ਦੱਰਾ ਖੈਬਰ ਦਾ ਆਪਣਾ ਇਤਿਹਾਸ ਹੈ। ਭਾਰਤ ਵਿਚ ਹਰ ਹਮਲਾਵਰ ਇਹ ਦੱਰਾ ਪਾਰ ਕਰ ਕੇ ਹੀ ਆਇਆ। ਮਹਾਰਾਜਾ ਰਣਜੀਤ ਸਿੰਘ ਨੇ ਜਮਰੌਦ ਅਤੇ ਪੇਸ਼ਾਵਰ ਦੇ ਕਿਲੇ ਜਿੱਤ ਕੇ ਹਮਲਾਵਰਾਂ ਲਈ ਇਹ ਲਾਂਘਾ ਬੰਦ ਕਰ ਦਿੱਤਾ। ਅੱਜ ਕੱਲ੍ਹ ਇਹ ਦੱਰਾ ਹਥਿਆਰ ਬਣਾਉਣ ਅਤੇ ਸੰਸਾਰ ਭਰ ਵਿਚ ਇਨ੍ਹਾਂ ਦੀ ਸਪਲਾਈ ਲਈ ਮਸ਼ਹੂਰ ਹੈ। ਇਸ ਦੱਰੇ ਬਾਰੇ ਬਲਰਾਜ ਸਿੰਘ ਸਿੱਧੂ ਦਾ ਲਿਖਿਆ ਜਾਣਕਾਰੀ ਭਰਪੂਰ ਇਹ ਲੇਖ ਹਾਜ਼ਰ ਹੈ।
-ਸੰਪਾਦਕ
ਬਲਰਾਜ ਸਿੰਘ ਸਿੱਧੂ
ਦੁਨੀਆਂ ਦੇ ਕਿਸੇ ਖਿੱਤੇ ਦੇ ਇਤਿਹਾਸ ‘ਤੇ ਭੂਗੋਲਿਕ ਵਿਸ਼ੇਸ਼ਤਾ ਨੇ ਇੰਨਾ ਪ੍ਰਭਾਵ ਨਹੀਂ ਪਾਇਆ ਹੋਵੇਗਾ, ਜਿੰਨਾ ਪੰਜਾਬ ਦੇ ਇਤਿਹਾਸ ਉਤੇ ਦੱਰਾ ਖੈਬਰ ਨੇ ਪਾਇਆ ਹੈ। ਅਸਲ ਵਿਚ ਪੰਜਾਬ ਦਾ ਇਤਿਹਾਸ ਲਿਖਿਆ ਹੀ ਦੱਰਾ ਖੈਬਰ ਨੇ ਹੈ। ਇਸ ਕਾਰਨ ਕਈ ਸਲਤਨਤਾਂ ਬਣੀਆਂ ਤੇ ਕਈ ਤਬਾਹ ਹੋਈਆਂ। ਦੱਰਾ ਖੈਬਰ ਰਾਹੀਂ ਭਾਰਤ ‘ਤੇ ਹਮਲਾ ਕਰਨ ਵਾਲੇ ਸਭ ਤੋਂ ਪਹਿਲੇ ਵਿਦੇਸ਼ੀ ਹਮਲਾਵਰ ਸਨ, ਆਰੀਆ ਕਬੀਲੇ। ਉਨ੍ਹਾਂ ਨੇ 3300 ਸਾਲ ਪਹਿਲਾਂ 1500 ਬੀ. ਸੀ. ਵਿਚ ਖੈਬਰ ਦੱਰਾ ਪਾਰ ਕੀਤਾ। ਉਨ੍ਹਾਂ ਅਤਿ ਆਧੁਨਿਕ ਸਿੰਧ ਘਾਟੀ ਦੀ ਸਭਿਅਤਾ ਤਬਾਹ ਕਰ ਕੇ ਸਾਰੇ ਉਤਰੀ ਤੇ ਮੱਧ ਭਾਰਤ ‘ਤੇ ਕਬਜ਼ਾ ਜਮਾ ਲਿਆ ਅਤੇ ਭਾਰਤ ਵਿਚ ਹਿੰਦੂ ਧਰਮ ਦੀ ਨੀਂਹ ਰੱਖੀ। ਆਰੀਆਂ ਤੋਂ ਬਾਅਦ ਇਰਾਨ ਦੇ ਬਾਦਸ਼ਾਹ ਡੇਰੀਅਸ ਪਹਿਲੇ ਨੇ 516 ਬੀ. ਸੀ. ਅਤੇ ਯੂਨਾਨ ਦੇ ਪ੍ਰਸਿਧ ਸਮਰਾਟ ਸਿਕੰਦਰ ਮਹਾਨ ਨੇ 326 ਬੀ. ਸੀ. (ਅੱਜ ਤੋਂ 2344 ਸਾਲ ਪਹਿਲਾਂ) ਦੱਰਾ ਖੈਬਰ ਪਾਰ ਕੀਤਾ। ਡੇਰੀਅਸ ਨੇ ਤਾਂ ਸਿੰਧ ਅਤੇ ਪੰਜਾਬ ‘ਤੇ ਕਬਜ਼ਾ ਕਰ ਲਿਆ ਪਰ ਸਿਕੰਦਰ ਬਹੁਤਾ ਅੱਗੇ ਨਾ ਵਧ ਸਕਿਆ। ਉਹ ਪੋਰਸ ਸਮੇਤ ਪੰਜਾਬ ਦੇ ਕੁਝ ਛੋਟੇ-ਮੋਟੇ ਰਾਜਿਆਂ ਨੂੰ ਹਰਾ ਕੇ 19 ਮਹੀਨਿਆਂ ਬਾਅਦ ਵਾਪਸ ਚਲਾ ਗਿਆ।
ਜਦੋਂ ਵੀ ਪੰਜਾਬ ਅਤੇ ਭਾਰਤ ਵਿਚ ਕਮਜ਼ੋਰ ਅਤੇ ਅੱਯਾਸ਼ ਰਾਜੇ ਤਖਤ ‘ਤੇ ਬੈਠਦੇ, ਵਿਦੇਸ਼ੀ ਹਮਲਾਵਰ ਆ ਧਮਕਦੇ। ਸਿਕੰਦਰ ਤੋਂ ਬਾਅਦ ਕੁਸ਼ਾਣ, ਸ਼ੱਕ, ਪਾਰਥੀਅਨ, ਮਹਿਮੂਦ ਗਜ਼ਨਵੀ (1050 ਤੋਂ 1070), ਮੁਹੰਮਦ ਗੌਰੀ (1191), ਮੰਗੋਲ (1309 ਤੋਂ 1315), ਤੈਮੂਰ ਲੰਗ (1398), ਬਾਬਰ (1525), ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਅਬਦਾਲੀ (1748 ਤੋਂ 1767)-ਸਭ ਖੈਬਰ ਦੇ ਰਸਤੇ ਹੀ ਆਏ। ਹਰ ਹਮਲੇ ਵਿਚ ਸਭ ਤੋਂ ਵੱਧ ਜਾਨੀ-ਮਾਲੀ ਨੁਕਸਾਨ ਪੰਜਾਬ ਦਾ ਹੁੰਦਾ, ਕਿਉਂਕਿ ਦਿੱਲੀ ਦੇ ਰਸਤੇ ਵਿਚ ਸਭ ਤੋਂ ਰੱਜਿਆ-ਪੁੱਜਿਆ ਇਲਾਕਾ ਇਹੋ ਸੀ। ਹਮਲਾਵਰ ਦਿੱਲੀ ਵੱਲ ਚੜ੍ਹਾਈ ਕਰਨ ਤੋਂ ਪਹਿਲਾਂ ਪੰਜਾਬ ਵਿਚ ਬੈਠ ਕੇ ਜੰਗੀ ਤਿਆਰੀ ਕਰਦੇ। ਅਖੀਰ ਸਿੱਖ ਮਿਸਲਾਂ ਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਵਰਤਾਰਾ ਹਮੇਸ਼ਾ ਲਈ ਬੰਦ ਕਰ ਦਿੱਤਾ। ਪੇਸ਼ਾਵਰ ਅਤੇ ਜਮਰੌਦ ਦੇ ਕਿਲ੍ਹਿਆਂ ‘ਤੇ ਕਬਜ਼ੇ ਜਮਾ ਕੇ ਵਿਦੇਸ਼ੀ ਹਮਲਾਵਰਾਂ ਦੇ ਸਿਰ ‘ਤੇ ਖਾਲਸਾ ਫੌਜ ਬਿਠਾ ਦਿੱਤੀ ਗਈ। ਖਾਲਸਾ ਫੌਜ ਨੇ 1834 ਵਿਚ ਖੈਬਰ ‘ਤੇ ਕਬਜ਼ਾ ਕਰ ਲਿਆ। ਹਰੀ ਸਿੰਘ ਨਲਵਾ ਇਥੋਂ ਦਾ ਸਭ ਤੋਂ ਪ੍ਰਸਿਧ ਗਵਰਨਰ ਮੰਨਿਆ ਜਾਂਦਾ ਹੈ।
ਖੈਬਰ ਦਾ ਅਰਥ ਹੈ, ਕਿਲ੍ਹਾ। ਇਹ ਪਾਕਿਸਤਾਨ ਦੇ ਸੂਬਾ ਸਰਹੱਦ ਦੇ ਸਫੈਦ ਕੋਹ-ਸਪਿਨ ਘਾਰ ਪਰਬਤਾਂ ਵਿਚ 3510 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਸ ਦੀ ਕੁੱਲ ਚੌੜਾਈ 5 ਕਿਲੋਮੀਟਰ ਹੈ। ਇਥੇ ਸਾਰਾ ਸਾਲ ਮੌਸਮ ਠੰਢਾ ਰਹਿੰਦਾ ਹੈ ਤੇ ਕਾਫੀ ਬਰਸਾਤ ਹੁੰਦੀ ਹੈ। ਇਸ ਦੇ ਇਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਅਫਗਾਨਿਸਤਾਨ ਹੈ। ਇਹ ਪੁਰਾਣੇ ਸਿਲਕ ਰੂਟ ਦਾ ਮੁੱਖ ਲਾਂਘਾ ਸੀ ਤੇ ਦੁਨੀਆਂ ਦੇ ਪ੍ਰਾਚੀਨ ਦੱਰਿਆਂ ਵਿਚ ਆਉਂਦਾ ਹੈ। ਇਸ ਨੇ ਪੰਜਾਬ ‘ਤੇ ਜ਼ਬਰਦਸਤ ਇਤਿਹਾਸਕ, ਸਮਾਜਕ, ਆਰਥਕ, ਰਾਜਨੀਤਕ ਅਤੇ ਧਾਰਮਿਕ ਪ੍ਰਭਾਵ ਪਾਇਆ। ਹੁਣ ਤੱਕ ਇਹ ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਅਹਿਮ ਵਪਾਰਕ ਅਤੇ ਫੌਜੀ ਰਸਤਾ ਰਿਹਾ ਹੈ। ਹੁਣ ਇਹ ਪਾਕਿਸਤਾਨ ਦੇ ਅਰਧ ਆਜ਼ਾਦ ਪਖਤੂਨ ਕਬਾਇਲੀ ਫਾਟਾ (ਫੈਡਰਲੀ ਐਡਮਿਨਿਸਟਰਡ ਟਰਾਈਬਲ ਏਰੀਆ) ਇਲਾਕੇ ਦਾ ਹਿੱਸਾ ਹੈ।
ਖੈਬਰ ਦੱਰੇ ਦੇ ਉਤਰ ਵੱਲ ਮਲਾਗੋਰੀ ਅਤੇ ਦੱਖਣ ਵੱਲ ਅਫਰੀਦੀ ਕਬੀਲੇ ਦਾ ਕਬਜ਼ਾ ਹੈ। ਅਫਰੀਦੀ ਇਸ ਦੱਰੇ ਨੂੰ ਆਪਣੀ ਮਾਲਕੀ ਸਮਝਦੇ ਤੇ ਇਥੋਂ ਗੁਜ਼ਰਨ ਵਾਲੇ ਵਪਾਰੀਆਂ ਤੋਂ ਟੈਕਸ ਵਸੂਲਦੇ ਸਨ। ਇਸ ਦੇ ਰਣਨੀਤਕ ਮਹੱਤਵ ਨੂੰ ਸਮਝਦਿਆਂ ਅੰਗਰੇਜ਼ਾਂ ਨੇ 1925 ਵਿਚ ਜਮਰੌਦ ਤੋਂ ਲੈ ਕੇ ਲੰਡੀ ਕੋਤਲ ਤੱਕ ਰੇਲਵੇ ਲਾਈਨ ਵਿਛਾ ਦਿੱਤੀ। ਇਹ ਲਾਈਨ ਇੰਜੀਨੀਅਰਿੰਗ ਦਾ ਬਿਹਤਰੀਨ ਨਮੂਨਾ ਸਮਝੀ ਜਾਂਦੀ ਹੈ।
ਅਫਗਾਨ ਸੰਕਟ ਵੇਲੇ ਇਸ ਦੱਰੇ ਦਾ ਨਾਂ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ। ਜਦੋਂ ਰੂਸ ਨੇ ਅਫਗਾਨਿਸਤਾਨ ‘ਤੇ ਸਾਲ 1979 ਵਿਚ ਖੁਦ ਦਖਲ ਦਿੱਤਾ ਤਾਂ ਅਮਰੀਕਾ ਦੁਆਰਾ ਇਸ ਰਸਤੇ ਰਾਹੀਂ ਗੋਲੀ ਸਿੱਕਾ ਮੁਜਾਹਿਦੀਨ ਕੋਲ ਪਹੁੰਚਾਇਆ ਜਾਂਦਾ ਸੀ। ਜਦੋਂ ਅਮਰੀਕਾ ਨੇ ਸਾਲ 2001 ਵਿਚ ਤਾਲਿਬਾਨ ਅਤੇ ਅਲ ਕਾਇਦਾ ‘ਤੇ ਹਮਲਾ ਕੀਤਾ ਤਾਂ ਨਾਟੋ ਫੌਜਾਂ ਨੂੰ ਵੀ ਸਾਰੀ ਰਸਦ ਅਤੇ ਤੇਲ ਇਸੇ ਰਸਤੇ ਪਹੁੰਚਦਾ ਸੀ। ਪਾਕਿਸਤਾਨ ਇਸ ਸਹੂਲਤ ਬਦਲੇ ਹਰ ਸਾਲ ਅਮਰੀਕਾ ਤੋਂ ਕਰੋੜਾਂ ਡਾਲਰ ਮਦਦ ਪ੍ਰਾਪਤ ਕਰਦਾ ਸੀ। ਤਾਲਿਬਾਨ ਨੇ ਇਨ੍ਹਾਂ ਟਰੱਕ ਕਾਫਲਿਆਂ ਉਤੇ ਹਮਲੇ ਕਰ ਕੇ ਕਈ ਵਾਰ ਸੈਂਕੜੇ ਟਰੱਕ ਸਾੜੇ ਪਰ ਹੁਣ ਇਹ ਇਲਾਕਾ ਸੁਰੱਖਿਅਤ ਹੈ, ਕਿਉਂਕਿ ਪਾਕਿਸਤਾਨ ਸਰਕਾਰ ਇਸ ਦੀ ਰਾਖੀ ਲਈ ਅਫਰੀਦੀ ਕਬੀਲੇ ਨੂੰ ਹਰ ਸਾਲ ਮੋਟਾ ਮੁਆਵਜ਼ਾ ਦਿੰਦੀ ਹੈ।
