ਭਾਰਤ ਵਿਚ ਪੰਡਿਤ ਲੋਕ ਸਦੀਆਂ ਤੋਂ ਲੋਕਾਂ ਨੂੰ ਗ੍ਰਹਿਆਂ ਦੇ ਸ਼ੁਭ-ਅਸ਼ੁਭ ਹੋਣ ਦੇ ਚੱਕਰ ਵਿਚ ਪਾਉਂਦੇ ਆ ਰਹੇ ਹਨ। ਲੋਕ, ਖਾਸ ਕਰ ਹਿੰਦੂ, ਵੀ ਉਨ੍ਹਾਂ ਦੇ ਆਖੇ ਸਭ ਵਰਤੋਂ ਵਿਹਾਰ ਗ੍ਰਹਿਆਂ ਦੀ ਚਾਲ ਅਨੁਸਾਰ ਕਰਦੇ ਆ ਰਹੇ ਹਨ। ਪਰ ਇਹ ਸਭ ਕੁਝ ਕਿੰਨਾ ਕੁ ਸਹੀ ਹੈ ਅਤੇ ਇਸ ਬਾਰੇ ਵਿਗਿਆਨ ਦੀ ਖੋਜ ਕੀ ਕਹਿੰਦੀ ਹੈ, ਇਨ੍ਹਾਂ ਕੁਝ ਸਵਾਲਾਂ ਦਾ ਜਵਾਬ ਇਸ ਲੇਖ ਵਿਚ ਲੇਖਕਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ।
-ਸੰਪਾਦਕ
ਦਰਸ਼ਨ ਸਿੰਘ ਪਨੂੰ
ਕਰਮਜੀਤ ਕੌਰ ਪਨੂੰ
ਭਾਰਤੀ ਪੁਰਾਤਨ ਸਭਿਅਤਾ ਅਨੁਸਾਰ ਬ੍ਰਹਿਮੰਡ ਵਿਚ 9 ਗ੍ਰਹਿ- ਸੂਰਜ, ਚੰਦਰਮਾ, ਮੰਗਲ, ਬੁੱਧ, ਬ੍ਰਹਿਸਪਤੀ, ਸ਼ੁਕਰ, ਸ਼ਨੀ, ਰਾਹੂ ਅਤੇ ਕੇਤੂ ਮੰਨੇ ਜਾਂਦੇ ਹਨ। ਇਨ੍ਹਾਂ ਨੂੰ ਵੱਖ ਵੱਖ ਢੰਗਾਂ ਨਾਲ ਭਾਰਤ ਵਿਚ ਦੇਵਤੇ ਮੰਨ ਕੇ ਪੂਜਿਆ ਜਾਂਦਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਇਹ ਗ੍ਰਹਿ ਧਰਤੀ ਦੇ ਹਰ ਵਿਅਕਤੀ ਤੇ ਉਨ੍ਹਾਂ ਦੇ ਸਭ ਕਾਰਜਾਂ ਦੀ ਭਵਿੱਖਵਾਣੀ ਅਤੇ ਇਨ੍ਹਾਂ ਨੂੰ ਸਿੱਧ ਕਰਨ ਲਈ ਵੀ ਵਰਤੇ ਜਾਂਦੇ ਹਨ। ਇਥੋਂ ਤੱਕ ਕਿ ਪੰਡਿਤ ਇਨ੍ਹਾਂ ਦੀਆਂ ਦਿਸ਼ਾਵਾਂ ਦਾ ਹਿਸਾਬ ਕਿਤਾਬ ਲਾ ਕੇ ਹਰ ਇਕ ਦੀ ਕੁੰਡਲੀ ਬਣਾ ਕੇ ਦਿੰਦੇ ਹਨ ਅਤੇ ਲੋਕ ਸਾਰੀ ਉਮਰ ਉਸ ਨੂੰ ਸੰਭਾਲ ਕੇ ਰੱਖਦੇ ਹਨ। ਇਸ ਨੂੰ ਕੁੰਡਲੀਕਾਰ ਦੇ ਕਿਸੇ ਖਾਸ ਮਸਲੇ ਲਈ ਵੀ ਵਰਤਿਆ ਜਾਂਦਾ ਹੈ। ਘਰ ਦੇ ਹਰ ਖਾਸ ਕੰਮ ਦੀ ਕੁੰਡਲੀ ਦੇ ਹਿਸਾਬ ਨਾਲ ਹੀ ਦਿਨ ਤੈਅ ਕੀਤੇ ਜਾਂਦੇ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੂਰਜ ਤੇ ਤਾਰਿਆਂ (ਗ੍ਰਹਿਆਂ) ਦਾ ਇਨਸਾਨ ਦੀ ਅੱਗੋਂ ਆਉਣ ਵਾਲੀ ਜ਼ਿੰਦਗੀ ਨਾਲ ਕੀ ਸਬੰਧ ਹੋ ਸਕਦਾ ਹੈ? ਸੂਰਜ ਦੇ ਤਾਂ ਧਰਤੀ ਦੇ ਵਾਸੀ ਪੁਰਾਤਨ ਸਮੇਂ ਤੋਂ ਹੀ ਦੇਣਦਾਰ ਰਹੇ ਹਨ।
ਭਾਰਤ ਵਿਚ ਤਾਂ ਸਵੇਰ-ਸ਼ਾਮ ਸੂਰਜ ਨੂੰ ਪਾਣੀ ਵਾਰ ਕੇ ਹੁਣ ਤੱਕ ਇਸ ਦੀ ਪੂਜਾ ਕਰਦੇ ਆ ਰਹੇ ਹਨ। ਇਹ ਰੀਤ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਇਸ ਰੀਤ ਨੂੰ ਸਹੀ ਸਾਬਤ ਕਰਨ ਲਈ ਇਕ ਵਿਚਾਰਕ ਅਤੇ ਨੈਤਿਕਤਾ ਇੰਪੋਜ਼ਰ ਨੇ ਗੂਗਲ ਰਾਹੀਂ 2014 ਵਿਚ ਤਰਕ ਇਹ ਦਿੱਤਾ ਸੀ ਕਿ ਸੂਰਜ ਨੂੰ ਸਵੇਰੇ ਪਾਣੀ ਦੇਣ ਨਾਲ ਜਦ ਅਸੀਂ ਸੂਰਜ ਦੀ ਰੋਸ਼ਨੀ ਰਾਹੀਂ ਪਾਣੀ ਵਿਚੋਂ ਦੀ ਸਤ ਰੰਗ ਦੇਖਦੇ ਹਾਂ ਤਾਂ ਦੇਖਣ ਵਾਲੇ ਦੀਆਂ ਅੱਖਾਂ ਕਦੇ ਖਰਾਬ ਨਹੀਂ ਹੁੰਦੀਆਂ, ਐਨਕਾਂ ਵੀ ਉਤਰ ਜਾਂਦੀਆਂ ਹਨ। ਅਜਿਹਾ ਸਿਧਾਂਤਕ ਪੱਖੋਂ ਠੀਕ ਨਹੀਂ ਜਾਪਦਾ। ਅਸੀਂ ਇਹ ਤਾਂ ਸਪਸ਼ਟ ਰੂਪ ਵਿਚ ਜਾਣਦੇ ਹਾਂ ਕਿ ਸੂਰਜ ਰਾਹੀਂ ਸਾਨੂੰ ਪੌਦੇ ਅਤੇ ਰੁੱਖਾਂ ਦੀ ਫੋਟੋਸਿਨਥੇਸਿਜ ਰਾਹੀਂ ਖੁਰਾਕ, ਦਿਨ ਵੇਲੇ ਰੋਸ਼ਨੀ ਤੇ ਗਰਮੀ, ਸਾਡੀਆਂ ਹੱਡੀਆਂ ਲਈ ਵਿਟਾਮਿਨ ਡੀ, ਬਾਰਿਸ਼ ਅਤੇ ਹੋਰ ਬਹੁਮੁੱਲੀਆਂ ਕਿਰਨਾਂ ਭੀ ਮਿਲਦੀਆਂ ਹਨ।
ਇਸ ਸਭ ਕੁਝ ਦੀ ਗੁੱਥੀ ਖੋਲ੍ਹਣ ਲਈ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਸੂਰਜ ਕਿਸ ਚੀਜ ਦਾ ਬਣਿਆ ਹੋਇਆ ਹੈ ਤੇ ਇਸ ਵਿਚ ਕੀ ਹੈ? ਸੂਰਜ ਹੀ ਸਾਰੇ ਗ੍ਰਹਿਆਂ ਦਾ ਧੁਰਾ ਹੈ। ਵਿਗਿਆਨੀਆਂ ਦੇ ਦੱਸਣ ਅਨੁਸਾਰ ਇਹ ਧਰਤੀ ਤੋਂ 1494.44 ਲੱਖ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਤੇ ਇਸ ਵਿਚ ਅੱਗ ਹੀ ਅੱਗ ਹੋਵੇਗੀ। ਸਾਨੂੰ ਤਾਂ ਬਸ ਇੰਨਾ ਹੀ ਪਤਾ ਹੈ ਕਿ ਧਰਤੀ ਅਤੇ ਇਸ ਦੇ ਵਾਸੀਆਂ ਨੂੰ ਇਸ ਦੀ ਹਰ ਵੇਲੇ ਤੇ ਹਰ ਪੱਖੋਂ ਲੋੜ ਹੈ।
ਇਹ ਮੰਨ ਲੈਣਾ ਵੀ ਸੁਭਾਵਿਕ ਹੀ ਹੈ ਕਿ ਸੂਰਜ ਸਵੇਰ-ਸ਼ਾਮ ਸਾਨੂੰ ਗੋਲ ਸ਼ਕਲ ਵਿਚ ਹੀ ਨਜ਼ਰ ਆਉਂਦਾ ਹੈ ਅਤੇ ਧਰਤੀ ਤੇ ਚੰਦ ਵਾਂਗ ਠੋਸ ਹੀ ਹੋਵੇਗਾ ਪਰ ਵਿਗਿਆਨ ਦੀ ਖੋਜ ਅਨੁਸਾਰ ਇਹ ਇਕ ਬਹੁਤ ਹੀ ਵੱਡੇ ਆਕਾਰ ਦਾ ਬਹੁਤ ਹੀ ਗਰਮ ਗੈਸਾਂ ਨਾਲ ਭਖਦਾ ਗੋਲਾ ਹੈ, ਜਿਸ ਦਾ ਵਿਆਸ 864,337।3 ਮੀਲ 3 ਹੈ ਜਦਕਿ ਇਸ ਦੇ ਮੁਕਾਬਲੇ ਧਰਤੀ ਦਾ ਵਿਆਸ ਕੁਲ 7,917।