ਨਸ਼ਿਆਂ ਦੇ ਮਾਮਲੇ ‘ਤੇ ਕੈਪਟਨ ਦੀ ਚੁੱਪ ਸਵਾਲਾਂ ਦੇ ਘੇਰੇ ਵਿਚ

ਚੰਡੀਗੜ੍ਹ: ਡਰੱਗ ਕੇਸਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਉਤੇ ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਵਾਲ ਉਠ ਰਹੇ ਹਨ ਕਿ ਆਖਰ ਵੱਡੇ ਅਫਸਰਾਂ ਤੇ ਨੇਤਾਵਾਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਬਾਰੇ ਰਿਪੋਰਟ ਆਉਣ ਤੋਂ ਬਾਅਦ ਵੀ ਕੈਪਟਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ? ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ,

ਜਿਸ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਦਿਸ਼ਾ ਵਿਚ ਕੈਪਟਨ ਨੂੰ ਫੇਲ੍ਹ ਕਰਾਰ ਦਿੱਤਾ ਗਿਆ ਹੈ।
ਖਹਿਰਾ ਨੇ ਕਿਹਾ ਹੈ ਕਿ ਕੈਪਟਨ ਨੇ ਮੁੱਖ ਮੰਤਰੀ ਬਣਦਿਆਂ ਹੀ ਛੱਤੀਸਗੜ੍ਹ ਨਕਸਲੀ ਉਪਰੇਸ਼ਨ ਵਿਚ ਲੱਗੇ ਵਧੀਕ ਡੀ.ਜੀ.ਪੀ. ਹਰਪ੍ਰੀਤ ਸਿੱਧੂ ਨੂੰ ਰਾਤੋ-ਰਾਤ ਪੰਜਾਬ ਲਿਆ ਕੇ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਥਾਪ ਦਿੱਤਾ ਪਰ ਹਾਈ ਕੋਰਟ ਦੇ ਹੁਕਮਾਂ ਉਤੇ ਹਰਪ੍ਰੀਤ ਸਿੱਧੂ ਨੇ ਮਜੀਠੀਆ ਦੇ ਨਸ਼ਾ ਕਾਰੋਬਾਰ ਵਿਚ ਸ਼ਾਮਲ ਹੋਣ ਦੀ ਰਿਪੋਰਟ ਦਿੱਤੀ ਤੇ ਕੈਪਟਨ ਨੇ ਉਸ ਉਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਨਸ਼ਾ ਤਸਕਰੀ ਵਿਚ ਸ਼ਾਮਲ ‘ਵੱਡੇ ਬੰਦਿਆਂ’ ਉਤੇ ਕਾਰਵਾਈ ਕਰਨ ਦੀ ਥਾਂ ਕੈਪਟਨ ਉਨ੍ਹਾਂ ਪੁਲਿਸ ਅਫਸਰਾਂ ਦੇ ਖੰਭ ਕੁਤਰਨ ਵਿਚ ਲੱਗੇ ਹੋਏ ਹਨ ਜੋ ਨਸ਼ਿਆਂ ਵਿਚ ਲੱਗੇ ਹੋਏ ਰਸੂਖਵਾਨਾਂ ਉਤੇ ਸ਼ਿਕੰਜਾ ਕਸ ਰਹੇ ਹਨ। ਐਸ਼ਟੀ.ਐਫ਼ ਚੀਫ ਨੂੰ ਮਜੀਠੀਆ ਵਿਰੁੱਧ ਰਿਪੋਰਟ ਦੇਣ ਤੋਂ ਬਾਅਦ ਕਮਜ਼ੋਰ ਕੀਤਾ ਗਿਆ, ਉਨ੍ਹਾਂ ਦੀ ਤਾਕਤ ਘਟਾ ਦਿੱਤੀ ਗਈ।