ਇਸ ਵੇਲੇ ਦੱਰਾ ਖੈਬਰ ਜਿਸ ਕੰਮ ਲਈ ਸਾਰੇ ਸੰਸਾਰ ਵਿਚ ਪ੍ਰਸਿਧ ਹੈ, ਉਹ ਹੈ ਨਕਲੀ ਹਥਿਆਰ ਬਣਾਉਣ ਦੀਆਂ ਸੈਂਕੜੇ ਫੈਕਟਰੀਆਂ। ਦੁਨੀਆਂ ਦੇ ਕਿਸੇ ਵੀ ਹਥਿਆਰ ਜਿਵੇਂ ਏ.ਕੇ. 47, ਊਜ਼ੀ ਮਸ਼ੀਨਗੰਨ, ਐਮ-16, ਕਿਸੇ ਵੀ ਮਾਅਰਕੇ ਦਾ ਪਿਸਤੌਲ-ਰਿਵਾਲਵਰ ਆਦਿ ਦੀ ਬੇਹੱਦ ਸਟੀਕ, ਕਾਰਗਰ, ਹੂ-ਬ-ਹੂ ਨਕਲ ਇਥੇ ਕੁਝ ਹੀ ਘੰਟਿਆਂ ਵਿਚ ਤਿਆਰ ਕਰ ਕੇ ਦੇ ਦਿੱਤੀ ਜਾਂਦੀ ਹੈ। ਇਹ ਘਰੇਲੂ ਉਦਯੋਗ ਬਿਲਕੁਲ ਕਾਨੂੰਨੀ ਹੈ, ਕਿਉਂਕਿ ਫਾਟਾ ਵਿਚ ਹੋਣ ਕਾਰਨ ਇਥੇ ਪਾਕਿਸਤਾਨੀ ਕਾਨੂੰਨ ਲਾਗੂ ਨਹੀਂ ਹੁੰਦੇ ਤੇ ਟੈਕਸ ਵੀ ਨਾ ਦੇ ਬਰਾਬਰ ਹਨ। ਹਰ ਮਾਅਰਕੇ ਅਤੇ ਬੋਰ ਦੀਆਂ ਰਾਈਫਲਾਂ, ਬੰਦੂਕਾਂ, ਗੋਲੀਆਂ ਅਤੇ ਕਾਰਤੂਸਾਂ ਨਾਲ ਦੁਕਾਨਾਂ ਤੂੜੀਆਂ ਪਈਆਂ ਹਨ। ਜਿਹੜੇ ਚੀਨੀ ਪਿਸਤੌਲ ਜਾਂ ਅਸਾਲਟਾਂ ਸਾਡੇ ਪੰਜਾਬ ਵਿਚ ਸਮੱਗਲਰਾਂ ਜਾਂ ਗੈਂਗਸਟਰਾਂ ਕੋਲੋਂ ਫੜ੍ਹੀਆਂ ਜਾ ਰਹੀਆਂ ਹਨ, ਉਹ ਜ਼ਿਆਦਾਤਰ ਚੀਨ ਦੀ ਥਾਂ ਖੈਬਰ ਦੱਰੇ ਦੀਆਂ ਬਣੀਆਂ ਹੋਈਆਂ ਹਨ।
ਇਹ ਘਰੇਲੂ ਉਦਯੋਗ 19ਵੀਂ ਸਦੀ ਦੌਰਾਨ ਹੋਂਦ ਵਿਚ ਆਇਆ, ਜਦੋਂ ਬ੍ਰਿਟਿਸ਼ ਫੌਜਾਂ ਨੇ ਅਫਗਾਨਿਸਤਾਨ ਵਿਚ ਫੌਜੀ ਕਾਰਵਾਈਆਂ ਕੀਤੀਆਂ। ਅਫਗਾਨਾਂ ਨੂੰ ਉਸ ਵੇਲੇ ਹਥਿਆਰਾਂ ਦੀ ਸਖਤ ਲੋੜ ਸੀ। ਉਨ੍ਹਾਂ ਦੀ ਲੋੜ ਪੂਰੀ ਕਰਨ ਲਈ ਦੱਰਾ ਖੈਬਰ ਵਿਚ ਕੁਝ ਵਰਕਸ਼ਾਪਾਂ ਖੁੱਲ੍ਹ ਗਈਆਂ। ਉਸ ਵੇਲੇ ਬ੍ਰਿਟਿਸ਼ ਫੌਜ ਦੇ ਹਥਿਆਰਾਂ ਦੀ ਨਕਲ ਤਿਆਰ ਕੀਤੀ ਜਾਂਦੀ ਸੀ। ਅੰਗਰੇਜ਼ਾਂ ਨੇ ਵੀ ਇਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਇਸ ਨੂੰ ਹੱਲਾਸ਼ੇਰੀ ਹੀ ਦਿੱਤੀ। ਪਹਿਲੇ ਸੰਸਾਰ ਯੁੱਧ ਸਮੇਂ ਸੂਬਾ ਸਰਹੱਦ ਤੋਂ ਭਰਤੀ ਕੀਤੇ ਫੌਜੀਆਂ ਨੂੰ ਦੱਰੇ ਦੇ ਬਣੇ ਹਥਿਆਰ ਹੀ ਦਿੱਤੇ ਗਏ ਸਨ, ਕਿਉਂਕਿ ਬਰਤਾਨਵੀਆਂ ਨੂੰ ਡਰ ਸੀ ਕਿ ਇਹ ਅੱਖੜ ਕਿਸਮ ਦੇ ਫੌਜੀ ਸਰਕਾਰੀ ਰਾਈਫਲਾਂ ਲੈ ਕੇ ਭੱਜ ਜਾਣਗੇ।
ਅਫਗਾਨਿਸਤਾਨ ਸਦੀਆਂ ਤੱਕ ਰੂਸ ਅਤੇ ਇੰਗਲੈਂਡ ਦਰਮਿਆਨ ਝਗੜੇ ਦਾ ਕਾਰਨ ਰਿਹਾ ਹੈ। ਇਸ ਲਈ ਇਨ੍ਹਾਂ ਕਾਰੀਗਰਾਂ ਨੂੰ ਦੋਹਾਂ ਦੇਸ਼ਾਂ ਦੇ ਹਥਿਆਰਾਂ ਦੀਆਂ ਨਕਲਾਂ ਬਣਾਉਣ ਦੀ ਮੁਹਾਰਤ ਹਾਸਲ ਹੋ ਗਈ। ਇਸ ਪਿਛੋਂ ਰੂਸੀ ਦਖਲ ਦੌਰਾਨ ਮੁਜ਼ਾਹਿਦੀਨ ਲਈ ਇਥੋਂ ਲੱਖਾਂ ਅਸਾਲਟਾਂ ਬਣ ਕੇ ਗਈਆਂ। ਇਸ ਪਿਛੋਂ ਜਦੋਂ ਅਮਰੀਕਾ ਨੇ ਤਾਲਿਬਾਨ ‘ਤੇ ਹਮਲਾ ਕੀਤਾ ਤਾਂ ਇਹ ਤਾਲਿਬਾਨ ਨੂੰ ਹਥਿਆਰ ਸਪਲਾਈ ਕਰਨ ਦਾ ਮੁੱਖ ਜ਼ਰੀਆ ਬਣ ਗਿਆ।
ਪਾਕਿਸਤਾਨ ਵਿਚ ਹਥਿਆਰਾਂ ਦਾ ਲਾਇਸੈਂਸ ਬਹੁਤ ਅਸਾਨੀ ਨਾਲ ਬਣ ਜਾਂਦਾ ਹੈ। ਇਕ ਬੰਦਾ ਜਿੰਨੇ ਚਾਹੇ ਹਥਿਆਰ ਅਤੇ ਗੋਲੀਆਂ ਰੱਖ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਆਟੋਮੈਟਿਕ ਅਤੇ ਸੂਬਿਆਂ ਦੇ ਗ੍ਰਹਿ ਮੰਤਰਾਲੇ ਸੈਮੀ-ਆਟੋਮੈਟਿਕ ਹਥਿਆਰਾਂ ਲਈ ਲਾਇਸੈਂਸ ਜਾਰੀ ਕਰਦੇ ਹਨ। ਏ.ਕੇ. 47 ਵੀ ਕਾਨੂੰਨਨ ਖਰੀਦੀ ਜਾ ਸਕਦੀ ਹੈ। ਹਥਿਆਰਾਂ ਦੀ ਇਸ ਭਾਰੀ ਮੰਗ ਨੂੰ ਸਿਰਫ ਦੱਰਾ ਖੈਬਰ ਹੀ ਪੂਰੀ ਕਰ ਸਕਦਾ ਹੈ।
ਦੱਰਾ ਖੈਬਰ ਵਿਚ ਅਸਲੇ ਦੀ ਦੁਕਾਨ ਜਾਂ ਫੈਕਟਰੀ ਖੋਲ੍ਹਣੀ ਬਹੁਤ ਅਸਾਨ ਹੈ। ਆਰਾਮ ਨਾਲ ਪਰਮਿਟ ਮਿਲ ਜਾਂਦਾ ਹੈ। ਸਰਕਾਰ ਦਾ ਵੀ ਕੋਈ ਬਹੁਤਾ ਕੰਟਰੋਲ ਨਹੀਂ ਹੈ। ਦੱਰਾ ਖੈਬਰ ਦੇ ਵਪਾਰੀਆਂ ਵਲੋਂ ਲਾਇਸੈਂਸਧਾਰੀਆਂ, ਤਾਲਿਬਾਨ, ਕਬੀਲਿਆਂ ਅਤੇ ਗੁੰਡਾ ਗਰੋਹਾਂ ਨੂੰ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਹੁੰਦੀ ਹੈ। ਹਥਿਆਰ ਬਣਾਉਣ ਲਈ ਲੋਕਲ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ‘ਤੇ ਕੰਡਮ ਗੱਡੀਆਂ ਦੇ ਸਖਤ ਹਿੱਸੇ ਜਿਵੇਂ ਧੁਰਾ, ਕਮਾਨੀਆਂ ਅਤੇ ਕਰੈਂਕ ਸ਼ਾਫਟ ਆਦਿ ਵਰਤੇ ਜਾਂਦੇ ਹਨ ਪਰ ਰੇਲਵੇ ਲਾਈਨਾਂ ਦੇ ਟੁਕੜੇ ਅਤੇ ਰੇਲਵੇ ਇੰਜਣਾਂ ਦੇ ਹਿੱਸੇ ਬੇਹੱਦ ਮਜ਼ਬੂਤ ਹੋਣ ਕਾਰਨ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਗੋਲੀਆਂ ਦੇ ਜ਼ਿਆਦਾਤਰ ਖੋਲ ਸਟੀਲ ਦੇ ਹੁੰਦੇ ਹਨ, ਜਿਨ੍ਹਾਂ ਨੂੰ ਤਾਂਬੇ ਦੀ ਪਾਲਿਸ਼ ਕਰ ਦਿੱਤੀ ਜਾਂਦੀ ਹੈ। ਬਹੁਤੀਆਂ ਗੋਲੀਆਂ ਨਾਟੋ ਅਤੇ ਪਾਕਿਸਤਾਨੀ ਫੌਜ ਦੇ ਚੱਲੇ ਹੋਏ ਕਾਰਤੂਸਾਂ ਨੂੰ ਦੁਬਾਰਾ ਭਰ ਕੇ ਬਣਾਈਆਂ ਜਾਂਦੀਆਂ ਹਨ।
