ਪੰਜਾਬ ਕਾਂਗਰਸ ਨਵੀਂ ਖਾਨਾਜੰਗੀ ਦੇ ਰਾਹ

ਜਾਖੜ ਤੇ ਕੈਪਟਨ ਵਿਚ ਫਿੱਕ ਬਣੀ ਨਵੀਂ ਸਿਰਦਰਦੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਪਈ ਫਿੱਕ ਨੇ ਹਾਕਮ ਧਿਰ ਕਾਂਗਰਸ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਇਸ ਘਟਨਾ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਉਤੇ ਵੀ ਸਵਾਲ ਉਠ ਰਹੇ ਹਨ। ਸੁਨੀਲ ਜਾਖੜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਵੱਡੇ ਹਮਾਇਤੀ ਮੰਨੇ ਜਾਂਦੇ ਸਨ।

ਸ੍ਰੀ ਜਾਖੜ ਨੂੰ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਅਤੇ ਫਿਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਟਿਕਟ ਵੀ ਕੈਪਟਨ ਵੱਲੋਂ ਜ਼ੋਰ ਪਾਏ ਜਾਣ ਉਤੇ ਮਿਲੇ ਸਨ। ਭਾਵੇਂ ਸ੍ਰੀ ਜਾਖੜ ਭਵਾਨੀਗੜ੍ਹ (ਸੰਗਰੂਰ) ਵਿਚ ਕਰਜ਼ਾ ਮੁਆਫੀ ਸਮਾਗਮ ਵਿਚ ਹਾਜ਼ਰ ਹੋਏ ਤੇ ਭਾਸ਼ਨ ਵੀ ਦਿੱਤਾ, ਫਿਰ ਵੀ ਇਹ ਸੰਕੇਤ ਮਿਲਦੇ ਆ ਰਹੇ ਹਨ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਬੰਧ ਇਕਸੁਰ ਨਹੀਂ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਅਮਲੇ ਦੀ ਸਖਤੀ ਦਾ ਸ਼ਿਕਾਰ ਹੋਏ ਸੁਨੀਲ ਜਾਖੜ ਅਤੇ ਉਨ੍ਹਾਂ ਨਾਲ ਸ਼ਿਕਾਇਤਾਂ ਦਾ ਨਿਬੇੜਾ ਕਰਵਾਉਣ ਗਏ ਕਾਂਗਰਸੀ ਵਿਧਾਇਕ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਹੀ ਪਰਤ ਗਏ ਸਨ। ਸ੍ਰੀ ਜਾਖੜ ਮਿਥੇ ਪ੍ਰੋਗਰਾਮ ਅਨੁਸਾਰ ਤਕਰੀਬਨ ਅੱਧੀ ਦਰਜਨ ਕਾਂਗਰਸੀ ਵਿਧਾਇਕਾਂ ਸਮੇਤ ਮੁੱਖ ਮੰਤਰੀ ਨੂੰ ਮਿਲਣ ਗਏ ਤਾਂ ਗੇਟ ਉਤੇ ਤਾਇਨਾਤ ਸੁਰੱਖਿਆ ਅਮਲੇ ਨੇ ਕਾਂਗਰਸ ਪ੍ਰਧਾਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੋਬਾਈਲ ਫੋਨ ਨਾਲ ਨਹੀਂ ਲਿਜਾਣ ਦੇਣਗੇ। ਇਸ ਲਈ ਉਨ੍ਹਾਂ ਨੂੰ ਆਪਣਾ ਮੋਬਾਈਲ ਫੋਨ ਸੁਰੱਖਿਆ ਅਮਲੇ ਨੂੰ ਦੇਣ ਲਈ ਮਜਬੂਰ ਹੋਣ ਪਿਆ। ਇਸ ਕਾਰਨ ਸ੍ਰੀ ਜਾਖੜ ਕੁਝ ਤੈਸ਼ ਵਿਚ ਵੀ ਆ ਗਏ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਸਰਕਾਰ ਵਿਚ ਅਜਿਹੀ ਹਾਸੋਹੀਣੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਦਫਤਰ ਸਥਿਤ ਮੁੱਖ ਪ੍ਰਮੁੱਖ ਸਕੱਤਰ ਦੇ ਦਫਤਰ ਵਿਚ ਉਨ੍ਹਾਂ ਨੂੰ ਕਰੀਬ ਪੰਦਰਾਂ ਮਿੰਟ ਇੰਤਜ਼ਾਰ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਮਿਲਣ ਲਈ ਨਹੀਂ ਬੁਲਾਇਆ। ਇਸ ਉਤੇ ਉਹ ਮੁੱਖ ਮੰਤਰੀ ਨੂੰ ਬਿਨਾਂ ਮਿਲੇ ਪਰਤ ਗਏ।