ਹੁਣ ਨਸ਼ਾ ਕੇਸਾਂ ਦੀ ਜਾਂਚ ਲਈ ਬਣੀ ਹਾਈ ਕੋਰਟ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀ.ਜੀ.ਪੀ. ਸਿੱਧਾਰਥ ਚਟੋਪਾਧਿਆਏ ਨੇ ਆਪਣੇ ਦੋ ਹੋਰ ਹਮਰੁਤਬਾ, ਡੀ.ਜੀ.ਪੀ. ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਬਾਰੇ ਹਾਈ ਕੋਰਟ ਵਿਚ ਸਵਾਲ ਚੁੱਕੇ ਤਾਂ ਮੁੱਖ ਮੰਤਰੀ ਪੁਲਿਸ ਮੁਖੀ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕਰਨ ਦੀ ਚਿਤਾਵਨੀ ਦੇ ਰਹੇ ਹਨ। ਹਾਲਾਂਕਿ, ਕਾਇਦੇ ਨਾਲ ਉਨ੍ਹਾਂ ਨੂੰ ਉਨ੍ਹਾਂ ਦੋਵਾਂ ਡੀ.ਜੀ.ਪੀਜ਼. ਨੂੰ ਹਟਾਉਣਾ ਚਾਹੀਦਾ ਹੈ, ਜਿਨ੍ਹਾਂ ਦੀ ਭੂਮਿਕਾ ਨਸ਼ਾ ਕੇਸਾਂ ਵਿਚ ਫਸੇ ਸੀਨੀਅਰ ਪੁਲਿਸ ਕਪਤਾਨ ਤੇ ਇੰਸਪੈਕਟਰ ਨੂੰ ਬਚਾਉਣ ਦੀ ਰਹੀ ਹੈ।
ਅਕਾਲੀ ਦਲ ਤੇ ਕੈਪਟਨ ਦਰਮਿਆਨ ਗੰਢਤੁੱਪ ਦਾ ਇਲਜ਼ਾਮ ਲਾਉਂਦੇ ਖਹਿਰਾ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਸੁਖਬੀਰ ਬਾਦਲ ਇਸ ਮਾਮਲੇ ਵਿਚ ਹਾਲੇ ਤੱਕ ਕੁਝ ਨਹੀਂ ਬੋਲੇ। ਉਨ੍ਹਾਂ ਸਵਾਲ ਚੁੱਕਿਆ ਕਿ ਕੈਪਟਨ, ਮਜੀਠੀਆ ਕੇਸ ਵਿਚ ਕਾਰਵਾਈ ਕਿਉਂ ਨਹੀਂ ਕਰਦੇ। ਉਚ ਅਦਾਲਤ ਵਿਚ ਸਾਰਿਆਂ ਦੇ ਭੇਤ ਖੁੱਲ੍ਹਣ ਤੋਂ ਬਾਅਦ ਵੀ ਕੈਪਟਨ ਦਾ ਕੁਝ ਨਾ ਕਰਨਾ ਸਾਬਤ ਕਰਦਾ ਹੈ ਕਿ ਚੋਣ ਪ੍ਰਚਾਰ ਵਿਚ ਨਸ਼ੇ ਦੇ ਖਾਤਮੇ ਲਈ ਉਨ੍ਹਾਂ ਧਾਰਮਿਕ ਗ੍ਰੰਥਾਂ ਦੀਆਂ ਝੂਠੀਆਂ ਸਹੁੰਆਂ ਖਾਧੀਆਂ ਸਨ।
___________________________
ਕਾਂਗਰਸ ਰਾਜ ‘ਚ ਨਸ਼ੇ ਵਧੇ: ਹਰਸਿਮਰਤ
ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਆਉਣ ਤੋਂ ਪਹਿਲਾਂ ਨਸ਼ੇ ਨੂੰ ਚਾਰ ਹਫਤਿਆਂ ਵਿਚ ਬੰਦ ਕਰਨ ਦਾ ਦਾਅਵਾ ਕਰਦੇ ਸਨ, ਪਰ ਕਾਂਗਰਸ ਦੇ ਰਾਜ ਵਿਚ ਪੰਜਾਬ ‘ਚ ਨਸ਼ਾ ਘਟਣ ਦੀ ਬਜਾਏ 400 ਗੁਣਾ ਵੱਧ ਗਿਆ ਹੈ। ਉਨ੍ਹਾਂ ਲੰਘੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀਆਂ ਆਖਰੀ ਚੋਣਾਂ ਹੋਣ ਦੀ ਗੱਲ ਪਹਿਲਾਂ ਹੀ ਆਖ ਦਿੱਤੀ ਸੀ, ਇਸ ਲਈ ਉਹ ਹੁਣ ਪੰਜਾਬ ਪ੍ਰਤੀ ਗੰਭੀਰ ਨਹੀਂ ਹਨ।