5 ਮੀਲ ਹੀ ਹੈ। ਭਾਵ ਸੂਰਜ ਦਾ ਵਿਆਸ ਧਰਤੀ ਨਾਲੋਂ ਇੰਨਾ ਵੱਡਾ ਹੈ ਕਿ ਇਸ ਵਿਚ 13 ਲੱਖ ਧਰਤੀਆਂ ਸਮਾ ਜਾਣ। ਵਿਗਿਆਨੀਆਂ ਨੇ ਇਹ ਭੀ ਖੋਜ ਕਰ ਲਈ ਹੈ ਕਿ ਸੂਰਜ ਧਰਤੀ ਤੋਂ ਲਗਭਗ 1500 ਲੱਖ ਕਿਲੋਮੀਟਰ ਦੀ ਦੂਰੀ ਹੈ ਅਤੇ ਇਹ ਭੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸੂਰਜ ਤੋਂ ਲਾਈਟ 1500 ਲੱਖ ਕਿਲੋਮੀਟਰ ਚੱਲ ਕੇ ਧਰਤੀ ਤੇ 8 ਮਿੰਟ 20 ਸੈਕੰਡ ਵਿਚ ਪਹੁੰਚ ਜਾਂਦੀ ਹੈ ਕਿਉਂਕਿ ਲਾਈਟ ਦੀ ਸਪੀਡ 3 ਲੱਖ ਕਿਲੋਮੀਟਰ ਪ੍ਰਤੀ ਸੈਕੰਡ ਹੁੰਦੀ ਹੈ।
ਹਥਲੇ ਵਿਸ਼ੇ ਦੇ ਸਬੰਧ ਵਿਚ ਇਹ ਜਾਣਨਾ ਜਰੂਰੀ ਹੈ ਕਿ ਸੂਰਜ ਅਤੇ ਬਾਕੀ ਗ੍ਰਹਿਆਂ ਵਿਚ ਦਰਅਸਲ ਹੈ ਕੀ? ਇਹ ਕਿਨ੍ਹਾਂ ਕਿਨ੍ਹਾਂ ਤੱਤਾਂ ਦੇ ਬਣੇ ਹੋਏ ਹਨ। ਉਪਰ ਦਰਸਾਈਆਂ ਖੋਜਾਂ ਦੇ ਸਬੰਧ ਵਿਚ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਇਹ ਖੋਜਾਂ ਸੰਸਾਰ ਦੇ ਵਿਗਿਆਨੀਆਂ ਨੇ ਬਹੁਤ ਸਮੇਂ ਤੋਂ ਬਹੁਤ ਵੱਡੇ ਵੱਡੇ ਟੈਲੀਸਕੋਪਾਂ ਅਤੇ ਹੋਰ ਯੰਤਰਾਂ ਰਾਹੀਂ ਕਰ ਲਈਆਂ ਹੋਣਗੀਆਂ। ਸੰਸਾਰ ਦੇ ਵਿਗਿਆਨੀਆਂ ਵਲੋਂ ਉਪਰ ਦੱਸੀਆਂ ਸੂਰਜ ਅਤੇ ਹੋਰ ਗ੍ਰਹਿਆਂ ਸਬੰਧੀ ਖੋਜਾਂ ਤਾਂ ਬਹੁਤ ਹੀ ਸਮੇਂ ਤੋਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਹ ਸਭ ਤਾਂ ਵੱਖ ਵੱਖ ਸਮੇਂ ਅਤੇ ਵੱਖ ਵੱਖ ਦੇਸ਼ਾਂ ਵਿਚ ਵੱਖ ਵੱਖ ਤਰ੍ਹਾਂ ਦੇ ਵੱਡੇ ਵੱਡੇ ਟੈਲੀਸਕੋਪਾਂ ਤੇ ਹੋਰ ਸਬੰਧਤ ਯੰਤਰਾਂ ਦੀ ਮਦਦ ਨਾਲ ਇਨ੍ਹਾਂ ਦੀ ਗਿਣਤੀ ਮਿਣਤੀ ਕੀਤੀ ਗਈ ਹੋਵੇਗੀ ਅਤੇ ਹੋਰ ਭੀ ਕੀਤੀ ਜਾ ਰਹੀ ਹੈ। ਪਰ ਇਹ ਜਾਣਨਾ ਕਿ ਸੂਰਜ ਵਿਚ ਕੀ ਹੈ ਜੋ ਸਾਨੂੰ ਬੇਇੰਤਹਾ ਸਹੂਲਤਾਂ ਦੇ ਰਿਹਾ ਹੈ, ਇਸ ਬਾਰੇ ਖੋਜ ਕਿਵੇਂ ਕੀਤੀ ਜਾ ਸਕਦੀ ਹੈ? ਵਿਗਿਆਨੀਆਂ ਦੀ ਖੋਜ ਅਨੁਸਾਰ ਇਹ ਤਾਂ ਧਰਤੀ ਤੋਂ ਬਹੁਤ ਹੀ ਦੂਰ ਹੈ ਅਤੇ ਉਥੇ 5055 ਡਿਗਰੀ ਸੈਂਟੀਗਰੇਡ ਦਾ ਤਾਪਮਾਨ ਹੈ ਅਰਥਾਤ ਬਹੁਤ ਹੀ ਗਰਮ ਹੈ, ਅਜਿਹੀਆਂ ਹਾਲਤਾਂ ਵਿਚ ਇਹ ਕਿਵੇਂ ਹੋ ਸਕਦਾ ਹੈ ਕਿ ਉਥੇ ਦੀ ਜਾਣਕਾਰੀ ਲਈ ਜਾ ਸਕਦੀ ਹੋਵੇ?
ਸੂਰਜ ਬਾਰੇ ਜਾਣਕਾਰੀ ਲੈਣ ਦਾ ਵੀ ਇਕ ਇਤਿਹਾਸ ਹੈ। ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਸੂਰਜ ਤੋਂ ਸਾਨੂੰ ਸਿੱਧਿਆਂ ਲਾਈਟ ਦੀਆਂ ਕਿਰਨਾਂ ਤੇ ਗਰਮੀ ਧਰਤੀ ‘ਤੇ ਆਮ ਮਿਲਦੀ ਹੈ, ਇਹ ਹੀ ਇਕ ਵੱਡੇ ਤੋਂ ਵੱਡਾ ਸਾਧਨ ਹੈ ਜਿਸ ਦੇ ਸਹਾਰੇ ਅੱਗੋਂ ਵਿਗਿਆਨੀਆਂ ਨੇ ਸੂਰਜ ਬਾਰੇ ਜਾਣਕਾਰੀ ਲਈ ਹੋਵੇਗੀ। ਇਸ ਲਈ ਵਿਗਿਆਨੀਆਂ ਕੋਲ ਸਿਰਫ ਲਾਈਟ ਤੇ ਗਰਮੀ ਦਾ ਹੀ ਇਕ ਹਥਿਆਰ ਹੈ ਜਿਸ ਨਾਲ ਉਹ ਸੂਰਜ ਬਾਰੇ ਕੁਝ ਗਿਆਨ ਹਾਸਲ ਕਰ ਸਕਦੇ ਹਨ। ਇਹ ਤਾਂ ਅਸੀਂ ਹੁਣ ਸਭ ਜਾਣਦੇ ਹਾਂ ਕਿ ਸੂਰਜ ਦੀ ਸਫੈਦ ਲਾਈਟ ਨੂੰ ਜਦ ਸ਼ੀਸ਼ੇ ਦੀ ਪ੍ਰਿਜ਼ਮ ਵਿਚੋਂ ਦੀ ਕੱਢਦੇ ਹਾਂ ਤਾਂ ਉਹ 7 ਰੰਗਾਂ ਵਿਚ ਤਬਦੀਲ ਹੋ ਜਾਂਦੀ ਹੈ ਅਤੇ ਉਸ ਦੇ ਪ੍ਰਤੀਬਿੰਬ ‘ਤੇ ਸਾਫ 7 ਰੰਗ ਨਜ਼ਰ ਆਉਂਦੇ ਹਨ, ਇਸ ਪ੍ਰਤੀਬਿੰਬ ਨੂੰ ਸੂਰਜ ਦੀ ਲਾਈਟ ਦਾ ਸਪੈਕਟਰਮ ਕਹਿੰਦੇ ਹਨ। ਇਹ ਉਹ ਹੀ ਰੰਗ ਹਨ ਜੋ ਬਾਰਿਸ਼ ਦੇ ਦਿਨਾਂ ਵਿਚ ਸੂਰਜ ਦੀ ਲਾਈਟ ਬੱਦਲਾਂ ਵਿਚੋਂ ਦੀ ਲੰਘ ਕੇ 7 ਰੰਗਾਂ ਦੀ ਸ਼ਕਲ ਵਿਚ ਬਦਲ ਜਾਂਦੀ ਹੈ, ਜਿਸ ਨੂੰ ਅਸੀਂ ਅਕਾਸ਼ ਵਿਚ 7 ਰੰਗੀ ਪੀਂਘ ਕਹਿਦੇ ਹਾਂ। ਇਹ ਉਹ ਹੀ ਰੰਗ ਹਨ ਜੋ ਸਪੈਕਟਰਮ ਵਿਚ ਆਉਂਦੇ ਹਨ।
ਸੂਰਜ ਦੀ ਜਾਣਕਾਰੀ ਸਬੰਧੀ ਸਭ ਤੋਂ ਪਹਿਲਾਂ 1902 ਵਿਚ ਇੰਗਲੈਂਡ ਦੇ ਵਿਗਿਆਨੀ ਵਿਲੀਅਮ ਹਾਈਡ ਵੋਲਾਸਟਰ ਨੇ ਸੂਰਜ ਦੀ ਲਾਈਟ ਤੋਂ ਪੈਦਾ ਹੋਏ ਸਪੈਕਟਰਮ ਨੂੰ ਹੋਰ ਵਿਸਥਾਰ ਨਾਲ ਪਰਖਿਆ ਤੇ ਪਤਾ ਲੱਗਿਆ ਕਿ ਸਪੈਕਟਰਮ ਦੇ ਰੰਗਾਂ ਵਿਚ ਕੁਝ ਕਾਲੀਆਂ ਲਕੀਰਾਂ ਮੌਜੂਦ ਹਨ ਪਰ ਇਸ ਵਿਗਿਆਨੀ ਨੂੰ ਇਹ ਪਤਾ ਨਾ ਲੱਗ ਸਕਿਆ ਕਿ ਇਹ ਲਕੀਰਾਂ ਕਿਸ ਚੀਜ਼ ਨੂੰ ਦਰਸਾਉਂਦੀਆਂ ਹਨ। ਇਸ ਦੇ ਕੁਝ ਸਾਲਾਂ ਪਿੱਛੋਂ ਇਕ ਜਰਮਨ ਸਾਇੰਸਦਾਨ ਫਰਾਨਹੌਵਰ, ਜੋ ਅੱਖਾਂ ਦੀ ਨਜ਼ਰ ਦੇ ਡਾਕਟਰ ਸਨ, ਨੇ ਇਕ ਸਪੈਸ਼ਲ ਯੰਤਰ ਇਜ਼ਾਦ ਕੀਤਾ, ਜਿਸ ਨੂੰ ਸਪੈਕਟੋਮੀਟਰ ਕਹਿੰਦੇ ਹਨ। ਇਸ ਦੀ ਵਰਤੋਂ ਨਾਲ ਸੂਰਜ ਦੀ ਲਾਈਟ ਦੇ ਸਪੈਕਟਰਮ ਦੇ ਰੰਗਾਂ ਵਿਚ ਕਾਲੀਆਂ ਲਕੀਰਾਂ ਸਾਫ ਸਾਫ ਨਜ਼ਰ ਆ ਗਈਆਂ ਜੋ ਆਮ ਸਪੈਕਟਰਮ ਵਿਚ ਨਜ਼ਰ ਨਹੀਂ ਸਨ ਆਉਂਦੀਆਂ। ਇਨ੍ਹਾਂ ਨੂੰ ਹੋਰ ਵਿਸਥਾਰ ਨਾਲ ਜਾਂਚਣ ਤੋਂ ਪਤਾ ਲੱਗਾ ਕਿ ਇਹ ਲਕੀਰਾਂ ਵੱਖ ਵੱਖ ਰੰਗਾਂ ਤੇ ਵਿੱਥ ‘ਤੇ ਅਤੇ ਵੱਖ ਵੱਖ ਮੌਟਾਈ ਦੀਆਂ ਹਨ। ਇਨ੍ਹਾਂ ਲਕੀਰਾਂ ਦਾ ਅਜਿਹਾ ਹੋਣ ਦਾ ਇਹ ਸਬੂਤ ਹੈ ਕਿ ਇਹ ਲਕੀਰਾਂ ਸੂਰਜ ਵਿਚਲੇ ਉਨ੍ਹਾਂ ਤੱਤਾਂ ਨੂੰ ਜਾਹਰ ਕਰਦੀਆਂ ਹਨ ਜੋ ਸੂਰਜ ਦੀ ਅਤਿ ਦੀ ਗਰਮੀ ਵਿਚ ਭਸਮ ਹੋ ਜਾਂਦੇ ਹਨ। ਜਿਵੇਂ ਕਿ ਸਪੈਕਟਰਮ ਦੇ ਵਿਚ ਲਾਲ ਰੰਗ ਦੀਆਂ ਲਕੀਰਾਂ ਸੂਰਜ ਵਿਚ ਬਹੁਤ ਮਾਤਰਾ ਵਿਚ ਹਾਈਡਰੋਜਨ ਹੋਣ ਦਾ ਪ੍ਰਮਾਣ ਦਿੰਦੀਆਂ ਹਨ। ਇਸੇ ਤਰ੍ਹਾਂ ਪੀਲੇ ਰੰਗ ਦੀਆਂ ਕੁਝ ਲਕੀਰਾਂ ਉਥੇ ਕਾਰਬਨ ਹੋਣ ਦਾ ਸਬੂਤ ਦਿੰਦੀਆਂ ਹਨ ਤੇ ਨੀਲੇ ਰੰਗ ਦੀਆਂ ਕੁਝ ਲਕੀਰਾਂ ਸੂਰਜ ਵਿਚ ਆਕਸੀਜਨ ਹੋਣ ਦਾ ਸਬੂਤ ਦਿੰਦੀਆਂ ਹਨ। ਇਸੇ ਤਰ੍ਹਾਂ ਵਿਗਿਆਨੀ ਸੂਰਜ ਵਿਚਲੇ 67 ਤੱਤਾਂ ਦੀ ਹੁਣ ਤਕ ਖੋਜ ਕਰ ਚੁਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੇ ਤੱਤ ਧਰਤੀ ਵਿਚ ਵੀ ਮੌਜੂਦ ਹਨ। ਸੂਰਜ ਵਿਚ ਜੋ ਤੱਤ ਜ਼ਿਆਦਾ ਮਾਤਰਾ ਵਿਚ ਮੌਜੂਦ ਹਨ, ਉਹ ਹਨ: ਹਾਈਡਰੋਜਨ 70%, ਹੀਲੀਅਮ 20%, ਕਾਰਬਨ 1.5%, ਬਾਕੀ ਤੱਤ 0.5% ਜਿਨ੍ਹਾਂ ਵਿਚ ਨੀਓਨ, ਲੋਹਾ, ਸਿਲੀਕੌਨ, ਮੈਗਨੀਸ਼ੀਅਮ, ਸਲਫਰ ਅਤੇ ਹੋਰ ਤੱਤ ਆ ਜਾਂਦੇ ਹਨ। ਜਦ ਕਿ ਧਰਤੀ ਵਿਚ ਹੁਣ ਤਕ 118 ਤੱਤਾਂ ਦੀ ਭਾਲ ਹੋ ਚੁਕੀ ਹੈ, ਜਿਨ੍ਹਾਂ ਵਿਚੋਂ 22 ਤੱਤ ਵਿਗਿਆਨੀਆਂ ਨੇ ਆਪਣੇ ਆਪ ਪੈਦਾ ਕੀਤੇ ਹਨ। ਇਸ ਦਾ ਭਾਵ ਹੈ ਕਿ ਧਰਤੀ 96 ਤੱਤਾਂ ਦੀ ਹੀ ਬਣੀ ਹੋਈ ਹੈ।
