ਚੰਗੀ ਜ਼ਿੰਦਗੀ ਦੀ ਆਸ ਲੈ ਤੁਰਦੀ ਹੈ ਗੈਰ ਕਾਨੂੰਨੀ ਪਰਵਾਸ ਦੇ ਰਾਹ

ਚੰਡੀਗੜ੍ਹ: ਚੰਗੀ ਜ਼ਿੰਦਗੀ ਦੀ ਆਸ ਵਿਚ ਘਰ ਬਾਹਰ ਛੱਡ ਕੇ ਇਰਾਕ ਗਏ 39 ਭਾਰਤੀਆਂ ਨੂੰ ਆਖਰਕਾਰ ਤਾਬੂਤਾਂ ਵਿਚ ਦੇਸ਼ ਪਰਤਣਾ ਪਿਆ, ਪਰ ਇਰਾਕ ਦੇ ਮੌਸੂਲ ‘ਚ ਵਾਪਰੇ ਕਤਲੇਆਮ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਨੌਜਵਾਨ ਅਜੇ ਵੀ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦਾ ਰਿਸਕ ਲੈਣ ਲਈ ਤਿਆਰ ਬਰ ਤਿਆਰ ਬੈਠੇ ਹਨ।

ਮੱਧ ਪੂਰਬੀ ਮੁਲਕਾਂ ਵਿਚ ਰੁਜ਼ਗਾਰ ਦੀ ਭਾਲ ਵਿਚ ਨਿਕਲੇ ਪੰਜਾਬੀਆਂ ਨੂੰ ਤਾਂ ਅਕਸਰ ਦਰ-ਦਰ ਦੀਆਂ ਠੋਕਰਾਂ ਹੀ ਨਹੀਂ ਖਾਣੀਆਂ ਪੈਂਦੀਆਂ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ Ḕਯੂਨਾਈਟਿਡ ਨੇਸ਼ਨ ਆਫਿਸ ਆਨ ਡਰੱਗਜ਼ ਐਂਡ ਕਰਾਈਮ’ (ਯੂæਐਨæਓæਡੀæਸੀæ) ਵੱਲੋਂ ਕੁਝ ਵਰ੍ਹੇ ਪਹਿਲਾਂ ਪੰਜਾਬ ਵਿਚੋਂ ਗੈਰ-ਕਾਨੂੰਨੀ ਪਰਵਾਸ ਕਰਨ ਵਾਲੇ ਵਿਅਕਤੀਆਂ ਸਬੰਧੀ ਕਰਵਾਏ ਵਿਸ਼ੇਸ਼ ਅਧਿਐਨ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਪੰਜਾਬ ਵਿਚੋਂ ਹਰ ਸਾਲ 20,000 ਤੋਂ ਵਧੇਰੇ ਨੌਜਵਾਨ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ਾਂ ਨੂੰ ਪਰਵਾਸ ਕਰਦੇ ਹਨ। ਰਿਪੋਰਟ ਮੁਤਾਬਕ ਗੈਰ ਕਾਨੂੰਨੀ ਪਰਵਾਸ ਕਰਨ ਵਾਲਿਆਂ ਵਿਚ 84 ਫੀਸਦੀ ਦਿਹਾਤੀ ਖੇਤਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਦੀ ਉਮਰ 21 ਤੋਂ 30 ਸਾਲ ਦੇ ਦਰਮਿਆਨ ਹੁੰਦੀ ਹੈ। ਇਸੇ ਤਰ੍ਹਾਂ 31 ਤੋਂ 40 ਸਾਲ ਉਮਰ ਦੇ ਵਿਅਕਤੀ ਵੀ ਗੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਦੇ ਹਨ।
ਫਰਾਂਸ ਦੀ ਇਕ ਸੰਸਥਾ ਨਾਲ ਮਿਲ ਕੇ ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈੱਲਪਮੈਂਟ (ਕ੍ਰਿਡ) ਵੱਲੋਂ ਕੀਤੇ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਾਰੇ 55 ਲੱਖ ਪਰਿਵਾਰਾਂ ਵਿਚੋਂ 11 ਫੀਸਦੀ ਪਰਿਵਾਰਾਂ ਦੇ ਇਕ ਜਾਂ ਇਕ ਤੋਂ ਵੱਧ ਜੀਅ ਵਿਦੇਸ਼ ਵਿਚ ਹਨ। ਦੋਆਬੇ ਵਿਚ 23æ7 ਫੀਸਦੀ ਪਰਿਵਾਰਾਂ ਵਿਚੋਂ, ਮਾਝੇ ਵਿਚੋਂ 11æ5 ਫੀਸਦੀ ਤੇ ਮਾਲਵੇ ਦੇ 5 ਫੀਸਦੀ ਘਰਾਂ ਵਿਚੋਂ ਇਕ ਜਾਂ ਇਕ ਤੋਂ ਵੱਧ ਜੀਅ ਵਿਦੇਸ਼ਾਂ ਵਿਚ ਰਹਿ ਰਹੇ ਹਨ। ਪੇਂਡੂ 13 ਫੀਸਦੀ ਅਤੇ ਸ਼ਹਿਰੀ 6 ਫੀਸਦੀ ਪਰਿਵਾਰਾਂ ਦੇ ਇਕ ਜਾਂ ਇਸ ਤੋਂ ਵੱਧ ਵਿਅਕਤੀ ਵਿਦੇਸ਼ਾਂ ਰਹਿ ਰਹੇ ਹਨ। ਇਨ੍ਹਾਂ ਵਿਚੋਂ 60 ਫੀਸਦੀ ਵਿਕਸਿਤ ਦੇਸ਼ਾਂ ਜਿਵੇਂ ਕੈਨੇਡਾ, ਇਟਲੀ, ਅਮਰੀਕਾ, ਆਸਟਰੇਲੀਆ, ਯੂਕੇ ਤੇ ਹੋਰ ਦੇਸ਼ਾਂ ਵਿਚ ਹਨ, ਜਦੋਂਕਿ 40 ਫੀਸਦੀ ਦੇ ਕਰੀਬ ਮੱਧ ਪੂਰਬੀ ਦੇਸ਼ਾਂ ਵਿਚ ਹਨ। ਪ੍ਰੋਜੈਕਟ ਡਾਇਰੈਕਟਰ ਅਸ਼ਵਨੀ ਕੁਮਾਰ ਨੰਦਾ ਅਨੁਸਾਰ ਸੂਬੇ ਦੇ 133 ਪਿੰਡਾਂ ਤੇ 73 ਸ਼ਹਿਰਾਂ ਵਿਚੋਂ ਅੱਠ ਹਜ਼ਾਰ ਤੋਂ ਵੱਧ ਵਿਅਕਤੀਆਂ ਤੋਂ ਕੀਤੇ ਅਧਿਐਨ ਵਿਚ ਸਾਹਮਣੇ ਆਏ ਤੱਥਾਂ ਤਹਿਤ ਰੋਜ਼ੀ-ਰੋਟੀ ਤੋਂ ਇਲਾਵਾ ਪੰਜਾਬੀਆਂ ਲਈ ਕਿਸੇ ਮੈਂਬਰ ਨੂੰ ਬਾਹਰ ਭੇਜਣਾ Ḕਸਟੇਟਸ ਸਿੰਬਲ’ ਵੀ ਬਣਿਆ ਹੋਇਆ ਹੈ।
ਵਿਦਵਾਨਾਂ ਦਾ ਮੰਨਣਾ ਹੈ ਕਿ ਪਹਿਲਾਂ ਪੰਜਾਬ ਵਿਚੋਂ ਹੁਨਰ ਬਾਹਰ ਜਾਣ ਲੱਗ ਪਿਆ ਤੇ ਹੁਣ ਪੂੰਜੀ ਵੀ ਜਾ ਰਹੀ ਹੈ। ਸਾਲ 2017 ਦੌਰਾਨ ਹੀ ਇਕ ਲੱਖ ਤੋਂ ਵੱਧ ਪੰਜਾਬੀ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿਚ ਪੜ੍ਹਾਈ ਦੇ ਨਾਮ ਉਤੇ ਵਿਦੇਸ਼ ਗਏ ਹਨ। ਕ੍ਰਿਡ ਦੇ ਸਰਵੇਖਣ ਅਨੁਸਾਰ 2007 ਤੋਂ 2010 ਦੇ ਲਗਭਗ ਸਾਢੇ ਤਿੰਨ ਸਾਲ ਦੌਰਾਨ 51 ਫੀਸਦੀ ਪਰਵਾਸੀਆਂ ਨੇ ਪੰਜਾਬ ਵਿਚ ਔਸਤਨ ਇਕ ਲੱਖ ਰੁਪਏ ਕਿਸੇ ਨਾ ਕਿਸੇ ਰੂਪ ਵਿਚ ਭੇਜੇ ਸਨ। 12æ2 ਫੀਸਦੀ ਨੇ ਦਸ ਹਜ਼ਾਰ ਰੁਪਏ ਤੱਕ ਹੀ ਭੇਜੇ। ਬਾਕੀਆਂ ਨੇ ਦਸ ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਭੇਜੇ। 19ਵੀਂ ਸਦੀ ਦੇ ਆਖਰੀ ਦਹਾਕੇ ਤੋਂ ਚੱਲੇ ਪਰਵਾਸ ਦੇ ਦੌਰ ਸਮੇਂ ਤੋਂ ਜ਼ਿਆਦਾਤਰ ਲੋਕ ਵਾਪਸ ਆਉਣ ਲਈ ਜਾਂਦੇ ਸਨ, ਪਰ ਹੁਣ ਲਗਭਗ ਸਾਰੇ ਹੀ ਸਥਾਈ ਤੌਰ ਉਤੇ ਵਿਦੇਸ਼ ਰਹਿਣ ਲਈ ਜਾਂਦੇ ਹਨ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਸ਼ਿੰਦਰ ਸਿੰਘ ਥਾਂਦੀ ਦਾ ਕਹਿਣਾ ਹੈ ਕਿ ਪੰਜਾਬੀ ਮੁੱਖ ਤੌਰ ਉਤੇ 2æ5 ਕਰੋੜ ਦੇ ਲਗਭਗ ਪਰਵਾਸੀ ਭਾਰਤੀਆਂ ਵਿਚੋਂ 20 ਲੱਖ ਭਾਵ ਅੱਠ ਫੀਸਦੀ ਦੇ ਕਰੀਬ ਹਨ। ਪਰਵਾਸੀ ਪੰਜਾਬੀਆਂ ਵੱਲੋਂ ਮਕਾਨ ਬਣਾਉਣ ਤੇ ਛੋਟੀਆਂ ਵਪਾਰਕ ਗਤੀਵਿਧੀਆਂ ਉਤੇ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ ਦਾ 20 ਤੋਂ 30 ਫੀਸਦੀ ਹਿੱਸਾ ਬਣ ਜਾਂਦਾ ਸੀ, ਜੋ ਪੰਜਾਬ ਦੀ ਅਰਥਵਿਵਸਥਾ ਵਿਚ ਵੱਡੀ ਭੂਮਿਕਾ ਨਿਭਾਉਂਦਾ ਸੀ, ਪਰ ਹੁਣ ਪਿਛਲੇ ਦੋ ਦਹਾਕਿਆਂ ਤੋਂ ਇਹ ਟਿਕਾਊ ਨਹੀਂ ਰਹਿ ਸਕਿਆ। ਹੁਣ ਵਿਦੇਸ਼ਾਂ ਵਿਚ ਜੰਮੀ ਪੰਜਾਬੀ ਪੀੜ੍ਹੀ ਲਈ ਆਪਣਾ ਮੂਲ ਸੂਬਾ ਖਿੱਚ ਦਾ ਕੇਂਦਰ ਨਹੀਂ ਰਿਹਾ।
______________________
ਧੋਖੇਬਾਜ਼ ਟਰੈਵਲ ਏਜੰਟਾਂ ਅੱਗੇ ਬੇਵੱਸ ਸਰਕਾਰਾਂ
ਚੰਡੀਗੜ੍ਹ: ਵਿਦੇਸ਼ ਜਾਣ ਲਈ ਨੌਜਵਾਨ ਹਰ ਜਾਇਜ਼, ਨਾਜਾਇਜ਼ ਢੰਗ-ਤਰੀਕੇ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਹਾਲਤ ਵਿਚ ਉਹ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ। ਟਰੈਵਲ ਏਜੰਟ ਉਨ੍ਹਾਂ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ਜਾਂ ਹੋਰ ਗਲਤ ਵੀਜ਼ੇ ਲਵਾ ਕੇ ਵਿਦੇਸ਼ ਭੇਜ ਦਿੰਦੇ ਹਨ, ਪਰ ਵਿਦੇਸ਼ ਦੀ ਧਰਤੀ ਉਤੇ ਪੈਰ ਧਰਦਿਆਂ ਹੀ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਉਨ੍ਹਾਂ ਨੂੰ ਹਵਾਈ ਅੱਡਿਆਂ ‘ਤੇ ਕੋਈ ਲੈਣ ਨਹੀਂ ਆਉਂਦਾ। ਉਨ੍ਹਾਂ ਵਿਚੋਂ ਕਈਆਂ ਨੂੰ ਹਵਾਈ ਅੱਡੇ ਤੋਂ ਪੁੱਠੇ ਪੈਰੀਂ ਦੇਸ਼ ਪਰਤਣਾ ਪੈਂਦਾ ਹੈ। ਜਿਹੜੇ ਵਿਦੇਸ਼ ਵਿਚ ਦਾਖਲ ਹੋ ਜਾਂਦੇ ਹਨ, ਉਨ੍ਹਾਂ ਦੇ Ḕਮਾੜੇ ਦਿਨ’ ਸ਼ੁਰੂ ਹੋ ਜਾਂਦੇ ਹਨ। ਕਈਆਂ ਨੂੰ ਵਿਦੇਸ਼ਾਂ ਦੀਆਂ ਜੇਲ੍ਹਾਂ ਦੀ ਹਵਾ ਖਾਣੀ ਪੈਂਦੀ ਹੈ। ਸਰਕਾਰਾਂ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਦੇ ਦਾਅਵੇ ਤਾਂ ਬੜੇ ਕਰਦੀਆਂ ਹਨ ਪਰ ਅਜੇ ਤੱਕ ਇਸ ਮਸਲੇ ਨੂੰ ਅਸਰਦਾਰ ਢੰਗ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਤੱਕ ਨਹੀਂ ਹੋਈਆਂ।