ਬਾਦਲਾਂ ਖਿਲਾਫ ‘ਪੰਥਕ ਅਕਾਲੀ ਲਹਿਰ’ ਦਾ ਐਲਾਨ

ਚੰਡੀਗੜ੍ਹ: ਅਕਾਲ ਤਖਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਅਤੇ ਸੰਤ ਸਮਾਜ ਦੇ ਮੁਖੀ ਰਹੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਧਾਰਮਿਕ ਪਾਰਟੀ ‘ਪੰੰਥਕ ਅਕਾਲੀ ਲਹਿਰ’ ਬਣਾਉਣ ਦਾ ਐਲਾਨ ਕਰ ਕੇ ਬਾਦਲਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਕਈ ਧਾਰਮਿਕ ਧਿਰਾਂ ਦੇ ਪ੍ਰਤੀਨਿਧਾਂ ਸਮੇਤ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਗੁਰੂਆਂ ਵੱਲੋਂ ਆਪਣੇ ਪਰਿਵਾਰ ਕੁਰਬਾਨ ਕਰ ਕੇ ਸਿਰਜੀ ਸਿੱਖ ਕੌਮ ਨੂੰ ਅੱਜ ਬਾਦਲ ਪਰਿਵਾਰ ਆਪਣੇ ਹਿੱਤਾਂ ਲਈ ਚਲਾ ਰਿਹਾ ਹੈ।

ਇਸ ਕਾਰਨ ਧਰਮ ਉਪਰ ਰਾਜਨੀਤੀ ਭਾਰੂ ਹੋ ਗਈ ਹੈ ਅਤੇ ਸਿੱਖੀ ਦਾ ਵਜੂਦ ਖਤਰੇ ਵਿਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਸਿਆਸੀ ਦਬਾਅ ਹੇਠ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਅਤੇ ਫਿਰ ਸਿੱਖ ਸੰਗਤ ਦੇ ਰੋਹ ਤੋਂ ਬਾਅਦ ਵਾਪਸ ਲੈ ਲਿਆ। ਇਸੇ ਤਰ੍ਹਾਂ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਪਹਿਲਾਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਹੁਣ ਫਿਲਮ ਉਪਰ ਰੋਕ ਲਾ ਦਿੱਤੀ ਹੈ। ਜਥੇਦਾਰਾਂ ਦੀਆਂ ਅਜਿਹੀਆਂ ਕੋਤਾਹੀਆਂ ਨੇ ਅਕਾਲ ਤਖਤ ਦੀ ਹੋਂਦ ਨੂੰ ਖੋਰਾ ਲਾ ਕੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਆਗੂਆਂ ਕਾਰਨ ਨੌਜਵਾਨੀ ਜਾਂ ਤਾਂ ਪਤਿਤਪੁਣੇ ਤੇ ਨਸ਼ਿਆਂ ਵਿਚ ਧਸਦੀ ਜਾ ਰਹੀ ਹੈ ਅਤੇ ਜਾਂ ਫਿਰ ਰੋਟੀ-ਰੋਜ਼ੀ ਦੇ ਜੁਗਾੜ ਲਈ ਵਿਦੇਸ਼ਾਂ ਵਿਚ ਜਾ ਕੇ ਪਰਵਾਸ ਦੇ ਹੇਰਵੇ ਸਹਿਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨਾ ਸੀ ਪਰ ਸਿਆਸਤ ਦੀ ਗੁਲਾਮ ਇਹ ਸੰਸਥਾ ਸਿੱਖ ਸਿਧਾਂਤਾਂ ਉਪਰ ਹੀ ਭਾਰੂ ਪੈ ਗਈ ਹੈ। ਇਸ ਕਾਰਨ ਸਿੱਖ ਨਿਰਾਸ਼ ਅਤੇ ਆਪਣੇ-ਆਪ ਨੂੰ ਬੇਸਹਾਰਾ ਸਮਝ ਰਹੇ ਹਨ। ਨਵੀਂ ਬਣਾਈ ਪਾਰਟੀ ‘ਪੰਥਕ ਅਕਾਲੀ ਲਹਿਰ’ ਲਈ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਅਤੇ ਬਾਬਾ ਬੇਦੀ ਨੂੰ ਸਰਪ੍ਰਸਤ ਬਣਾਇਆ ਗਿਆ। ਜਸਬੀਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਜਸਜੀਤ ਸਿੰਘ ਸਮੁੰਦਰੀ ਨੂੰ ਸਕੱਤਰ, ਅੰਮ੍ਰਿਤ ਸਿੰਘ ਰਤਨਗੜ੍ਹ ਨੂੰ ਜੁਆਇੰਟ ਸਕੱਤਰ ਅਤੇ ਅਵਤਾਰ ਸਿੰਘ ਨੂੰ ਖਜ਼ਾਨਚੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
_____________________________
ਐਸ਼ਜੀ.ਪੀ.ਸੀ. ਨੂੰ ਬਾਦਲਾਂ ਤੋਂ ਆਜ਼ਾਦ ਕਰਾਵਾਂਗੇ: ਬੇਦੀ
ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਐਲਾਨ ਕੀਤਾ ਕਿ ਪੰਥਕ ਅਕਾਲੀ ਲਹਿਰ ਦੇ ਬੈਨਰ ਹੇਠ ਐਸ਼ਜੀ.ਪੀ.ਸੀ. ਚੋਣਾਂ ਲੜ ਕੇ ਇਸ ਸੰਸਥਾ ਨੂੰ ਬਾਦਲ ਘਰਾਣੇ ਤੋਂ ਆਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੰਸਥਾ ਨਿਰੋਲ ਧਾਰਮਿਕ ਰਹੇਗੀ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਪਾਈ ਜਾਵੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਬਾਦਲਾਂ ਵੱਲੋਂ ਹੀ ਉਨ੍ਹਾਂ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਪੰਥਕ ਅਕਾਲੀ ਲਹਿਰ ਵੱਲੋਂ ਪਿੰਡ-ਪਿੰਡ ਜਾ ਕੇ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਵਾਰ ਚੰਡੀਗੜ੍ਹ ਬੈਠ ਕੇ ਟਿਕਟਾਂ ਵੰਡਣ ਦੀ ਥਾਂ ਜ਼ਮੀਨੀ ਹਕੀਕਤਾਂ ਦੇਖ ਕੇ ਉਮੀਦਵਾਰ ਬਣਾਏ ਜਾਣਗੇ।