ਵਿਗਿਆਨੀਆਂ ਅਨੁਸਾਰ ਸੂਰਜ ਤੋਂ ਲਾਈਟ ਤੇ ਗਰਮੀ ਤੋਂ ਬਿਨਾ ਬਹੁਤ ਕਿਸਮ ਦੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਵੀ ਧਰਤੀ ‘ਤੇ ਪਹੁੰਚਦੀਆਂ ਹਨ। ਇਨ੍ਹਾਂ ਦਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਤਿਆਰ ਕੀਤਾ ਗਿਆ ਜਿਸ ਦੇ ਸਹਾਰੇ ਸੂਰਜ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਚੁਕੀ ਹੈ। ਇਨ੍ਹਾਂ ਤਰੰਗਾਂ ਤੋਂ ਖੋਜ ਕੀਤੀ ਗਈ ਕਿ ਸੂਰਜ ਵਿਚ ਬਹੁਤ ਮਾਤਰਾ ਵਿਚ ਰੇਡੀਓਐਕਟਿਵ ਤੱਤ ਮੌਜੂਦ ਹੈ| ਇਸ ਵਿਚ ਹਾਈਡਰੋਜਨ ਹੀਲੀਅਮ ਵਿਚ ਫਿਊਜ਼ ਹੋ ਕੇ ਨਿਊਕਲਰ ਚੇਨ ਰੀਐਕਸ਼ਨ ਹੁੰਦਾ ਰਹਿੰਦਾ ਹੈ ਜਿਸ ਕਰਕੇ ਐਨੀ ਗਰਮੀ ਪੈਦਾ ਹੁੰਦੀ ਹੈ| ਇਹ ਗਰਮੀ ਤੇ ਲਾਈਟ ਚਾਰੇ ਪਾਸੇ ਫੈਲ ਜਾਂਦੀ ਹੈ ਅਤੇ ਧਰਤੀ ‘ਤੇ ਵੀ ਪਹੁੰਚਦੀ ਹੈ| ਇਹ ਉਸੇ ਕਿਸਮ ਦੀ ਐਟਾਮਿਕ ਫਿਊਜ਼ਨ ਹੈ ਜਿਸ ਦੇ ਆਧਾਰ ‘ਤੇ ਵਿਗਿਆਨੀਆਂ ਨੇ ਐਟਮ ਬੰਬ ਬਣਾਇਆ ਸੀ।
ਇਸੇ ਤਰ੍ਹਾਂ ਹੀ ਸੰਸਾਰ ਦੇ ਵਿਗਿਆਨੀਆਂ ਨੇ ਬਾਕੀ ਰਹਿੰਦੇ ਗ੍ਰਹਿਆਂ ਵਿਚ ਤੱਤਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਲਈ ਹੈ। ਇਨ੍ਹਾਂ ਗ੍ਰਹਿਆਂ ਦੇ ਤੱਤਾਂ ਦੀ ਜਾਣਕਾਰੀ ਇਨ੍ਹਾਂ ਤੋਂ ਆਉਂਦੀ ਲਾਈਟ ਵਗੈਰਾ ਤੋਂ ਤਾਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਇਨ੍ਹਾਂ ਗ੍ਰਹਿਆਂ ਵਿਚ ਤਾਂ ਆਪਣੀ ਲਾਈਟ ਹੁੰਦੀ ਹੀ ਨਹੀਂ, ਇਹ ਤਾਂ ਸੂਰਜ ਦੀ ਲਾਈਟ ਨਾਲ ਹੀ ਚਮਕਦੇ ਹਨ। ਇਹ ਜਾਣਕਾਰੀ ਜ਼ਿਆਦਾਤਰ ਉਥੋਂ ਦੇ ਪੱਥਰ ਲਿਆ ਕੇ ਜਾਂ ਰਿਮੋਟ ਸੈਂਸਿੰਗ ਰਾਹੀਂ ਹੀ ਲਈ ਹੋਵੇਗੀ। ਵਿਗਿਆਨੀਆਂ ਵਲੋਂ ਪ੍ਰਾਪਤ ਇਨ੍ਹਾਂ ਗ੍ਰਹਿਆਂ ਦੇ ਸਬੰਧਤ ਤੱਤਾਂ ਬਾਰੇ ਅਤੇ ਹੋਰ ਜਾਣਕਾਰੀ ਦੀ ਸੰਖੇਪ ਖੋਜ ਹੇਠ ਲਿਖੇ ਅਨੁਸਾਰ ਹੈ:
1. ਸੂਰਜ ਗ੍ਰਹਿ: ਇਸ ਦੀ ਵਿਸਥਾਰ ਵਿਚ ਖੋਜ ਅਤੇ ਤੱਤਾਂ ਸਬੰਧੀ ਜਾਣਕਾਰੀ ਉਪਰ ਦਿੱਤੀ ਜਾ ਚੁਕੀ ਹੈ।
