ਹਾਕਮ ਸਿੰਘ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖਾ ਜਨਮ ਨੂੰ ਪ੍ਰਭੂ ਮਿਲਾਪ ਲਈ ਮਿਲਿਆ ਅਵਸਰ ਮੰਨਦੀ ਹੈ। ਆਮ ਲੋਕ ਜੀਵਨ ਨੂੰ ਸਮਾਜਕ ਜਿੰਮੇਵਾਰੀ ਜਾਂ ਮੌਜ ਮੇਲਾ ਸਮਝਦੇ ਹਨ। ਵਿਗਿਆਨ ਮਨੁੱਖੀ ਜੀਵਨ ਨੂੰ ਆਰਾਮਦੇਹ ਅਤੇ ਸੁਖਾਲਾ ਬਣਾਉਂਦਾ ਹੈ ਪਰ ਮਾਨਸਕ ਤਣਾਓ ਵਧਾਉਂਦਾ ਹੈ। ਅਜੋਕੇ ਜੀਵਨ ‘ਤੇ ਸੁਆਰਥ, ਖਪਤਵਾਦ, ਮੁਕਾਬਲਾ ਅਤੇ ਗਤੀ ਹਾਵੀ ਹਨ। ਇਨ੍ਹਾਂ ਨੇ ਮਨੁੱਖ ਨੂੰ ਨਿਜੀ ਪ੍ਰਾਪਤੀਆਂ ਦੀ ਦੌੜ ਵਿਚ ਉਲਝਾ ਕੇ ਆਪਣੇ ਆਪ ਤੋਂ ਬੇਗਾਨਾ ਕਰ ਦਿੱਤਾ ਹੈ ਅਤੇ ਮਨੁੱਖੀ ਜ਼ਮੀਰ ਕਮਜ਼ੋਰ ਕਰ ਦਿੱਤੀ ਹੈ।
ਉਧਰ ਸਾਮਰਾਜ ਅਜੋਕਾ ਪੂੰਜੀਵਾਦੀ ਰੂਪ ਧਾਰ ਕੇ ਲੋਕਾਂ ਦਾ ਸ਼ੋਸ਼ਣ ਕਰਨ ਲੱਗਾ ਹੋਇਆ ਹੈ ਅਤੇ ਸ਼ਕਤੀ ਦਾ ਰੋਹਬ ਪਾਉਣ ਤੇ ਹਥਿਆਰ ਵੇਚਣ ਲਈ ਜੰਗਾਂ ਛੇੜ ਕੇ ਮਾਸੂਮਾਂ ਨੂੰ ਮਾਰ ਤੇ ਉਜਾੜ ਰਿਹਾ ਹੈ। ਉਸ ਦੇ ਵਿਗਿਆਨੀ ਮਾਰੂ ਹਥਿਆਰ ਬਣਾ ਕੇ ਦੁਨੀਆਂ ਵਿਚ ਤਬਾਹੀ ਮਚਾਉਣ ਦੀਆਂ ਵਿਉਂਤਾਂ ਬਣਾ ਰਹੇ ਹਨ। ਇਹ ਸਭ ਮਨੁੱਖਤਾ ਦੇ ਵਿਨਾਸ਼ ਵਲ ਸੰਕੇਤ ਹਨ। ਸਾਮਰਾਜੀ ਸ਼ਕਤੀਆਂ ਦੀਆਂ ਅਮਾਨਵੀ ਹਰਕਤਾਂ ਦਾ ਮਾਨਵਤਾ ਦੇ ਹਿਤੈਸ਼ੀ ਸੰਗਠਨਾਂ ਵਲੋਂ ਵਿਰੋਧ ਵਧ ਰਿਹਾ ਹੈ।
ਗੁਰਬਾਣੀ ਅਨੁਸਾਰ ਪ੍ਰਭੂ ਨੇ ਧਰਤੀ ਦੀ ਸਥਾਪਨਾ ਧਰਮਸਾਲ, ਧਾਰਮਕ ਕਾਰਜ ਖੇਤਰ, ਵਜੋਂ ਕੀਤੀ ਹੈ: “ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚ ਧਰਤੀ ਥਾਪਿ ਰਖੀ ਧਰਮਸਾਲ॥” (ਪੰਨਾ 7) ਅਤੇ “ਧਰਤਿ ਉਪਾਇ ਧਰੀ ਧਰਮ ਸਾਲਾ॥ ਉਤਪਤਿ ਪਰਲਉ ਆਪਿ ਨਿਰਾਲਾ॥” (ਪੰਨਾ 1033) ਪ੍ਰਭੂ ਨੇ ਧਰਤੀ ਨੂੰ ਧਰਮ ਕਰਮ ਦਾ ਸਥਾਨ ਬਣਾਇਆ ਹੈ ਅਤੇ ਧਰਮ ਜਨਮ-ਮਰਨ ਤੋਂ ਨਿਰਲੇਪ ਹੈ। ਪ੍ਰਭੂ ਦਾ ਨਾਮ ਰੂਪੀ ਧਰਮ ਸਾਰੀ ਸ੍ਰਿਸ਼ਟੀ ਦਾ ਉਧਾਰ ਕਰ ਰਿਹਾ ਹੈ, “ਸਭ ਕਲਿ ਉਧਰੀ ਇਕ ਨਾਮ ਧਰਮ॥” (ਪੰਨਾ 1387) ਗੁਰਬਾਣੀ ਧਰਮ ਨੂੰ “ਧੌਲ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥” (ਪੰਨਾ 5) ਆਖਦੀ ਹੈ। ਧਰਮ ਦਇਆ ਦਾ ਪੁਤਰ ਹੈ ਅਤੇ ਸੰਤੋਖ ਦੀ ਮਰਯਾਦਾ ਸਥਾਪਤ ਕਰਕੇ ਧੌਲ ਬਲਦ ਦੇ ਰੂਪ ਵਿਚ ਸੰਸਾਰ ਨੂੰ ਵਿਨਾਸ਼ ਤੋਂ ਬਚਾ ਰਿਹਾ ਹੈ।
