ਰਾਸ਼ਟਰਮੰਡਲ ਖੇਡਾਂ: ਭਾਰਤੀ ਖਿਡਾਰੀਆਂ ਨੇ ਕਰਵਾਈ ਧੰਨ ਧੰਨ

ਆਸਟਰੇਲੀਆ ਤੇ ਇੰਗਲੈਂਡ ਪਿੱਛੋਂ ਭਾਰਤ ਨੂੰ ਤੀਜੀ ਥਾਂ
ਗੋਲਡ ਕੋਸਟ: ਆਸਟਰੇਲੀਆ ਦੇ ਗੋਲਡ ਕੋਸਟ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੀ ਕਾਰਗੁਜਾਰੀ ਆਸ ਨਾਲੋਂ ਕਿਤੇ ਚੰਗੀ ਰਹੀ। ਖਾਸਕਰ ਭਾਰਤੀ ਕੁੜੀਆਂ ਨੇ ਕਮਾਲ ਦਾ ਖੇਡ ਪ੍ਰਦਰਸ਼ਨ ਕੀਤਾ।

ਭਾਰਤ ਨੇ ਸੋਨੇ ਦੇ 26, ਚਾਂਦੀ ਦੇ 20 ਅਤੇ ਕਾਂਸੀ ਦੇ 20 ਮੈਡਲ ਜਿੱਤੇ ਅਤੇ ਇਸ ਤਰ੍ਹਾਂ 66 ਮੈਡਲਾਂ ਨਾਲ ਤਗਮਾ ਸੂਚੀ ਵਿਚ ਮੇਜ਼ਬਾਨ ਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ ਉਤੇ ਰਿਹਾ। ਭਾਰਤ ਦਾ ਪਹਿਲਾ ਅਤੇ ਉਹ ਵੀ ਸੋਨੇ ਦਾ ਤਗਮਾ ਭਾਰਤੀ ਭਾਰਤੋਲਕ ਮੀਰਾਬਾਈ ਚਾਨੂ ਨੇ ਜਿੱਤਿਆ। ਦੂਜੇ ਦਿਨ ਦਾ ਇਕੋ-ਇਕ ਸੋਨੇ ਦਾ ਤਗਮਾ ਸੰਜੀਤਾ ਚਾਨੂ ਨੇ ਭਾਰ ਤੋਲਕ ਮੁਕਾਬਲੇ ਵਿਚ ਹੀ ਦਿਵਾਇਆ। ਪਹਿਲੇ ਦੋ ਦਿਨ ਦੇ ਚਾਰ ਤਗਮਿਆਂ ਤੋਂ ਸ਼ੁਰੂ ਹੋਈ ਇਹ ਯਾਤਰਾ ਇਨ੍ਹਾਂ ਮੁਕਾਬਲਿਆਂ ਦੇ ਆਖਰੀ ਦਿਨ 15 ਅਪਰੈਲ ਨੂੰ 66 ਤਗਮਿਆਂ ਦੇ ਮੁਕਾਮ ਉਤੇ ਪਹੁੰਚ ਗਈ। ਇਨ੍ਹਾਂ ਤਗਮਿਆਂ ਵਿਚ 26 ਸੋਨੇ, 20 ਚਾਂਦੀ ਅਤੇ 20 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਕੁਸ਼ਤੀ, ਭਾਰ ਤੋਲਨ ਅਤੇ ਮੁੱਕੇਬਾਜ਼ੀ ਵਿਚ ਪੂਰਾ ਜਲਵਾ ਦਿਖਾਇਆ ਹੈ। ਟੇਬਲ ਟੈਨਿਸ ਵਿਚ ਵੀ ਭਾਰਤ ਨੇ ਤਿੰਨ ਸੋਨੇ ਦੇ ਤਗਮਿਆਂ ਸਮੇਤ ਛੇ ਤਗਮੇ ਜਿੱਤੇ ਹਨ। ਬੈਡਮਿੰਟਨ ਦੇ ਮਹਿਲਾ ਸਿੰਗਲ ਫਾਈਨਲ ਵਿਚ ਸਾਈਨਾ ਨੇਹਵਾਲ ਨੇ ਭਾਰਤ ਦੀ ਹੀ ਪੀ. ਵੀ. ਸਿੰਧੂ ਨੂੰ ਹਰਾਇਆ। ਸਿਰਫ ਅਥਲੈਟਿਕਸ ਵਿਚ ਭਾਰਤ ਨੂੰ ਇਕ ਸੋਨੇ, ਇਕ ਚਾਂਦੀ ਅਤੇ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।
ਭਾਰਤੀ ਖਿਡਾਰੀਆਂ ਨੇ ਖੇਡਾਂ ਦੇ ਆਖਰੀ ਦਿਨ ਇਕ ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮਿਆਂ ਨਾਲ ਰਾਸ਼ਟਰਮੰਡਲ ਖੇਡਾਂ ਨੂੰ ਅਲਵਿਦਾ ਆਖਿਆ। ਐਮ.ਸੀ. ਮੇਰੀ ਕੋਮ 48 ਕਿਲੋਗ੍ਰਾਮ, ਵਿਕਾਸ ਕ੍ਰਿਸ਼ਨ 75 ਕਿਲੋਗ੍ਰਾਮ, ਗੌਰਵ ਸੋਲੰਕੀ 52 ਕਿਲੋਗ੍ਰਾਮ ਨੇ ਸੋਨ ਤਗਮੇ ਜਿੱਤੇ ਜਦਕਿ ਸਤੀਸ਼ ਕੁਮਾਰ 91 ਕਿਲੋਗ੍ਰਾਮ, ਅਮਿਤ ਪੰਗਾਲ 49 ਕਿਲੋਗ੍ਰਾਮ ਤੇ ਮਨੀਸ਼ ਕੌਸ਼ਿਕ 60 ਕਿਲੋਗ੍ਰਾਮ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ। ਐਤਕੀਂ ਭਾਰਤੀ ਮੁੱਕੇਬਾਜ਼ਾਂ ਨੇ ਨੌਂ ਤਗਮੇ ਜਿੱਤ ਕੇ ਹੁਣ ਤੱਕ ਦੀ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਿਖਾਈ ਹੈ।
