ਗੁਰਬਚਨ ਸਿੰਘ, ਜਲੰਧਰ
ਫੋਨ: 91-98156-98451
ਵਿਧਾਨ ਘੜਨੀ ਸਭਾ ਜਦੋਂ ਦੇਸ਼ ਦੇ ਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਖੌਝਲ ਰਹੀ ਸੀ, ਤਾਂ ਆਰ ਐਸ ਐਸ ਮੁਖੀ ਆਪਣੀ ਜਥੇਬੰਦੀ ਦੇ ਅੰਗਰੇਜ਼ੀ ਪਰਚੇ ਵਿਚ ਸਭਾ ਨੂੰ ਮਨੂੰ ਸਿਮ੍ਰਿਤੀ ਦਾ ਚੇਤਾ ਕਰਵਾ ਰਹੇ ਸਨ ਅਤੇ ਉਸ ਨੂੰ ਲਾਗੂ ਕਰਨ ‘ਤੇ ਜੋਰ ਦੇ ਰਹੇ ਸਨ। ਆਰ ਐਸ ਐਸ ਮੁਖੀ ਮਾਧਵ ਸਦਾਸ਼ਿਵ ਗੋਲਵਾਲਕਰ ਦੀ ਆਪਣੀ ਜਥੇਬੰਦੀ ਦੇ ਅੰਗਰੇਜ਼ੀ ਪਰਚੇ ‘ਆਰਗੇਨਾਈਜ਼ਰ’ ਦੇ 23 ਨਵੰਬਰ 1949 ਦੇ ਅੰਕ ਵਿਚ ਛਪੀ ਇਕ ਲੰਬੀ ਲਿਖਤ ਦਾ ਤੱਤਸਾਰ ਹੈ, “ਸਾਡੇ ਵਿਧਾਨ ਵਿਚ ਪ੍ਰਾਚੀਨ ਭਾਰਤ ਦੀ ਨਿਵੇਕਲੀ ਵਿਧਾਨਕ ਪਛਾਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਮਨੂੰ ਦੇ ਕਾਨੂੰਨ ਸਪਾਰਟਾ ਦੇ ਲਿਕਰੇਸ ਤੇ ਇਰਾਨ ਦੇ ਸੋਲੋ ਤੋਂ ਵੀ ਬਹੁਤ ਪਹਿਲਾ ਲਿਖੇ ਗਏ ਸਨ। ਮਨੂੰ ਸਿਮ੍ਰਿਤੀ ਵਿਚ ਦਰਜ ਕਾਨੂੰਨ ਹੁਣ ਤਕ ਵੀ ਸੰਸਾਰ ਭਰ ਵਿਚ ਸਰਾਹੇ ਜਾਂਦੇ ਹਨ ਅਤੇ ਅਜੇ ਵੀ ਆਪ ਮੁਹਾਰੀ ਪ੍ਰਵਾਨਗੀ ਤੇ ਪੁਸ਼ਟੀ ਹਾਸਲ ਕਰਦੇ ਹਨ।” ਆਰ ਐਸ ਐਸ ਦੇ ਸਿਧਾਂਤਕ ਵਿਰਸੇ ਦਾ ਇਹ ਇਕ ਹਲਫੀਆ ਬਿਆਨ ਹੈ।
ਹੁਣ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਡਾ. ਭੀਮ ਰਾਓ ਅੰਬੇਡਕਰ ਵਿਧਾਨ ਘੜਨੀ ਸਭਾ ਦੇ ਚੇਅਰਮੈਨ ਨਾ ਹੁੰਦੇ, ਤਾਂ ਸ਼ਾਇਦ ਸਭਾ ਦੀ ਭਾਰੂ ਧਿਰ ਆਰ ਐਸ ਐਸ ਮੁਖੀ ਦੀ ਇਸ ਗੱਲ ਨੂੰ ਮੰਨ ਲੈਂਦੀ ਅਤੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਭਰ ਵਿਚ ਸਰਕਾਰੀ ਤੌਰ ‘ਤੇ ਮਨੂੰ ਸਿਮ੍ਰਿਤੀ ਨੂੰ ਲਾਗੂ ਕਰਨ ਲਈ ਰਾਜ ਸਭਾ ਵਿਚ ਬਹੁਗਿਣਤੀ ਹਾਸਲ ਕਰਨ ਦੀ ਉਡੀਕ ਨਾ ਕਰਨੀ ਪੈਂਦੀ। ਬਿਨਾ ਸ਼ੱਕ ਗੈਰ-ਸਰਕਾਰੀ ਤੌਰ ‘ਤੇ ਦੇਸ਼ ਭਰ ਵਿਚ ਅਜੇ ਵੀ ਮਨੂੰ ਸਿਮ੍ਰਿਤੀ ਦਾ ਵਰਣ ਪ੍ਰਬੰਧ ਹੀ ਲਾਗੂ ਹੈ।
ਮਨੂੰ ਸਿਮ੍ਰਿਤੀ ਬਾਰੇ ਡਾ. ਅੰਬੇਡਕਰ ਨੇ ਇਹ ਜਾਣਕਾਰੀ ਦਿੱਤੀ ਹੈ, “ਹਿੰਦੂ ਧਰਮ ਦਾ ਸਮੁੱਚਾ ਸਦਾਚਾਰ ਅਤੇ ਧਾਰਮਿਕ ਮਾਨਤਾਵਾਂ ਸਿਮ੍ਰਿਤੀਆਂ ਵਿਚ ਦਰਜ ਹਨ। ਇਹ ਸਿਮ੍ਰਿਤੀਆਂ 108 ਦੇ ਕਰੀਬ ਹਨ। ਇਨ੍ਹਾਂ ਸਿਮ੍ਰਿਤੀਆਂ ਵਿਚੋਂ ਹੀ ਹਿੰਦੂ ਧਰਮ ਅਤੇ ਇਸ ਦਾ ਨੀਤੀ ਸ਼ਾਸਤਰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਸਭ ਸਿਮ੍ਰਿਤੀਆਂ ਦਾ ਇਕ ਸਾਂਝਾ ਸ੍ਰੋਤ ਹੈ, ਮਨੂੰ ਸਿਮ੍ਰਿਤੀ। ਇਸ ਨੂੰ ਮਾਨਵ ਧਰਮ ਸ਼ਾਸਤਰ ਵੀ ਕਿਹਾ ਜਾਂਦਾ ਹੈ। ਬਾਕੀ ਸਭ ਸਿਮ੍ਰਿਤੀਆਂ ਇਸ ਦੀ ਦੁਹਰਾਈ ਮਾਤਰ ਹਨ। ਇਸ ਲਈ ਹਿੰਦੂਆਂ ਦੀਆਂ ਸਭ ਧਾਰਮਿਕ ਮਾਨਤਾਵਾਂ ਅਤੇ ਸਦਾਚਾਰ ਦੇ ਸਾਰੇ ਸੰਕਲਪਾਂ ਨੂੰ ਜਾਣਨ ਲਈ ਮਨੂੰ ਸਿਮ੍ਰਿਤੀ ਦਾ ਅਧਿਐਨ ਹੀ ਕਾਫੀ ਹੈ। ਬਾਕੀ ਸਭ ਸਿਮ੍ਰਿਤੀਆਂ ਵਾਂਗ ਮਨੂੰ ਸਿਮ੍ਰਿਤੀ ਵੀ ਧਾਰਮਿਕ ਕਾਨੂੰਨਾਂ ਦਾ ਇਕ ਜ਼ਾਬਤਾ ਹੈ। ਇਹ ਸਿਰਫ ਸਦਾਚਾਰ ਅਤੇ ਧਰਮ ਦੀ ਇਕ ਕਿਤਾਬ ਹੀ ਨਹੀਂ, ਸਗੋਂ ਇਸ ਨੂੰ ਧਰਮ ਅਤੇ ਸਦਾਚਾਰਕ ਕਾਨੂੰਨਾਂ ਦੀ ਇਕ ਕਿਤਾਬ ਕਹਿਣਾ ਚਾਹੀਦਾ ਹੈ।”
