ਮੋਦੀ ਨੂੰ ਮੁੱਖ ਆਗੂ ਵਜੋਂ ਸ਼ਿੰਗਾਰਿਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੀ ਸਮਾਪਤੀ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਿਗਲ ਵਜਾ ਦਿੱਤਾ ਹੈ। ਕਾਰਜਕਾਰਨੀ ਦੀ ਇਹ ਮੀਟਿੰਗ ਪਾਰਟੀ ਦੇ ਨਵੇਂ ਚੁਣੇ ਪ੍ਰਧਾਨ ਰਾਜਨਾਥ ਸਿੰਘ ਨੇ ਆਪਣੀ ਨਵੀਂ ਟੀਮ ਬਣਾਉਣ ਲਈ ਉਚੇਚੇ ਤੌਰ ‘ਤੇ ਸੱਦੀ ਸੀ। ਇਸ ਮੀਟਿੰਗ ਵਿਚ ਗੁਜਰਾਤ ਦੇ ਮੱਖ ਮੰਤਰੀ ਨਰਿੰਦਰ ਮੋਦੀ ਦਾ ਬੜਾ ਮਾਣ-ਤਾਣ ਕੀਤਾ ਗਿਆ। ਉਨ੍ਹਾਂ ਨੂੰ ਮੀਟਿੰਗ ਦੌਰਾਨ ਬੋਲਣ ਲਈ ਵੀ ਖੁੱਲ੍ਹਾ ਸਮਾਂ ਦਿੱਤਾ ਗਿਆ। ਆਪਣੀ ਤਕਰੀਰ ਦੌਰਾਨ ਉਨ੍ਹਾਂ ਕਾਂਗਰਸ ਉਤੇ ਤਿੱਖੇ ਹਮਲੇ ਕੀਤੇ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੌਕੀਦਾਰ (ਨਾਈਟ ਵਾਚਮੈਨ) ਤੱਕ ਕਹਿ ਦਿੱਤਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਨੂੰ ਘੁਣ ਵਾਂਗ ਖਾ ਰਹੀ ਕਾਂਗਰਸ ਤੋਂ ਸੱਤਾ ਖੋਹਣਾ ਹੁਣ ਸਮੇਂ ਦੀ ਵੱਡੀ ਲੋੜ ਹੈ।
ਇਸ ਮੌਕੇ ਸੀਨੀਅਰ ਭਾਜਪਾ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਵੀ ਭਾਜਪਾ ਗੁਜਰਾਤ ਵਾਂਗ ਹੈਟਟ੍ਰਿਕ ਬਣਾਏਗੀ। ਵੈਂਕਈਆ ਨਾਇਡੂ ਨੇ ਅਖੌਤੀ ਤੀਜੇ ਮੋਰਚੇ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੀਆਂ ਪਾਰਟੀਆਂ ਯੂæਪੀæਏæ ਨੂੰ ਚਲਾਉਣ ਵਿਚ ਹੀ ਸਹਾਇਕ ਹੁੰਦੀਆਂ ਹਨ। ਇਸ ਲਈ ਅਜਿਹੀਆਂ ਪਾਰਟੀਆਂ ਨੂੰ ਚੋਣਾਂ ਵਿਚ ਹਰਾਉਣਾ ਜ਼ਰੂਰੀ ਹੈ। ਭਾਜਪਾ ਨੇ ਆਪਣੇ ਸਿਆਸੀ ਮਤੇ ਵਿਚ ਦੇਸ਼ ਵਿਚ ਔਰਤਾਂ ਦੀ ਸੁਰੱਖਿਆ, ਭ੍ਰਿਸ਼ਟਾਚਾਰ, ਅੰਦਰੂਨੀ ਸੁਰੱਖਿਆ, ਅਤਿਵਾਦ ਅਤੇ ਬੰਗਲਾਦੇਸ਼ ਵਿਚੋਂ ਪਰਵਾਸ ਵਰਗੇ ਮੁੱਦੇ ਛੂਹੇ। ਨਾਲ ਹੀ ਐਨæਡੀæਏæ ਦੇ ਵਿਸਥਾਰ ਦਾ ਸੱਦਾ ਦਿੱਤਾ।
ਇਸੇ ਦੌਰਾਨ ਕਾਂਗਰਸ ਨੇ ਭਾਜਪਾ ਆਗੂ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗਾਂਧੀ ਪਰਿਵਾਰ ਖ਼ਿਲਾਫ਼ ਮੰਦੇ ਸ਼ਬਦ ਬੋਲਣ, ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਭੰਡਣ ਅਤੇ ਭਾਜਪਾ ਦੇ ਗੁਣ ਗਾਉਣ ਉਪਰ ਤਿੱਖੀ ਟਿੱਪਣੀ ਕੀਤੀ ਹੈ। ਕੇਂਦਰੀ ਮੰਤਰੀ ਰਾਜੀਵ ਸ਼ੁਕਲਾ ਨੇ ਕਿਹਾ ਕਿ ਮੋਦੀ ਵੱਲੋਂ ਵਰਤੀ ਭਾਸ਼ਾ ਕਿਸੇ ਕੌਮੀ ਪੱਧਰ ਦੇ ਨੇਤਾ ਦੀ ਨਹੀਂ। ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਸ੍ਰੀ ਮੋਦੀ ਜਿਹੜੇ ਹੁਣ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਗੁਣ ਗਾ ਰਹੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਜਰਾਤ ਦੰਗਿਆਂ ਦੌਰਾਨ ਸ੍ਰੀ ਵਾਜਪਾਈ ਨੇ ਸ੍ਰੀ ਮੋਦੀ ਨੂੰ ਕਿਹਾ ਸੀ ਕਿ ਉਹ ਰਾਜ ਧਰਮ ਨਿਭਾਉਣ।
Leave a Reply