ਭਿਆਨਕ ਦੁਖਾਂਤ ਦੀ ਸੁਖਾਂਤਕ ਪੇਸ਼ਕਾਰੀ: ਪੀਪਲੀ ਲਾਈਵ

ਕੁਝ ਸਮੇਂ ਤੋਂ ਭਾਰਤੀ ਸਿਨੇਮਾ ਦੇ ‘ਪ੍ਰਤਿਭਾਵਾਨ ਨਿਰਦੇਸ਼ਕ’ ਕੁਝ ਨਵਾਂ ਕਰਨ ਦੇ ਨਾਂ ‘ਤੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਪੇਸ਼ ਕਰ ਰਹੇ ਹਨ। ਇਸੇ ਲੜੀ ਵਿਚ ਫਿਲਮ ‘ਪੀਪਲੀ ਲਾਈਵ’ ਸ਼ੁਮਾਰ ਕੀਤੀ ਜਾ ਸਕਦੀ ਹੈ। ਅਨੁਸ਼ਕਾ ਰਿਜ਼ਵੀ ਦੁਆਰਾ ਨਿਰਦੇਸ਼ਤ ਇਹ ਫਿਲਮ ਮਸ਼ਹੂਰ ਅਦਾਕਾਰ ਆਮਿਰ ਖਾਨ ਵੱਲੋਂ ਬਤੌਰ ਨਿਰਮਾਤਾ ਬਣਵਾਈ ਸੀ।
ਸੰਖੇਪ ਵਿਚ ਫਿਲਮ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ: ਨੱਥਾ (ਓਂਕਾਰ ਦਾਸ ਮਾਣਿਕਪੁਰੀ) ਗਰੀਬ ਕਿਸਾਨ ਹੈ, ਆਪਣੀ ਮਾਂ (ਫਰੂਖ ਜ਼ਫਰ) ਦੇ ਇਲਾਜ ਲਈ ਲਿਆ ਬੈਂਕ ਦਾ ਕਰਜ਼ਾ ਨਾ ਮੋੜਨ ਸਦਕਾ ਉਸ ਦੀ ਜ਼ਮੀਨ ਨਿਲਾਮ ਹੋਣ ਦੀ ਨੌਬਤ ਆ ਜਾਂਦੀ ਹੈ।

ਕੰਗਾਲ ਹੋਇਆ ਨੱਥਾ ਅਤੇ ਉਸ ਦਾ ਛੜਾ ਭਰਾ ਬੁਧੀਆ (ਰਘੁਵੀਰ ਯਾਦਵ) ਇਕ ਲੀਡਰ ਕੋਲ ਫਰਿਆਦ ਲੈ ਕੇ ਜਾਂਦੇ ਹਨ ਜੋ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੋਇਆ ਉਨ੍ਹਾਂ ਨੂੰ ਖੁਦਕੁਸ਼ੀ ਕਰ ਕੇ ਸਰਕਾਰ ਤੋਂ ਲੱਖ ਰੁਪਏ ਲੈਣ ਦੀ ਸਲਾਹ ਦਿੰਦਾ ਹੈ। ਬੁਧੀਆ ਨੂੰ ਇਹ ਸਕੀਮ ਜਚ ਜਾਂਦੀ ਹੈ ਅਤੇ ਉਹ ਨੱਥੇ ਨੂੰ ਖੁਦਕੁਸ਼ੀ ਕਰਨ ਲਈ ਮਨਾ ਲੈਂਦਾ ਹੈ। ਨੱਥਾ ਖੁਦਕਸ਼ੀ ਕਰਨ ਦਾ ਐਲਾਨ ਕਰ ਦਿੰਦਾ ਹੈ। ਨੱਥੇ ਦਾ ਇਹ ਐਲਾਨ ਅਖ਼ਬਾਰ ਵਿਚ ਤਸਵੀਰ ਸਮੇਤ ਛਪ ਜਾਂਦਾ ਹੈ।