ਮਨੂੰ ਸਿਮ੍ਰਿਤੀ ਵਿਚ ਦਰਜ ਹੈ, “ਉਸ ਮਹਾਨ ਤੇਜ ਵਾਲੇ ਬ੍ਰਹਮਾ ਨੇ ਇਸ ਲੋਕ ਦੀ ਰੱਖਿਆ ਲਈ ਆਪਣੇ ਮੂੰਹ, ਬਾਹਾਂ, ਜੰਘਾਂ ਅਤੇ ਪੈਰਾਂ ਵਿਚੋਂ ਕਰਮਵਾਰ ਚੌਹਾਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂ ਦੇ ਕੰਮ ਅੱਡ-ਅੱਡ ਨਿਸ਼ਚਿਤ ਕਰ ਦਿੱਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿੱਤਾ ਕਿ ਉਹ ਦੂਜੇ ਤਿੰਨਾਂ ਵਰਣਾਂ (ਸੁਵਰਣਾਂ) ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨਿਯਤ ਕੀਤੇ ਕੰਮ ਕਰਨ ਲਈ ਲਾਵੇ। ਅਗਰ ਉਹ ਆਪਣੇ ਨਿਯਤ ਕੀਤੇ ਕੰਮ ਤੋਂ ਮੁਨਕਰ ਹੋਣਗੇ, ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇ। ਜੇ ਯੱਗ ਦੇ ਦੋ ਜਾਂ ਤਿੰਨ ਹਿੱਸੇ ਅਪੂਰਨ ਰਹਿ ਜਾਣ, ਤਾਂ ਸ਼ੂਦਰਾਂ ਦੇ ਘਰਾਂ ਨੂੰ ਲੁੱਟ ਕੇ ਯੱਗ ਨੂੰ ਪੂਰਾ ਕੀਤਾ ਜਾਵੇ। ਜੋ ਬ੍ਰਾਹਮਣ ਆਪਣੇ ਧਰਮ ਦੇ ਵੇਦ ਕਿਸੇ ਸ਼ੂਦਰ ਨੂੰ ਸਿਖਾਉਂਦਾ ਹੈ, ਤਾਂ ਉਸ ਨੂੰ ਉਸੇ ਸ਼ੂਦਰ ਦੇ ਨਾਲ ਹੀ ਨਰਕ ਵਿਚ ਸੁਟਿਆ ਜਾਵੇਗਾ। ਜੇ ਕਿਸੇ ਸ਼ੂਦਰ ਨੂੰ ਆਜ਼ਾਦ ਵੀ ਕਰ ਦਿੱਤਾ ਜਾਵੇ, ਤਾਂ ਵੀ ਉਸ ਨੂੰ ਆਜ਼ਾਦ ਨਹੀਂ ਸਮਝਿਆ ਜਾਵੇਗਾ। ਕਿਉਂਕਿ ਕੁਦਰਤ ਨੇ ਉਸ ਨੂੰ ਗੁਲਾਮ ਬਣਾ ਕੇ ਹੀ ਪੇਸ਼ ਕੀਤਾ ਹੈ।