ਹਥਿਆਰ ਗਾਹਕ ਦੀ ਪਸੰਦ ਮੁਤਾਬਕ ਬੇਹੱਦ ਮਜ਼ਬੂਤ ਅਤੇ ਕਾਰਗਰ ਜਾਂ ਚਾਲੂ ਕਿਸਮ ਦੇ ਬਣਾਏ ਜਾਂਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਅਮਰੀਕਨ, ਇੰਗਲਿਸ਼, ਰੂਸੀ, ਜਰਮਨ, ਇਟਾਲੀਅਨ, ਇਜ਼ਰਾਈਲੀ ਅਤੇ ਚੀਨੀ ਹਥਿਆਰਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਕਾਰੀਗਰ ਖਾਸ ਤੌਰ ‘ਤੇ ਏ.ਕੇ. 47 ਅਤੇ ਰਿਵਾਲਵਰ-ਪਿਸਤੌਲ ਬਣਾਉਣ ਦੇ ਬੇਹੱਦ ਮਾਹਿਰ ਹਨ। ਹਥਿਆਰ ‘ਤੇ ਮਾਅਰਕਾ ਸਟੈਂਪ ਕਰਨ ਲੱਗਿਆਂ ਜਾਣਬੁੱਝ ਕੇ ਥੋੜ੍ਹਾ-ਬਹੁਤ ਫਰਕ ਪਾ ਦਿੱਤਾ ਜਾਂਦਾ ਹੈ, ਤਾਂ ਜੋ ਪਤਾ ਲੱਗ ਜਾਵੇ ਕਿ ਇਹ ਦੱਰਾ ਖੈਬਰ ਦਾ ਬਣਿਆ ਹੋਇਆ ਹੈ।
ਖੈਬਰ ਵਿਚ ਬਣਨ ਵਾਲੇ ਹਥਿਆਰਾਂ ਦੇ ਆਪਣੇ ਵੀ ਬਰਾਂਡ ਨਾਂ ਹਨ ਜਿਵੇਂ ਬੁਫੈਲੋ, ਡਾਇਮੰਡ, ਡਬਲ ਡਰੈਗਨ, ਡਬਲ ਸਟਾਰ, ਗੁੱਡਲੱਕ, ਗੁਰੀਲਾ ਅਤੇ ਟਾਈਗਰ ਆਦਿ। ਸਾਕਿਬ ਬਰਾਂਡ ਇਥੋਂ ਦਾ ਪ੍ਰਸਿਧ ਬਰਾਂਡ ਹੈ। ਪੰਜਾਬ ਵਿਚ ਅਤਿਵਾਦ ਦੇ ਦਿਨੀਂ ਬਹੁਤੇ ਹਥਿਆਰ ਖੈਬਰ ਦੱਰੇ ਦੇ ਹੀ ਆਉਂਦੇ ਸਨ। ਪੰਜਾਬ ਵਿਚ ਕਿਸੇ ਦਾ ਪਿਸਤੌਲ ਚੈਕ ਕਰਨ ਲੱਗਿਆਂ ਅੱਜ ਵੀ ਜ਼ਰੂਰ ਪੁੱਛਦੇ ਹਨ ਕਿ ਵਲਾਇਤੀ ਆ ਕਿ ਦੱਰੇ ਦਾ ਮਾਲ ਆ? ਪਾਕਿਸਤਾਨ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਦ ਤੱਕ ਅਫਗਾਨਿਸਤਾਨ ਅਤੇ ਸੂਬਾ ਸਰਹੱਦ ਵਿਚ ਸ਼ਾਂਤੀ ਨਹੀਂ ਹੁੰਦੀ, ਇਹ ਕਾਰੋਬਾਰ ਵਧਦਾ-ਫੁਲਦਾ ਹੀ ਰਹਿਣਾ ਹੈ।