ਚੋਣਾਂ ਦਾ ਮੌਸਮ ਹੋਣ ਕਾਰਨ ਸਿਆਸੀ ਪਾਰਟੀਆਂ ਇਸ ਨੂੰ ਚੋਣ ਦਾ ਮੁੱਦਾ ਬਣਾ ਲੈਂਦੀਆਂ ਹਨ ਅਤੇ ਮੀਡੀਏ ਦੇ ਦਖਲ ਸਦਕਾ ਇਹ ਮਾਮਲਾ ਕੌਮੀ ਅਤੇ ਕੌਮਾਂਤਰੀ ਮੀਡੀਏ ‘ਤੇ ਛਾ ਜਾਂਦਾ ਹੈ। ਇਕ ਦੂਜੇ ਨੂੰ ਠਿੱਬੀ ਲਾਉਣ ਦੇ ਯਤਨ ਵਿਚ ਮੀਡੀਆ ਨੱਥੇ ਦੇ ਮਗਰ ਹੱਥ ਧੋ ਕੇ ਪੈ ਜਾਂਦਾ ਹੈ। ਰੰਗ-ਬਰੰਗੇ ਸਿਆਸੀ ਲੀਡਰ ਨੱਥੇ ਨੂੰ ਤਰ੍ਹਾਂ ਤਰ੍ਹਾਂ ਦੀ ਸਹਾਇਤਾ ਦਿੰਦੇ ਹਨ, ਜੋ ਬਹੁਤ ਥੋੜ੍ਹੀ ਹੈ। ਸੱਤਾਧਾਰੀ ਪਾਰਟੀ ਉਸ ਨੂੰ ਕੋਈ ਠੋਸ ਸਹਾਇਤਾ ਦੇਣ ਤੋਂ ਅਸਮਰੱਥ ਹੈ ਕਿਉਂਕਿ ਸਰਕਾਰ ਦੁਆਰਾ ਐਲਾਨੀ ਯੋਜਨਾ ਅਨੁਸਾਰ ਸਹਾਇਤਾ ਸਿਰਫ ਖੁਦਕਸ਼ੀ ਕਰਨ ਮਗਰੋਂ ਹੀ ਦਿੱਤੀ ਜਾ ਸਕਦੀ ਹੈ। ਜਿਉਂਦੇ ਨੱਥੇ ਲਈ ਸਰਕਾਰ ਕੋਲ ਕੋਈ ਸਕੀਮ ਨਹੀਂ।
ਜੋੜ-ਤੋੜ ਦੀ ਇਸ ਰਾਜਨੀਤੀ ਵਿਚ ਇਕ ਸਥਾਨਕ ਲੀਡਰ ਇਕ ਦਿਨ ਨੱਥੇ ਨੂੰ ਅਗਵਾ ਕਰ ਕੇ ਗੁਦਾਮ ਵਿਚ ਲੁਕੋ ਲੈਂਦਾ ਹੈ। ਉਥੇ ਮੀਡੀਆ ਪਹੁੰਚ ਜਾਂਦਾ ਹੈ। ਇਸ ਭੱਜ-ਨੱਠ ਵਿਚ ਨੱਥਾ ਭੱਜ ਜਾਂਦਾ ਹੈ ਪਰ ਉਥੇ ਹੋਏ ਹਾਦਸੇ ਵਿਚ ਪੱਤਰਕਾਰ ਮਾਰਿਆ ਜਾਂਦਾ ਹੈ। ਉਸ ਦੀ ਲਾਸ਼ ਮਿਲਣ ‘ਤੇ ਨੱਥੇ ਨੂੰ ਮਰ ਗਿਆ ਸਮਝ ਲਿਆ ਜਾਂਦਾ ਹੈ। ਨੱਥੇ ਦੀ ਮੌਤ ਹਾਦਸੇ ਵਿਚ ਹੋਣ ਕਾਰਨ ਉਸ ਦਾ ਪਰਿਵਾਰ ਸਰਕਾਰ ਦੁਆਰਾ ਐਲਾਨੇ ਇਕ ਲੱਖ ਰੁਪਏ ਹਾਸਲ ਕਰਨ ਤੋਂ ਅਸਮਰੱਥ ਹੈ। ਫਿਲਮ ਦਾ ਅੰਤ ਰਾਜਧਾਨੀ ਵਿਚ ਨੱਥੇ ਦੇ ਕਿਸਾਨ ਤੋਂ ਮਜ਼ਦੂਰ ਵਿਚ ਵਟ ਜਾਣ ਵਜੋਂ ਹੁੰਦਾ ਹੈ।
