ਅਭੈ ਦਿਓਲ ਆਪਣੀ ਹੀ ਕਿਸਮ ਦਾ ਅਦਾਕਾਰ ਹੈ। ਉਸ ਦੀ ਹਰ ਫਿਲਮ ਵੱਖਰੀ ਹੁੰਦੀ ਹੈ। ਸਾਲ 2016 ਵਿਚ ਆਈ ਫਿਲਮ ‘ਹੈਪੀ ਭਾਗ ਜਾਏਗੀ’ ਵੀ ਇਸੇ ਰੰਗ ਦੀ ਸੀ। ਹੁਣ ਉਸ ਨੇ ਆਪਣੀ ਅਦਾਕਾਰੀ ਦਾ ਜਲਵਾ ਫਿਲਮ ‘ਨਾਨੂ ਕੀ ਜਾਨੂ’ ਵਿਚ ਦਿਖਾਇਆ ਹੈ। ਇਸ ਫਿਲਮ ਵਿਚ ਉਸ ਦੀ ਨਾਇਕਾ ਹੈ ਫਿਲਮ ‘ਸਿਟੀਲਾਈਟਸ’ ਵਾਲੀ ਅਦਾਕਾਰਾ ਪੱਤਰਲੇਖਾ।
‘ਨਾਨੂ ਕੀ ਜਾਨੂ’ ਵਿਚ ਅਭੈ ਦਿਓਲ ਵਲੋਂ ਨਾਨੂ ਦਾ ਕਿਰਦਾਰ ਨਿਭਾਇਆ ਗਿਆ ਹੈ। ਉਹ ਦਿੱਲੀ ਦਾ ਵਾਸੀ ਹੈ ਅਤੇ ਦੂਜਿਆਂ ਦੇ ਘਰਾਂ ‘ਤੇ ਗ਼ੈਰ ਕਾਨੂੰਨੀ ਕਬਜ਼ਾ ਕਰਨਾ ਉਸ ਦਾ ਪੇਸ਼ਾ ਹੈ। ਗੱਲ-ਗੱਲ ‘ਤੇ ਹੱਥ-ਪੈਰ ਜਾਂ ਹਥਿਆਰ ਚਲਾਉਣਾ ਉਸ ਦੀ ਆਦਤ ਵਿਚ ਸ਼ਾਮਿਲ ਹੈ। ਇਕ ਦਿਨ ਨਾਨੂ ਦੇਖਦਾ ਹੈ ਕਿ ਉਸ ਦੇ ਘਰ ਵਿਚ ਅਜੀਬ ਫੇਰਬਦਲ ਹੋਏ ਹਨ। ਪਹਿਲਾਂ ਤਾਂ ਉਹ ਇਸ ਬਦਲਾਓ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਰੋਜ਼-ਰੋਜ਼ ਘਰ ਵਿਚ ਨਵੀਆਂ ਘਟਨਾਵਾਂ ਵਾਪਰਨ ਲਗਦੀਆਂ ਤਾਂ ਉਸ ਨੂੰ ਲਗਦਾ ਹੈ ਕਿ ਘਰ ਵਿਚ ਕਿਸੇ ਭੂਤ ਨੇ ਡੇਰਾ ਲਾਇਆ ਹੋਇਆ ਹੈ। ਨਾਨੂ ਦੀ ਪਰੇਸ਼ਾਨੀ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਘਰ ਵਿਚ ਭੂਤ ਨਹੀਂ, ਭੂਤਨੀ ਹੈ। ਇਸ ਭੂਤਨੀ ਨੂੰ ਨਾਨੂ ਨਾਲ ਮੁਹੱਬਤ ਹੋ ਜਾਂਦੀ ਹੈ। ਆਪਣੀ ਜ਼ਿੰਦਗੀ ਵਿਚ ਆਈ ਇਸ ਭੂਤਨੀ ਦੀ ਵਜ੍ਹਾ ਕਰ ਕੇ ਨਾਨੂ ਦੇ ਸੁਭਾਅ ਵਿਚ ਵੀ ਬਦਲਾਓ ਆ ਜਾਂਦਾ ਹੈ। ਗਰਮ ਸੁਭਾਅ ਵਾਲੇ ਨਾਨੂ ਦਾ ਖੂਨ ਹੁਣ ਠੰਢਾ ਪੈ ਜਾਂਦਾ ਹੈ। ਇਸ ਭੂਤਨੀ ਦੀ ਵਜ੍ਹਾ ਨਾਲ ਨਾਨੂ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰ ਜਾਂਦਾ ਹੈ, ਇਹ ਇਸ ਫਿਲਮ ਦੀ ਕਹਾਣੀ ਹੈ।
‘ਵਾਰ ਛੋੜ ਨਾ ਯਾਰ’ ਫਿਲਮ ਬਣਾਉਣ ਵਾਲੇ ਫਿਲਮਸਾਜ਼ ਫਰਾਜ਼ ਹੈਦਰ ਨੇ ਹੁਣ ਇਹ ਫਿਲਮ ਬਣਾਈ ਹੈ। ਫਰਾਜ਼ ‘ਓਏ ਲੱਕੀ ਲੱਕੀ ਓਏ’ ਵਿਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚਿੱਕਾ ਹੈ। ਉਦੋਂ ਅਭੈ ਦਿਓਲ ਨਾਲ ਉਸ ਦੇ ਚੰਗੇ ਸਬੰਧ ਬਣ ਗਏ ਸਨ। ਇਸੇ ਕਰ ਕੇ ਜਦੋਂ ਫਰਾਜ਼ ਨੇ ਅਭੈ ਦਿਓਲ ਨੂੰ ਇਸ ਫਿਲਮ ਦੀ ਪੇਸ਼ਕਸ਼ ਕੀਤੀ ਤਾਂ ਅਭੈ ਨੇ ਦੇਖਿਆ ਕਿ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਫਿਲਮ ਉਸ ਨੇ ਪਹਿਲਾਂ ਕਦੀ ਨਹੀਂ ਕੀਤੀ ਹੈ। ਨਾਨੂ ਵਰਗਾ ਕਿਰਦਾਰ ਵੀ ਪਹਿਲਾਂ ਕਦੀ ਨਹੀਂ ਨਿਭਾਇਆ। ਸੋ, ਕੁਝ ਵੱਖਰਾ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੇ ‘ਹਾਂ’ ਕਹਿ ਦਿੱਤੀ। ਅਭੈ ਦਿਓਲ ਅਨੁਸਾਰ, ਉਸ ਦੀ ਦਿੱਖ ਗੰਭੀਰ ਕਲਾਕਾਰ ਦੀ ਹੈ, ਇਸ ਦਿੱਖ ਵਿਚ ਬਦਲਾਓ ਲਿਆਉਣ ਦੇ ਇਰਾਦੇ ਨਾਲ ਵੀ ਉਨ੍ਹਾਂ ਨੇ ਇਸ ਫਿਲਮ ਲਈ ‘ਹਾਂ’ ਕੀਤੀ। ਅਭੈ ਦਿਓਲ ਅਤੇ ਪੱਤਰਲੇਖਾ ਤੋਂ ਇਲਾਵਾ ਇਸ ਫਿਲਮ ਵਿਚ ਮਨੂ ਰਿਸ਼ੀ ਚੱਢਾ, ਰੇਸ਼ਮਾ ਖਾਨ, ਮਨੋਜ ਪਾਹਵਾ, ਰਾਜੇਸ਼ ਸ਼ਰਮਾ, ਹਿਮਾਨੀ ਸ਼ਿਵਪੁਰੀ ਤੇ ਸਪਨਾ ਚੌਧਰੀ ਨੇ ਵੀ ਅਦਾਕਾਰੀ ਕੀਤੀ ਹੈ।