ਸ਼ੂਦਰ ਦੇ ਰਾਜ ਵਿਚ ਵਸਣਾ ਨਹੀਂ ਚਾਹੀਦਾ। ਬ੍ਰਾਹਮਣ ਨੂੰ ਚਾਹੀਦਾ ਹੈ ਕਿ ਉਹ ਸ਼ੂਦਰ ਪਾਸੋਂ ਆਪਣੀ ਸੇਵਾ ਹੀ ਕਰਵਾਏ, ਚਾਹੇ ਸ਼ੂਦਰ ਮੁੱਲ ਖਰੀਦਿਆ (ਗੁਲਾਮ) ਹੋਵੇ ਜਾਂ ਨਾ। ਜੇ ਕਿਸੇ ਸ਼ੂਦਰ ਦਾ ਹੱਥ ਬ੍ਰਾਹਮਣ ਦੇ ਖਾਣੇ ਨੂੰ ਲੱਗ ਜਾਵੇ ਤਾਂ ਬ੍ਰਾਹਮਣ ਨੂੰ ਉਹ ਖਾਣਾ ਬਿਲਕੁਲ ਨਹੀਂ ਖਾਣਾ ਚਾਹੀਦਾ। ਬ੍ਰਹਮਾ ਨੇ ਸ਼ੂਦਰ ਨੂੰ ਸਿਰਫ ਸੇਵਾ ਲਈ ਹੀ ਪੈਦਾ ਕੀਤਾ ਹੈ। ਜੇ ਸ਼ੂਦਰ ਉਚੀ ਜਾਤ ਵਾਲੇ ਕੰਮ ਕਰਕੇ ਧਨ ਕਮਾ ਲਵੇ, ਤਾਂ ਰਾਜੇ ਨੂੰ ਚਾਹੀਦਾ ਹੈ ਕਿ ਉਸ ਤੋਂ ਧਨ ਖੋਹ ਕੇ ਉਸ ਨੂੰ ਦੇਸ਼ ਨਿਕਾਲਾ ਦੇ ਦੇਵੇ। ਸ਼ੂਦਰ ਨੂੰ ਗਰੀਬ ਬਣਾਈ ਰਖਣਾ ਹੀ ਹਿੰਦੂ ਧਰਮ ਦਾ ਪਾਲਣ ਕਰਨਾ ਹੈ। ਸ਼ੂਦਰ ਧਨਵਾਨ ਜਾਂ ਸਮਰਥ ਹੋ ਕੇ ਦਵਿਜ ਨੂੰ ਦੁਖ ਪਹੁੰਚਾਉਂਦਾ ਹੈ। ਬ੍ਰਾਹਮਣਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਸ਼ੂਦਰ ਨੂੰ ਬ੍ਰਾਹਮਣ ਦੀ ਮ੍ਰਿਤਕ ਦੇਹ ਵੀ ਨਾ ਛੂਹਣ ਦੇਣ। ਜਦੋਂ ਸ਼ੂਦਰ ਬ੍ਰਾਹਮਣ ਦੀ ਮ੍ਰਿਤਕ ਦੇਹ ਨੂੰ ਸਪਰਸ਼ ਕਰੇਗਾ ਤਾਂ ਬ੍ਰਾਹਮਣ ਸੁਰਗ ਨਹੀਂ ਜਾ ਸਕੇਗਾ।
ਚੰਡਾਲ, ਭੰਗੀ, ਚਮਾਰ ਆਦਿ ਜਾਤੀਆਂ ਪਿੰਡ ਤੋਂ ਬਾਹਰ ਰਹਿਣ। ਉਹ ਬਰਤਨ ਨਾ ਰਖਣ। ਉਨ੍ਹਾਂ ਦੀ ਜਾਇਦਾਦ ਕੁੱਤੇ ਅਤੇ ਗਧੇ ਹਨ। ਇਹ ਲੋਕ ਆਪਣੇ ਨਾਲ ਅਜਿਹਾ ਕੋਈ ਚਿੰਨ ਰੱਖਣ, ਜਿਸ ਤੋਂ ਪਤਾ ਲੱਗੇ ਕਿ ਇਹ ਭੰਗੀ ਹਨ। ਰਾਜੇ ਦੇ ਆਦੇਸ਼ ਅਨੁਸਾਰ ਦਿਨੇ ਹੀ ਕੰਮ ਕਰਨ ਅਤੇ ਲਾਵਾਰਿਸ ਮੁਰਦੇ ਢੋਣ। ਜਦੋਂ ਕਿਸੇ ਵੈਸ਼ ਤੋਂ ਧਨ ਆਦਿ ਨਾ ਮਿਲੇ ਤਾਂ ਬ੍ਰਾਹਮਣ ਬੇਰਹਿਮੀ ਨਾਲ ਸ਼ੂਦਰ ਦੇ ਘਰੋਂ ਧਨ ਖੋਹ ਲਵੇ।