ਭਾਰਤ ਵਿਚ ਪਿਛਲੇ ਦੋ ਦਹਾਕਿਆਂ ਵਿਚ ਤੇਜ਼ੀ ਨਾਲ ਹੋਏ ਪੂੰਜੀਵਾਦ ਕਾਰਨ ਛੋਟੀ ਕਿਸਾਨੀ ਪਿੰਡਾਂ ਵਿਚੋਂ ਉਜੜ ਕੇ ਸ਼ਹਿਰਾਂ ਵਿਚ ਮਜ਼ਦੂਰੀ ਕਰਨ ਲੱਗੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫਿਲਮ ਵਿਚ ਭਖ਼ਦੇ ਮੁੱਦੇ ਨੂੰ ਛੋਹਿਆ ਗਿਆ ਹੈ ਪਰ ਇਸ ਮਾਮਲੇ ਵਿਚ ਸੰਜੀਦਗੀ ਉਕਾ ਨਹੀਂ ਵਰਤੀ ਗਈ। ਛੋਟੀ ਕਿਸਾਨੀ ਦੇ ਉਜਾੜੇ ਦੇ ਮੁੱਦੇ ਨੂੰ ਆਮ ਦਰਸ਼ਕਾਂ ਤੱਕ ਪੁਹੰਚਾਉਣ ਲਈ ਨੱਥਾ ਜਿਹੇ ਕਮਜ਼ੋਰ ਪਾਤਰ ਦੀ ਚੋਣ ਕੀਤੀ ਗਈ ਹੈ। ਨੱਥਾ ਨਾ ਤਾਂ ਸਿਆਣਾ ਹੈ ਅਤੇ ਨਾ ਹੀ ਕੋਈ ਕੰਮ ਕਰਦਾ ਹੈ। ਇਸੇ ਕਾਰਨ ਉਸ ਨੂੰ ਆਪਣੀ ਪਤਨੀ (ਸ਼ਾਲਿਨੀ ਵਸਤਾ) ਦੇ ਮਿਹਣੇ ਸੁਣਨੇ ਪੈਂਦੇ ਹਨ। ਨੱਥੇ ਦੁਆਰਾ ਕੀਤੇ ਗਏ ਮੌਤ ਦੇ ਐਲਾਨ ‘ਤੇ ਵੀ ਉਸ ਦੇ ਸਾਥੀ ਕਿਸਾਨਾਂ ਨੂੰ ਨੱਥੇ ਦੀ ਬਜਾਏ ‘ਆਂਡੇ ਖਾਣ, ਚਿਲਮ ਪੀਣ’ ਦੀ ਜ਼ਿਆਦਾ ਫਿਕਰ ਹੈ। ਰਹਿੰਦੀ ਕਸਰ ਮੀਡੀਆ ਦੀ ਕਮੇਡੀ ਪੂਰੀ ਕਰ ਦਿੰਦੀ ਹੈ, ਜਿਸ ਵਿਚ ਦੁਹਰਾਓ ਵੀ ਹੈ ਅਤੇ ਜੋ ਫਿਲਮ ਦੀ ਕਹਾਣੀ ਦੀ ਪੇਸ਼ਕਦਮੀ ਵਿਚ ਰੁਕਾਵਟ ਬਣਦਾ ਹੈ। ਕਰਜ਼ਈ ਨੱਥੇ ਦੇ ਜੀਵਨ ਤੋਂ ਸ਼ੁਰੂ ਕੀਤੀ ਗਈ ਫਿਲਮ ਦੀ ਕਹਾਣੀ ਥੋੜ੍ਹੀ ਦੇਰ ਬਾਅਦ ਮੀਡੀਏ ਦੀ ਸਰਕਸ ਬਣ ਜਾਂਦੀ ਹੈ ਜਿਸ ਵਿਚ ਨੱਥਾ ਤੇ ਉਸ ਦਾ ਪਰਿਵਾਰ ਇਕ ਖੂੰਜੇ ਲੱਗ ਕੇ ਰਹਿ ਜਾਂਦੇ ਹਨ। ਫਿਲਮ ਵਿਚ ਦਿਖਾਇਆ ਗਿਆ ਨੱਥੇ ਦਾ ਪਰਿਵਾਰ ਇਕ ਪਰਿਵਾਰ ਨਾ ਹੋ ਕੇ ਵੱਖ ਵੱਖ ਖੇਮੇ ਹਨ ਜਿਨ੍ਹਾਂ ਵਿਚ ਆਪਸੀ ਪਿਆਰ ਬਿਲਕੁਲ ਨਹੀਂ।
