ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਡੀ ਫੁੱਟਬਾਲ (ਫੀਫਾ) ਸਿਰਮੌਰ ਖੇਡ ਸੰਸਥਾ ਹੈ ਅਤੇ ਇਸ ਵਲੋਂ ਫੁੱਟਬਾਲ ਟੂਰਨਾਮੈਂਟ 1930 ਵਿਚ ਅਰੰਭਿਆ ਗਿਆ ਸੀ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫੀਫਾ ਫੁੱਟਬਾਲ ਟੂਰਨਾਮੈਂਟ ਅੱਜ ਇਕ ਵੱਕਾਰੀ ਖੇਡ ਮੇਲਾ ਹੈ। 21ਵਾਂ ਫੀਫਾ ਟੂਰਨਾਮੈਂਟ ਇਸ ਸਾਲ ਰੂਸ ਵਿਚ ਹੋਵੇਗਾ। ਇਸ ਲੇਖ ਵਿਚ ਸੈਨ ਹੋਜੇ (ਕੈਲੀਫੋਰਨੀਆ) ਵਸਦੇ ਲੇਖਕ ਪਰਦੀਪ ਨੇ 14 ਜੂਨ ਤੋਂ ਹੋਣ ਵਾਲੇ ਇਸ ਟੂਰਨਾਮੈਂਟ ‘ਤੇ ਝਾਤ ਪੁਆਈ ਹੈ।
-ਸੰਪਾਦਕ
ਪਰਦੀਪ, ਸੈਨ ਹੋਜੇ
ਫੋਨ: 408-540-4547
21ਵਾਂ ਫੀਫਾ ਵਿਸ਼ਵ ਫੁੱਟਬਾਲ ਕੱਪ 14 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਫਾਈਨਲ ਮੈਚ 15 ਜੁਲਾਈ ਨੂੰ ਮਾਸਕੋ ਵਿਖੇ ਹੋਵੇਗਾ। ਪਿਛਲੇ ਵਿਸ਼ਵ ਕੱਪ ਦੀ ਤਰ੍ਹਾਂ ਇਸ ਵਾਰ ਵੀ ਇਸ ਟੂਰਨਾਮੈਂਟ ਵਿਚ 32 ਟੀਮਾਂ ਹਿੱਸਾ ਲੈਣਗੀਆਂ। ਦੱਖਣੀ ਅਮਰੀਕਾ ਦੀਆਂ ਪੰਜ, ਉਤਰੀ ਤੇ ਸੈਂਟਰਲ ਅਮਰੀਕਾ ਦੀਆਂ ਤਿੰਨ, ਏਸ਼ੀਆ ਤੇ ਅਫਰੀਕਾ ਦੀਆਂ ਪੰਜ-ਪੰਜ ਅਤੇ ਯੂਰਪ ਦੀਆਂ ਚੌਦਾਂ ਟੀਮਾਂ ਖੇਡਣਗੀਆਂ। ਰੂਸ ਦੇ 11 ਸ਼ਹਿਰਾਂ ਦੇ 12 ਸਟੇਡੀਅਮਾਂ ਵਿਚ ਇਹ ਮੈਚ ਖੇਡੇ ਜਾਣਗੇ। ਕੁੱਲ 64 ਮੈਚ ਹੋਣਗੇ।
ਇਸ ਟੂਰਨਾਮੈਂਟ ਵਿਚ ਇਨਾਮਾਂ ਦੀ ਰਾਸ਼ੀ 400 ਮਿਲੀਅਨ ਡਾਲਰ ਰੱਖੀ ਗਈ ਹੈ। ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 38 ਮਿਲੀਅਨ, ਦੂਜੀ ਨੂੰ 28 ਮਿਲੀਅਨ, ਤੀਜੀ ਨੂੰ 24 ਮਿਲੀਅਨ ਅਤੇ ਚੌਥੀ ਨੂੰ 22 ਮਿਲੀਅਨ ਡਾਲਰ ਮਿਲਣਗੇ। ਬਾਕੀ ਪੰਜ ਤੋਂ ਅੱਠ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਨੂੰ 16 ਮਿਲੀਅਨ, ਨੌਂ ਤੋਂ ਸੋਲਾਂ ਨੂੰ 12 ਮਿਲੀਅਨ ਅਤੇ ਬਾਕੀ 16 ਟੀਮਾਂ ਨੂੰ 8 ਮਿਲੀਅਨ ਡਾਲਰ ਮਿਲਣਗੇ।
ਇਨ੍ਹਾਂ 32 ਟੀਮਾਂ ਨੂੰ ਅੱਠ ਗਰੁਪਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਇੱਕ ਵਿਚ ਚਾਰ ਟੀਮਾਂ ਹਨ। ਗਰੁਪ ਵਿਚੋਂ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਦੋ ਟੀਮਾਂ ਨੂੰ ਪ੍ਰੀ-ਕੁਆਟਰਫਾਈਨਲ ਦੀਆਂ 16 ਟੀਮਾਂ ਵਿਚ ਥਾਂ ਮਿਲੇਗੀ ਅਤੇ ਬਾਕੀ 16 ਟੂਰਨਾਮੈਂਟ ‘ਚੋਂ ਬਾਹਰ ਹੋ ਜਾਣਗੀਆਂ। ਮੈਚ ਜਿੱਤਣ ਵਾਲੀ ਟੀਮ ਨੂੰ ਤਿੰਨ, ਬਰਾਬਰ ਰਹਿਣ ‘ਤੇ ਇੱਕ ਅਤੇ ਹਾਰਨ ‘ਤੇ ਜ਼ੀਰੋ ਨੰਬਰ ਮਿਲੇਗਾ। ਜੇ ਦੋ ਟੀਮਾਂ ਦੇ ਨੰਬਰ ਬਰਾਬਰ ਹੋਣ ਤਾਂ ਇਨ੍ਹਾਂ ਵਲੋਂ ਕੀਤੇ ਗੋਲ ਅਤੇ ਇਨ੍ਹਾਂ ਵਿਰੁਧ ਹੋਏ ਗੋਲਾਂ ਦੇ ਅਨੁਸਾਰ ਫੈਸਲਾ ਕੀਤਾ ਜਾਵੇਗਾ। ਇਸ ਤੋਂ ਬਾਅਦ ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਮੈਚ ਦਾ ਨਤੀਜਾ ਲਾਗੂ ਹੋਵੇਗਾ। ਅੰਤ ਵਿਚ Ḕਫੇਅਰ ਪਲੇਅḔ (ਸੁਥਰੀ ਖੇਡ) ਦਾ ਨਿਯਮ ਇਸਤੇਮਾਲ ਕੀਤਾ ਜਾਵੇਗਾ। ਇਸ ਅਨੁਸਾਰ ਗੰਦੀ ਖੇਡ ਕਰਕੇ ਮਿਲੇ ਰੈਡ ਅਤੇ ਯੈਲੋ ਕਾਰਡ ਦੇ ਨੰਬਰ ਕੱਟੇ ਜਾਣਗੇ। ਇੱਕ ਯੈਲੋ ਕਾਰਡ ਦਾ ਇੱਕ ਨੰਬਰ, ਦੋ ਯੈਲੋ ਕਾਰਡ ਤੋਂ ਬਾਅਦ ਰੈਡ ਕਾਰਡ ਦੇ ਤਿੰਨ ਨੰਬਰ, ਸਿੱਧਾ ਰੈਡ ਕਾਰਡ ਮਿਲਣ ‘ਤੇ ਚਾਰ ਨੰਬਰ ਅਤੇ ਪਹਿਲਾਂ ਯੈਲੋ ਤੇ ਫਿਰ ਰੈਡ ਕਾਰਡ ਮਿਲਣ ‘ਤੇ ਪੰਜ ਨੰਬਰ ਕੱਟੇ ਜਾਣਗੇ। ਟੂਰਨਾਮੈਂਟ ਦੇ ਨਾਕ ਆਊਟ ਪੜਾਅ ‘ਚ ਪਹੁੰਚਣ ‘ਤੇ ਟੀਮਾਂ ਦੇ ਬਰਾਬਰ ਰਹਿਣ ਕਰਕੇ ਵਾਧੂ ਸਮੇਂ ਵਿਚ ਚੌਥਾ ਖਿਡਾਰੀ ਬਦਲਣ ਦੀ ਇਜਾਜ਼ਤ ਹੋਵੇਗੀ।
ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਵੀਡੀਓ ਦੀ ਮਦਦ ਨਾਲ ਰੈਫਰੀ ḔੜA੍ਰḔ (ੜੀਧਓੌ AੰੰੀੰਠAਂਠ ੍ਰਓਾਂ੍ਰਓਓ) ਦਾ ਇਸਤੇਮਾਲ ਕੀਤਾ ਜਾਵੇਗਾ। ਘੌA. .ੀਂਓ ਠਓਛ੍ਹਂੌ.ੌਘੈ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹੇਗੀ। ਇਸ ਰਾਹੀਂ ਫੁੱਟਬਾਲ ਵਿਚ ਲੱਗਾ ਚਿਪ ਰੈਫਰੀ ਦੇ ਗੁੱਟ ਉਪਰ ਬੰਨੀ ਘੜੀ ਨੂੰ ਦੱਸਦਾ ਹੈ ਕਿ ਫੁੱਟਬਾਲ ਗੋਲ ਲਾਈਨ ਨੂੰ ਪਾਰ ਕਰ ਗਿਆ ਹੈ।
ਪਿਛਲੇ ਵਿਸ਼ਵ ਕੱਪ ਦੀਆਂ 32 ਟੀਮਾਂ ‘ਚੋਂ ਇਸ ਵਾਰ 20 ਟੀਮਾਂ ਭਾਗ ਲੈ ਰਹੀਆਂ ਹਨ। ਦੋ ਟੀਮਾਂ-ਪਨਾਮਾ ਅਤੇ ਆਈਸਲੈਂਡ ਪਹਿਲੀ ਵਾਰ ਸ਼ਾਮਿਲ ਹੋਣਗੀਆਂ। ਇਸ ਵਾਰ ਵਿਸ਼ਵ ਕੱਪ ਕੌਣ ਜਿੱਤੇਗਾ? ਇਸ ਬਾਰੇ ਪੱਕੇ ਤੌਰ ‘ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਈ ਵਾਰ ਵਧੀਆ ਟੀਮਾਂ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਜਾਂਦੀਆਂ ਹਨ। ਕਈ ਇਸ ਕੱਪ ਨੂੰ ਜਿੱਤਣ ਦੀਆਂ ਦਾਅਵੇਦਾਰ ਟੀਮਾਂ ਆਪਣੇ ਘਰ ਦੇ ਮੈਦਾਨ ਵਿਚ ਹੀ ਚਿੱਤ ਹੋ ਜਾਂਦੀਆਂ ਹਨ।
ਬ੍ਰਾਜ਼ੀਲ ਦੀ ਟੀਮ 1950 ਅਤੇ 2014 ‘ਚ ਆਪਣੇ ਹੀ ਦੇਸ਼ ਵਿਚ ਹਾਰ ਗਈ ਸੀ। ਇਸੇ ਤਰ੍ਹਾਂ 1982 ਵਿਚ ਸਪੇਨ, 1990 ‘ਚ ਇਟਲੀ ਅਤੇ 2006 ‘ਚ ਜਰਮਨੀ ਵਰਗੀਆਂ ਤਾਕਤਵਰ ਟੀਮਾਂ ਆਪਣੇ ਘਰ ਵਿਚ ਹੋਏ ਇਸ ਟੂਰਨਾਮੈਂਟ ਨੂੰ ਜਿੱਤ ਨਹੀਂ ਸਕੀਆਂ। ਜੇ ਗੱਲ ਕਰੀਏ ਪਿਛਲੇ ਵਿਸ਼ਵ ਕੱਪ ਜੇਤੂ ਟੀਮਾਂ ਦੀ, ਤਾਂ ਵੀ ਅੰਕੜੇ ਵਧੀਆ ਨਹੀਂ ਹਨ। ਹੁਣ ਤਕ ਬ੍ਰਾਜ਼ੀਲ ਹੀ ਇੱਕ ਐਸਾ ਦੇਸ਼ ਹੈ ਜੋ ਲਗਾਤਾਰ ਦੋ ਵਾਰ, 1958 ਅਤੇ 1962 ‘ਚ ਇਹ ਕੱਪ ਜਿੱਤ ਸਕਿਆ ਹੈ।
1998 ਦੀ ਜੇਤੂ ਫਰਾਂਸ ਦੀ ਟੀਮ 2002 ਵਿਚ ਗਰੁਪ ‘ਚੋਂ ਹੀ ਅੱਗੇ ਨਹੀਂ ਜਾ ਸਕੀ ਸੀ। ਇਸੇ ਤਰ੍ਹਾਂ 2006 ਦੀ ਚੈਂਪੀਅਨ ਇਟਲੀ, 2010 ਤੇ 2014 ਵਿਚ ਮਾੜੀ ਖੇਡ ਸਦਕਾ ਪਹਿਲਾਂ ਹੀ ਗਰੁਪ ‘ਚੋਂ ਬਾਹਰ ਹੋ ਗਈ ਸੀ ਅਤੇ ਇਸ ਵਾਰ ਕੁਆਲੀਫਾਈ ਵੀ ਨਹੀਂ ਕਰ ਸਕੀ। 2010 ਦੇ ਵਿਸ਼ਵ ਕੱਪ ਜੇਤੂ ਸਪੇਨ ਨੂੰ 2014 ਵਿਚ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਫਿਰ ਵੀ ਕਈ ਤਕੜੀਆਂ ਟੀਮਾਂ ਦੇ ਜਿੱਤਣ ਬਾਰੇ ਚਰਚਾ ਜ਼ਰੂਰ ਹੁੰਦੀ ਹੈ। ਇਨ੍ਹਾਂ ਵਿਚ ਬ੍ਰਾਜ਼ੀਲ, ਜਰਮਨੀ, ਫਰਾਂਸ ਅਤੇ ਸਪੇਨ ਦੇ ਨਾਂ ਉਪਰ ਆਉਂਦੇ ਹਨ। ਇਹ ਕੱਪ ਪੰਜ ਵਾਰ ਜਿੱਤਣ ਵਾਲੀ ਬ੍ਰਾਜ਼ੀਲ ਦੀ ਟੀਮ ਹਮੇਸ਼ਾ ਦਾਅਵੇਦਾਰ ਹੁੰਦੀ ਹੈ। ਆਪਣੇ ਹੀ ਦੇਸ਼ ਵਿਚ ਪਿਛਲਾ ਟੂਰਨਮੈਂਟ ਹਾਰ ਕੇ ਇਹ ਟੀਮ ਫਿਰ ਪੂਰੀ ਤਿਆਰੀ ‘ਚ ਹੈ। ਡੈਨੀ ਏਲਵਿਸ, ਟਿਆਗੋ ਸਿਲਵਾ, ਮਰਸੈਲੋ, ਕੁਟੀਨੀਓ, ਗੈਬਰੀਅਲ ਜੂਸਸ, ਕੈਸਮੀਰੋ ਅਤੇ ਰੌਬਰਟੋ ਫਰਮੀਨੋ ਦੁਨੀਆਂ ਦੇ ਬਿਹਤਰ ਖਿਡਾਰੀ ਹਨ। ਨੀਮਾਰ ਵੀ ਠੀਕ ਹੋ ਕੇ ਮੌਕੇ ਸਿਰ ਟੀਮ ਵਿਚ ਸ਼ਾਮਿਲ ਹੋ ਜਾਵੇਗਾ।
ਜਰਮਨੀ ਪਿਛਲੀ ਵਾਰ ਦਾ ਚੈਂਪੀਅਨ ਹੈ ਅਤੇ ਚਾਰ ਵਾਰੀ ਇਹ ਵਿਸ਼ਵ ਕੱਪ ਜਿੱਤ ਚੁਕਾ ਹੈ। ਇਸ ਟੀਮ ਦੇ ਜ਼ਿਆਦਾ ਖਿਡਾਰੀ ਪਿਛਲੀ ਵਾਰ ਵਾਲੇ ਹਨ ਪਰ ਕੁਝ ਨਵੇਂ ਚਿਹਰੇ ਜਿਵੇਂ ਲੋਰੀ ਸੇਨ, ਟੀਮੋ ਵਾਰਨਰ, ਏਮਰੀ ਕਾਨ, ਲੀਉਨ ਗੋਰਟਿਜ਼ਕਾ ਅਤੇ ਆਂਦਰੇ ਟਰ ਸਟੇਗਨ ਹਨ। ਸਪੇਨ ਦੀ ਟੀਮ ਵਿਚ ਸਰਜੀਓ ਰਾਮੋਸ, ਪੀ ਕੇ, ਆਂਦਰੇ ਇਨਆਸਟਾ ਤੋਂ ਇਲਾਵਾ ਨਵੇਂ ਖਿਡਾਰੀ-ਡੇਵਿਡ ਡੀਗਯਾ, ਇਸਕੋ, ਐਸੈਂਸੀਓ ਆਦਿ ਸ਼ਾਮਿਲ ਹਨ। ਡੇਵਿਡ ਡੀਗਯਾ ਦੁਨੀਆਂ ਦਾ ਬਿਹਤਰੀਨ ਗੋਲ ਕੀਪਰ ਹੈ।
ਫਰਾਂਸ ਦਾ ਕੋਚ 1998 ਵਾਲੀ ਚੈਂਪੀਅਨ ਟੀਮ ਦਾ ਕੈਪਟਨ ਡੀਡੀਅਰ ਡਿਸਚੈਂਪਸ ਹੈ। ਉਸ ਦੀ ਸਭ ਤੋਂ ਵੱਢੀ ਸਮੱਸਿਆ ਇਹ ਹੈ ਕਿ ਕਿਸ ਖਿਡਾਰੀ ਨੂੰ ਟੀਮ ਵਿਚ ਸ਼ਾਮਿਲ ਕਰੇ ਅਤੇ ਕਿਸ ਨੂੰ ਬਾਹਰ ਛੱਡੇ? ਪੋਗਬਾ, ਗਰੀਜ਼ਮੈਨ, ਮਾਪੀ, ਡਿੰਮਬਲੇ ਅਤੇ ਵਾਰਾਨ ਵਰਗੇ ਖਿਡਾਰੀ ਇਸ ਟੀਮ ਵਿਚ ਸ਼ਾਮਿਲ ਹਨ।
ਕੁਝ ਟੀਮਾਂ ਇਸ ਟੂਰਨਾਮੈਂਟ ‘ਚ ਸਭ ਨੂੰ ਹੈਰਾਨ ਵੀ ਕਰ ਸਕਦੀਆਂ ਹਨ। ਬੈਲਜ਼ੀਅਮ, ਇੰਗਲੈਂਡ ਅਤੇ ਕਰੋਸ਼ੀਆ ਦੀਆਂ ਟੀਮਾਂ ਕਿਸੇ ਵੀ ਤਾਕਤਵਰ ਟੀਮ ਨੂੰ ਬਾਹਰ ਕਰ ਸਕਦੀਆਂ ਹਨ। ਪਿਛਲੇ ਵਿਸ਼ਵ ਕੱਪ ‘ਚ ਦੂਜੇ ਨੰਬਰ ‘ਤੇ ਆਉਣ ਵਾਲੀ ਅਰਜਨਟਾਈਨਾ ਦੀ ਟੀਮ ਲਈ ਇਹ ਟੂਰਨਾਮੈਂਟ ਸੌਖਾ ਨਹੀਂ ਹੋਵੇਗਾ। ਇਸ ਦੇ ਗਰੁਪ ਵਿਚ ਕਰੋਸ਼ੀਆ, ਆਈਸਲੈਂਡ ਅਤੇ ਨਾਈਜ਼ੀਰੀਆ ਵਰਗੀਆਂ ਮਜ਼ਬੂਤ ਟੀਮਾਂ ਸ਼ਾਮਿਲ ਹਨ। ਜੇ ਕਿਸੇ ਤਰ੍ਹਾਂ ਇਹ ਆਪਣੇ ਗਰੁਪ ‘ਚੋਂ ਅੱਗੇ ਚਲੇ ਜਾਣ ਤਾਂ ਸ਼ਾਇਦ ਮੈਸੀ ਦਾ ਜਾਦੂ ਕੋਈ ਚਮਤਕਾਰ ਕਰ ਜਾਵੇ। ਕਈ ਖਿਡਾਰੀਆਂ ਦੀ ਖੇਡ ਵੇਖਣ ਵਾਲੀ ਹੋਵੇਗੀ ਪਰ ਮਿਸਰ ਦਾ ਮੁਹੰਮਦ ਸਲਾਹ ਅਤੇ ਸੇਨੇਗਲ ਦਾ ਸਾਡੀਓ ਮਾਨੇ ਖਾਸ ਚਰਚਾ ਦਾ ਵਿਸ਼ਾ ਹੋਣਗੇ। ਰੌਨਾਲਡੋ, ਜੇਮਸ ਰੌਡਰਿਗਜ਼, ਲੀਵਾਂਡੋਸਕੀ ਅਤੇ ਹੈਰੀ ਕੇਨ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ।
ਰੂਸ ਲਈ ਜਿਥੇ ਇਹ ਟੂਰਨਾਮੈਂਟ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ, ਉਥੇ ਇਸ ਨੂੰ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਇਸ ਨੂੰ ਵਿਸ਼ਵ ਕੱਪ ਦੀ ਮਿਲੀ ਮੇਜ਼ਬਾਨੀ ਚਰਚਾ ਵਿਚ ਹੈ। ਸਪੇਨ, ਪੁਰਤਗਾਲ ਅਤੇ ਇੰਗਲੈਂਡ ਵਰਗੇ ਦੇਸ਼ਾਂ ਨੂੰ ਹਰਾ ਕੇ ਵੱਧ ਵੋਟਾਂ ਲੈ ਕੇ ਜਿੱਤਣਾ ਸਭ ਨੂੰ ਹੈਰਾਨ ਕਰਨ ਵਾਲੀ ਗੱਲ ਹੈ। ਇਸ ਕਰਕੇ ਰੂਸ ਉਪਰ ਰਿਸ਼ਵਤਖੋਰੀ ਦੇ ਇਲਜ਼ਾਮ ਲਗਦੇ ਹਨ। ਪਿਛਲੇ ਕਈ ਸਾਲਾਂ ਤੋਂ ਰੂਸ ਦੇ ਖਿਡਾਰੀਆਂ ਅਤੇ ਖੇਡ ਅਧਿਕਾਰੀਆਂ ਨੂੰ ਡੋਪ ਦੇ ਇਲਜ਼ਾਮ ਦਾ ਵੀ ਸਾਹਮਣਾ ਕਰਨਾ ਪਿਆ ਹੈ। ਓਲੰਪਿਕ ਕਮੇਟੀ ਨੇ ਇਸ ਜਾਂਚ ਲਈ ਮੈਕਲੇਰੇਨ ਕਮਿਸ਼ਨ (ੰਚ.