ਸ਼ੂਦਰ ਵਿਧਾਤਾ ਦੁਆਰਾ ਬਣਾਏ ਹੋਏ ਬ੍ਰਾਹਮਣ ਦੇ ਦਾਸ ਹਨ। ਨੀਚ ਜਾਤੀਆਂ ਦੇ ਲੋਕ ਰਾਤ ਨੂੰ ਪਿੰਡਾਂ ਤੇ ਨਗਰਾਂ ਵਿਚ ਨਾ ਘੁੰਮਣ। ਸ਼ੂਦਰ ਚਾਹੇ ਕਿੰਨਾ ਵੀ ਯੋਗ ਕਿਉਂ ਨਾ ਹੋਵੇ, ਉਹ ਅਧਿਕਾਰੀ ਬਣ ਜਾਣ ਦਾ ਹੱਕਦਾਰ ਨਹੀਂ। ਨਟ ਦਰਜੀ, ਲੁਹਾਰ, ਮਲਾਹ, ਰੰਗਸਾਜ, ਸੁਨਿਆਰ, ਬੰਸ ਮੋਰ ਤੇ ਰੰਗਰੇਜ ਦਾ ਅੰਨ ਨਾ ਖਾਓ। ਸੁਨਿਆਰ ਦਾ ਅੰਨ ਉਮਰ ਤੇ ਚਮਿਆਰ ਦਾ ਅੰਨ ਵਡਿਆਈ ਘਟਾਉਂਦਾ ਹੈ। ਬੜੀ (ਤਰਖਾਣ) ਦਾ ਅੰਨ ਸੰਤਾਨ ਤੇ ਰੰਗਰੇਜ ਦਾ ਅੰਨ ਤਾਕਤ ਨਸ਼ਟ ਕਰਦਾ ਹੈ। ਪਰਮਾਤਮਾ ਨੇ ਸ਼ੂਦਰ ਨੂੰ ਸਿਰਫ ਇਕ ਹੁਕਮ ਦਿੱਤਾ ਹੈ ਕਿ ਉਹ ਉਪਰ ਵਾਲੇ ਤਿੰਨਾਂ ਵਰਣਾਂ ਦੀ ਸੇਵਾ ਕਰੇ।”
ਦਰਅਸਲ ਇਹੀ ਮਨੂੰਵਾਦੀ ਸੋਚ ਅਤੇ ਇਸ ਸੋਚ ਦੇ ਆਧਾਰ ‘ਤੇ ਬਣੀ ਮਾਨਸਿਕਤਾ ਹੀ ਸਾਡੇ ਦੇਸ਼ ਦੀਆਂ ਸਭ ਸਮਸਿਆਵਾਂ ਦੀ ਜੜ੍ਹ ਹੈ। ਵਰਣ ਵੰਡ ਅਤੇ ਇਸ ਵਰਣ ਵੰਡ ਦੇ ਆਧਾਰ ‘ਤੇ ਬਣੀ ਸੋਚ ਤੇ ਮਾਨਸਿਕਤਾ ਸਾਰੇ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵਡੀ ਰੁਕਾਵਟ ਬਣੀ ਹੋਈ ਹੈ। ਇਕ ਸੁਆਲ ਅਕਸਰ ਕੀਤਾ ਜਾਂਦਾ ਹੈ ਕਿ ਗੁਲਾਮਦਾਰੀ ਤਾਂ ਦੁਨੀਆਂ ਭਰ ਦੇ ਲਗਭਗ ਸਾਰੇ ਹੀ ਸਮਾਜਾਂ ਵਿਚ ਰਹੀ ਹੈ, ਪਰ ਜਾਤਪਾਤ ਵਰਗਾ ਚੀੜ੍ਹਾ ਸਮਾਜੀ ਪ੍ਰਬੰਧ ਸਿਰਫ ਸਾਡੇ ਹੀ ਦੇਸ਼ ਵਿਚ ਕਿਉਂ ਮੌਜੂਦ ਹੈ, ਜੋ ਗੁਲਾਮਦਾਰੀ ਯੁਗ ਦੇ ਖਤਮ ਹੋ ਜਾਣ ਦੇ ਬਾਵਜੂਦ ਅਜੇ ਵੀ ਕਾਇਮ ਹੈ? ਇਸ ਦਾ ਜੁਆਬ ਮਨੂੰ ਸਿਮ੍ਰਿਤੀ ਦੇ ਸੂਤਰਾਂ ਵਿਚ ਦਰਜ ਹੈ, ਜਿਨ੍ਹਾਂ ਨੇ ਜਾਤਪਾਤ ਨੂੰ ਧਾਰਮਿਕ ਰੰਗਤ ਦੇ ਕੇ, ਇਨ੍ਹਾਂ ਨੂੰ ਮੰਨਣਾ ਇਕ ‘ਰੱਬੀ’ ਆਦੇਸ਼ ਬਣਾ ਦਿੱਤਾ ਹੈ।
ਦਿਲਚਸਪ ਗੱਲ ਹੈ ਕਿ ਵੈਦਿਕ ਫਿਲਾਸਫੀ ਸਾਡੇ ਆਲੇ ਦੁਆਲੇ ਪਸਰੇ ‘ਬ੍ਰਹਮ’ ਦੀ ਹੋਂਦ ਨੂੰ ਮਾਨਤਾ ਦਿੰਦੀ ਹੈ, ਪਰ ‘ਬ੍ਰਹਮਾ’ ਦੀ ਹੋਂਦ ਤੋਂ ਮੂਲੋਂ ਹੀ ਇਨਕਾਰੀ ਹੈ। ਕੇਨ ਉਪਨਿਸ਼ਦ ਵਿਚ ਦਰਜ ਹੈ, ‘ਬ੍ਰਹਮ’ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ, ਸਗੋਂ ਬ੍ਰਹਮ ਉਹ ਹੈ, ਜਿਸ ਦੀ ਸ਼ਬਦ ਵੀ ਥਾਹ ਨਹੀਂ ਪਾ ਸਕਦੇ। ਬ੍ਰਹਮ ਮਨੁੱਖ ਦੀ ਸੋਚ ਦੀ ਸੀਮਾ ਤੋਂ ਪਾਰ ਹੈ, ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਇਸ ਬ੍ਰਹਮ ਦਾ ਮਨ ਤੋਂ ਮਨਨ ਨਹੀਂ ਹੋ ਸਕਦਾ। ਇਹ ਅਸੀਮ ‘ਬ੍ਰਹਮ’ ਮਨੁੱਖ ਦੇ ਆਪਣੇ ਮਨ ਦੀ ਅਨੁਭਵੀ ਪਕੜ ਵਿਚ ਨਹੀਂ ਆ ਸਕਦਾ ਬਲਕਿ ਮਨ ਸਾਰਾ ਕੁਝ ਉਸ ਬ੍ਰਹਮ ਤੋਂ ਜਾਣਦਾ ਹੈ। ਇਹ ਬ੍ਰਹਮ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ, ਇਹ ਬ੍ਰਹਮ ਮਨੁੱਖ ਵਾਂਗ ਪ੍ਰਾਣਾਂ ਰਾਹੀਂ ਜੀਵਨ ਨਹੀਂ ਪਾਉਂਦਾ ਸਗੋਂ ਪ੍ਰਾਣ ਇਸ ਬ੍ਰਹਮ ਤੋਂ ਜੀਵਨ ਪਾਉਂਦੇ ਹਨ। ਇਹ ਬ੍ਰਹਮ ਸਮੁਚੇ ਜੀਵਨ ਦਾ ਮੂਲ ਆਧਾਰ ਹੈ।
ਉਪਨਿਸ਼ਦਾਂ ਦਾ ਗਿਆਨ ਇਸ ਸੱਚ ਬਾਰੇ ਕਿੰਨਾ ਸਪਸ਼ਟ ਹੈ ਕਿ ‘ਬ੍ਰਹਮ’ ਉਹ ਨਹੀਂ ਹੈ ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ ਸਗੋਂ ਬ੍ਰਹਮ ਉਹ ਹੈ, ਜੋ ਅਸੀਮ ਬ੍ਰਹਿਮੰਡੀ ਪਸਾਰੇ ਭਾਵ ਬ੍ਰਹਮ ਦੇ ਆਕਾਰ ਰੂਪ ਵਿਚ ਮਨੁੱਖੀ ਸੋਚ ਦੀ ਸੀਮਾ ਤੋਂ ਪਾਰ ਹੈ। ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਜੋ ਮਨੁੱਖ ਦੇ ਆਪਣੇ ਮਨ ਦੀ ਅਨੁਭਵੀ ਪਕੜ ਵਿਚ ਨਹੀਂ ਆ ਸਕਦਾ ਅਤੇ ਜਿਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਜੋ ਅਸੀਮ ਹੈ ਅਤੇ ਮਨੁੱਖੀ ਸੋਚ ਤੋਂ ਵੀ ਪਾਰ ਹੈ। ਇਸੇ ਲਈ ਇਸ ਨੂੰ ਪਾਰਬ੍ਰਹਮ ਵੀ ਕਿਹਾ ਗਿਆ ਹੈ। ਵੈਦਿਕ ਫਿਲਾਸਫੀ ਅਨੁਸਾਰ ਇਹ ਬ੍ਰਹਮ ਹੀ ਸਾਰੇ ਜੀਵਾਂ ਦੇ ਪ੍ਰਾਣਾਂ ਦਾ ਮੂਲ ਆਧਾਰ ਹੈ।
ਵੈਦਿਕ ਫਿਲਾਸਫੀ ਵਿਚ ਸਮੁੱਚੇ ਵਿਸ਼ਵ ਨੂੰ ਇਕ ਪਰਿਵਾਰ (ਕਟੁੰਭ) ਮੰਨਿਆ ਗਿਆ ਹੈ। ਬਾਅਦ ਵਿਚ ਮਨੁੱਖੀ ਸਮਾਜ ਨੂੰ ਵਰਣ ਵੰਡ ਅਤੇ ਜਾਤ-ਪਾਤ ਦੇ ਆਧਾਰ ‘ਤੇ ਤੋੜਨ ਵਾਲੇ ਮਨੂੰਵਾਦੀ ਅੰਸ਼ ਇਸ ਵੈਦਿਕ ਫਿਲਾਸਫੀ ਨਾਲ ਰਲਗਡ ਹੋ ਗਏ। ਅਜੋਕੇ ਵਿਦਵਾਨਾਂ ਸਾਹਮਣੇ ਮੁਖ ਮਸਲਾ ਵੈਦਿਕ ਫਿਲਾਸਫੀ ਨਾਲੋਂ ਮਨੂੰਵਾਦੀ ਅੰਸ਼ਾਂ ਨੂੰ ਨਿਖੇੜਨ ਦਾ ਹੈ। ਵੈਦਿਕ ਫਿਲਾਸਫੀ ਦੇ ਸੱਚ ਨਾਲੋਂ ਮਨੂੰਵਾਦੀ ਕੂੜ ਦਾ ਨਿਖੇੜਾ ਕਰ ਕੇ ਹੀ ਆਰ ਐਸ ਐਸ ਦੀ ਰਾਜਨੀਤਕ ਸੋਚ ਅਤੇ ਮਾਨਸਿਕਤਾ ਨੂੰ ਹਰਾਇਆ ਜਾ ਸਕਦਾ ਹੈ। ਬ੍ਰਹਮ ਹਕੀਕੀ ਸੱਚ ਦਾ ਗਿਆਨ ਹੈ, ਜਦਕਿ ਬ੍ਰਹਮਾ ਮਾਨਸਿਕ ਕਲਪਨਾ ਦੀ ਦੇਣ ਹੈ। ਮਨੂੰਵਾਦ ‘ਬ੍ਰਹਮ’ ਆਧਾਰਤ ਸਦੀਵੀ ਸੱਚ ਦੇ ਗਿਆਨ ਤੋਂ ਇਨਕਾਰੀ ਹੈ।