ਇਸ ਤੋਂ ਵੀ ਅੱਗੇ, ਜ਼ਿੰਦਗੀ ਅਤੇ ਮੌਤ ਵਿਚ ਲਟਕਦੇ ਅਗਵਾ ਹੋਏ ਨੱਥੇ ਨੂੰ ਸੁਪਨੇ ਵਿਚ ਹਾਰ-ਸ਼ਿੰਗਾਰੇ ਹੋਏ ਘੋੜੇ ‘ਤੇ ਚੜ੍ਹਿਆ ਹੋਇਆ ਦਿਖਾ ਕੇ ਨਿਰਦੇਸ਼ਿਕਾ ਨੇ ਆਪਣੇ ਮਾਨਸਿਕ ਦਿਵਾਲੀਏਪਨ ਦਾ ਇਜ਼ਹਾਰ ਕੀਤਾ ਹੈ। ਇਥੇ ਆ ਕੇ ਫਿਲਮ ਕਿਸਾਨੀ ਜੀਵਨ ਦੀ ਪੈਰੋਡੀ ਬਣ ਕੇ ਰਹਿ ਜਾਂਦੀ ਹੈ। ਕਿਸਾਨੀ ਜੀਵਨ ਦੀ ਇਹ ਪੇਸ਼ਕਾਰੀ ਕਿਸਾਨੀ ਦੇ ਜੀਵਨ ਦੀ ਹਕੀਕਤ ਤੋਂ ਕੋਹਾਂ ਦੂਰ ਹੈ। ਕਿਸਾਨੀ ਜ਼ਿੰਦਗੀ ਦੀਆਂ ਮੁਸ਼ਕਿਲਾਂ, ਤੰਗੀਆਂ ਤੁਰਸ਼ੀਆਂ ਦੀ ਫਿਲਮ ਵਿਚ ਪੂਰੀ ਤਰ੍ਹਾਂ ਗੈਰਹਾਜ਼ਰੀ ਹੋਣ ਕਾਰਨ ਦਰਸ਼ਕ ਨੱਥਾ ਦੇ ਦੁਖਾਂਤ ਨਾਲ ਨਹੀਂ ਜੁੜਦਾ।
ਨਤੀਜੇ ਵਜੋਂ ਨੱਥੇ ਦਾ ਪਾਤਰ ਪੀੜਤ ਕਿਸਾਨ ਦੀ ਬਜਾਏ ਮਸਖ਼ਰਾ ਬਣ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਫਿਲਮ ਵਿਚ ਸਮਕਾਲੀ ਦੁਖਾਂਤ ਦਾ ਗੈਰ ਯਥਾਰਥਕ ਸੁਖਾਂਤਕ ਅੰਤ ਕਰ ਕੇ ਅਸਲੀ ਮੁੱਦੇ ਨੂੰ ਮਜ਼ਾਕ ਬਣਾ ਦਿਤਾ ਗਿਆ ਹੈ। ਕਿਸਾਨੀ ਜੀਵਨ ਦੀ ਇਸੇ ਗੈਰ-ਯਥਾਰਥਕ ਪੇਸ਼ਕਾਰੀ ਕਾਰਨ ਹੀ ‘ਪੀਪਲੀ ਲਾਈਵ’ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਉਂ ਪੇਸ਼ਕਾਰੀ ਪੱਖੋਂ ‘ਪੀਪਲੀ ਲਾਈਵ’ ਕਿਸੇ ਨਾ ਕਿਸੇ ਰੂਪ ਵਿਚ ਡੈਨੀ ਬਾਇਲ ਦੀ ਫਿਲਮ ‘ਸਲਮਡੌਗ ਮਿਲੀਨਿਅਰ’ ਵਰਗੀ ਹੀ ਹੈ।