ਧਰਮ ਮਨੁੱਖ ਦੀ ਨਿਜੀ ਅਧਿਆਤਮਕ ਕ੍ਰਿਆ ਹੈ। ਇਹ ਅਧਿਆਤਮਕ ਗਿਆਨ ਤੇ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ ਜਿਸ ‘ਤੇ ਚਲਣ ਲਈ ਮਨੁੱਖ ਨੂੰ ਮਾਇਆ ਅਤੇ ਉਸ ਦੇ ਪੰਜ ਵਿਸ਼ੇ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦਾ ਤਿਆਗ ਕਰਨਾ ਪੈਂਦਾ ਹੈ। ਗੁਰੂ ਫੁਰਮਾਨ ਹੈ, “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥” (ਪੰਨਾ 693) ਧਰਮ ਦੇ ਮਾਰਗ ਦਾ ਪਾਂਧੀ ਬਣਨ ਲਈ ਮਨੁੱਖ ਨੂੰ ਹਉਮੈ ਜਾਂ ਵੱਖਰੀ ਹਸਤੀ ਦਾ ਭਰਮ ਵੀ ਮਿਟਾਉਣਾ ਪੈਂਦਾ ਹੈ। ਗੁਰਬਾਣੀ ਦੇ ਫੁਰਮਾਨ ਹਨ, “ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ॥ ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ॥” (ਪੰਨਾ 558) ਅਤੇ “ਹਉ ਹਉ ਕਰਤ ਨਹੀ ਸਚੁ ਪਾਈਐ ਹਉਮੈ ਜਾਇ ਪਰਮਪਦੁ ਪਾਈਐ॥” (ਪੰਨਾ 226)
ਗੁਰਬਾਣੀ ਅਨੁਸਾਰ ਧਰਮ ਸੰਤੋਖ ਦੇ ਰੁੱਖ ਦਾ ਫੁਲ ਹੈ ਜਿਸ ਨੂੰ ਅਧਿਆਤਮਕ ਗਿਆਨ ਦਾ ਫਲ ਲਗਦਾ ਹੈ। ਗੁਰਬਾਣੀ ਦੇ ਕਥਨ ਹਨ: “ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥” (ਪੰਨਾ 147) ਅਤੇ “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥” (ਪੰਨਾ 1168) ਮਨੁੱਖ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਲੇਖਾ ਜੋਖਾ ਵੀ ਧਰਮ ਦੀ ਕਸਵੱਟੀ ‘ਤੇ ਹੀ ਹੁੰਦਾ ਹੈ, “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥” (ਪੰਨਾ 5) ਧਰਮ ਦੀ ਅਗਵਾਈ ਵਿਚ ਸੰਤੋਖ ਦੇ ਰਾਹ ‘ਤੇ ਚਲਣ ਵਾਲਾ ਮਨੁੱਖ ਸਤਜੁਗੀ ਪੁਰਸ਼ ਬਣ ਜਾਂਦਾ ਹੈ, “ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ॥” (ਪੰਨਾ 470) ਗੁਰਬਾਣੀ ਦਾ ਨਿਰਨਾ ਹੈ ਕਿ ਧਰਮ ਦੇ ਰਾਹ ਦੇ ਪਾਂਧੀ ਨੂੰ ਪ੍ਰਭੂ ਪ੍ਰਵਾਨ ਕਰਕੇ ਵਡਿਆਈ ਬਖਸ਼ਦਾ ਹੈ। ਉਹ ਆਤਮ ਗਿਆਨ ਪ੍ਰਾਪਤ ਕਰਕੇ ਅਨੰਦ ਮਹਿਸੂਸ ਕਰਦਾ ਹੈ। ਉਦਮ ਰਾਹੀਂ ਉਸ ਦਾ ਮਨ ਸੁੰਦਰ ਅਤੇ ਸੁਰਤ, ਮਤ, ਮਨ ਤੇ ਬੁੱਧ ਸਿੱਧਾਂ ਵਾਲੇ ਬਣ ਜਾਂਦੇ ਹਨ। ਪ੍ਰਭੂ ਦੀ ਮਿਹਰ ਹੋਣ ‘ਤੇ ਆਤਮ-ਬਲ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਰੋਮ ਰੋਮ ਵਿਚ ਪ੍ਰਭੂ ਵਸ ਜਾਂਦਾ ਹੈ। ਉਸ ਦਾ ਅੰਤਿਹਕਰਨ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਹੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ ਪਰ ਉਸ ਲਈ ਪ੍ਰਭੂ ਵਲੋਂ ਸ੍ਰਿਸ਼ਟੀ ਦੀ ਹੋ ਰਹੀ ਸੰਭਾਲ ਅਤੇ ਖੁਸ਼ੀ ਨੂੰ ਬਿਆਨ ਕਰਨਾ ਸੰਭਵ ਨਹੀਂ।
ਧਰਮ ਦਾ ਗੁਰਮਤਿ ਦੇ ਮੂਲ ਸਿਧਾਂਤ ਨਾਲ ਡੂੰਘਾ ਸਬੰਧ ਹੈ। ਗੁਰਮਤਿ ਦਾ ਮੂਲ ਸਿਧਾਂਤ ਹੈ: ਸ੍ਰਿਸ਼ਟੀ ਦੇ ਸਿਰਜਣਹਾਰ, ਅਦਵੈਤ, ਅਦ੍ਰਿਸ਼ਟ ਪ੍ਰਭੂ ਨੇ ਸ੍ਰਿਸ਼ਟੀ ਦੀ ਸਿਰਜਣਾ ਵਿਚ ਦ੍ਰਿਸ਼ਟਮਾਨ, ਤ੍ਰੈਗੁਣੀ, ਗਤੀਸ਼ੀਲ ਰੂਪ ਧਾਰਨ ਕਰਕੇ ਦਵੈਤ ਭਾਵਨਾ ਦੀ ਖੇਡ ਰਚ ਦਿੱਤੀ ਹੈ ਜਿਸ ਦੀ ਮਾਇਆ ਨੇ ਸਾਰੇ ਸੰਸਾਰ ਨੂੰ ਭਰਮਾ ਲਿਆ ਹੈ ਅਤੇ ਮਾਇਆ ਵਲੋਂ ਪ੍ਰਸਾਰੇ ਅਗਿਆਨ ਨੂੰ ਦੂਰ ਕਰਨ ਲਈ ਪ੍ਰਭੂ ਨੇ ਸੀਲ ਸੰਤੋਖ ਧਰਮ ਦੀ ਸਥਾਪਨਾ ਕੀਤੀ ਹੈ। ਗੁਰਬਾਣੀ ਦੇ ਕਥਨ ਹਨ, “ਸਦਾ ਸਦਾ ਤੂ ਏਕ ਹੈ ਤੁਧੁ ਦੂਜਾ ਖੇਲੁ ਰਚਾਇਆ॥ ਹਉਮੈ ਗਰੁਬ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ॥” (ਪੰਨਾ 139); “ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ॥” (ਪੰਨਾ 950); “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” (ਪੰਨਾ 463) ਅਤੇ “ਏਕਸ ਤੇ ਸਭ ਦੂਜਾ ਹੂਆ॥ ਏਕੋ ਵਰਤੈ ਅਵਰੁ ਨ ਬੀਆ॥” (ਪੰਨਾ 842)
