ਸਪੇਨ ਦੀ ਘਰੇਲੂ ਜੰਗ ਅਤੇ ਕਲਾਕਾਰ

ਕੁਲਵਿੰਦਰ
ਕਿਹਾ ਜਾਂਦਾ ਹੈ ਕਿ ਇਤਿਹਾਸ ਜੇਤੂ ਲਿਖਦੇ ਹਨ ਪਰ ਸਪੇਨ ਦੀ ਘਰੇਲੂ ਜੰਗ (1936-39) ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਵਿਚੋਂ ਇਕ ਹੈ ਜਿਸ ਦੇ ਇਤਿਹਾਸ ਨੂੰ ਹਾਰਨ ਵਾਲ਼ਿਆਂ ਨੇ ਲਿਖਿਆ ਹੈ। ਜੰਗ ਦੀ ਸ਼ੁਰੂਆਤ 17 ਜੁਲਾਈ 1936 ਨੂੰ ‘ਸਪੈਨਿਸ਼ ਕਨਫੈਡਰੇਸ਼ਨ ਆਫ਼ ਆਟੋਨੌਮਸ ਰਾਈਟ’ (ਸੀ.ਈ.ਡੀ.ਏ.), ‘ਕਾਰਲਿਟ ਸਮੂਹਾਂ’ ਅਤੇ ‘ਫਾਸੀਵਾਦੀ ਫਲਾਂਗ’ ਜਿਹੇ ਪਿਛਾਖੜੀ ਅਨਸਰਾਂ ਦੀ ਹਮਾਇਤ ਵਾਲ਼ੇ ਫੌਜੀ ਜਰਨੈਲਾਂ ਵੱਲੋਂ ਸਪੇਨ ਦੇ ਰਾਸ਼ਟਰਪਤੀ ਮੈਨੂਅਲ ਆਜਾਨਾ ਦੀ ਅਗਵਾਈ ਹੇਠਲੀ ਦੂਜੀ ਸਪੈਨਿਸ਼ ਰਿਪਬਲਿਕ ਦੀ ਤਖ਼ਤਾ ਪਲ਼ਟਣ ਦੀ ਕੋਸ਼ਿਸ਼ ਨਾਲ਼ ਸ਼ੁਰੂ ਹੋਈ ਸੀ।

ਜੰਗ ਵਿਚ ਇਕ ਪਾਸੇ ਜਰਨਲ ਫਰਾਂਕੋ ਜਿਹੇ ਸਰਮਾਏਦਾਰਾਂ ਦੇ ਪਿੱਠੂ ਦੀ ਹਮਾਇਤ ਵਿਚ ਜਿਥੇ ਹਿਟਲਰ ਅਤੇ ਮੁਸੋਲੀਨੀ ਜਿਹੇ ਫਾਸੀਵਾਦੀ ਅਤੇ ਨਾਜ਼ੀਵਾਦੀ ਖਲੋਤੇ ਸਨ, ਉਥੇ ਰਿਪਬਲਿਕਨਾਂ ਨੂੰ ਪੂਰੀ ਦੁਨੀਆਂ ਦੇ ਲਗਭਗ ਸਾਰੇ ਲੇਖਕਾਂ, ਕਲਾਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਅਤੇ ਆਮ ਲੋਕਾਂ ਦੀ ਹਮਾਇਤ ਹਾਸਲ ਸੀ। ਰਿਪਬਲਿਕਨਾਂ ਦੀ ਹਾਰ ਤੋਂ ਬਾਅਦ ਪਹਿਲੀ ਅਪਰੈਲ 1939 ਨੂੰ ਜਨਰਲ ਫਰੈਂਕੋ ਦੀ ਅਗਵਾਈ ਵਾਲ਼ੀ ਤਾਨਾਸ਼ਾਹੀ ਦੀ ਸਥਾਪਨਾ ਨਾਲ਼ ਜੰਗ ਖਤਮ ਹੋ ਗਈ।
ਜੰਗ ਨੇ ਪੂਰੀ ਦੁਨੀਆਂ ਦੇ ਲੋਕ ਪੱਖੀ ਹਲਕਿਆਂ ਵਿਚ ਹਮਦਰਦੀ ਦੀ ਲਹਿਰ ਪੈਦਾ ਕੀਤੀ ਸੀ ਅਤੇ ਰਿਪਬਲਿਕਨਾਂ ਦੀ ਹਿਫ਼ਾਜ਼ਤ ਲਈ ਬਣੀਆਂ ਕੌਮਾਂਤਰੀ ਬ੍ਰਿਗੇਡਾਂ ਵਿਚ ਭਾਰਤ ਸਮੇਤ ਕਈ ਦੇਸ਼ਾਂ ‘ਚੋਂ ਸਵੈ-ਸੇਵਕਾਂ ਨੇ ਇਸ ਵਿਚ ਹਿੱਸਾ ਲਿਆ ਸੀ। ਇਸ ਘਟਨਾ ਨੇ ਵੱਡੀ ਗਿਣਤੀ ਵਿਚ ਲੇਖਕਾਂ, ਕਲਾਕਾਰਾਂ, ਅਦਾਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਦਾ ਧਿਆਨ ਆਪਣੀ ਵੱਲ ਖਿੱਚਿਆ ਸੀ। ਜੰਗ ਵਿਚ ਭਾਵੇਂ ਲੋਕ ਪੱਖੀ ਤਾਕਤਾਂ ਦੀ ਹਾਰ ਹੋਈ ਸੀ ਪਰ ਇਸ ਵਿਚ ਸ਼ਾਮਲ ਹੋਣ ਵਾਲ਼ਿਆਂ ‘ਚੋਂ ਬਹੁਗਿਣਤੀ ਦਾ ਜੀਵਨ ਬਦਲ ਕੇ ਰੱਖ ਦਿਤਾ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਲੋਕ ਲਹਿਰਾਂ ਦੇ ਲੇਖੇ ਲਾਇਆ ਸੀ।
ਇਸ ਜੰਗ ਵਿਚ ਕੌਮਾਂਤਰੀ ਬ੍ਰਿਗੇਡਾਂ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਰਿਪਬਲਿਕਨਾਂ ਅਤੇ ਸਪੇਨ ਦੇ ਲੋਕਾਂ ਦੀ ਹਮਾਇਤ ਨਿੱਤਰੇ ਸਨ, ਉਥੇ ਲੇਖਕਾਂ, ਕਲਾਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਦੀ ਵੱਡੀ ਗਿਣਤੀ ਵੀ ਇਨ੍ਹਾਂ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਲੜੀ ਸੀ। ਇਨ੍ਹਾਂ ਵਿਚ ਜਾਰਜ ਔਰਵੈਲ, ਡਬਲਿਊ.ਐਚ. ਆਡਨ, ਅਰਨੈਸਟ ਹੈਮਿੰਗਵੇ, ਜੌਹਨ ਦੋਸ ਪਾਸੋ, ਡੋਰਥੀ ਪਾਰਕਰ ਜਿਹੇ ਲੇਖਕ, ਹੈਨਰੀ ਮੂਰ ਤੇ ਬੈਨ ਸ਼ਾਹਨ ਜਿਹੇ ਕਲਾਕਾਰ ਅਤੇ ਐਰੋਲ ਫਲਾਇਨ, ਪਾਲ ਰੌਬਿੰਸਨ, ਜੌਹਨ ਕਰਾਫੋਰਡ ਤੇ ਸ਼ਿਰਨੀ ਟੈਂਪਲ ਜਿਹੇ ਅਦਾਕਾਰ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਵਿਚ ਹਾਲੀਵੁਡ ਦੇ ਦੋ ਕਲਾਕਾਰ ਐਲਵਾ ਸਿਜ਼ਲ ਬੇਸੀ ਜਿਨ੍ਹਾਂ ਨੇ ਜੰਗ ਵਿਚ ਹਿੱਸਾ ਲਿਆ ਅਤੇ ਰਿੰਗ ਲੀਡਰ ਜੂਨੀਅਰ ਜਿਨ੍ਹਾਂ ਨੇ ਜੰਗ ਵਿਚ ਰਿਪਬਲਿਕਨਾਂ ਲਈ ਫੰਡ ਇਕੱਠੇ ਕਰਨ ਵਿਚ ਹਿੱਸਾ ਪਾਇਆ ਸੀ, ਵੀ ਸ਼ਾਮਲ ਸਨ। ਬਾਅਦ ਵਿਚ ਮੈਕਾਰਥੀ ਦੌਰ ਵੇਲੇ ਇਨ੍ਹਾਂ ਦੀ ਗਿਣਤੀ ਹਾਲੀਵੁੱਡ ਦੇ ਦਸਾਂ ਸੂਰਮਿਆਂ ਵਿਚ ਹੋਣੀ ਸੀ।
ਸਪੇਨ ਦੀ ਘਰੇਲੂ ਜੰਗ ਵਿਚ ਮਾਰਕਸਵਾਦ ਨੇ ਜਿਨ੍ਹਾਂ ਬੇਸ਼ਕੀਮਤੀ ਹੀਰਿਆਂ ਨੂੰ ਗੁਆਇਆ, ਉਨ੍ਹਾਂ ਵਿਚ ‘ਸਟਡੀਜ਼ ਇਨ ਏ ਡਾਇੰਗ ਕਲਚਰ’ ਅਤੇ ‘ਇਲੂਜਨ ਐਂਡ ਰਿਐਲਟੀ’ ਵਰਗੀਆਂ ਨਾਮੀ ਪੁਸਤਕਾਂ ਦੇ ਲੇਖਕ ਕ੍ਰਿਸਟੋਫਰ ਕਾਡਵੈੱਲ ਅਤੇ ‘ਨਾਵਲ ਅਤੇ ਲੋਕ ਜੀਵਨ’ ਦੇ ਲੇਖਕ ਰਾਲਫ਼ ਫਾਕਸ ਮੁੱਖ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਬੁੱਧੀਜੀਵੀ, ਕਵੀ ਅਤੇ ਬਰਤਾਨੀਆ ਦੀ ਵਿਦਿਆਰਥੀ ਕਮਿਊਨਿਸਟ ਪਾਰਟੀ ਦੇ ਆਗੂ ਜੌਹਨ ਕਾਰਨਫੋਰਡ ਵੀ ਸ਼ਾਮਲ ਸਨ, ਜੋ ਆਪਣੇ 21ਵੇਂ ਜਨਮ ਦਿਨ ਮੌਕੇ ਇਸ ਜੰਗ ਵਿਚ ਸ਼ਹੀਦ ਹੋਏ ਸਨ। ਪ੍ਰਸਿੱਧ ਕਵੀ ਅਤੇ ਨਾਟਕਕਾਰ ਲੋਰਕਾ ਦੀ ਸ਼ਹੀਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ।
ਕਈ ਕਲਾਕਾਰਾਂ ਨੇ ਸਪੇਨ ਦੀ ਘਰੇਲੂ ਜੰਗ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਨੋਬੇਲ ਇਨਾਮ ਜੇਤੂ ਲੇਖਕ ਅਰਨੈਸਟ ਹੈਮਿੰਗਵੇ ਨੇ ਐਂਬੂਲੈਂਸ ਦੇ ਡਰਾਇਵਰ ਵਜੋਂ ਸਪੇਨ ਦੀ ਘਰੇਲੂ ਜੰਗ ਵਿਚ ਸ਼ਿਰਕਤ ਕੀਤੀ ਸੀ। ਬਾਅਦ ਵਿਚ ਉਸ ਨੇ ਇਨ੍ਹਾਂ ਅਨੁਭਵਾਂ ‘ਤੇ ਆਧਾਰਤ ਆਪਣਾ ਪ੍ਰਸਿੱਧ ਨਾਵਲ ਨਾਵਲ ‘ਫਾਰ ਹੂਮ ਦਿ ਬੈੱਲ ਟੌਲਜ਼’ ਲਿਖਿਆ ਸੀ। ਜਾਰਜ ਔਰਵੈੱਲ ਨੇ ਇਸ ਜੰਗ ਦੇ ਆਪਣੇ ਅਨੁਭਵ ‘ਟ੍ਰਿਬਿਊਟ ਟੂ ਕੈਟਾਲੋਨੀਆ’ ਨਾਂ ਦੀ ਰਚਨਾ ਵਿਚ ਪੇਸ਼ ਕੀਤੇ।
ਪ੍ਰਸਿਧ ਫੋਟੋਗ੍ਰਾਫਰ ਰੌਬਰਟ ਕਾਪਾ ਨੇ ਸਪੇਨ ਦੀ ਘਰੇਲੂ ਜੰਗ ਦੀਆਂ ਹਜ਼ਾਰਾਂ ਫੋਟੋਆਂ ਖਿੱਚੀਆਂ ਸਨ। ਪੰਜ ਸਤੰਬਰ 1936 ਨੂੰ ਉਨ੍ਹਾਂ ਆਪਣੀ ਪ੍ਰਸਿਧ ਫੋਟੋ ‘ਲੌਇਲਿਸਟ ਮਿਲੀਸ਼ਿਆਮੈਨ ਐਟ ਦੀ ਮੂਮੈਂਟ ਆਫ਼ ਡੈੱਥ’ ਖਿੱਚੀ ਸੀ ਜਿਸ ਨੇ ਫੋਟੋਗ੍ਰਾਫੀ ਦੇ ਇਤਿਹਾਸ ਵਿਚ ਦਰਜ ਹੋਣਾ ਸੀ।
ਜੰਗ ਦੌਰਾਨ ਰਿਪਬਲੀਕਨਾਂ ਲਈ ਹਮਾਇਤ ਜੁਟਾਉਣ ਲਈ ਪ੍ਰਸਿਧ ਫ਼ਿਲਮਕਾਰ ਲੂਈਸ ਬੁਨੇਲ ਨੇ 1937 ਵਿਚ ‘ਇਸਪੈਨੀਆ 1936’ ਨਾਂ ਦੀ ਦਸਤਾਵੇਜ਼ੀ ਫ਼ਿਲਮ ਬਣਾਈ ਸੀ। 1942 ਵਿਚ ਬਣੀ ਫ਼ਿਲਮ ਕਾਸਾਬਲਾਂਕਾ (1942) ਵਿਚ ਫ਼ਿਲਮ ਦਾ ਨਾਇਕ ਰਿਕ ਸਪੇਨ ਦੀ ਘਰੇਲੂ ਜੰਗ ਵਿਚ ਰਿਪਬਲਿਕਨਾਂ ਵੱਲੋਂ ਲੜਿਆ ਹੋਇਆ ਹੈ। ਹਾਰ ਤੋਂ ਬਾਅਦ ਉਸ ਵਿਚ ਨਿਰਾਸ਼ਾ ਆ ਜਾਂਦੀ ਹੈ। ਫ਼ਿਲਮ ਦੇ ਅੰਤ ਵਿਚ ਉਸ ਨੂੰ ਦੂਜੀ ਸੰਸਾਰ ਜੰਗ ਵਿਚ ਸ਼ਾਮਲ ਹੋਣ ਜਾਂਦਾ ਦਿਖਾਇਆ ਗਿਆ ਹੈ। ਲੈਂਡ ਐਂਡ ਫਰੀਡਮ (1995) ਸਪੇਨ ਦੀ ਘਰੇਲੂ ਜੰਗ ਨੂੰ ਬਰਤਾਨਵੀ ਸਵੈ-ਸੇਵਕ ਦੀਆਂ ਨਜ਼ਰਾਂ ਰਾਹੀਂ ਪੇਸ਼ ਕੀਤਾ ਗਿਆ ਹੈ।