2. ਚੰਦਰਮਾ ਗ੍ਰਹਿ: ਇਸ ਦਾ ਵਿਆਸ 3475 ਕਿਲੋਮੀਟਰ ਹੈ, ਜੋ ਧਰਤੀ ਦਾ ਚੌਥਾ ਹਿੱਸਾ ਹੀ ਹੈ। ਇਸ ਦੇ ਅੰਦਰੂਨੀ ਹਿੱਸੇ ਵਿਚ ਬਹੁਤਾ ਲੋਹਾ ਹੋਣ ਦੀ ਹੀ ਸੰਭਾਵਨਾ ਹੈ। ਇਸ ਤੋਂ ਅੱਗੇ 1330 ਕਿਲੋਮੀਟਰ ਦੇ ਘੇਰੇ ਵਿਚ ਸਖਤ ਚੱਟਾਨਾਂ ਹਨ ਜਿਸ ਵਿਚ ਬਹੁਤਾ ਲੋਹਾ ਤੇ ਮੈਗਨੀਸ਼ੀਅਮ ਹੈ ਅਤੇ ਇਸ ਦੀ ਬਾਹਰਲੀ ਤਹਿ ਟੁੱਟੀਆਂ ਚੱਟਾਨਾਂ ਦੀ ਹੈ| ਇਸ ਵਿਚ ਕਰੀਬ 43% ਆਕਸੀਜਨ, 20% ਸਿਲੀਕੌਨ, 15% ਮੈਗਨੀਸ਼ੀਅਮ, 10% ਲੋਹਾ, 3% ਐਲਮੀਨੀਅਮ, 0.42% ਕ੍ਰੋਮੀਅਮ, 0.18% ਟਾਈਟੋਨੀਅਮ ਅਤੇ 0.12% ਮੈਗਨੀਜ਼ ਆਦਿ ਤੱਤ ਮੌਜੂਦ ਹਨ।
3. ਮੰਗਲ ਗ੍ਰਹਿ: ਮੰਗਲ ਗ੍ਰਹਿ ਦੇ ਚੁਫੇਰੇ ਇਕ ਟੈਲਕਮ ਪਾਊਡਰ ਵਰਗੀ ਧੂੜ ਮੌਜੂਦ ਹੈ, ਜਿਸ ਨੂੰ ਲਾਲ ਤਾਰਾ ਵੀ ਕਹਿੰਦੇ ਹਨ ਕਿਉਂਕਿ ਇਸ ਵਿਚ ਠੋਸ ਲੋਹੇ ਦਾ ਆਕਸਾਈਡ ਹੈ ਜਿਸ ਦਾ ਰੰਗ ਲਾਲ ਹੁੰਦਾ ਹੈ। ਇਸ ਤੋਂ ਅੱਗੇ ਅੰਦਰ ਨੂੰ 50 ਕਿਲੋਮੀਟਰ ਦੀ ਦੂਰੀ ਤਕ ਮਿੱਟੀ ਦੀ ਤਰ੍ਹਾਂ ਸੋਡੀਅਮ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਲਮੀਨੀਅਮ, ਟਾਈਟੇਨੀਅਮ, ਕ੍ਰੋਮੀਅਮ, ਸਲਫਰ ਅਤੇ ਫਾਸਫੋਰਸ ਆਦਿ ਤੱਤਾਂ ਦੀ ਤਹਿ ਮੌਜੂਦ ਹੈ|
4. ਬੁੱਧ ਗ੍ਰਹਿ: ਵਿਗਿਆਨੀਆਂ ਦਾ ਯਕੀਨ ਹੈ ਕਿ ਇਸ ਦੇ ਅੰਦਰਲੇ ਹਿੱਸੇ ਵਿਚ ਧਾਤਾਂ ਹਨ, ਇਸ ਤੋਂ ਅੱਗੇ ਬਾਹਰ ਨੂੰ ਟੁੱਟੀਆਂ ਚੱਟਾਨਾਂ ਹਨ, ਜਿਨ੍ਹਾਂ ਵਿਚ ਬਹੁਤਾ ਲੋਹਾ ਮੌਜੂਦ ਹੈ। ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਹਾਈਡਰੋਆਕਸਾਈਡ, ਆਕਸੀਜਨ ਅਤੇ ਸਿਲੀਕੌਨ ਆਦਿ ਤੱਤ ਵੀ ਮੌਜੂਦ ਹਨ।
5. ਬ੍ਰਹਿਸਪਤੀ ਗ੍ਰਹਿ: ਇਹ ਸੋਲਰ ਸਿਸਟਮ ਵਿਚ ਆਕਾਰ ਪੱਖੋਂ ਸਭ ਤੋਂ ਵੱਡਾ ਗ੍ਰਹਿ ਹੈ। ਜੇ ਸਾਰੇ ਗ੍ਰਹਿਆਂ ਨੂੰ ਰਲਾ ਕੇ ਭੀ ਇਹ ਉਨ੍ਹਾਂ ਤੋਂ ਢਾਈ ਗੁਣਾ ਵੱਡਾ ਹੈ। ਇੰਨਾ ਵੱਡਾ ਕਿ ਇਸ ਵਿਚ 318 ਧਰਤੀਆਂ ਸਮਾ ਜਾਣ| ਫਿਰ ਭੀ ਇਸ ਨੂੰ ਛੋਟਾ ਤਾਰਾ ਹੀ ਕਹਿੰਦੇ ਹਨ ਕਿਉਂਕਿ ਇਸ ਵਿਚ ਸਭ ਤੱਤ ਗੈਸਾਂ ਦੀ ਸ਼ਕਲ ਵਿਚ ਹੀ ਹਨ, ਜ਼ਿਆਦਾਤਰ ਉਥੇ ਵੀ ਸੂਰਜ ਦੀ ਤਰ੍ਹਾਂ ਹੀਲੀਅਮ ਤੇ ਹਾਈਡਰੋਜਨ ਗੈਸ ਹੀ ਹੈ। ਇਸ ‘ਤੇ 192-400 ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਹਵਾਵਾਂ ਚਲਦੀਆਂ ਹਨ।