ਅਰeਨ ਛੋਮਮਸਿਸਿਨ) ਨਿਯੁਕਤ ਕੀਤਾ ਸੀ, ਜਿਸ ਨੇ ਰੂਸ ਦੇ ਜਿੱਤੇ 51 ਮੈਡਲ ਵਾਪਸ ਲੈ ਲਏ। ਰੂਸ ਉਪਰ ਦੱਖਣੀ ਕੋਰੀਆ ਵਿਚ 2018 ਦੀ ਸਰਦੀਆਂ ਵਾਲੀ ਓਲੰਪਿਕ ਲਈ ਪਾਬੰਦੀ ਲਾਈ ਗਈ ਸੀ। ਰੂਸ ਦੇ ਡਿਪਟੀ ਪ੍ਰਾਈਮ ਮਨਿਸਟਰ ਵਾਇਟਲੀ ਮੁਟਕੋ ‘ਤੇ ਸਾਰੀ ਉਮਰ ਲਈ ਪਾਬੰਦੀ ਲਾਈ ਗਈ ਹੈ। ਇਸ ਦੇ 33 ਫੁੱਟਬਾਲ ਖਿਡਾਰੀ ਵੀ ਡੋਪ ਟੈਸਟ ਵਿਚ ਕਸੂਰਵਾਰ ਪਾਏ ਗਏ।
ਫੁੱਟਬਾਲ ਸਾਰੀ ਦੁਨੀਆਂ ਵਿਚ ਖੇਡਣ ਵਾਲੀ ਹਰਮਨ ਪਿਆਰੀ ਖੇਡ ਹੈ ਪਰ ਫੁੱਟਬਾਲ ਪ੍ਰੇਮੀ ਰੂਸ ਨੂੰ ਇੱਕ ਨਸਲਵਾਦੀ ਦੇਸ਼ ਵਜੋਂ ਜਾਣਦੇ ਹਨ। ਕਾਲੇ ਰੰਗ ਦੇ ਖਿਡਾਰੀਆਂ ਪ੍ਰਤੀ ਉਨ੍ਹਾਂ ਦਾ ਵਤੀਰਾ ਸ਼ਰਮਨਾਕ ਹੈ। ਬਾਹਰਲੇ ਦੇਸ਼ਾਂ ਦੀਆਂ ਟੀਮਾਂ ਜਦ ਰੂਸ ਵਿਚ ਖੇਡਣ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਕਾਲੇ ਖਿਡਾਰੀਆਂ ਨੂੰ ਬੇਇੱਜਤ ਕੀਤਾ ਜਾਂਦਾ ਹੈ। ਰੂਸ ਦੇ ਦਰਸ਼ਕ ਇਨ੍ਹਾਂ ਨੂੰ ਬਾਂਦਰ ਵਾਂਗ ਸਾਂਗਾਂ ਲਾ ਕੇ ਬੁਲਾਉਂਦੇ ਹਨ। ਇਨ੍ਹਾਂ ਉਪਰ ਕੇਲੇ ਦੇ ਛਿਲਕੇ ਸੁੱਟੇ ਜਾਂਦੇ ਹਨ। ਹੁਣੇ 27 ਮਾਰਚ ਨੂੰ ਫਰਾਂਸ ਅਤੇ ਰੂਸ ਵਿਚਕਾਰ ਹੋਏ ਦੋਸਤਾਨਾ ਮੈਚ ਦੌਰਾਨ ਸੇਂਟ ਪੀਟਰਸਬਰਗ ਦੇ ਸਟੇਡੀਅਮ ਵਿਚ ਅਜਿਹੀ ਹੀ ਘਟਨਾ ਵਾਪਰੀ। ਫਰਾਂਸ ਦੇ ਖਿਡਾਰੀ ਪੋਗਬਾ ਅਤੇ ਡਿੰਮਬਲੇ ਨੂੰ ਨਸਲੀ ਮਜ਼ਾਕ ਕੀਤਾ ਗਿਆ। ਹੋਰ ਵੀ ਕਈ ਤਰ੍ਹਾਂ ਦੇ ਸਿਆਸੀ ਮਸਲੇ ਹਨ। ਪਰ ਰੂਸ ਦੇ ਲੋਕਾਂ ਨੂੰ ਨਸਲਵਾਦ ਤੋਂ ਉਪਰ ਉਠਣਾ ਚਾਹੀਦਾ ਹੈ ਅਤੇ ਖਿਡਾਰੀਆਂ ਦਾ ਸਨਮਾਨ ਉਨ੍ਹਾਂ ਦੀ ਖੇਡ ਕਰਕੇ ਕਰਨਾ ਚਾਹੀਦਾ ਹੈ, ਨਾ ਕਿ ਰੰਗ ਕਰਕੇ। ਆਸ ਕਰਦੇ ਹਾਂ ਕਿ ਇਹ ਵਿਸ਼ਵ ਕੱਪ ਮਨੋਰੰਜਨ ਅਤੇ ਖੁਸ਼ੀਆਂ ਭਰਿਆ ਹੋਵੇਗਾ।