ਮੁੱਕੇਬਾਜ਼ਾਂ ਦੇ ਆਲ੍ਹਾ ਪ੍ਰਦਰਸ਼ਨ ਤੋਂ ਇਲਾਵਾ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਜੈਵਲਿਨ-ਥ੍ਰੋਅ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜਿਆ। ਉਹ ਅਜਿਹਾ ਮਾਅਰਕਾ ਮਾਰਨ ਵਾਲਾ ਪਹਿਲਾ ਭਾਰਤੀ ਹੈ। ਉਸ ਨੇ ਫਾਈਨਲ ਵਿਚ ਇਸ ਸੈਸ਼ਨ ਦਾ ਸਰਵੋਤਮ 86.47 ਮੀਟਰ ਜੈਵਲਿਨ ਸੁੱਟਿਆ।
ਪੁਰਸ਼ ਨਿਸ਼ਾਨੇਬਾਜ਼ੀ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨਜ਼ ਵਿਚ ਭਾਰਤ ਦੇ ਸੰਜੀਵ ਰਾਜਪੂਤ ਨੇ ਸੋਨ ਤਗਮਾ ਜਿੱਤਿਆ ਹੈ। ਇਸ ਤੋਂ ਇਲਾਵਾ ਕੁਸ਼ਤੀ ਵਿਚ ਸੁਮਿਤ ਮਲਿਕ ਨੇ 125 ਕਿੱਲੋ ਭਾਰ ਵਰਗ ਤੇ ਵਿਨੇਸ਼ ਫੋਗਾਟ ਨੇ 50 ਕਿੱਲੋ ਭਾਰ ਵਰਗ ਵਿਚ ਭਾਰਤ ਨੂੰ ਦੋ ਸੋਨ ਤਗਮੇ ਦਿਵਾਏ। ਜਦਕਿ ਸਾਕਸ਼ੀ ਮਲਿਕ ਨੇ 62 ਕਿੱਲੋ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਭਾਰਤ ਦੀ ਮਨਿਕਾ ਬੱਤਰਾ ਨੇ ਸਿੰਗਾਪੁਰ ਦੀ ਯੂ ਮੈਂਗਯੂ ਨੂੰ 4-0 ਨਾਲ ਮਾਤ ਦੇ ਕੇ ਸੋਨ ਤਗਮਾ ਜਿੱਤਿਆ। ਸਕੂਐਸ਼ ਦੇ ਮਿਕਸਡ ਡਬਲਜ਼ ਮੁਕਾਬਲੇ ਵਿਚ ਵੀ ਭਾਰਤ ਦੇ ਸੌਰਭ ਘੋਸ਼ਾਲ ਤੇ ਦੀਪਿਕਾ ਪੱਲੀਕਲ ਦੀ ਜੋੜੀ ਨੇ ਕਾਂਸੀ ਦਾ ਤਗਮਾ ਹਾਸਲ ਕਰ ਕੇ ਰਾਸ਼ਟਰਮੰਡਲ ਖੇਡਾਂ ਵਿਚ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਜੋੜੀ ਵਜੋਂ ਆਪਣਾ ਨਾਂ ਦਰਜ ਕਰਾਇਆ ਹੈ। ਨਿਸ਼ਾਨੇਬਾਜ਼ਾਂ ਅਤੇ ਪਹਿਲਵਾਨਾਂ ਦੇ ਸੁਨਹਿਰੀ ਪ੍ਰਦਰਸ਼ਨ ਕਾਰਨ ਭਾਰਤ ਨੇ ਗੋਲਡ ਕੋਸਟ ਵਿਚ ਗਲਾਸਗੋ ਦੇ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਚੌਥਾ ਸਭ ਤੋਂ ਸਫਲ ਪ੍ਰਦਰਸ਼ਨ ਹੈ। ਭਾਰਤ ਦੇ 15 ਸਾਲ ਦੇ ਅਨੀਸ਼ ਭਨਵਾਲਾ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਰਿਕਾਰਡ ਬਣਾਉਂਦਿਆਂ ਸੁਨਹਿਰੀ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਅਨੀਸ਼ ਰਾਸ਼ਟਰਮੰਡਲ ਖੇਡਾਂ ਵਿਚ ਸੋਨਾ ਜਿੱਤਣ ਵਾਲਾ ਉਮਰ ਵਿਚ ਸਭ ਤੋਂ ਛੋਟਾ ਭਾਰਤੀ ਨਿਸ਼ਾਨੇਬਾਜ਼ ਵੀ ਬਣ ਗਿਆ ਹੈ। ਅਨੀਸ਼ ਤੋਂ ਇਲਾਵਾ ਤੇਜਸਵਿਨੀ ਸਾਵੰਤ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਵਿਚ ਸੋਨਾ ਅਤੇ ਅੰਜੁਮ ਮੋਦਗਿਲ ਨੇ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾ ਟਰੈਪ ਵਿਚ ਸ਼੍ਰੇਅਸੀ ਸਿੰਘ ਨੂੰ ਪੰਜਵਾਂ ਸਥਾਨ ਮਿਲਿਆ।
__________________________
ਹਰਿਆਣਵੀ ਖਿਡਾਰੀਆਂ ਦੀ ਚੜ੍ਹਤ
ਚੰਡੀਗੜ੍ਹ: ਖੇਡਾਂ ਦੇ ਖੇਤਰ ਵਿਚ ਕਿਸੇ ਵੇਲੇ ਪੰਜਾਬ ਨੂੰ ਭਾਰਤ ਦਾ ਧੁਰਾ ਮੰਨਿਆ ਜਾਂਦਾ ਸੀ, ਪਰ ਵਰਤਮਾਨ ‘ਚ ਪੰਜਾਬ ਕੋਲੋਂ ਇਹ ਖਿਤਾਬ ਹੁਣ ਖੁੱਸਦਾ ਜਾ ਰਿਹਾ ਹੈ। ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ‘ਚ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਖਿਡਾਰੀਆਂ ਦੀ ਹੁਣ ਪੂਰੀ ਚੜ੍ਹਤ ਹੈ। ਕੌਮਾਂਤਰੀ ਪੱਧਰ ‘ਤੇ ਦੇਸ਼ ਨੂੰ ਮਿਲਦੇ ਕੁੱਲ ਤਗਮਿਆਂ ਵਿਚੋਂ ਵੱਡਾ ਹਿੱਸਾ ਹਰਿਆਣਾ ਦੇ ਖਿਡਾਰੀਆਂ ਦਾ ਹੁੰਦਾ ਹੈ। ਆਸਟਰੇਲੀਆ ਦੇ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚੋਂ ਭਾਰਤ ਨੂੰ ਮਿਲੇ 66 ਤਗਮਿਆਂ ਵਿਚੋਂ 22 ਤਗਮੇ ਇਕੱਲੇ ਹਰਿਆਣਾ ਦੇ ਖਿਡਾਰੀਆਂ ਨੇ ਹੂੰਝੇ ਹਨ।
ਇਸ ਵਿਚ 9 ਸੋਨੇ ਦੇ, 6 ਚਾਂਦੀ ਦੇ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ। ਜਦਕਿ ਪੰਜਾਬ ਨੇ ਭਾਰਤ ਲਈ ਸਿਰਫ 3 ਤਗਮੇ ਹੀ ਜਿੱਤੇ ਹਨ। ਇਸ ਵਿਚ ਇਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਹਿੱਸਾ ਲੈਣ ਗਏ ਭਾਰਤੀ ਦਲ ਵਿਚ ਪੰਜਾਬ ਦੇ 28 ਅਤੇ ਹਰਿਆਣਾ ਦੇ 32 ਖਿਡਾਰੀ ਸ਼ਾਮਲ ਸਨ। ਦੇਸ਼ ਲਈ 3 ਤਗਮੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਵਿਚ ਜਲੰਧਰ ਜਿਲ੍ਹੇ ਨਾਲ ਸਬੰਧਤ ਵੇਟ ਲਿਫਟਰ ਪ੍ਰਦੀਪ ਸਿੰਘ ਨੇ ਚਾਂਦੀ, ਲੁਧਿਆਣਾ ਦੇ ਵੇਟ ਲਿਫਟਰ ਵਿਕਾਸ ਠਾਕੁਰ ਨੇ ਕਾਂਸੀ ਅਤੇ ਅੰਮ੍ਰਿਤਸਰ ਦੀ ਨਵਜੀਤ ਕੌਰ ਢਿੱਲੋਂ ਨੇ ਡਿਸਕਸ ਥ੍ਰੋਅ ਵਿਚੋਂ ਕਾਂਸੀ ਦਾ ਤਗਮਾ ਜਿੱਤਿਆ। ਹਰਿਆਣਾ ਦੀਆਂ ਮਹਿਲਾ ਖਿਡਾਰਨਾਂ ਨੇ ਹੀ ਇਕੱਲਿਆਂ 7 ਤਗਮੇ ਜਿੱਤਣ ਵਿਚ ਕਾਮਯਾਬ ਰਹੀਆਂ।