6. ਸ਼ੁੱਕਰ ਗ੍ਰਹਿ: ਇਸ ਦੇ ਅੰਦਰਲੇ ਹਿੱਸੇ ਵਿਚ ਲੋਹਾ ਹੈ ਅਤੇ ਬਾਹਰੋਂ ਜਮੀਨ ਵਾਂਗ ਪਥਰੀਲਾ ਹੈ। ਇਸ ਦੇ ਬਾਹਰਲੇ ਚੌਗਿਰਦੇ ਵਿਚ 93% ਕਾਰਬਨ ਡਾਈਆਕਸਾਈਡ, 3% ਨਾਈਟਰੋਜਨ ਅਤੇ ਥੋੜੀਆਂ ਥੋੜੀਆਂ ਹੋਰ ਗੈਸਾਂ ਹਨ|
7. ਸ਼ਨੀ ਗ੍ਰਹਿ: ਇਸ ਦੇ ਭੀ ਅੰਦਰੂਨੀ ਹਿੱਸੇ ਵਿਚ ਗਰਮ ਠੋਸ ਲੋਹਾ ਹੈ। ਇਸ ਦੀ ਉਪਰਲੀ ਤਹਿ ਧਰਤੀ ਵਾਂਗ ਚੱਟਾਨਾਂ ਦੀ ਹੈ ਜਦਕਿ ਬਾਹਰਲੀ ਤਹਿ ਵਿਚ ਤਰਲ ਹਾਈਡਰੋਜਨ ਹੈ ਅਤੇ ਇਸ ਦੇ ਕੁਝ ਹਿਸਿਆਂ ਵਿਚ ਹਾਈਡਰੋਜਨ ਤੇ ਹੀਲੀਅਮ ਹੈ|
8. ਰਾਹੂ ਤੇ ਕੇਤੂ ਗ੍ਰਹਿ: ਇਨ੍ਹਾਂ ਦੋਹਾਂ ਗ੍ਰਹਿਆਂ ਦੀ ਹੋਂਦ ਬ੍ਰਹਿਮੰਡ ਨਹੀਂ ਹੈ। ਫਰਜੀ ਹੀ ਹਨ।
ਉਪਰ ਦਰਸਾਏ ਸਾਡੇ ਪੁਰਾਤਨ ਸਭਿਅਤਾ ਦੇ ਨਵਗ੍ਰਹਿ, ਸੂਰਜ ਸਮੇਤ (ਰਾਹੂ ਤੇ ਕੇਤੂ ਤੋਂ ਬਿਨਾ) ਦੀ ਵਿਗਿਆਨ ਪੱਖੋਂ ਪੜਤਾਲ ਕਰਨ ਪਿਛੋਂ ਜਾਣਕਾਰੀ ਮਿਲ ਚੁਕੀ ਹੈ ਕਿ ਸਾਡੀ ਪੁਰਾਤਨ ਸਭਿਅਤਾ ਦੇ ਸਾਰੇ ਗ੍ਰਹਿ ਕਿਸ ਕਿਸ ਪਦਾਰਥ ਦੇ ਬਣੇ ਹਨ ਅਰਥਾਤ ਇਨ੍ਹਾਂ ਵਿਚ ਕਿਹੜੇ ਕਿਹੜੇ ਤੱਤ ਮੌਜੂਦ ਹਨ। ਧਰਤੀ ਵਿਚ ਵੀ ਇਸੇ ਤਰ੍ਹਾਂ ਦੇ ਤੱਤ ਮੌਜੂਦ ਹਨ ਜਿਸ ਤਰ੍ਹਾਂ ਦੇ ਇਨ੍ਹਾਂ ਗ੍ਰਹਿਆਂ ਵਿਚ ਹਨ। ਸਿਰਫ ਉਨ੍ਹਾਂ ਦੀ ਮਿਕਦਾਰ ਅਤੇ ਹਾਲਾਤ ਵਿਚ ਫਰਕ ਹੈ ਅਰਥਾਤ ਇਨ੍ਹਾਂ ਦੀ ਹੋਂਦ ਇਕ ਹੀ ਹੈ। ਇਸ ਲਈ ਇਨ੍ਹਾਂ ਗ੍ਰਹਿਆਂ ਦਾ ਧਰਤੀ ‘ਤੇ ਵਸਦੇ ਇਨਸਾਨਾਂ ਦੀ ਜ਼ਿੰਦਗੀ ਨਾਲ ਕਿਸੇ ਪੱਖੋਂ ਵੀ ਸਬੰਧ ਨਹੀਂ ਹੋ ਸਕਦਾ ਅਰਥਾਤ ਇਨ੍ਹਾਂ ਦੀ ਫਰਜੀ ਭੰਨ ਤੋੜ ਨਾਲ ਬਣਾਈਆਂ ਕੁੰਡਲੀਆਂ ਪੂਰਨ ਤੌਰ ‘ਤੇ ਅੰਧਵਿਸ਼ਵਾਸੀ ਹਨ। ਇਹ ਅੰਧਵਿਸ਼ਵਾਸ ਪੂਰਨ ਅਗਿਆਨ ਦਾ ਪ੍ਰਤੀਕ ਹੈ, ਜੋ ਸਾਡੀ ਸਭਿਅਤਾ ਵਿਚ ਘੁਸ ਚੁਕਾ ਹੈ। ਇਸ ਨੂੰ ਜੜ੍ਹੋਂ ਪੁੱਟਣਾ ਸਮੇਂ ਦੀ ਮੰਗ ਹੈ ਤਾਂ ਜੋ ਸਾਡੀਆਂ ਅਗਲੀਆਂ ਪੀੜ੍ਹੀਆਂ ਅੰਧਵਿਸ਼ਵਾਸ ਰਹਿਤ ਹੋਣ ਅਤੇ ਉਨ੍ਹਾਂ ਦਾ ਸਮੁੱਚਾ ਆਤਮਕ ਵਿਕਾਸ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਹੋ ਸਕੇ।