ਇਥੋਂ ਤੱਕ ਕਿ ਹਬੀਬ ਤਨਵੀਰ ਦੇ ਨਯਾ ਥਿਏਟਰ ਦੇ ਕਲਾਕਾਰਾਂ ਅਤੇ ਰਘੁਵੀਰ ਯਾਦਵ ਜਿਹੇ ਪ੍ਰਤਿਭਾਸ਼ਾਲੀ ਅਦਾਕਾਰਾਂ ਦੀ ਅਦਾਕਾਰੀ ਅਤੇ ਇੰਡੀਅਨ ਓਸ਼ਨ ਤੇ ਰਾਮ ਸੰਪਤ ਦੇ ਸੰਗੀਤਬੱਧ ਕੀਤੇ ਸਮਕਾਲੀ ਯਥਾਰਥ ‘ਤੇ ਤਿੱਖੇ ਵਿਅੰਗ ਕਰਦੇ ਗੀਤ ਵੀ ‘ਪੀਪਲੀ ਲਾਈਵ’ ਦੀ ਉਗੜ-ਦੁਗੜ ਕਹਾਣੀ ਦੇ ਬੋਝ ਹੇਠ ਦਬ ਕੇ ਰਹਿ ਜਾਂਦੇ ਹਨ ਅਤੇ ਫਿਲਮ ਨੂੰ ਸ਼ਾਹਕਾਰ ਫਿਲਮ ਬਣਾਉਣ ਵਿਚ ਸਫਲ ਨਹੀਂ ਹੁੰਦੇ। ਇਸ ਲਈ ਨੱਥਾ ਨਾ ਤਾਂ ‘ਦੋ ਬੀਘਾ ਜ਼ਮੀਨ’ ਦਾ ਸ਼ੰਭੂ ਬਣਿਆ ਹੈ ਅਤੇ ਨਾ ਹੀ ਚਾਰਲੀ ਚੈਪਲਨ ਦਾ ‘ਟ੍ਰੈਂਪ’, ਜੋ ਸਾਰੀ ਫਿਲਮ ਵਿਚ ਜੀਵਨ ਦੇ ਸੰਘਰਸ਼ ਵਿਚ ਮਜ਼ਾਕ ਦਾ ਪਾਤਰ ਬਣਦਾ ਵੀ ਅੰਤ ਵਿਚ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਪੇਸ਼ ਕਰਦਾ ਦਰਸ਼ਕਾਂ ਨੂੰ ਬਿਹਤਰ ਜੀਵਨ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ‘ਪੀਪਲੀ ਲਾਈਵ’ ਦਾ ਨੱਥਾ ‘ਦੋ ਬੀਘਾ ਜ਼ਮੀਨ’ ਦੇ ਕਿਸਾਨ ਸ਼ੰਭੂ ਵਾਂਗ ਦਰਸ਼ਕਾਂ ਦੀ ਸੰਵੇਦਨਾਂ ਨੂੰ ਟੁੰਬਣ ਤੋਂ ਅਸਮਰੱਥ ਰਹਿੰਦਾ ਹੈ।
ਭਾਰਤੀ ਸਿਨੇਮਾ ਵਿਚ ਇਸ ਤੋਂ ਪਹਿਲਾਂ ਵੀ ਛੋਟੀ ਕਿਸਾਨੀ ਦੇ ਉਜਾੜੇ ਅਤੇ ਮੀਡੀਏ ਦੀ ਭੂਮਿਕਾ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਸਿਨੇਮਾ ਨੇ ਕਿਸਾਨੀ ਦੇ ਉਜਾੜੇ ਤੇ ਬਿਮਲ ਰਾਏ ਦੀ ‘ਦੋ ਬੀਘਾ ਜ਼ਮੀਨ’ (1956) ਅਤੇ ਮੀਡੀਏ ਦਾ ਪਾਜ਼ ਖ੍ਹੋਲਦੀ ਕੁੰਦਨ ਸ਼ਾਹ ਦੀ ‘ਜਾਨੇ ਭੀ ਦੋ ਯਾਰੋ’ (1982) ਜਿਹੀਆਂ ਸ਼ਾਹਕਾਰ ਫਿਲਮਾਂ ਦਿੱਤੀਆਂ ਹਨ ਪਰ ਉਨ੍ਹਾਂ ਦੇ ਮੁਕਾਬਲੇ ‘ਪੀਪਲੀ ਲਾਈਵ’ ਬਹੁਤ ਬੌਣੀ ਫਿਲਮ ਹੈ।