ਵਿਸਾਖੀ ਕਾਨਫਰੰਸਾਂ: ਸਿਆਸੀ ਧਿਰਾਂ ਵੱਲੋਂ ਇਕ ਦੂਜੇ ਦੀ ਖਿੱਚ-ਧੂਹ

ਤਲਵੰਡੀ ਸਾਬੋ: ਦਮਦਮਾ ਸਾਹਿਬ ਵਿਖੇ ਵਿਸਾਖੀ ਦਿਹਾੜੇ ਮੌਕੇ ਸਿਆਸੀ ਕਾਨਫਰੰਸਾਂ ਵਿਚ ਕਾਂਗਰਸ ਤੇ ਅਕਾਲੀਆਂ ਨੇ ਇਕ ਦੂਜੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਮੁੱਖ ਸਿਆਸੀ ਕਾਨਫਰੰਸਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਾਂਗਰਸੀ ਦੀ ਕਮਾਨ ਸੰਭਾਲੀ, ਜਦੋਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰਹਾਜ਼ਰੀ ਵਿਚ ਅਕਾਲੀ ਕਾਨਫਰੰਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪ੍ਰਮੁੱਖ ਸਨ।

ਮਨਪ੍ਰੀਤ ਬਾਦਲ ਨੇ ਕਾਨਫਰੰਸ ਵਿਚ ਸਿੱਧੇ ਤੌਰ ਉਤੇ ਸੁਖਬੀਰ ਤੇ ਮਜੀਠੀਆ ਪਰਿਵਾਰ ਖਿਲਾਫ਼ ਕੁਝ ਨਹੀਂ ਬੋਲਿਆ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਵੀ ਮਨਪ੍ਰੀਤ ਬਾਦਲ ਨੂੰ ਨਿਸ਼ਾਨਾ ਬਣਾਉਣ ਤੋਂ ਟਾਲਾ ਵੱਟਿਆ। ਸਿਰਫ ਬਿਕਰਮ ਸਿੰਘ ਮਜੀਠੀਆ ਨੇ ਮਨਪ੍ਰੀਤ ਬਾਦਲ ‘ਤੇ ਸਿਆਸੀ ਵਾਰ ਕੀਤੇ। ਕੈਪਟਨ ਅਮਰਿੰਦਰ ਸਿੰਘ ਦੇ ਵਿਸਾਖੀ ਕਾਨਫਰੰਸ ਵਿਚ ਨਾ ਆਉਣ ਦਾ ਪਹਿਲਾਂ ਹੀ ਪਤਾ ਲੱਗਣ ਕਰ ਕੇ ਲੋਕਾਂ ਦੀ ਖਿੱਚ ਕਾਂਗਰਸੀ ਕਾਨਫਰੰਸ ਵੱਲ ਬਹੁਤੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਐਤਕੀਂ ਬੱਸਾਂ ਜਾਂ ਟਰੱਕਾਂ ਰਾਹੀਂ ਵਰਕਰਾਂ ਨੂੰ ਨਹੀਂ ਲਿਆਂਦਾ। ਦੋਵੇਂ ਕਾਨਫਰੰਸਾਂ ਵਿਚ ਕਿਸਾਨੀ ਮੁੱਦਿਆਂ ਉਤੇ ਹੀ ਜ਼ਿਆਦਾ ਗੱਲ ਹੋਈ।
ਬਹੁਜਨ ਸਮਾਜ ਪਾਰਟੀ ਦੀ ਕਾਨਫਰੰਸ ਸਭ ਤੋਂ ਦੇਰ ਤੱਕ ਚੱਲਦੀ ਰਹੀ, ਜਦੋਂਕਿ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਖੰਡਾ ਚੌਕ ਵਿਚ ਸੰਬੋਧਨ ਕੀਤਾ। ‘ਆਪ’ ਨੇ ਕਾਨਫਰੰਸ ਦੀ ਥਾਂ ਸੇਵਾ ਕੀਤੀ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਕਰਵਾਏ ਗਤਕਾ ਪ੍ਰਦਰਸ਼ਨੀ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਕਾਂਗਰਸ ਹਕੂਮਤ ਬਣਨ ਮਗਰੋਂ ਦੂਜੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸਾਖੀ ਦਿਹਾੜੇ ਉਤੇ ਨਾ ਪੁੱਜੇ। ਰਾਜ ਪੱਧਰੀ ਸਮਾਗਮਾਂ ‘ਚ ਪੰਚਾਇਤੀ ਚੋਣਾਂ ਦੇ ਚਰਚੇ ਹੋਏ ਅਤੇ ਲੰਗਰ ਤੇ ਰਾਜ ਸਰਕਾਰ ਵੱਲੋਂ ਆਪਣੇ ਹਿੱਸੇ ਦੇ ਮੁਆਫ ਕੀਤੇ ਜੀ.