ਬਹੁ-ਹੁਨਰੀ ਸ਼ਾਇਰ: ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ (20 ਅਪਰੈਲ 1939-6 ਨਵੰਬਰ 1986) ਦੀ ਚਰਚਾ ਭਾਵੇਂ ਨਕਸਲਬਾੜੀ ਲਹਿਰ ਦੌਰਾਨ ਰਚੀ ਗਈ ਜੁਝਾਰੂ ਕਵਿਤਾ ਨਾਲ ਜੋੜ ਕੇ ਕੀਤੀ ਜਾਂਦੀ ਹੈ ਪਰ ਉਹ ਕਾਵਿਤਾ ਇਸ ਲਹਿਰ ਤੋਂ ਪਹਿਲਾਂ ਹੀ ਲਿਖਣ ਲੱਗ ਪਿਆ ਸੀ। ਉਂਜ ਉਸ ਨੇ ਇਸ ਲਹਿਰ ਦੌਰਾਨ ਹੀ ਬੁਲੰਦੀਆਂ ਛੋਹੀਆਂ। ਉਸ ਦੀ ਕਵਿਤਾ ਅੰਦਰ ਲੋਹੜੇ ਦੀ ਲੈਅ ਅਤੇ ਕਿਰਤੀਆਂ ਦੇ ਵਿਹੜੇ ਦੀ ਲੋਅ ਹੈ। ਉਹਦੇ ਲਿਖੇ ਗੀਤ ਅਤੇ ਕਵਿਤਾਵਾਂ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ।

-ਸੰਪਾਦਕ

ਇਕਬਾਲ ਰਾਮੂਵਾਲੀਆ

ਸ਼ਾਇਰੀ ਬੁਨਿਆਦੀ ਤੌਰ ‘ਤੇ ਸ਼ਬਦਾਂ ਰਾਹੀਂ ਅਜਿਹੇ ਵਾਕ, ਵਾਕ-ਅੰਸ਼, ਮੁਹਾਵਰੇ ਅਤੇ ਚਿੱਤਰ ਰਚਣ ਦਾ ਨਾਂ ਹੈ ਜੋ ਪਾਠਕ ਨੂੰ ਅਚੰਭਿਤ ਕਰਦੇ ਹਨ, ਝੰਜੋੜਦੇ ਹਨ ਅਤੇ ਉਸ ਦੇ ਤਸੱਵਰ ਵਿਚ ਅਜੀਬ ਕਿਸਮ ਦੀ ਉਥਲ-ਪੁਥਲ, ਧੁੱਪ-ਛਾਂ, ਗਰਮੀ-ਸਰਦੀ, ਤਰਸ-ਕਰੁਣਾ ਵਰਗੇ ਅਨੇਕ ਕਿਸਮ ਦੇ ਅਨੁਭਵ ਉਸਾਰਦੇ ਹਨ। ਕਿਸੇ ਗੱਲ ਨੂੰ ਠਾਹ ਸੋਟਾ ਖੜਕਾਉਣ ਵਾਂਗ ਕਹਿਣ ਦੀ ਥਾਂ, ਸ਼ਾਇਰ ਲੋਕ ਉਸ ਨੂੰ ਸ਼ਬਦਾਂ ਦੀ ਕਿਸੇ ਖਾਸ ਤਰਤੀਬ ‘ਚ ਲਪੇਟ ਕੇ ਅਸਿੱਧੇ ਢੰਗ ਨਾਲ ਬਿਆਨਦੇ ਹਨ। ਸ਼ਾਇਰੀ ਬੇਸ਼ਕ ਪਿਆਰ ਦੀ ਬਾਤ ਪਾਉਂਦੀ ਹੋਵੇ, ਵਿਛੋੜੇ ਜਾਂ ਬਿਰਹਾ ਦੀ ਤੇ ਜਾਂ ਕਿਸੇ ਹੋਰ ਅਨੁਭਵ ਦੀ, ਉਸ ਵਿਚ ਕੁਝ ਨਾ ਕੁਝ ਅਜਿਹਾ ਜ਼ਰੂਰ ਹੁੰਦਾ ਹੈ ਜੋ ਪਾਠਕ ਨੂੰ ਸ਼ਬਦਾਂ ਦੇ ਵੱਖਰੇ ਸੰਸਾਰ ਵਿਚ ਲੈ ਜਾਂਦਾ ਹੈ। ਸ਼ਬਦਾਂ ਰਾਹੀਂ ਇੰਜ ‘ਵੱਖਰੇ ਸੰਸਾਰ ਵਿਚ ਲੈ ਜਾਣਾḔ ਹੀ ਮੇਰੀ ਨਜ਼ਰ ‘ਚ ਉਹ ਤੱਤ ਹੁੰਦਾ ਹੈ ਜੋ ਸ਼ਾਇਰੀ ਨੂੰ ਸਾਹਿਤ ਦੀਆਂ ਹੋਰ ਵੰਨਗੀਆਂ ਨਾਲੋਂ ਨਿਖੇੜਦਾ ਹੈ।
ਹਰ ਬੋਲੀ ਦਾ ਪੁਰਾਤਨ ਤੋਂ ਪੁਰਾਤਨ ਸਾਹਿਤ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਸ਼ਾਇਰੀ ਹਰ ਯੁਗ ‘ਚ ਹੀ ਗਾਈ ਜਾਣ ਵਾਲੀ ਸਾਹਿਤਕ ਕ੍ਰਿਤੀ ਰਹੀ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਗਾਇਕੀ ਅਤੇ ਸੰਗੀਤ ਮਨੁੱਖ ਦੇ ਜਾਨਵਰਾਂ ਤੋਂ ਮਨੁੱਖ ਬਣਨ ਦੇ ਪਹਿਲੇ ਪੜਾਵਾਂ ਵਿਚ ਹੀ ਸ਼ੁਰੂ ਹੋ ਗਏ ਹੋਣਗੇ। ਰੋਂਦੇ ਨਿਆਣੇ ਨੂੰ ਵਰਾਉਣ ਲਈ ਮਾਂ ਨੇ ਉਘੜ-ਦੁਘੜੀ ਲੋਰੀ, ਲੈਅ ਵਿਚ ਹੀ ਦਿੱਤੀ ਹੋਵੇਗੀ, ਤੇ ਅੱਜ ਦੇ ਛੁਣਕਣੇ ਵਾਂਗ ਖੜਕਾ ਕਰਨ ਲਈ ਦਰਖਤ ਦੀ ਇੱਕ ਡੰਡੀ ਨੂੰ ਦੂਸਰੀ ਡੰਡੀ ਉਪਰ ਮਾਂ ਨੇ ਤਾਲ ਵਿਚ ਹੀ ਮਾਰਿਆ ਹੋਵੇਗਾ। ਇਸ ਲਈ ਇਹ ਕਹਿਣਾ ਗੈਰਵਾਜਬ ਨਹੀਂ ਕਿ ਦੁਨੀਆਂ ਦੀ ਪਹਿਲੀ ਕਵਿਤਾ ਲੈਅਦਾਰ ਸ਼ਬਦਾਂ ਵਿਚ ਹੀ ਲਿਖੀ ਗਈ ਹੋਵੇਗੀ। ਖੈਰ, ਗਾਏ ਜਾਣ ਵਾਲੀ ਲੇਖਣੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਖਾਸ ਅਤੇ ਬਾਕਾਇਦਾ ਲੈਅ ਵਿਚ ਤੁਰਦੀ ਹੋਵੇ। ਗਾਈ ਜਾਣ ਵਾਲੀ ਸ਼ਾਇਰੀ ਜੇ ḔਬੀਟḔ ਯਾਨਿ ਲੈਅ ਨਾਲ ਕਲੰਘੜੀ ਪਾ ਕੇ ਨਹੀਂ ਤੁਰਦੀ ਤਾਂ ਲੈਅ ਵੀ ਲੜਖੜਾ ਜਾਂਦੀ ਹੈ ਤੇ ਕਾਵਿ-ਕ੍ਰਿਤੀ ਵੀ। ਇਸੇ ਤਰ੍ਹਾਂ ਰਿਦਮ ਦੇ ਨਾਲ ਨਾਲ, ਕਾਫੀਆ-ਰਦੀਫ (ਹਰ ਸਤਰ ਦੇ ਅੰਤਲੇ ਸ਼ਬਦਾਂ ਦੇ ਉਚਾਰਨ ਦਾ ਇੱਕ-ਦੂਜੇ ਨਾਲ ਮੇਲ ਖਾਣਾ ਜਿਵੇਂ ਚੰਦ, ਮੰਦ, ਪਸੰਦ) ਦੀ ਪਾਬੰਦੀ ਵੀ ਉਨ੍ਹਾਂ ਸਤਰਾਂ ਨੂੰ ਸੰਗੀਤਮਈ ਬਣਾ ਕੇ ਉਨ੍ਹਾਂ ਦੀ ਕਾਵਿਕਤਾ ਨੂੰ ਉਭਾਰਦੀ ਹੈ।
ਲੈਅ-ਬੱਧ ਕਵਿਤਾ ਦੀ ਗੱਲ ਕਰਦਿਆਂ ਇਹ ਤੌਖਲਾ ਅਕਸਰ ਹੀ ਪ੍ਰਗਟ ਕੀਤਾ ਜਾਂਦਾ ਹੈ ਕਿ ਬੀਤੇ ਕਈ ਦਹਾਕਿਆਂ ਦੌਰਾਨ ਪੰਜਾਬੀ ਵਿਚ ਲੈਅ-ਬੱਧ ਕਵਿਤਾ ਦੀ ਥਾਂ ‘ਖੁੱਲ੍ਹੀ’ ਕਵਿਤਾ ਦੂਰ ਦੂਰ ਤੀਕ ਖਿੱਲਰ ਗਈ ਹੈ। ਫੇਸਬੁੱਕ, ਰਸਾਲਿਆਂ ਅਤੇ ਅਖਬਾਰਾਂ ਵਿਚ ਢੇਰਾਂ ਦੇ ਢੇਰ ‘ਖੁੱਲ੍ਹੀ’ ਕਵਿਤਾ ਦੇਖ ਕੇ ਇਹੀ ਮਹਿਸੂਸ ਹੁੰਦਾ ਹੈ ਕਿ ਖੁੱਲ੍ਹੀ ਕਵਿਤਾ ਨੂੰ ਲੋਕਾਂ ਨੇ ਬੱਸ ਖੋਲ੍ਹ ਹੀ ਦਿੱਤਾ ਹੈ, ਜਿਵੇਂ ਕੋਈ ਬਹੁਤ ਵੱਡੇ ਮੁਰਗੀਖਾਨੇ ਦੇ ਸਾਰੇ ਦਰਵਾਜੇ ਅਤੇ ਕੰਧਾਂ ਉਖਾੜ ਦੇਵੇ ਤੇ ਸਾਰਾ ਆਲਾ-ਦੁਆਲਾ ਕੁੜਕ ਕੁੜਕ ਨਾਲ ਭਰ ਜਾਵੇ। ਇਸੇ ਲਈ ਬਹੁਤੀ ‘ਖੁੱਲ੍ਹੀ’ ਕਵਿਤਾ ਹੁਣ ਸਿਰਫ ‘ਕੁੜ-ਕੁੜ’ ਬਣ ਕੇ ਹੀ ਰਹਿ ਗਈ ਹੈ।
ਇਥੇ ਇਹ ਯਾਦ ਕਰਾਉਣਾ ਜ਼ਰੂਰੀ ਹੈ ਕਿ ਸਾਰੀ ਦੀ ਸਾਰੀ ਖੁੱਲ੍ਹੀ ਕਵਿਤਾ ਨੂੰ ‘ਕੁੜ-ਕੁੜ’ ਗਰਦਾਨਣਾ ਵੀ ਸਾਹਿਤ ਦੀ ਇਸ ਵਿਲੱਖਣ ਵੰਨਗੀ ਨਾਲ ਜ਼ਿਆਦਤੀ ਹੋਵੇਗੀ। ਦੁਨੀਆਂ ਭਰ ਦੇ ਸਾਹਿਤ ਦੇ ਨਾਲ ਨਾਲ ਪੰਜਾਬੀ ਵਿਚ ਵੀ ਖੂਬਸੂਰਤ ਛੰਦ-ਰਹਿਤ ਕਵਿਤਾ ਰਚੀ ਗਈ ਹੈ, ਪਰ ਕਵਿਤਾ ਦੇ ਇਸ ਰੰਗ ਨੂੰ ‘ਸੌਖਾ’ ਸਮਝਣ ਦੇ ਭੁਲੇਖੇ ਤਹਿਤ ਅਕਾਵਿਕ ਲੋਕਾਂ ਨੇ ਬੇਮੁਹਾਰ, ਰਸਹੀਣ ਤੇ ਵਾਰਤਕੀ ਲਿਬਾਸ ਵਾਲੀ ‘ਖੁੱਲ੍ਹੀ’ ਕਵਿਤਾ ਨੂੰ ਥੋਕ ਦੇ ਭਾਅ ਲਿਖ ਲਿਖ ਕੇ ਇਸ ਨੂੰ ਬਦਨਾਮ ਬਹੁਤ ਕਰ ਸੁੱਟਿਆ ਹੈ। ਸਿੱਟੇ ਵਜੋਂ ਬਹੁਤੇ ਲੋਕ ਕਵਿਤਾ ਨਾਲੋਂ ਟੁੱਟ ਰਹੇ ਹਨ। ਹਕੀਕਤ ਇਹ ਹੈ ਕਿ ਜਿਥੇ ਲੈਅ-ਬੱਧ ਕਵਿਤਾ ਆਪਣੀ ਲੈਅ ਅਤੇ ਕਾਫੀਆ-ਰਦੀਫ ਦੇ ਸਹਾਰੇ ਆਪਣੀ ਕਾਵਿ-ਸਮਰੱਥਾ ਨੂੰ ਅਮੀਰ ਕਰ ਲੈਂਦੀ ਹੈ, ਉਥੇ ‘ਖੁੱਲ੍ਹੀ’ ਕਵਿਤਾ ਵਿਚ ਇਸ ਤਰ੍ਹਾਂ ਦੀ ਅਮੀਰੀ ਦੀ ਅਣਹੋਂਦ ਨੂੰ ਭਰਨ ਲਈ ਖੁੱਲ੍ਹੀ ਕਵਿਤਾ ਦੇ ਸਿਰਜਕ ਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ, ਵਧੇਰੇ ਜੁਗਤਾਂ ਜੁਟਾਉਣੀਆਂ ਪੈਂਦੀਆਂ ਹਨ।
ਇਸੇ ਪ੍ਰਸੰਗ ਵਿਚ ਇਹ ਕਹਿਣਾ ਵੀ ਬਣਦਾ ਹੈ ਕਿ ਕਾਗਜ਼ਾਂ ‘ਤੇ ਲਿਖੀ ਕਵਿਤਾ ਪੜ੍ਹਨ ਵੇਲੇ ਅਸੀਂ ਇਹ ਤਸੱਵਰ ਨਹੀਂ ਕਰ ਸਕਦੇ ਕਿ ਇਸ ਕਵਿਤਾ ਦਾ ਰਚਣਹਾਰਾ ਇਸ ਕਵਿਤਾ ਨੂੰ ਆਪਣੀ ਜ਼ੁਬਾਨੀ ਪੇਸ਼ ਕਿਵੇਂ ਕਰਦਾ ਹੋਵੇਗਾ, ਪਰ ਜਿਸ ਕਵੀ ਕੋਲ ਲੈਅਦਾਰ ਕਵਿਤਾ ਲਿਖਣ ਦੇ ਹੁਨਰ ਅਤੇ ਲੈਅਦਾਰ ਕਵਿਤਾ ਵਿਚ ਸ਼ਬਦਾਂ ਨੂੰ ਬਾ-ਤਰਤੀਬ ਬੰਨ੍ਹਣ ਦੀ ਜਾਚ ਦੇ ਨਾਲ ਨਾਲ ਆਪਣੀ ਰਚਨਾ ਨੂੰ ਗੁਣਗੁਣਾ ਕੇ ਪੇਸ਼ ਕਰਨ ਦਾ ਹੁਨਰ ਵੀ ਹੋਵੇ ਤਾਂ ਉਸ ਦਾ ਇਹ ਹੁਨਰ ਉਸ ਦੀ ਕਾਵਿਕ ਸਮਰੱਥਾ ਦਾ ਹਾਸਿਲ ਬਣ ਜਾਂਦਾ ਹੈ।
ਸੰਤ ਰਾਮ ਉਦਾਸੀ ਦੀ ਕਵਿਤਾ ਨਾਲ ਵਾਬਸਤਾ ਹੁੰਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਉਸ ਦੀਆਂ ਜੇਬਾਂ ਤੇ ਝੋਲੀ ਨੂੰ ਕੁਦਰਤ ਨੇ ਕਵਿਤਾ ਦੇ ਇਨ੍ਹਾਂ ਸਾਰੇ ਬੁਨਿਆਦੀ ਅੰਗਾਂ ਨਾਲ ਭਰਪੂਰ ਕੀਤਾ ਹੋਇਆ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਲੋਕ ਪੱਖੀ ਵਿਚਾਰਧਾਰਾ ਨਾਲ ਜੁੜ ਕੇ ਸਾਰੀ ਉਮਰ ਲੋਕ ਚੇਤਨਾ ਪ੍ਰਚੰਡ ਕਰਨ ਵਾਲੀ ਸ਼ਾਇਰੀ ਲਿਖਦਾ ਰਿਹਾ। ਤੰਗੀਆਂ ਤੁਰਸ਼ੀਆਂ ਵਾਲੇ ਪਿਛੋਕੜ ਵਿਚੋਂ ਆਇਆ ਹੋਣ ਦੇ ਬਾਵਜੂਦ ਸਸਤੀ ਅਤੇ ਛਿਣ-ਭੰਗਰੀ ਸ਼ੋਹਰਤ ਮਗਰ ਦੌੜਨ ਦੀ ਥਾਂ ਉਹ ਉਸ ਜੁਝਾਰੂ ਵਿਚਾਰਧਾਰਾ ਨਾਲ ਜੁੜਿਆ ਜੋ ਲੋਕ ਮੁਕਤੀ ਲਈ ਜੁਝਾਰੂ ਸੰਘਰਸ਼ ਦੇ ਰਸਤੇ ਨੂੰ ਹੀ ਸਹੀ ਮੰਨਦੀ ਸੀ। ਅਨੇਕਾਂ ਕਾਰਨਾਂ ਵੱਸ ਇਹ ਵਿਚਾਰਧਾਰਾ ਭਾਵੇਂ ਲੋਕਾਂ ਵਿਚ ਆਪਣਾ ਵਿਸ਼ਾਲ ਆਧਾਰ ਕਾਇਮ ਨਾ ਕਰ ਸਕੀ ਪਰ ਅੱਜ ਜਿਸ ਗਿਰਾਵਟ ‘ਤੇ ਭਾਰਤ ਦਾ ਅਖੌਤੀ ਲੋਕ ਰਾਜ ਉਤਰ ਆਇਆ ਹੈ, ਉਸ ਨੂੰ ਦੇਖਦਿਆਂ ਰਾਜਸੀ ਤੌਰ ‘ਤੇ ਸੁਚੇਤ ਲੋਕ ਇਹ ਮਹਿਸੂਸ ਜ਼ਰੂਰ ਕਰਨ ਲੱਗ ਪਏ ਹਨ ਕਿ ਮੌਜੂਦਾ ਦੌਰ ਵਾਲੇ ਅਖੌਤੀ ḔਲੋਕਰਾਜੀḔ ਢੰਗਾਂ ਨਾਲ ਲੋਟੂ, ਬੇਈਮਾਨ, ਖੁਦਗਰਜ਼ ਅਤੇ ਭ੍ਰਿਸ਼ਟ ਨਿਜ਼ਾਮ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਪੈਸੇ ਦੇ ਜ਼ੋਰ, ਧੌਂਸ ਅਤੇ ਹੋਰ ਗੈਰ-ਇਖਲਾਕੀ ਢੰਗਾਂ ਨਾਲ ਗਰੀਬ ਲੋਕਾਂ ਦੀਆਂ ਜ਼ਮੀਰਾਂ ਖਰੀਦਣ ਦੀ ਰਣਨੀਤੀ ਨਾ ਤਾਂ ਲੋਕ ਪੱਖੀ ਤਾਕਤਾਂ ਕਦੇ ਅਪਨਾਉਣਗੀਆਂ ਅਤੇ ਨਾ ਹੀ ਇਸ ਕਿਸਮ ਦੀ ਵਿਕਾਊ-ਖਰੀਦੂ ਸਿਆਸਤ ਕਰਨ ਦੀ ਸਮਰੱਥਾ ਲੋਕ ਹਿਤੂ ਧਿਰਾਂ ਕੋਲ ਕਦੇ ਆ ਹੀ ਸਕਦੀ ਹੈ। ਇਸ ਲਈ ਇੰਜ ਜਾਪਣ ਲੱਗ ਪਿਆ ਹੈ ਕਿ ਅੱਜ ਦੇ ਅੰਨ੍ਹੇ ਦੌਰ ਵਿਚ ਪ੍ਰਚੰਡ ਲੋਕ ਚੇਤਨਾ ਜੁਝਾਰੂ ਢੰਗਾਂ ਨਾਲ ਹੀ ਲੋਕ ਪੱਖੀ ਨਿਜ਼ਾਮ ਉਸਾਰ ਸਕਦੀ ਹੈ।
ਸੰਤ ਰਾਮ ਉਦਾਸੀ ਨੇ ਇਸ ਵਿਚਾਰਧਾਰਾ ਨੂੰ ਅਪਨਾ ਕੇ ਆਪਣੇ ਲੋਕ ਹਿਤੂ ਹੋਣ ਦਾ ਸਬੂਤ ਦਿੱਤਾ। ਇਥੇ ਇਹ ਕਹਿਣਾ ਵੀ ਵਾਜਿਬ ਹੋਵੇਗਾ ਕਿ ਉਦਾਸੀ ਦੀ ਆਵਾਜ਼ ਵਿਚ ਏਨਾ ਦਮ ਸੀ ਅਤੇ ਉਸ ਨੂੰ ਸੰਗੀਤਕ ਬਾਰੀਕੀਆਂ ਦੀ ਕੁਦਰਤ ਵੱਲੋਂ ਹੀ ਏਨੀ ਜਾਚ ਸੀ ਕਿ ਜੇ ਉਹ ਕਿੱਤਾਵਾਨ (ਪ੍ਰੋਫੈਸ਼ਨਲ) ਗਾਇਕਾਂ ਵਾਂਗ ਸਟੇਜੀ ਗਾਇਕੀ ਨੂੰ ਆਪਣਾ ਧੰਦਾ ਬਣਾ ਲੈਂਦਾ ਤਾਂ ਉਸ ਦੀ ਮਹਿਮਾ ਉਸ ਦੇ ਸਮਕਾਲੀ ਗਾਇਕਾਂ ਵਾਂਗ ਬੁਲੰਦੀ ‘ਤੇ ਹੋਣੀ ਸੀ ਅਤੇ ਮਾਇਕ ਪੱਖੋਂ ਵੀ ਉਸ ਦੇ ਬੈਂਕ ਖਾਤਿਆਂ ਵਿਚ ਭਰਪੂਰ ਚਾਨਣ ਹੋਣਾ ਸੀ, ਪਰ ਉਸ ਵੱਲੋਂ ਲੋਕ ਪੱਖੀ ਸ਼ਾਇਰੀ ਨੂੰ ਅਪਨਾ ਲੈਣਾ ਵੀ ਉਸ ਦੇ ਇਖਲਾਕੀ ਕੱਦ ਨੂੰ ਵਧਾਉਂਦਾ ਹੈ। ਖੈਰ, ਕਿਉਂਕਿ ਉਸ ਨੂੰ ਲੈਅ ਅਤੇ ਸੁਰ ਦਾ ਗਹਿਰਾ ਗਿਆਨ ਸੀ, ਇਸ ਲਈ ਉਸ ਨੇ ਆਪਣੀ ਸਾਰੀ ਰਚਨਾ ਲੈਅ-ਬੱਧ ਅੰਦਾਜ਼ ਵਿਚ ਕੀਤੀ ਜਿਸ ਕਾਰਨ ਉਹ ਪਾਠਕਾਂ ਦੇ ਮਨਾਂ ਵਿਚ ਵਸਦਾ ਗਿਆ। ਉਸ ਨੇ ਗੀਤ, ਗਜ਼ਲਾਂ ਅਤੇ ਕਵਿਤਾਵਾਂ ਰਾਹੀਂ ਆਪਣਾ ਕਾਵਿਕ ਸੰਸਾਰ ਸਿਰਜਿਆ।
ਇਹ ਠੀਕ ਹੈ ਕਿ ਇਕੱਲੀ ਲੈਅ-ਬੱਧਤਾ ਅਤੇ ਕਾਫੀਏ ਦੀ ਜੁਗਤ ਪਾਠਕ ਨੂੰ ਹੁਲਾਰਾ ਤਾਂ ਦੇ ਸਕਦੀ ਹੈ, ਪਰ ਜੇ ਉਸ ਦੇ ਸ਼ਬਦਾਂ, ਅਲੰਕਾਰਾਂ ਅਤੇ ਸ਼ਬਦ ਚਿੱਤਰਾਂ ਵਿਚ ਗਹਿਰਾਈ, ਵੰਨ-ਸੁਵੰਨਤਾ ਅਤੇ ਸਰੋਦੀਅਤ ਦੀ ਘਾਟ ਹੋਵੇ ਤਾਂ ਉਹ ਬਸ ਸਾਧਾਰਨ ਤੁਕਬੰਦੀ ਤੀਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਉਦਾਸੀ ਵਿਚ ਸ਼ਬਦਾਂ ਦਾ ਉਹ ਅਚੰਭਿਤ ਸੰਸਾਰ ਸਿਰਜਣ ਦੀ ਵੱਡੀ ਸਮਰੱਥਾ ਸੀ ਜੋ ਪਾਠਕ ਦੇ ਜ਼ਿਹਨ ਵਿਚ ਤਰੰਗਾਂ ਜ਼ਰੂਰ ਛੇੜਦਾ ਹੈ। ਉਸ ਦੀ ਕਵਿਤਾ ਸਾਧਾਰਨ ਜ਼ਿੰਦਗੀਆਂ ਜਿਉਂਦੇ ਉਸ ਦੇ ਸਰੋਤਿਆਂ ਵੱਲ ਸੇਧਿਤ ਸੀ ਅਤੇ ਉਨ੍ਹਾਂ ਨੂੰ ਸੌਖੀ ਤਰ੍ਹਾਂ ਸਮਝ ਆ ਜਾਣ ਦੇ ਪੱਧਰ ‘ਤੇ ਵਿਚਰਨ ਦੇ ਨਾਲ ਨਾਲ ਸਾਹਿਤਕ ਬੁਲੰਦੀਆਂ ਵੀ ਛੋਂਹਦੀ ਹੈ। ਆਪਣੀ ਇੱਕ ਕਾਵਿ-ਰਚਨਾ ਵਿਚ ਉਹ ਹਾੜੀਆਂ ਵੱਢਣ ਦੇ ਦ੍ਰਿਸ਼ ਨੂੰ ਦਿਲ ਚੀਰਵੇਂ ਸ਼ਬਦ ਚਿੱਤਰਾਂ ਰਾਹੀਂ ਬਿਆਨ ਕਰਦਿਆਂ ਕਾਵਿਕ ਉਡਾਰੀ ਕੁਝ ਇਸ ਤਰ੍ਹਾਂ ਭਰਦਾ ਹੈ:
ਕਚਰੇ ਦਰੜ ਦਰੜ ਕੇ ਲੰਘੇ,
ਪੈਰ ਬਿਆਈਆਂ ਪਾਟੇ,
ਆ ਕਣਕਾਂ ਦੇ ਮੱਥਿਆਂ ਤੋਂ ਮੈਂ
ਸਿੰਮਦਾ ਖੂਨ ਦਿਖਾਵਾਂ।
ਇੰਜ ਹੀ ਇੱਕ ਹੋਰ ਰਚਨਾ ਵਿਚ ਉਹ ਥੁੜ੍ਹਾਂ ਮਾਰੇ ਘਰਾਂ ਦੀ ਤ੍ਰਾਸਦੀ ਬਿਆਨ ਕਰਨ ਵੇਲੇ ਗਹਿਰਾਈ ਵਿਚ ਉਤਰ ਜਾਂਦਾ ਹੈ:
ਏਥੇ ਜੰਮਦਾ ਬੰਦਾ ਸੀਰੀ ਹੈ
ਏਥੇ ਕਰਜ਼ੇ ਹੇਠ ਪੰਜੀਰੀ ਹੈ।
ਬੁਲੰਦ ਕਾਵਿਕਤਾ ਦੀਆਂ ਅਨੇਕਾਂ ਮਿਸਾਲਾਂ ਉਸ ਦੀ ਰਚਨਾ ਵਿਚ ਥਾਂ ਥਾਂ ਲੱਭੀਆਂ ਜਾ ਸਕਦੀਆਂ ਹਨ। ਕਵਿਤਾ ਲਿਖ ਲੈਣਾ, ਸ਼ਬਦਾਂ ਦਾ ਜਾਦੂ ਉਸਾਰ ਲੈਣਾ, ਤਾਲ-ਰਦੀਫ ਵਿਚ ਪ੍ਰਬੀਨ ਹੋ ਜਾਣਾ-ਇਹ ਸਭ ਜੁਗਤਾਂ ਕਵਿਤਾ ਲਈ ਅਹਿਮ ਹਨ, ਲੇਕਿਨ ਕਵਿਤਾ ਨੂੰ ਲੋਕਾਂ ਸਾਹਮਣੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕਰਨਾ ਵੀ ਸ਼ਾਇਰ ਦੀ ਸਮਰੱਥਾ ਦਾ ਅਹਿਮ ਹਿੱਸਾ ਹੋ ਨਿਬੜਦਾ ਹੈ। ਮੈਂ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹਾਂ ਕਿ ਕਿਸੇ ਸ਼ਾਇਰ ਦਾ ਆਪਣੀ ਰਚਨਾ ਨੂੰ ਗੁਣਗੁਣਾ ਕੇ ਪੇਸ਼ ਕਰਨਾ ਵੀ ਉਸ ਦੇ ਸਮੁੱਚੇ ਕਾਵਿਕ ਕੱਦ ਨੂੰ ਉਚਾਈ ਵੱਲ ਲੈ ਜਾਂਦਾ ਹੈ। ਉਦਾਸੀ ਕੋਲ ਟੁਣਕਦੀ ਹੋਈ ਬੁਲੰਦ ਆਵਾਜ਼ ਸੀ ਜੋ ਉਸ ਦੇ ਸਰੋਤਿਆਂ ਨੂੰ ਕੀਲ ਲੈਂਦੀ ਸੀ। ਉਹ ਸੱਜੀ ਬਾਂਹ ਨੂੰ ਉਪਰ ਵੱਲ ਉਭਾਰ ਕੇ ਆਪਣੀ ਆਵਾਜ਼ ਨੂੰ ਛਣਕਾਉਂਦਾ ਤਾਂ ਸਰੋਤਿਆਂ ਦੇ ਸਿਰ ਸੱਜੇ-ਖੱਬੇ ਹਿੱਲਣ ਲੱਗ ਜਾਂਦੇ। ਇਹੀ ਕਾਰਨ ਸੀ ਕਿ ਉਹ ਹਰ ਕਵੀ ਦਰਬਾਰ ਨੂੰ ਲਪੇਟ ਕੇ ਆਪਣੀ ਜੇਬ ਵਿਚ ਪਾ ਲੈਂਦਾ ਸੀ।