ਚਿੱਤਰਕਾਰ ਸਲਵਾਡੋਰ ਡਾਲੀ ਨੇ ਭਾਵੇਂ ਫਰਾਂਕੋ ਦੀ ਹਮਾਇਤ ਕੀਤੀ ਸੀ ਪਰ ਜੰਗ ਦੇ ਲੋਕਾਂ ਤੇ ਪੈਣ ਵਾਲ਼ੇ ਮਾੜੇ ਪ੍ਰਭਾਵਾਂ ਕਾਰਨ ਉਸ ਨੇ ਸ਼ਰੇਆਮ ਜੰਗ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੇ ਆਪਣੀ ਰਚਨਾ ‘ਸੈਲਫ ਕੰਸਟਰਕਸ਼ਨ ਵਿਦ ਬੌਇਲਡ ਵੀਨਜ਼’ (1936) ਰਾਹੀਂ ਆਪਣਾ ਵਿਰੋਧ ਦਰਜ ਕੀਤਾ ਸੀ। ਚਿੱਤਰਕਾਰ ਜੌਹਨ ਮੀਰੋ ਨੇ 1938 ਵਿਚ ‘ਬਲੈਕ ਐਂਡ ਰੈੱਡ ਲੜੀ’ ਦੇ ਤਹਿਤ ਅੱਠ ਛੋਟੇ ਚਿੱਤਰ ਬਣਾ ਕੇ ਆਪਣੀ ਪੀੜ ਦਾ ਇਜ਼ਹਾਰ ਕੀਤਾ ਸੀ।
ਜੰਗ ਸਬੰਧੀ ਸ਼ਾਇਦ ਹੀ ਕਿਸੇ ਰਚਨਾ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੋਵੇ, ਜਿੰਨਾ ਪਿਕਾਸੋ ਦੇ 1937 ਵਿਚ ਬਣਾਏ ‘ਗੁਇਰਨਿਕਾ’ ਨਾਮੀ ਚਿੱਤਰ ਨੇ ਖਿੱਚਿਆ ਹੈ। ਪਿਕਾਸੋ ਦੀ ਇਹ ਰਚਨਾ 26 ਅਪਰੈਲ 1937 ਨੂੰ ਜਰਮਨ ਅਤੇ ਇਤਾਲਵੀ ਹਵਾਈ ਹਮਲੇ ਵਿਚ ਸਪੇਨ ਦੇ ਗੁਇਰਨਿਕਾ ਸ਼ਹਿਰ ਦੀ ਹੋਈ ਤਬਾਹੀ ਦੇ ਮੰਜ਼ਰ ਨੂੰ ਪੇਸ਼ ਕਰਦੀ ਹੈ। ਇਹਨੇ ਨਾ ਸਿਰਫ਼ ਸਾਮਰਾਜੀ ਜੰਗ ਦੁਆਰਾ ਆਮ ਲੋਕਾਂ ਦੇ ਕੀਤੇ ਗਏ ਘਾਣ ਨੂੰ ਹੀ ਪੇਸ਼ ਕੀਤਾ ਹੈ ਸਗੋਂ ਇਹ ਨਹੱਕੀਆਂ ਜੰਗਾਂ ਦੇ ਵਿਰੋਧ ਦਾ ਪ੍ਰਤੀਬਿੰਬ ਵੀ ਬਣ ਗਈ। ਜੰਗ ਦੌਰਾਨ ਹੀ ਲੋਕ ਪੱਖੀ ਤਾਕਤਾਂ ਵਲੋਂ ਫਾਸ਼ੀਵਾਦੀਆਂ ਦੇ ਖਿਲਾਫ਼ ਲੋਕ ਰਾਏ ਬਣਾਉਣ ਲਈ 1937 ਵਿਚ ਇਸ ਨੂੰ ਪੂਰੀ ਦੁਨੀਆਂ ਵਿਚ ਘੁਮਾਇਆ ਗਿਆ ਸੀ। ‘ਗੁਇਰਨਿਕਾ’ ਯੁੱਧ ਨਾਲ਼ ਪੀੜਤ ਲੋਕਾਂ, ਪਸ਼ੂਆਂ ਅਤੇ ਇਮਾਰਤਾਂ ਨੂੰ ਦਰਸਾਉਂਦੀ ਹੈ।
ਸਮੁੱਚਾ ਦ੍ਰਿਸ਼ ਇਕ ਕਮਰਾ ਹੈ ਜਿਸ ਦੇ ਖੱਬੇ ਪਾਸੇ ਦੇ ਖੁੱਲ੍ਹੇ ਸਿਰੇ ‘ਤੇ ਇਕ ਮਾਂ ਆਪਣੇ ਮ੍ਰਿਤਕ ਬੇਟੇ ਨੂੰ ਆਪਣੇ ਹੱਥਾਂ ਵਿਚ ਚੁੱਕੀ ਹੋਈ ਹੈ ਅਤੇ ਉਸ ਤੇ ਇਕ ਵੱਡੀਆਂ ਅੱਖਾਂ ਵਾਲ਼ਾ ਸਾਨ ਖੜ੍ਹਾ ਹੈ। ਕੇਂਦਰ ਵਿਚ ਜਖ਼ਮੀ ਹੋ ਕੇ ਡਿੱਗ ਰਿਹਾ ਘੋੜਾ ਹੈ। ਘੋੜੇ ਦਾ ਵੱਡਾ ਜ਼ਖ਼ਮ ਪੇਂਟਿੰਗ ਦਾ ਮੁੱਖ ਕੇਂਦਰ ਹੈ। ਘੋੜੇ ਦੇ ਹੇਠਾਂ ਮਰ ਰਿਹਾ ਸਿਪਾਹੀ ਹੈ।
ਦੂਜੀ ਸੰਸਾਰ ਜੰਗ ਮੌਕੇ ਪਿਕਾਸੋ ਪੈਰਿਸ ਦੇ ਨਾਜ਼ੀਆਂ ਦੇ ਕਬਜ਼ੇ ਵਾਲ਼ੇ ਹਿੱਸੇ ਵਿਚ ਰਹਿ ਰਹੇ ਸਨ। ਇਕ ਫਾਸੀਵਾਦੀ ਗੈਸਟਾਪੋ ਅਫ਼ਸਰ ਨੇ ਜਦ ਪਿਕਾਸੋ ਨੂੰ ਉਸ ਦੇ ਕਮਰੇ ਅੰਦਰ ਟੰਗੀ ਗੁਰਨਿਕਾ ਦੀ ਤਸਵੀਰ ਸਬੰਧੀ ਪੁੱਛਿਆ ਸੀ: “ਇਹ ਤੁਸੀਂ ਬਣਾਇਆ ਹੈ?” “ਨਹੀਂ ਤੁਸੀਂ।” ਪਿਕਾਸੋ ਦਾ ਜੁਆਬ ਸੀ। 1968 ਵਿਚ ਫਰੈਂਕੋ ਨੇ ਇਸ ਪੇਂਟਿੰਗ ਨੂੰ ਸਪੇਨ ਨੂੰ ਦੇਣ ਲਈ ਕਿਹਾ ਤਾਂ ਪਿਕਾਸੋ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਦ ਤੱਕ ਸਪੇਨ ਦੇ ਲੋਕ ਗਣਤੰਤਰ ਨਹੀਂ ਮਾਣ ਲੈਂਦੇ ਉਹ ਇਸ ਨੂੰ ਸਪੇਨ ਨਹੀਂ ਜਾਣ ਦੇਣਗੇ।
ਦੋ ਫਰਵਰੀ 2003 ਨੂੰ ਜਦ ਅਮਰੀਕਾ ਦੇ ਹਾਕਮ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਬਾਹਰ ਪ੍ਰੈੱਸ ਨੂੰ ਇਰਾਕ ਦੇ ਖਿਲਾਫ਼ ਜੰਗ ਦੇ ਹੱਕ ਵਿਚ ਦਲੀਲਾਂ ਦੇ ਰਹੇ ਸਨ, ਤਾਂ ਪਿੱਠ ਭੂਮੀ ਵਿਚ ਦੀਵਾਰ ‘ਤੇ ਗੁਇਰਨਿਕਾ ਦੀ ਨਕਲ ਟੰਗੀ ਹੋਈ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਅਮਰੀਕੀ ਸਰਕਾਰ ਦੇ ਦਬਾਅ ਹੇਠ ਪਰਦੇ ਨਾਲ਼ ਕੱਜ ਦਿੱਤਾ ਸੀ।