ਇਸ ਦਾ ਕਾਰਨ ਇਹੀ ਜਾਪਦਾ ਹੈ ਕਿ ਆਦਿ ਕਮਿਊਨਿਜ਼ਮ ਤੋਂ ਬਾਅਦ ਜਦੋਂ ਨਿਜੀ ਜਾਇਦਾਦ ਆਧਾਰਤ ਜਮਾਤੀ ਸਮਾਜ ਹੋਂਦ ਵਿਚ ਆਇਆ ਤਾਂ ਇਕ ਛੋਟੇ ਜਿਹੇ ਪੁਜਾਰੀ ਵਰਗ ਨੇ ਹੱਥੀਂ ਕਿਰਤ ਨਾਲੋਂ ਟੁਟ ਕੇ ਵਿਹਲੜ ਜ਼ਿੰਦਗੀ ਗੁਜ਼ਾਰਨ ਅਤੇ ਰਾਜਸੀ-ਸਮਾਜੀ ਤੇ ਪਦਾਰਥਕ ਸਹੂਲਤਾਂ ਮਾਣਨ ਦੀ ਆਪਣੀ ਲਾਲਸਾ ਅਧੀਨ ਆਮ ਬੌਧਿਕ ਅਤੇ ਮਾਨਸਿਕ ਕੰਗਾਲੀ ਦੇ ਉਸ ਦੌਰ ਵਿਚ ਆਪਣੇ ਆਪ ਨੂੰ ‘ਰੱਬੋਂ’ ਉਚ ਜਾਤੀ ਸਾਬਤ ਕਰਨ ਵਾਸਤੇ ਬ੍ਰਹਮ ਦੇ ਸਦੀਵੀ ਸੱਚ ਨੂੰ ਅਣਗੌਲਿਆਂ ਕਰ ਦਿੱਤਾ।
ਸਮਾਜ ਵਿਚ ਕਰਮਕਾਂਡ, ਵਰਣ ਵੰਡ ਅਤੇ ਜਾਤ ਪਾਤ ਦਾ ਕੋਹੜ ਫੈਲਾਉਣ ਦਾ ਬੌਧਿਕ ਆਧਾਰ ਤਿਆਰ ਕਰਨ ਵਾਸਤੇ ‘ਬ੍ਰਹਮ’ ਦੇ ਵਿਅਕਤੀ ਰੂਪ ਮਨ-ਕਲਪਿਤ ਬ੍ਰਹਮਾ ਨੂੰ ‘ਰੱਬੀ’ ਹਸਤੀ ਅਤੇ ਸ੍ਰਿਸ਼ਟੀ ਸਮੇਤ ਸਭ ਦਾ ਸਿਰਜਕ ਮੰਨ ਕੇ ‘ਬ੍ਰਹਮ’ ਦੀ ਹਕੀਕਤ ਨੂੰ ਵਿਸਾਰ ਦਿੱਤਾ। ਇਹੀ ਮਾਨਸਿਕ ਕਲਪਨਾ ਮਨੁੱਖ ਜਾਤੀ ਨੂੰ ਊਚ-ਨੀਚ ਵਿਚ ਵੰਡਣ ਅਤੇ ਅਨੇਕਾਂ ਕਿਸਮਾਂ ਦੇ ਕਰਮਕਾਂਡੀ ਭਰਮਜਾਲ ਫੈਲਾਉਣ ਦਾ ਮੁੱਖ ਕਾਰਨ ਬਣੀ। ਬ੍ਰਹਮਾ ਦੀ ਇਹੀ ਮਨੋ-ਕਲਪਿਤ ਘਾੜਤ ਮਨੂੰਵਾਦ ਦੀ ਜਨਕ ਹੈ, ਜੋ ਬਾਅਦ ਦੇ ਜਮਾਤੀ ਤੇ ਜਾਤੀ ਸਮਾਜਾਂ ਵਿਚ ਲੁਟੇਰੇ ਵਰਗਾਂ ਦੀ ਮਦਦ ਨਾਲ ਜਾਤ ਪਾਤ ਨੂੰ ਪੱਕਿਆਂ ਕਰਨ ਤੇ ਜਮਾਤੀ ਵੰਡ ਨੂੰ ਜਾਇਜ਼ ਠਹਿਰਾਉਣ ਦਾ ਮਾਨਸਿਕ ਆਧਾਰ ਬਣੀ ਆ ਰਹੀ ਹੈ। ਵੈਦਿਕ ਫਿਲਾਸਫੀ ਵਿਚੋਂ ਇਸ ਸੋਚ ਅਤੇ ਮਾਨਸਿਕਤਾ ਨੂੰ ਨਿਖੇੜ ਕੇ ਹੀ ਹਿੰਦੂ ਬਹੁਗਿਣਤੀ ਨੂੰ ਆਰ ਐਸ ਐਸ ਦੀ ਮਾਨਸਿਕ ਗੁਲਾਮੀ ਵਿਚੋਂ ਆਜ਼ਾਦ ਕਰਵਾਇਆ ਜਾ ਸਕਦਾ ਹੈ।