵਾਲੀ ਸੀ। ਸਪੈਨਿਸ਼ ਕਵਿਤਾ ਉਤੇ ਉਸ ਨੇ ਡਾਕਟਰੇਟ ਕਰ ਕੇ ਕੈਂਬਰਿਜ ਵਿਚ ਆਪਣੀ ਵੱਖਰੀ ਪਛਾਣ ਬਣਾ ਰੱਖੀ ਸੀ। ਜਦੋਂ ਵੀ ਉਹ ਡੋਲਦੀ, ਧਾਰਮਿਕ ਰੁਚੀਆਂ ਕਾਰਨ ਸੇਵਾ, ਪ੍ਰੇਮ ਤੇ ਪਰਮਾਤਮਾ ਵਿਚ ਦ੍ਰਿੜ੍ਹ ਵਿਸ਼ਵਾਸ ਦੇ ਈਸਾਈਅਤ ਦੇ ਸੰਕਲਪ ਉਸ ਨੂੰ ਤਾਕਤ ਦਿੰਦੇ।
ਸਟੀਫਨ ਦੀ ਬਿਮਾਰੀ ਵਿਚ ਮਦਦ ਲਈ 1974 ਤੋਂ ਹੀ ਉਸ ਨਾਲ ਉਸ ਦਾ ਕੋਈ ਪੀ.ਜੀ. ਵਿਦਿਆਰਥੀ ਰਹਿੰਦਾ। ਦਸੰਬਰ 1977 ਵਿਚ ਜੇਨ ਨੂੰ ਸੰਗੀਤਕਾਰ ਤੇ ਚਰਚ ਵਿਚ ਪ੍ਰਾਰਥਨਾ ਗੀਤ ਗਾਉਣ ਵਾਲਾ ਜੋਨਾਥਨ ਹੈਲੀਅਰ ਮਿਲਿਆ ਜੋ ਹੌਲੀ ਹੌਲੀ ਹਾਕਿੰਗ ਪਰਿਵਾਰ ਦਾ ਨਿਕਟ ਮਦਦਗਾਰ ਤੇ ਹਮਦਰਦ ਬਣ ਗਿਆ। ਉਹ ਉਨ੍ਹਾਂ ਦੇ ਘਰ ਹੀ ਰਹਿਣ ਲੱਗ ਪਿਆ। 1980 ਦੇ ਆਸ-ਪਾਸ ਜੇਨ ਪ੍ਰਤੀ ਜੋਨਾਥਨ ਦੀ ਹਮਦਰਦੀ ਪ੍ਰੇਮ ਦਾ ਰੰਗ ਲੈਣ ਲੱਗੀ। ਜੇਨ ਨੇ ਜੋਨਾਥਨ ਨੂੰ ਸਮਝਾਇਆ ਕਿ ਮੈਂ ਸਟੀਫਨ ਨੂੰ ਛੱਡਣਾ ਨਹੀਂ ਚਾਹੁੰਦੀ। ਜੋਨਾਥਨ ਦਾ ਜੇਨ ਪ੍ਰਤੀ ਆਦਰਸ਼ਕ ਪ੍ਰੇਮ ਫਿਰ ਵੀ ਜਾਰੀ ਰਿਹਾ। ਇਸੇ ਦੌਰਾਨ ਧਰਮ/ਪਰਮਾਤਮਾ ਪ੍ਰਤੀ ਸਟੀਫਨ ਅਤੇ ਜੇਨ ਦੇ ਵਿਚਾਰਾਂ ਦਾ ਟਕਰਾਅ ਕਦੇ ਕਦੇ ਬਦਮਜ਼ਗੀ ਪੈਦਾ ਕਰਦਾ।
ਅੱਠਵੇਂ ਦਹਾਕੇ ਦੇ ਅੱਧ ਜਿਹੇ ਵਿਚ ਹਾਕਿੰਗ ਆਪਣੀ ਨਵੀਂ ਨਰਸ ਈਲੇਨ ਮੇਸਨ ਦੇ ਪ੍ਰੇਮ ਵਿਚ ਉਲਝਣ ਲੱਗਾ। ਮੇਸਨ ਵਿਆਹੀ ਵਰੀ ਸੀ। ਉਸ ਦੇ ਪਤੀ ਡੇਵਿਡ ਨੇ ਹਾਕਿੰਗ ਲਈ ਉਹ ਕੰਪਿਊਟਰ ਸੌਫਟਵੇਅਰ ਬਣਾ ਕੇ ਦਿੱਤਾ ਸੀ ਜਿਸ ਨਾਲ ਉਹ ਆਪਣੇ ਵਿਚਾਰਾਂ ਨੂੰ ਲਿਖ/ਬੋਲ ਕੇ ਦੱਸਦਾ ਸੀ। ਇਸ ਵਿਚ ਹਾਕਿੰਗ ਵੱਲੋਂ ਆਮ ਵਰਤੇ ਜਾਂਦੇ ਤਿੰਨ ਹਜ਼ਾਰ ਦੇ ਕਰੀਬ ਸ਼ਬਦ ਸਨ। ਵੀਲ੍ਹਚੇਅਰ ਉਤੇ ਬਟਨ ਦਬਾ ਦਬਾ ਕੇ ਉਹ ਇਨ੍ਹਾਂ ਵਿਚੋਂ ਲੋੜੀਂਦੇ ਸ਼ਬਦ, ਵਾਕਾਂਸ਼, ਕਿਰਿਆਵਾਂ ਚੁਣ ਕੇ ਫਿਕਰੇ ਬਣਾਉਂਦਾ ਜੋ ਲਿਖੇ ਵੀ ਤੇ ਬੋਲੇ ਵੀ ਜਾਂਦੇ। ਸਮਾਂ ਪਾ ਕੇ ਜਦੋਂ ਹੱਥ ਨਾਲ ਬਟਨ ਦਬਾਉਣਾ ਵੀ ਅਸੰਭਵ ਹੋ ਗਿਆ ਤਾਂ ਉਹ ਗੱਲ੍ਹ ਨਾਲ ਹੀ ਉਸ ਬਟਨ ਨੂੰ ਦਬਾਉਂਦਾ।
ਖੈਰ! ਸਟੀਫਨ ਤੇ ਈਲੇਨ ਦੋਵਾਂ ਦਾ ਪ੍ਰੇਮ ਤੇਜ਼ੀ ਨਾਲ ਵਧਿਆ। ਉਹ ਉਸ ਦੀ ਦਿਨ-ਰਾਤ ਦੀ ਸਾਥਣ ਬਣ ਗਈ। ਅਫਵਾਹਾਂ ਉਡਣ ਲੱਗੀਆਂ। 1990 ਵਿਚ ਸਟੀਫਨ ਨੇ ਜੇਨ ਨੂੰ ਛੱਡ ਕੇ ਈਲੇਨ ਨਾਲ ਸ਼ਾਦੀ ਕਰ ਲਈ। ਜੇਨ ਨੇ ਸਟੀਫਨ ਦੇ ਸਾਂਝਾ ਘਰ ਛੱਡ ਕੇ ਜਾਣ ਦੇ ਬਾਵਜੂਦ ਕੁਝ ਵਰ੍ਹੇ ਰਿਸ਼ਤਾ ਤੋੜਨ ਤੋਂ ਗੁਰੇਜ਼ ਕੀਤਾ। ਜੂਨ 1995 ਵਿਚ ਆਖ਼ਰ ਸਟੀਫਨ ਨੇ ਜੇਨ ਨੂੰ ਤਲਾਕ ਦੇ ਦਿੱਤਾ। ਸਤੰਬਰ 1995 ਵਿਚ ਉਸ ਨੇ ਈਲੇਨ ਨਾਲ ਸ਼ਾਦੀ ਕਰ ਲਈ। 1997 ਵਿਚ ਜੇਨ ਨੇ ਵੀ ਜੋਨਾਥਨ ਹੈਲੀਅਰ ਨਾਲ ਸ਼ਾਦੀ ਕਰ ਲਈ।
ਸਟੀਫਨ ਨੇ ਈਲੇਨ ਨਾਲ ਪ੍ਰੇਮ ਵਿਆਹ ਨੂੰ ਮਨਪਸੰਦ ਔਰਤ ਦੀ ਪ੍ਰਾਪਤੀ ਅਤੇ ਪੈਸ਼ਨੇਟ ਰੋਮਾਂਸ ਕਿਹਾ। ਸਟੀਫਨ ਦੇ ਬੱਚੇ ਤੇ ਉਸ ਦੀਆਂ ਨਰਸਾਂ ਈਲੇਨ ਉਤੇ ਦੋਸ਼ ਲਾਉਣ ਲੱਗੇ ਕਿ ਉਹ ਸਟੀਫਨ ਨੂੰ ਛੁਰੀ-ਚਾਕੂ ਮਾਰ ਕੇ ਹਨੇਰੇ-ਸਵੇਰੇ ਜ਼ਖ਼ਮੀ ਕਰਦੀ ਹੈ। ਉਸ ਦੀ ਵੀਲ੍ਹਚੇਅਰ ਕੰਧ ਵਿਚ ਮਾਰਦੀ ਹੈ। ਉਸ ਨੂੰ ਧੁੱਪੇ ਇਕੱਲਾ ਛੱਡ ਜਾਂਦੀ ਹੈ। ਨਹਾਉਂਦੇ ਵੇਲੇ ਬਾਥ ਟੱਬ ਵਿਚ ਗੋਤੇ ਦਿੰਦੀ ਹੈ। ਇਸ ਉਤੇ ਪੁਲੀਸ ਨੂੰ ਸ਼ਿਕਾਇਤਾਂ ਹੋਈਆਂ। ਪੁੱਛਗਿੱਛ ਹੋਈ। ਕੇਸ ਚੱਲਿਆ। ਸਟੀਫਨ ਨੇ ਉਸ ਵਿਰੁਧ ਕੋਈ ਗਵਾਹੀ ਨਾ ਦਿੱਤੀ। ਸਰੀਰ ਉਤੇ ਜ਼ਖ਼ਮਾਂ ਦਾ ਉਚਿਤ ਜਵਾਬ ਕਿਸੇ ਕੋਲ ਨਹੀਂ ਸੀ। ਈਲੇਨ ਬਰੀ ਹੋ ਗਈ। ਸਟੀਫਨ ਨੇ 2006 ਵਿਚ ਉਸ ਨੂੰ ਚੁੱਪ-ਚਾਪ ਤਲਾਕ ਦੇ ਦਿੱਤਾ। ਲੋਕ ਕਹਿੰਦੇ ਸਨ ਕਿ ਈਲੇਨ ਨੇ ਸਟੀਫਨ ਨਾਲ ਸ਼ਾਦੀ ਪੈਸੇ ਪਿੱਛੇ ਕੀਤੀ ਹੈ। ਤਲਾਕ ਪਿਛੋਂ ਈਲੇਨ ਨੂੰ ਵੱਡੀ ਰਕਮ ਮਿਲੀ ਤਾਂ ਇਨ੍ਹਾਂ ਅਫ਼ਵਾਹਾਂ ਨੂੰ ਹੋਰ ਬਲ ਮਿਲਿਆ। ਤਲਾਕ ਉਪਰੰਤ ਜੇਨ ਮੁੜ ਸਟੀਫਨ ਦੀ ਦੇਖਭਾਲ ਲਈ ਬਹੁੜੀ। ਉਸ ਨੇ ਆਪਣੇ ਪਤੀ ਤੋਂ ਤਲਾਕ ਤਾਂ ਨਾ ਲਿਆ, ਪਰ ਸਟੀਫਨ ਦੇ ਘਰ ਤੋਂ ਦਸ ਮਿੰਟ ਦੀ ਵਿਥ ਉਤੇ ਰਹਿ ਕੇ ਉਸ ਦੇ ਦੁਖ-ਸੁਖ ਦੀ ਭਾਈਵਾਲੀ ਉਸ ਨੇ ਕਦੇ ਵੀ ਨਾ ਛੱਡੀ।
ਚਲੋ, ਹੁਣ ਹਾਕਿੰਗ ਵੱਲ ਪਰਤੀਏ ਜਿਸ ਨੂੰ ਕਿਸੇ ਪੁੱਛਿਆ ਕਿ ਬਲੈਕ ਹੋਲਾਂ ਤੇ ਖੰਡਾਂ-ਬ੍ਰਹਿਮੰਡਾਂ ਦੇ ਰਹੱਸ ਫੋਲਦਿਆਂ ਕਿਹੜੀ ਚੀਜ਼ ਸਮਝਣੀ ਸਭ ਤੋਂ ਵੱਧ ਔਖੀ ਲੱਗੀ ਹੈ। ਉਸ ਦਾ ਉਤਰ ਸੀ: ਔਰਤ। ਵਿਗਿਆਨ ਦੇ ਰਹੱਸਾਂ ਨੂੰ ਸਿਧਾਂਤਕ ਸਮੀਕਰਨਾਂ ਤੇ ਤਰਕਾਂ ਨਾਲ ਖੋਲ੍ਹਦਾ ਉਹ ਸੰਸਾਰ ਦੇ ਵਿਭਿੰਨ ਦੇਸ਼ਾਂ ਦੀ ਯਾਤਰਾ ਕਰਦਾ ਰਹਿੰਦਾ। ਅਮਰੀਕਾ, ਅਫ਼ਰੀਕਾ, ਸਪੇਨ, ਰੂਸ, ਚਿੱਲੀ, ਭਾਰਤ ਆਦਿ ਦੇਸ਼ਾਂ ਦੀ ਉਸ ਨੇ ਯਾਤਰਾ ਕਈ ਵਾਰ ਕੀਤੀ। ਭਾਰਤ ਵਿਚ ਉਹ ਦੋ ਵਾਰ ਆਇਆ। ਪਹਿਲਾਂ 1959 ਵਿਚ ਤੇ ਫਿਰ 2001 ਵਿਚ। 2011 ਤਕ ਆਉਂਦੇ-ਆਉਂਦੇ ਉਹ ਇਹ ਯਾਤਰਾਵਾਂ ਸਿਰਫ ਪ੍ਰਾਈਵੇਟ ਜੈਟ ਰਾਹੀਂ ਕਰਨ ਲਈ ਮਜਬੂਰ ਹੋ ਗਿਆ।
ਹਾਕਿੰਗ ਨੂੰ ਹਿੱਗਜ਼ ਬੋਸੋਨ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਸੀ। ਉਸ ਨੇ ਪੀਟਰਜ਼ ਹਿੱਗਜ਼ ਨਾਲ ਖੁੱਲ੍ਹੇਆਮ ਬਹਿਸਾਂ ਵਿਚ 2002 ਤੇ 2008 ਵਿਚ ਇਸ ਦੀ ਹੋਂਦ ਰੱਦ ਕੀਤੀ ਅਤੇ ਅਖੀਰ ਤਕ ਇਸ ਉਤੇ ਅੜਿਆ ਰਿਹਾ। 2012 ਵਿਚ ਸਰਨ ਕੇਂਦਰ ਵਿਚ ਇਸ ਕਣ ਦੀ ਖੋਜ ਉਤੇ ਉਸ ਨੇ ਆਪਣੀ ਹਾਰ ਮੰਨੀ ਤੇ ਕਿਹਾ ਕਿ ਇਸ ਕਣ ਦੀ ਕਲਪਨਾ ਲਈ ਹਿੱਗਜ਼ ਨੋਬੇਲ ਪੁਰਸਕਾਰ ਦਾ ਹੱਕਦਾਰ ਹੈ। ਹਾਕਿੰਗ ਨੇ ਆਪਣੀ ਧੀ ਲੂਸੀ ਨਾਲ ਰਲ ਕੇ ਬੱਚਿਆਂ ਲਈ ਇਕ ਪੁਸਤਕ ਲੜੀ ‘ਜਾਰਜਜ਼ ਸੀਕਰੇਟ ਕੀ ਟੂ ਯੁਨੀਵਰਸ’ ਲਿਖੀ ਜਿਸ ਦੇ ਵੱਖ ਵੱਖ ਭਾਗ 2007, 2009, 2011, 2014 ਤੇ 2016 ਵਿਚ ਛਪੇ। ਭਾਂਤ ਭਾਂਤ ਦੇ ਪੁਰਸਕਾਰ ਤੇ ਆਨਰੇਰੀ ਡਿਗਰੀਆਂ ਉਮਰ ਭਰ ਉਸ ਦੀ ਝੋਲੀ ਪੈਂਦੇ ਰਹੇ। 