ਸਿੱਖ ਜਥੇਬੰਦੀਆਂ ਦੇ ਰੋਹ ਕਾਰਨ ਰਿਲੀਜ਼ ਨਾ ਹੋ ਸਕੀ ‘ਨਾਨਕ ਸ਼ਾਹ ਫਕੀਰ’

ਅੰਮ੍ਰਿਤਸਰ: ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਉਤੇ ਅਕਾਲ ਤਖਤ ਵੱਲੋਂ ਲਾਈ ਰੋਕ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖਿਲਾਫ਼ ਬੁਲੰਦ ਕੀਤੀ ਆਵਾਜ਼ ਦੇ ਸਿੱਟੇ ਵਜੋਂ ਇਹ ਫਿਲਮ ਦੇਸ਼ ਭਰ ਵਿਚ ਵਧੇਰੇ ਸਿੱਖ ਵਸੋਂ ਵਾਲੇ ਸ਼ਹਿਰਾਂ ਵਿਚ ਰਿਲੀਜ਼ ਨਹੀਂ ਹੋ ਸਕੀ।

ਦੱਸਣਯੋਗ ਹੈ ਕਿ ਫਿਲਮ ਦੇ ਰਿਲੀਜ਼ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਮੂਹ ਅਦਾਰੇ ਬੰਦ ਰੱਖੇ ਗਏ ਸਨ, ਜਿਸ ਦੇ ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਵਿਚ ਗੁਰਦੁਆਰਿਆਂ ਦੇ ਪ੍ਰਬੰਧਕੀ ਦਫਤਰ, ਸੌ ਤੋਂ ਵੱਧ ਵਿਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰੱਖੇ ਗਏ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ, ਧਰਮ ਪ੍ਰਚਾਰ ਕਮੇਟੀ ਦਾ ਦਫਤਰ ਆਦਿ ਵੀ ਬੰਦ ਰੱਖੇ ਗਏ ਸਨ ਅਤੇ ਕਾਲੀਆਂ ਦਸਤਾਰਾਂ ਸਜਾ ਕੇ ਰੋਸ ਪ੍ਰਗਟਾਇਆ ਗਿਆ ਸੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਸੱਦੇ ‘ਤੇ ਦੇਸ਼ ਭਰ ਵਿਚ ਸਿੱਖਾਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਉਨ੍ਹਾਂ ਆਖਿਆ ਕਿ ਪੰਜਾਬ ਸਮੇਤ ਉਤਰੀ ਭਾਰਤ ਦੇ ਹਰਿਆਣਾ, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਰਾਜਸਥਾਨ, ਦਿੱਲੀ ਸਮੇਤ ਉਤਰ ਪ੍ਰਦੇਸ਼, ਛੱਤੀਸਗੜ੍ਹ ਤੇ ਹੋਰਨਾਂ ਸੂਬਿਆਂ ਵਿਚ ਇਸ ਫਿਲਮ ਦੇ ਵਿਰੋਧ ਕਾਰਨ ਇਸ ਦਾ ਪ੍ਰਦਰਸ਼ਨ ਨਹੀਂ ਹੋ ਸਕਿਆ।
ਉਤਰ ਪ੍ਰਦੇਸ਼ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਸਿੱਖ ਮਿਸ਼ਨ ਦੇ ਨੁਮਾਇੰਦੇ ਬ੍ਰਿਜ ਪਾਲ ਸਿੰਘ ਨੇ ਦੱਸਿਆ ਕਿ ਮੇਰਠ, ਰਾਮਪੁਰ, ਲਖਨਊ, ਗਾਜ਼ੀਆਬਾਦ, ਹਾਪੜ ਤੇ ਹੋਰ ਸ਼ਹਿਰਾਂ ਵਿਚ ਫਿਲਮ ਰਿਲੀਜ਼ ਨਹੀਂ ਹੋਈ। ਜੰਮੂ-ਕਸ਼ਮੀਰ ਸੂਬੇ ਵਿਚ ਸਥਾਪਤ ਸਿੱਖ ਮਿਸ਼ਨ ਦੇ ਨੁਮਾਇੰਦੇ ਅਵਤਾਰ ਸਿੰਘ ਨੇ ਦੱਸਿਆ ਕਿ ਜੰਮੂ ਸਮੇਤ ਸ੍ਰੀਨਗਰ ਆਦਿ ਵਿਚ ਕਿਸੇ ਵੀ ਥਾਂ ਉਤੇ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਇਆ ਹੈ। ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਆਦਿ ਕਿਸੇ ਵੀ ਥਾਂ ‘ਤੇ ਫਿਲਮ ਰਿਲੀਜ਼ ਨਹੀਂ ਹੋਈ। ਇਸੇ ਤਰ੍ਹਾਂ ਰਾਜਸਥਾਨ ਦੇ ਸੂਰਤਗੜ੍ਹ, ਅਨੂਪਗੜ੍ਹ, ਵਿਜੇ ਨਗਰ, ਗੰਗਾਨਗਰ ਸਮੇਤ ਹੋਰ ਕਿਸੇ ਵੀ ਥਾਂ ਉਤੇ ਫਿਲਮ ਨਹੀਂ ਚੱਲੀ ਹੈ।
ਛੱਤੀਸਗੜ੍ਹ ਤੋਂ ਸਿੱਖ ਸੰਗਠਨ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ ਆਖਿਆ ਕਿ ਸਿੱਖ ਸੰਗਤ ਵੱਲੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਫਿਲਮ ਨਾ ਚਲਾਈ ਜਾਵੇ। ਇਸੇ ਤਹਿਤ ਛੱਤੀਸਗੜ੍ਹ ਵਿਚ ਵੱਡੀ ਗਿਣਤੀ ਸਿੱਖ ਨੌਜਵਾਨ ਇਕੱਠੇ ਹੋ ਗਏ ਸਨ ਤੇ ਉਨ੍ਹਾਂ ਫਿਲਮ ਖਿਲਾਫ਼ ਰੋਸ ਵਿਖਾਵਾ ਵੀ ਕੀਤਾ। ਇਸ ਕਾਰਨ ਕਿਸੇ ਵੀ ਥਾਂ ਉਤੇ ਫਿਲਮ ਦਾ ਪ੍ਰਦਰਸ਼ਨ ਨਹੀਂ ਹੋ ਸਕਿਆ।
_______________________________
ਸਿੱਕਾ ਨੂੰ ਪੰਥ ਵਿਚੋਂ ਛੇਕਿਆ
ਅੰਮ੍ਰਿਤਸਰ: ਨਾਨਕ ਸ਼ਾਹ ਫਕੀਰ ਫਿਲਮ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਸ੍ਰੀ ਅਕਾਲ ਤਖਤ ਉਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ। ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਜਥੇਦਾਰ ਵੱਲੋਂ ਸੁਣਾਏ ਹੁਕਮਨਾਮੇ ਵਿਚ ਕਿਹਾ ਗਿਆ ਹੈ ਕਿ ਇਸ ਵਿਵਾਦਤ ਫਿਲਮ ਦੇ ਕਾਰਨ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ, ਪਰ ਇਸ ਦੇ ਬਾਵਜੂਦ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਸਿੱਖ ਭਾਵਨਾਵਾਂ ਨੂੰ ਅਣਡਿੱਠਾ ਕਰਦਿਆਂ ਫਿਲਮ ਨੂੰ ਰਿਲੀਜ਼ ਕਰਾਉਣ ਲਈ ਅਦਾਲਤ ਤੋਂ ਹਰੀ ਝੰਡੀ ਪ੍ਰਾਪਤ ਕੀਤੀ ਹੈ।