ਐਸ਼ਟੀ. ਨੂੰ ਪ੍ਰਾਪਤੀ ਵਜੋਂ ਉਭਾਰਿਆ ਗਿਆ। ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਭਾਸ਼ਣ ‘ਚ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੰਦੇ ਹੋਏ ਆਖਿਆ ਕਿ ਕਾਂਗਰਸ ਸਰਕਾਰ ਤਰਫੋਂ ਸਤੰਬਰ 2018 ਤੱਕ 10 ਲੱਖ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ, ਜਿਸ ਲਈ ਸਰਕਾਰ ਨੇ ਖੁਦ ਕਰਜ਼ਾ ਚੁੱਕਿਆ ਹੈ। ਕਰਜ਼ਾ ਮੁਆਫੀ ਦੇ ਚਾਰ ਪੜਾਅ ਮੁਕੰਮਲ ਹੋ ਗਏ ਹਨ।
ਇਸੇ ਤਰ੍ਹਾਂ ਦਲਿਤ ਪਰਿਵਾਰਾਂ ਵੱਲੋਂ ਐਸ ਸੀ/ਬੀ ਸੀ ਕਾਰਪੋਰੇਸ਼ਨ ਤੋਂ ਲਿਆ ਗਿਆ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਵੀ ਸੂਬਾ ਸਰਕਾਰ ਵੱਲੋਂ ਮੁਆਫ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਆਖਿਆ ਕਿ ਸਰਕਾਰ ਨੇ ਇਕ ਵਰ੍ਹੇ ਵਿਚ ਆਪਣੇ ਖਰਚੇ 102 ਫੀਸਦੀ ਤੋਂ ਘਟਾ ਕੇ 88 ਫੀਸਦੀ ਕਰ ਲਏ ਹਨ ਅਤੇ ਜਲਦੀ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਦੋ ਮਹੀਨੇ ਹਕੂਮਤ ਦੇ ਮੰਗਣ ਵਾਲੇ ਸੁਖਬੀਰ ਬਾਦਲ ਦਾ ਢਿੱਡ 10 ਵਰ੍ਹਿਆਂ ‘ਚ ਭਰਿਆ ਨਹੀਂ ਹੈ। ਉਨ੍ਹਾਂ ਆਖਿਆ ਕਿ ਪੰਥਕ ਪਾਰਟੀ ਦੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਕੋਲ ਲੰਗਰ ਤੋਂ ਜੀ.ਐਸ਼ਟੀ. ਹਟਾਏ ਜਾਣ ਬਾਰੇ ਮੂੰਹ ਨਹੀਂ ਖੋਲ੍ਹਿਆ।
__________________________
ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ: ਸੁਖਬੀਰ
ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਉਤੇ ਡਾਕਾ ਮਾਰਿਆ ਹੈ ਤੇ ਵਿਤਕਰਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪਿਛਲੇ ਦਸ ਸਾਲ ਦੇ ਰਾਜ ਵਿਚ ਬਾਦਲ ਪਰਿਵਾਰ ਆਮ ਲੋਕਾਂ ਵਿਚ ਰਹਿੰਦਾ ਸੀ, ਜਿਸ ਕਰ ਕੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਮਿਲੀਆਂ ਅਤੇ ਵਿਕਾਸ ਕਾਰਜ ਹੋਏ ਪਰ ਦੂਜੇ ਪਾਸੇ ਕਾਂਗਰਸ ਦੀ ਸਰਕਾਰ ਦਾ ਇਕ ਸਾਲ ਦਾ ਸਮਾਂ ਬੀਤ ਜਾਣ ਉਤੇ ਇਕ ਵੀ ਪੈਸਾ ਵਿਕਾਸ ਉਤੇ ਨਹੀਂ ਖਰਚਿਆ ਗਿਆ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਨੇ ਰਿਪੋਰਟ ਜਲਦੀ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਗਰਾਂ ਤੋਂ ਜੀ.ਐਸ਼ਟੀ. ਹਟਾਉਣ ਦਾ ਭਰੋਸਾ ਵੀ ਦਿੱਤਾ।