39 ਡਾਕਟਰੇਟ ਖੋਜ ਵਿਦਿਆਰਥੀਆਂ ਦਾ ਮਾਰਗਦਰਸ਼ਨ ਉਸ ਨੇ ਕੀਤਾ। ਉਸ ਦਾ ਯਕੀਨ ਸੀ ਕਿ ਬ੍ਰਹਿਮੰਡ ਵਿਚ ਹੋਰ ਧਰਤੀਆਂ ਉਤੇ ਜੀਵਨ ਹੈ, ਏਲੀਅਨ ਹਨ। ਜੁਲਾਈ 2015 ਵਿਚ ਉਸ ਨੇ ਇਨ੍ਹਾਂ ਦੀ ਤਲਾਸ਼ ਲਈ ਬਰੇਕ ਥਰੂ ਇਨੀਸ਼ੀਏਟਿਵਜ਼ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਵਾਈ। ਉਸ ਦਾ ਇਹ ਵੀ ਕਹਿਣਾ ਸੀ ਕਿ ਆਪਣੇ ਨਾਲੋਂ ਵਿਕਸਿਤ ਏਲੀਅਨਾਂ ਨਾਲ ਸਾਡਾ ਸੰਪਰਕ ਖਤਰਨਾਕ ਹੋ ਸਕਦਾ ਹੈ। ਜੁਲਾਈ 2017 ਨੂੰ ਇੰਪੀਰੀਅਲ ਕਾਲਜ, ਲੰਡਨ ਵੱਲੋਂ ਮਿਲੀ ਆਨਰੇਰੀ ਡਾਕਟਰੇਟ ਸ਼ਾਇਦ ਉਸ ਦੀ ਅੰਤਿਮ ਮਾਨਾਰਥ ਡਿਗਰੀ ਸੀ।
ਹਾਕਿੰਗ ਪੁਲਾੜ ਯਾਤਰਾ ਲਈ ਸਦਾ ਉਤਸੁਕ ਰਿਹਾ। 2006 ਵਿਚ ਬੀ.ਬੀ.ਸੀ. ਨਾਲ ਇੰਟਰਵਿਊ ਵਿਚ ਵੀ ਉਸ ਨੇ ਇਹ ਇੱਛਾ ਦੱਸੀ। ਵਰਜਿਨ ਗੈਲੈਕਟਿਕ ਦੇ ਰਿਚਰਡ ਬਰੈਨਸਨ ਨੇ ਉਸ ਲਈ ਮੁਫਤ ਪੁਲਾੜ ਉਡਾਰੀ ਦੀ ਪੇਸ਼ਕਸ਼ ਕੀਤੀ ਤੇ ਅਪਰੈਲ 2007 ਵਿਚ ਉਸ ਨੇ ਇਸ ਦਾ ਅਨੰਦ ਵੀ ਮਾਣ ਲਿਆ। ਪੁਲਾੜ ਉਡਾਰੀ ‘ਤੇ ਜ਼ੀਰੋ ਗੁਰੂਤਾ ਨੇ ਉਸ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਇਆ। ਸ਼ੁਹਰਤ ਦੀ ਸਿਖਰ ਉਤੇ ਹੀ 14 ਮਾਰਚ 2018 ਨੂੰ ਕੈਂਬਰਿਜ ਵਿਚ ਉਸ ਦੇ ਦੇਹਾਂਤ ਦੀ ਖਬਰ ਆਈ। ਉਸ ਨੂੰ ਨਿਊਟਨ ਤੇ ਡਾਰਵਿਨ ਦੇ ਨੇੜੇ ਦਫਨਾਉਣ ਦਾ ਫੈਸਲਾ ਉਸ ਦੇ ਪਰਿਵਾਰ ਦਾ ਹੈ। ਹਾਂ, ਆਪਣੀ ਕਬਰ ਉਤੇ ਲਿਖੀ ਜਾਣ ਲਈ ਇਬਾਰਤ ਉਸ ਨੇ ਵਰ੍ਹਿਆਂ ਪਹਿਲਾਂ ਆਪੇ ਮਿਥੀ ਸੀ। ਇਹ ਬੇਕਨਸਟੇਨ ਹਾਕਿੰਗ ਐਂਡਰਾਪੀ ਇਕੁਏਸ਼ਨ ਹੈ। ਉਚੇਰੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਉਸ ਦੀ ਅੰਤਿਮ ਚਰਚਿਤ ਪੁਸਤਕ ‘ਦਿ ਗਰੈਂਡ ਡਿਜ਼ਾਈਨ’ ਹੈ ਜੋ ਉਸ ਨੇ ਲੀਓਨਾਰਡ ਮਲਾਦੀਨੋਵ ਨਾਲ ਰਲ ਕੇ ਲਿਖੀ। ਇਸ ਵਿਚ ਸਟਰਿੰਗ ਥਿਊਰੀ, ਐਮ-ਥਿਊਰੀ ਤੇ ਮਲਟੀਵਰਸਿਜ਼ ਜਿਹੇ ਕਈ ਵਿਸ਼ੇ ਹਨ। ਉਹ ਕਹਿੰਦਾ ਹੈ ਕਿ ਬ੍ਰਹਿਮੰਡ ਦਾ ਜਨਮ ਸੁੰਨ (ਸਿੰਗੂਲੈਰਿਟੀ) ਵਿਚੋਂ ਹੋਇਆ। ਬ੍ਰਹਿਮੰਡ ਤਿੰਨ ਦਿਸ਼ਾਵਾਂ ਦੀ ਥਾਂ ਬਹੁਦਿਸ਼ਾਵੀ ਹੋ ਸਕਦਾ ਹੈ ਜਿਸ ਵਿਚ ਦਿਸ਼ਾਵਾਂ ਇਕ ਦੂਜੀ ਵਿਚ ਰੋਲਰ ਵਾਂਗ ਲਿਪਟੀਆਂ ਹੋਣ। ਬ੍ਰਹਿਮੰਡ ਇਕ ਨਹੀਂ, ਅਨੇਕ ਹਨ। ਇਹ ਸਾਬਣ ਦੇ ਘੋਲ ਵਿਚ ਫੂਕ ਨਾਲ ਬਣਦੇ ਬੁਲਬਲਿਆਂ ਵਾਂਗ ਪੈਦਾ ਹੁੰਦੇ ਹਨ। ਬਿਨਸਦੇ ਵੀ ਰਹਿੰਦੇ ਹਨ। ਬ੍ਰਹਿਮੰਡ ਦੇ ਕਣਾਂ, ਨੇਮਾਂ, ਸਥਿਰਾਂਕਾਂ ਨੂੰ ਵੇਖੀਏ ਤਾਂ ਬਾਰੀਕੀ ਨਾਲ ਬਣਾਏ ਕਮਾਲ ਦੇ ਸੋਚੇ-ਸਮਝੇ ਡਿਜ਼ਾਈਨ ਦਾ ਅਹਿਸਾਸ ਹੁੰਦਾ ਹੈ। ਸਟੀਫਨ ਹਾਕਿੰਗ ਬ੍ਰਹਿਮੰਡ ਦੇ ਕਮਾਲ ਦੇ ਡਿਜ਼ਾਈਨ ਨੂੰ ਤਾਂ ਮੰਨਦਾ ਹੈ, ਪਰ ਇਸ ਦੇ ਡਿਜ਼ਾਈਨਰ ਬਾਰੇ ਗੱਲ ਨਹੀਂ ਕਰਦਾ। ਆਈਨਸਟਾਈਨ ਤੇ ਵੀਹਵੀਂ ਸਦੀ ਦੇ ਹੋਰ ਵੱਡੇ ਵਿਗਿਆਨੀਆਂ ਵਾਂਗ ਉਹ ਵੀ ਕੁਆਂਟਮ ਥਿਊਰੀ ਤੇ ਰੈਲੇਟੀਵਿਟੀ ਥਿਊਰੀ ਦੇ ਜੋੜ-ਮੇਲ ਲਈ ਯਤਨਸ਼ੀਲ ਰਿਹਾ। ਮੂਲ ਬਲਾਂ ਦੇ ਏਕੀਕਰਨ ਦੀ ਜਨਰਲ ਯੂਨੀਫਾਈਡ ਥਿਊਰੀ ਲੱਭਣ ਲਈ ਕੋਸ਼ਿਸ਼ ਕਰਦਾ ਰਿਹਾ, ਪਰ ਉਨ੍ਹਾਂ ਵਾਂਗ ਹੀ ਇਹ ਕਾਰਜ ਅਧੂਰਾ ਛੱਡ ਕੇ ਉਹ ਸਾਨੂੰ ਆਖਰੀ ਸਲਾਮ ਕਹਿ ਗਿਆ।