ਸ੍ਰੀ ਜਾਖੜ, ਬਾਦਲਾਂ, ਖਾਸ ਕਰ ਕੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕਰਦੇ ਆ ਰਹੇ ਸਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨਾਲ ਸਬੰਧਾਂ ਨੂੰ ਲੈ ਕੇ ਵੀ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਮੱਤਭੇਦ ਦੱਸੇ ਜਾਂਦੇ ਹਨ। ਸ੍ਰੀ ਜਾਖੜ ਨੇ ਹਾਲ ਹੀ ਵਿਚ ਬਿਆਨ ਦਿੱਤਾ ਸੀ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਨਰੇਂਦਰ ਮੋਦੀ ਨੂੰ ਹਰਾਉਣ ਲਈ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦੀ ਲੋੜ ਪੈਂਦੀ ਹੈ ਤਾਂ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸੇ ਪ੍ਰਸੰਗ ਵਿਚ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ ਸੀ।
____________________
ਬਹੁਤੇ ਪ੍ਰਦੇਸ਼ ਪ੍ਰਧਾਨਾਂ ਨਾਲ ਕੈਪਟਨ ਦੀ ਨਹੀਂ ਬਣੀ
ਜਲੰਧਰ: ਪੰਜਾਬ ਕਾਂਗਰਸ ਦੇ ਬਹੁਤੇ ਪ੍ਰਧਾਨਾਂ ਤੇ ਕੈਪਟਨ ਵਿਚਾਲੇ ਕਲੇਸ਼ ਕੋਈ ਨਵੀਂ ਗੱਲ ਨਹੀਂ ਹੈ। ਪੰਜਾਬ ਵਿਚ ਕਾਂਗਰਸ ਨੂੰ ਪੈਰਾਂ ਸਿਰ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਕਮਾਨ ਦਿੱਤੀ ਸੀ, ਉਦੋਂ ਵੀ ਕੈਪਟਨ ਦੇ ਧੜੇ ਨੇ ਬਾਜਵਾ ਦੇ ਕੰਮਾਂ ਵਿਚ ਅੜਿੱਕੇ ਡਾਹੇ ਸਨ। ਜਿਥੇ ਵੀ ਪ੍ਰਤਾਪ ਸਿੰਘ ਬਾਜਵਾ ਇਕੱਠ ਕਰਦੇ ਸਨ, ਉਥੇ ਕੈਪਟਨ ਧੜਾ ਗੈਰ ਹਾਜ਼ਰ ਰਹਿੰਦਾ ਸੀ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿਚ ਪਹਿਲੀ ਵਾਰ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੂੰ ਸੂਬਾ ਕਾਂਗਰਸ ਦੀ ਕਮਾਨ ਸੰਭਾਲੀ ਸੀ। ਉਦੋਂ ਵੀ ਪੰਜਾਬ ਵਿਚ ਕੈਪਟਨ ਦੀ ਸਰਕਾਰ ਸੀ। ਸ਼ਮਸ਼ੇਰ ਸਿੰਘ ਦੂਲੋਂ ਨਾਲ ਕੈਪਟਨ ਦੀ ਸੁਰ ਨਾ ਮਿਲਣ ਕਾਰਨ ਦੋਵੇਂ ਧਿਰਾਂ ਲੰਮਾ ਸਮਾਂ ਇਕੱਠੀਆਂ ਨਹੀਂ ਚੱਲ ਸਕੀਆਂ ਸਨ। ਮਹਿੰਦਰ ਸਿੰਘ ਕੇ.ਪੀ. ਵੀ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸਨ ਤਾਂ ਉਨ੍ਹਾਂ ਨਾਲ ਵੀ ਕੈਪਟਨ ਦਾ ਖੜਕਾ-ਦੜਕਾ ਹੁੰਦਾ ਰਿਹਾ ਸੀ।
_______________________
ਅਕਾਲੀ ਦਲ ਨੇ ਕੱਸੀ ਤਨਜ਼
ਪਟਿਆਲਾ: ਆਨੰਦਪੁਰ ਸਾਹਿਬ ਤੋਂ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰੰਘ ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਤਾਂ ਮੁੱਖ ਮੰਤਰੀ ਨਿਵਾਸ ‘ਤੇ ਵਿਧਾਇਕਾਂ ਦੀ ਦੁਰਦਸ਼ਾ ਦੇ ਚਰਚੇ ਹੀ ਸੁਣਦੇ ਸੀ, ਪਰ ਹੁਣ ਸੁਰੱਖਿਆ ਗਾਰਡਾਂ ਵੱਲੋਂ ਸੁਨੀਲ ਜਾਖੜ ਨਾਲ ਜੋ ਕੀਤਾ ਗਿਆ ਹੈ, ਉਹ ਲੋਕਤੰਤਰ ਲਈ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਨਾਲ ਅਜਿਹਾ ਹੋਵੇਗਾ ਤਾਂ ਆਮ ਲੋਕਾਂ ਨਾਲ ਕੀ ਹੋਵੇਗਾ।