ਉਸ ਦੀ ਕਵਿਤਾ ਦੀਆਂ ਖੂਬੀਆਂ ਦੇ ਨਾਲ ਨਾਲ ਤੜਕ-ਫੜਕ ਤੋਂ ਕੋਹਾਂ ਦੂਰ ਵਿਚਰਦੀ ਉਸ ਦੀ ਜ਼ਿੰਦਗੀ ਬਾਰੇ ਕੁਝ ਆਖਣਾ ਵੀ ਜ਼ਰੂਰੀ ਜਾਪਦਾ ਹੈ। ਉਦਾਸੀ ਦੀ ਸਾਦਗੀ ਅਸਲ ਵਿਚ ਸਾਦੇ ਸਾਦੇ ਸ਼ਬਦਾਂ ਵਿਚ ਰਚੀ ਉਸ ਦੀ ਸ਼ਾਇਰੀ ਵਰਗੀ ਹੀ ਸੀ। ਨਜ਼ਰ ਦੀ ਕਮਜ਼ੋਰੀ ਦੇ ਬਾਵਜੂਦ ਉਹ ਦੂਰ ਦੂਰ ਤੀਕ ਸਾਈਕਲ ਨਾਲ ਜੂਝਦਾ ਹੋਇਆ ਵੀ ਕਵਿਤਾਵਾਂ ਸਿਰਜਦਾ ਰਹਿੰਦਾ। ਟਾਈ, ਕੋਟ ਜਾਂ ਸੂਟਡ-ਬੂਟਡ ਹੋਣ ਦੀ ਤਮੰਨਾ ਉਹਦੇ ਵਿਚ ਕਦੇ ਜਾਗੀ ਹੀ ਨਹੀਂ ਸੀ। ਉਹ ਕੰਮੀਆਂ, ਕਿਸਾਨਾਂ, ਕਿਰਤੀਆਂ ਵਿਚ ਉਨ੍ਹਾਂ ਵਰਗਾ ਹੋ ਕੇ ਹੀ ਵਿਚਰਦਾ ਸੀ।
ਅੰਤ ਵਿਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਵੀ ਲੇਖਕ ਲਈ ਵੱਡੀ ਚੁਣੌਤੀ ਹੁੰਦੀ ਹੈ, ਆਪਣਾ ਵੱਖਰਾ ਅਕਸ ਸਿਰਜ ਲੈਣਾ, ਆਪਣਾ ਵੱਖਰਾ ਅੰਦਾਜ਼ੇ-ਬਿਆਂ ਸਿਰਜ ਲੈਣਾ। ਇਸ ਨਜ਼ਰੀਏ ਤੋਂ ਦੇਖੀਏ ਤਾਂ ਲੈਅ-ਬੱਧ ਕਵਿਤਾ, ਸ਼ਬਦਾਂ ਦੀ ਜਾਦੂਗਰੀ, ਲੋਕ ਚੇਤਨਾ ਨੂੰ ਪ੍ਰਣਾਈ ਸ਼ਾਇਰੀ ਅਤੇ ਬੁਲੰਦ ਸੁਰੀਲੀ ਆਵਾਜ਼ ਵਾਲਾ ਸ਼ਾਇਰ ਉਦਾਸੀ ਆਪਣੇ ਆਪ ਵਿਚ ਵੱਖਰੀ ਹੀ ਸ਼ਖਸੀਅਤ ਸੀ। ਹਰ ਸ਼ਾਇਰ ਵਾਂਗ ਭਾਵੇਂ ਉਹ ਵੀ ਖਾਸ ਹਾਲਾਤ ਦੀ ਪੈਦਾਵਾਰ ਸੀ, ਪਰ ਉਸ ਦੀ ਵੱਖਰੀ ਪਛਾਣ ਏਨੇ ਦਹਾਕੇ ਗੁਜ਼ਰ ਜਾਣ ਪਿਛੋਂ ਅੱਜ ਵੀ ਕਾਇਮ ਹੈ। ਇਸ ਬਹੁ-ਹੁਨਰੀ ਕਵੀ ਦੀ ਕਵਿਤਾ ਵਿਚ ਲੈਅ ਹੈ, ਸਰੋਦੀਅਤ ਹੈ, ਸੰਗੀਤ ਹੈ, ਕਾਵਿਕ ਮੁਹਾਵਰਾ ਹੈ, ਸੁਨੇਹਾ ਹੈ ਅਤੇ ਗਲਤ ਨਿਜ਼ਾਮ ਦਾ ਸ਼ਿਕਾਰ ਹੋਏ ਲੋਕਾਂ ਦਾ ਦਰਦ ਹੈ।

__________________________________________

ਮੈਂ ਕਵਿਤਾ ਕਿਉਂ ਲਿਖਦਾ ਹਾਂ
ਸੰਤ ਰਾਮ ਉਦਾਸੀ
ਜਿਸ ਤਬਕੇ ਦੇ ਲੋਕਾਂ ਦੇ ਜੀਵਨ ਪੱਧਰ ਵਿਚ ਮੈਂ ਜੰਮਿਆਂ, ਪਲਿਆ ਤੇ ਵੱਡਾ ਹੋਇਆ, ਉਹ ਮੇਰੇ ਲੋਕ 24 ਘੰਟੇ ਵਿਚੋਂ ਕਰੀਬ 16 ਘੰਟੇ ਕੰਮ ਕਰਦੇ ਹਨ ਫਿਰ ਵੀ ਜ਼ਿੰਦਗੀ ਦੀ ਚਿਣਗ ਤੋਂ ਹਜ਼ਾਰਾਂ ਕੋਹਾਂ ਦੂਰ ਹਨ। ਜੇ ਮੈਨੂੰ ਆਪਣੇ ਸਮਾਜ ਦੀ ਬਣਤਰ ਬਾਰੇ ਕੋਈ ਸਮਝ ਹੈ ਤੇ ਉਸ ਸਮਝ ਨੂੰ ਪ੍ਰਗਟਾਉਣ ਲਈ ਮੇਰੇ ਪਾਸ ਸ਼ਬਦ ਹਨ ਤਾਂ ਮੈਨੂੰ ਆਪਣੇ ਸਮਾਜ ਦਾ ਵਿਗਿਆਨਕ ਵਿਸ਼ਲੇਸ਼ਣ ਕਰ ਕੇ, ਆਪਣੇ ਸਮਾਜ ਵਿਚ ਨਪੀੜੇ ਜਾ ਰਹੇ ਲੋਕਾਂ ਨਾਲ ਸਬੰਧ ਜੋੜ ਕੇ ਉਨ੍ਹਾਂ ਬਾਰੇ ਲਿਖਣਾ ਚਾਹੀਦਾ ਹੈ।
