ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੇ ਜਨਮ ਸਥਾਨ ਅਨੰਦਪੁਰ ਸਾਹਿਬ ਵਿਖੇ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ 18 ਸਾਲਾਂ ਮਗਰੋਂ ਸੰਗਤ ਦਾ ਹੜ੍ਹ ਆਇਆ ਵੇਖਿਆ। ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਤਖਤ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਵਿਸਾਖੀ ਜੋੜ ਮੇਲ ਦੌਰਾਨ 7 ਲੱਖ ਤੋਂ ਵੱਧ ਸੰਗਤ ਨਤਮਸਤਕ ਹੋਈ। ਇਸ ਦੌਰਾਨ 5 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਤਖਤ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਇਸ ਮੌਕੇ ਗਿਆਨੀ ਰਘੁਬੀਰ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਲੋੜ ਹੈ ਕਿ ਅਸੀਂ ਨਿੱਜੀ ਰੰਜਿਸ਼ਾਂ ਤੇ ਭੇਦ-ਭਾਵ ਮਿਟਾ ਕੇ ਇਕ ਹੋਈਏ ਅਤੇ ਤਖਤ ਕੇਸਗੜ੍ਹ ਸਾਹਿਬ ਦੇ ਸਿਧਾਂਤ ਨੂੰ ਮਨ ਵਿਚ ਵਸਾ ਕੇ ਅੰਮ੍ਰਿਤਧਾਰੀ ਹੋਈਏ। ਉਨ੍ਹਾਂ ਕਿਹਾ ਕਿ ਵਿਆਹਾਂ ਦੀ ਫਜ਼ੂਲਖਰਚੀ ਅਤੇ ਸਭਿਆਚਾਰ ਦੇ ਨਾਮ ਉਤੇ ਹੋ ਰਹੇ ਸਿੱਖੀ ਵਿਰਸੇ ਦੇ ਘਾਣ ਤੋਂ ਬਚੀਏ ਅਤੇ ਗੁਰੂ ਸਾਹਿਬਾਨ ਦੇ ਨਾਂਵਾਂ ‘ਤੇ ਬਣ ਰਹੀਆਂ ਅਜਿਹੀਆਂ ਫਿਲਮਾਂ, ਨਾਟਕ ਤੇ ਗੀਤ, ਜਿਨ੍ਹਾਂ ਰਾਹੀਂ ਸਿੱਖੀ ਦਾ ਘਾਣ ਹੋ ਰਿਹਾ ਹੈ, ਤੋਂ ਸੁਚੇਤ ਰਹੀਏ।ਐਤਕੀਂ ਦਮਦਮਾ ਸਾਹਿਬ ਦੇ ਵਿਸਾਖੀ ਮੇਲੇ ਉਤੇ ਮੌਸਮ ਦੇ ਵਿਗੜੇ ਮਿਜ਼ਾਜ ਦਾ ਪਰਛਾਵਾਂ ਵੇਖਣ ਨੂੰ ਮਿਲਿਆ। ਵਰ੍ਹਿਆਂ ਮਗਰੋਂ ਵਿਸਾਖੀ ਮੌਕੇ ਪਹਿਲੀ ਦਫਾ ਹੋਇਆ ਕਿ ਪੈਰ ਮਿੱਧਣ ਵਾਲੀ ਭੀੜ ਨਹੀਂ ਜੁੜ ਸਕੀ। ਖਾਲਸਾ ਸਾਜਨਾ ਦਿਵਸ ਮੌਕੇ ਐਤਕੀਂ ਸਿਆਸੀ ਕਾਨਫਰੰਸਾਂ ਵੀ ਬਹੁਤੀ ਭੀੜ ਨਹੀਂ ਜੁਟਾ ਸਕੀਆਂ। ਕਣਕਾਂ ਦੀ ਵਾਢੀ ਤੋਂ ਵਿਹਲੇ ਨਾ ਹੋਣ ਕਾਰਨ ਕਿਸਾਨਾਂ ਨੇ ਖੇਤਾਂ ਵਿਚ ਹੀ ਵਿਸਾਖੀ ਮਨਾਈ। ਕਈ ਕਿਸਾਨ ਵਿਸਾਖੀ ਮੇਲੇ ਤੋਂ ਪਹਿਲਾਂ ਹੀ ਤਖਤ ਸਾਹਿਬ ਉਤੇ ਮੱਥਾ ਟੇਕ ਕੇ ਪਰਤ ਗਏ।
ਤਖਤ ਸਾਹਿਬ ਨੇੜੇ ਭੀੜ ਜ਼ਰੂਰ ਰਹੀ, ਪਰ ਪਹਿਲਾਂ ਵਾਂਗ ਸੰਗਤ ਦਾ ਸੈਲਾਬ ਨਹੀਂ ਆਇਆ। ਉਂਜ, ਵਿਸਾਖੀ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲੀ ਵਾਰ ਵਿਸਾਖੀ ਇੰਨੀ ਮੱਠੀ ਰਹੀ ਹੈ।
_______________________________
ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਵਿਖਾਏ ਜੌਹਰ
ਤਲਵੰਡੀ ਸਾਬੋ: ਦਮਦਮਾ ਸਾਹਿਬ ਵਿਖੇ ਚਾਰ ਰੋਜ਼ਾ ਵਿਸਾਖੀ ਮੇਲੇ ਦੀ ਸਮਾਪਤੀ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਕੱਢੇ ਗਏ ਮਹੱਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਨੀਲੇ ਬਾਣਿਆਂ ਵਿਚ ਸਜੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਸ਼ਿੰਗਾਰੇ ਹੋਏ ਘੋੜਿਆਂ ਉਤੇ ਸਵਾਰ ਹੋ ਕੇ ਪਹਿਲਾਂ ਨਿਹੰਗਾਂ ਸਿੰਘਾਂ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਇਕੱਠੀਆਂ ਹੋਈਆਂ। ਜਿਥੋਂ ਉਹ ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਅਰਦਾਸ ਕਰਨ ਮਗਰੋਂ ਨਗਾਰਿਆਂ ਦੀਆਂ ਚੋਟਾਂ ਅਤੇ ਖਾਲਸਈ ਜੈਕਾਰਿਆਂ ਦੀ ਗੂੰਜ ਨਾਲ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਹੇਠ ਰਵਾਨਾ ਹੋਏ। ਨਿਹੰਗ ਸਿੰਘਾਂ ਨੇ ਘੋੜ ਸਵਾਰੀ, ਕਿੱਲਾ ਪੁੱਟਣ ਤੇ ਗਤਕੇ ਦੇ ਕਰਤਬ ਦਿਖਾਏ। ਬਾਬਾ ਬਲਬੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। ਦੂਜੇ ਪਾਸੇ, ਬੁੱਢਾ ਦਲ ਦੇ ਦੂਜੇ ਗਰੁੱਪ ਨੇ ਬਾਬਾ ਸਮਸ਼ੇਰ ਸਿੰਘ ਦੀ ਅਗਵਾਈ ਵਿਚ ਰਵਾਇਤੀ ਮਹੱਲਾ ਕੱਢਿਆ ਗਿਆ।