ਹੁਣ ਸਵਾਲ ਇਹ ਹੈ ਕਿ ਮੈਂ ਕਵਿਤਾ ਕਿਉਂ ਲਿਖਦਾ ਹਾਂ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਮਾਜ ਦੇ ਜਿਸ ਤਬਕੇ ਨਾਲ ਮੈਂ ਸਬੰਧਤ ਹਾਂ, ਉਹ ਹਿੰਦੁਸਤਾਨ ਦਾ 80 ਫੀਸਦ ਦੱਬਿਆ ਕੁਚਲਿਆ ਤੇ ਲੁੱਟਿਆ ਜਾਂਦਾ ਵਰਗ ਹੈ। ਭਾਰਤ ਦੇ ਮੁੱਠੀ ਭਰ ਲੁਟੇਰਿਆਂ ਨੇ ਜਾਤ ਪਾਤ, ਧਰਮ, ਇਲਾਕਾਪ੍ਰਸਤੀ, ਮੌਕਾਪ੍ਰਸਤੀ ਤੇ ਅੰਨ੍ਹੀ ਕੌਮਪ੍ਰਸਤੀ ਦਾ ਬੁਰਕਾ ਲੈ ਕੇ ਮੇਰੇ ਲੋਕਾਂ ਨੂੰ ਆਪਣੇ ਵਿਚ ਲਪੇਟਿਆ ਹੋਇਆ ਹੈ। ਇਹ ਜ਼ਰੂਰੀ ਨਹੀਂ ਕਿ ਮੇਰੇ ਬਹੁਤੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਉਹ ਕਿਸ ਦੀ ਲਪੇਟ ਵਿਚ ਹਨ ਪਰ ਮੈਨੂੰ ਹਾਲਾਤ ਅਤੇ ਬੁੱਧੀ ਨੇ ਮੌਕਾ ਦਿੱਤਾ ਹੈ ਕਿ ਕੌਣ ਮੇਰੇ ਲੋਕਾਂ ਨੂੰ ਗੁਲਾਮ ਕਰਨ ਦੇ ਰੁਝਾਨ ਵਿਚ ਹੈ। ਇਸ ਬਹੁ-ਪੱਖੀ ਲੁੱਟ ਦੀ ਮੈਨੂੰ ਇੱਕ ਦਿਨ ਵਿਚ ਹੀ ਸਮਝ ਨਹੀਂ ਆ ਗਈ ਸਗੋਂ ਲੁਟੇਰੇ ਵਰਗ ਦੇ ਅੱਡਿਆਂ ਨੇ ਮੈਨੂੰ ਵੀ ਆਪਣੀ ਲਪੇਟ ਵਿਚ ਲੈ ਕੇ ਆਪਣੇ ਹੋਰਾਂ ਲੋਕਾਂ ਵਰਗਾ ਬਣਾਉਣਾ ਚਾਹਿਆ ਪਰ ਮੈਂ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਤੇ ਹੋਰ ਸੰਗੀ ਸਾਥੀਆਂ ਨੂੰ ਗੁਲਾਮੀ ਦੇ ਜੂਲੇ ਹੇਠ ਕੁਰਬਲ ਕੁਰਬਲ ਕਰਦਿਆਂ ਦੇਖ ਕੇ ਜਰ ਨਾ ਸਕਿਆ।
ਮੈਂ ਪਹਿਲਾਂ ਰੱਬ ਨੂੰ ਇਨ੍ਹਾਂ ਦੀ ਮੁਕਤੀ ਦਾ ਦਾਤਾ ਸਮਝ ਕੇ ਧਾਰਮਿਕ ਕਵਿਤਾਵਾਂ ਲਿਖੀਆਂ। ਫਿਰ ਭਾਰਤ ਦੀ ਅਖੌਤੀ ਸਮਾਜਵਾਦੀ ਸਰਕਾਰ ਵੱਲ ਝਾਕ ਰੱਖ ਕੇ ਕੌਮਪ੍ਰਸਤੀ ਅਤੇ ਦੇਸ਼ ਭਗਤੀ ਦੇ ਗੀਤ ਲਿਖੇ ਪਰ ਜਿਉਂ ਜਿਉਂ ਮੈਂ ਇਸ ਪ੍ਰਕਾਰ ਦੇ ਗੀਤ ਜਾਂ ਕਵਿਤਾ ਲਿਖਦਾ ਤਾਂ ਲੁਟੇਰਿਆਂ ਦੇ ਬੁਰਕੇ ਲੀਰੋ ਲੀਰ ਹੋਣ ਦੀ ਥਾਂ ਹੋਰ ਵੀ ਸੁਭਰ ਹੋ ਜਾਂਦੇ। ਖੈਰ, ਲੁਟੇਰਿਆਂ ਦੇ ਇਸ ਰੁਝਾਨ ਨੇ ਮੇਰੇ ਅੰਦਰ ਤਰਕ ਜਗਾਈ। ਮੈਂ ਦੇਖਿਆ ਕਿ ਲੁਟੇਰੀਆਂ ਸਫਾਂ ਮੇਰੇ ਲੋਕਾਂ ਨੂੰ ਆਪਣੇ ਵਿਚ ਲਪੇਟ ਕੇ ਵੀ ਸਾਡਾ ਕੁਝ ਨਹੀਂ ਸੁਆਰਦੀਆਂ ਸਗੋਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਦੇ ਨਾਂਵਾਂ ਨੂੰ ਵਰਤ ਕੇ ਸਾਨੂੰ ਜਿਵੇਂ ਕਿਵੇਂ ਰੱਖਣਾ ਚਾਹੁੰਦੀਆਂ ਹਨ। ਫਿਰ ਮੈਂ ਧਾਰਮਿਕ ਕਿਤਾਬਾਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਅਕਾਲੀ ਮੋਰਚਿਆਂ ਦੇ ਇਤਿਹਾਸ ਤੋਂ ਅਗਵਾਈ ਲਈ। ਆਰਥਕ ਤੇ ਸਮਾਜਕ ਤੌਰ ‘ਤੇ ਆਜ਼ਾਦ ਕੌਮਾਂ ਦੇ ਇਤਿਹਾਸ ਨੂੰ ਪੜ੍ਹਿਆ ਤੇ ਨਾਲ ਹੀ ਮਜ਼ਦੂਰਾਂ ਦੇ ਸਰਵੋਤਮ ਫਲਸਫੇ ਮਾਰਕਸਵਾਦ-ਲੈਨਿਨਵਾਦ ਦਾ ਸਿਖਿਆਰਥੀ ਬਣਿਆ। ਇਉਂ ਮੈਨੂੰ ਆਪਣੀ ਤੇ ਆਪਣੇ ਪਰਿਵਾਰ, ਮਾਂਵਾਂ, ਭੈਣਾਂ ਅਥਵਾ ਰਿਸ਼ਤੇਦਾਰਾਂ ਨਾਲ ਹੋ ਰਹੀਆਂ ਵਧੀਕੀਆਂ ਦੁਨੀਆਂ ਭਰ ਦੇ ਲੁੱਟੇ ਜਾਂਦੇ ਵਰਗ ਵੱਲ ਲੈ ਗਈਆਂ। ਫਿਰ ਮੈਨੂੰ ਦੁਨੀਆਂ ਦਾ ਲੁਟੇਰਾ ਤੇ ਲੁੱਟਿਆ ਜਾਂਦਾ ਵਰਗ ਪ੍ਰਤੁੱਖ ਨਜ਼ਰ ਆਉਣ ਲੱਗ ਪਿਆ। ਹੁਣ ਤੁਸੀਂ ਆਪ ਹੀ ਦੱਸੋ ਕਿ ਮੈਂ ਕਵਿਤਾ ਕਿਉਂ ਲਿਖਦਾ ਹਾਂ ਤੇ ਕੀਹਦੇ ਲਈ ਲਿਖਦਾ ਹਾਂ।
ਮੈਨੂੰ ਸੋਨਾ ਗਾਚੀ (ਕਲਕੱਤਾ) ਜੀæ ਬੀæ ਰੋਡ (ਦਿੱਲੀ) ਦਿਆਂ ਬਾਜ਼ਾਰਾਂ ਵਿਚ ਗਾਹਕਾਂ ਨੂੰ ਉਡੀਕ ਰਹੀਆਂ ਕੁੜੀਆਂ ਮੇਰੀਆਂ ਭੈਣਾਂ ਤੇ ਮਾਂਵਾਂ ਲੱਗਦੀਆਂ ਹਨ। ਮੈਨੂੰ ਬਿਹਾਰ, ਮੱਧ ਪ੍ਰਦੇਸ਼, ਯੂæ ਪੀæ ਤੇ ਰਾਜਸਥਾਨ ਦੇ ਭਈਏ ਪੰਜਾਬ ਵਿਚ ਆਏ, ਵਲਾਇਤਾਂ ਵਿਚ ਗਏ ਮੇਰੇ ਸੰਗੀ ਸਾਥੀਆਂ ਤੇ ਪੰਜਾਬੀਆਂ ਵਰਗੇ ਲੱਗਦੇ ਹਨ। ਬਜ਼ਾਰਾਂ ਦਿਆਂ ਚੌਰਸਤਿਆਂ ਵਿਚ ਤੜਕਸਾਰ ਦਿਹਾੜੀ ਲੱਗਣ ਦੀ ਉਡੀਕ ਵਿਚ ਠਰੂ-ਠਰੂ ਕਰਦੇ ਮੇਰੇ ਲੋਕ ਮੇਰੇ ਆਪਣੇ ਭਰਾਵਾਂ, ਬਾਪ ਤੇ ਮਾਂਵਾਂ ਭੈਣਾਂ ਵਰਗੇ ਹੀ ਤਾਂ ਹਨ। ਗੱਲ ਕੀ? ਮੈਨੂੰ ਆਪਣਾ ਪਰਿਵਾਰ ਬਹੁਤ ਹੀ ਵੱਡਾ ਜਾਪਦਾ ਹੈ। ਇਸ ਦਾ ਘੇਰਾ ਧਰਤੀ ਦੇ ਸੱਤਾਂ ਦੀਪਾਂ ਤੱਕ ਖਿਲਰ ਗਿਆ ਹੈ।
ਮੇਰੇ ਲੋਕ ਰੋਟੀ ਦੀ ਭਾਲ ਵਿਚ ਰੁਝੇ ਹੋਏ ਹਨ। ਉਨ੍ਹਾਂ ਨੂੰ ਮਹਾਂ ਗ੍ਰੰਥ ਪੜ੍ਹਨ ਦੀ ਵਿਹਲ ਨਹੀਂ। ਮੈਂ ਲਾਲਚ ਕਰਦਾ ਹਾਂ ਕਿ ਲੋਕਾਂ ਨੂੰ ਕੁਝ ਗੁਣਗੁਣਾਉਣ ਜੋਗਾ ਯਾਦ ਰਹਿ ਜਾਏ ਤੇ ਜਦੋਂ ਵੀ ਉਹ ਚਾਹੁਣ, ਗੁਣਗੁਣਾ ਕੇ ਮਨ ਪਰਚਾ ਲੈਣ। ਬੱਸ ਇਹੀ ਮੇਰੀ ਕਵਿਤਾ ਦੀ ਅੰਤਮ ਇਛਿਆ ਹੈ ਤੇ ਮੇਰੀ ਇਛਿਆ ਹੈ ਕਿ ਮੇਰੇ ਲੋਕ ਮੇਰੀ ਕਵਿਤਾ ਨੂੰ ਗੁਣਗੁਣਾਉਂਦੇ ਹੋਏ ਆਪਣੀ ਸਦੀਆਂ ਬੱਧੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਸਕਣ ਤੇ ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਬੱਬਰਾਂ ਅਤੇ ਨਕਸਲਬਾੜੀ ਦੇ ਸੂਰਮਿਆਂ ਦੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਆਪਣੀ ਸੋਚ ਨੂੰ ਮਾਰਕਸ ਐਂਗਲਜ਼, ਲੈਨਿਨ, ਸਟਾਲਿਨ, ਮਾਓਂ ਜ਼ੇ-ਤੁੰਗ ਤੇ ਹੋ ਚੀ ਮਿਨ ਵਰਗੇ ਮੁਕਤੀ ਯੋਧਿਆਂ ਦੀ ਸਮਝ ਤੇ ਸੇਧ ਨਾਲ ਪ੍ਰਫੁਲਿਤ ਕਰ ਕੇ ਦੁਨੀਆਂ ਭਰ ਵਿਚ ਪ੍ਰੋਲਤਾਰੀਆਂ ਦੀ ਸਰਦਾਰੀ ਕਾਇਮ ਕਰਨ।
(ਅਜਮੇਰ ਸਿੱਧੂ ਦੀ ਹਾਲ ਹੀ ਵਿਚ ਛਪੀ ਕਿਤਾਬ ‘ਕ੍ਰਾਂਤੀ ਲਈ ਬਲਦਾ ਕਣ ਕਣ: ਸੰਤ ਰਾਮ ਉਦਾਸੀ’ ਵਿਚੋਂ)