ਪ੍ਰਭੂ ਨੇ ਮਾਇਆ ਦੀ ਖੇਡ ਰਚ ਕੇ ਸੰਸਾਰ ਨੂੰ ਮਾਇਆ ਅਤੇ ਧਰਮ ਦੀ ਜਦੋ-ਜਹਿਦ ਦਾ ਪਿੜ ਬਣਾ ਦਿੱਤਾ ਹੈ। ਮਾਇਆ ਸਮਾਜਕ ਸ਼ਕਤੀ ਹੋਣ ਕਾਰਨ ਪ੍ਰਭਾਵਸ਼ਾਲੀ ਹੈ ਅਤੇ ਉਸ ਦੇ ਮੁਕਾਬਲੇ ਧਰਮ ਮਨੁੱਖੀ ਅੰਤਿਹਕਰਣ ਵਿਚ ਸ਼ਾਂਤਮਈ ਤੇ ਉਦਾਸੀਨ ਹੁੰਦਾ ਹੈ ਪਰ ਮਾਇਆ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ ਤੋਂ ਮਨੁੱਖ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਯਤਨਸ਼ੀਲ ਰਹਿੰਦਾ ਹੈ। ਗੁਰਬਾਣੀ ਦੇ ਕਥਨ ਹਨ, “ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ॥” (ਪੰਨਾ 205); “ਦੁਤਰ ਅੰਧ ਬਿਖਮ ਇਹ ਮਾਇਆ॥ ਗੁਰਿ ਪੂਰੈ ਪਰਗਟ ਮਾਰਗੁ ਦਿਖਾਇਆ॥” (ਪੰਨਾ 377) ਅਤੇ “ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥” (ਪੰਨਾ 844)
ਇਥੇ ਇਹ ਤੱਥ ਸਾਂਝਾ ਕਰਨਾ ਜ਼ਰੂਰੀ ਹੈ ਕਿ ਜਿਸ ਸਿੱਖ ਧਰਮ ਦਾ ਆਮ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਜੋ ਅਕਾਦਮਿਕ ਅਦਾਰਿਆਂ ਵਿਚ ਅਧਿਐਨ ਤੇ ਖੋਜ ਦੇ ਵਿਸ਼ੇ ਵਜੋਂ ਪ੍ਰਚਲਿਤ ਹੈ, ਉਹ ਧਰਮ ਗੁਰਮਤਿ ਵਿਚਾਰਧਾਰਾ ‘ਤੇ ਆਧਾਰਤ ਨਹੀਂ ਹੈ। ਉਹ ਸਨਾਤਨੀ ਧਾਰਮਕ ਪਰੰਪਰਾ ਅਤੇ ਸਿੱਖ ਇਤਿਹਾਸ ‘ਤੇ ਆਧਾਰਤ ਇੱਕ ਸੰਸਥਾਗਤ ਇੱਕਾਈ ਜਾਂ ਪੰਥ ਹੈ। ਉਸ ਦੇ ਉਪਾਸ਼ਕਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਸਾਧਨ ਵਜੋਂ ਵਰਤਣ ਦੀ ਪ੍ਰਥਾ ਹੈ। ਉਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਹਨ, ਕਈ ਨਿਤਨੇਮ ਅਤੇ ਰਹਿਤ ਮਰਯਾਦਾ ਦੇ ਪਾਲਕ ਹਨ, ਪਰ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸਾਂ ਕਰਕੇ ਆਪਣੀਆਂ ਸੰਸਾਰਕ ਲੋੜਾਂ, ਇੱਛਾਵਾਂ, ਉਮੰਗਾਂ, ਵਡਿਆਈਆਂ ਤੇ ਰਾਜਸੀ ਅਕਾਂਖਿਆਵਾਂ ਦੀ ਪੂਰਤੀ ਦੀ ਕਾਮਨਾ ਕਰਦੇ ਹਨ।
ਕੁਝ ਜਾਗਰੂਕ ਸਿੱਖ ਹੀ ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿਚ ਧਾਰਨ ਲਈ ਸੰਜੀਦਾ ਹਨ ਜਦੋਂ ਕਿ ਵਿਰਲੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਨ ਲਈ ਪ੍ਰਭੂ ਦੀ ਬਖਸ਼ਿਸ਼ ਦੀ ਜਾਚਨਾ ਕਰਦੇ ਹਨ। ਉਨ੍ਹਾਂ ਨੂੰ ਹੀ ਗੁਰਬਾਣੀ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰ॥” (ਪੰਨਾ 1412) ਆਖਦੀ ਹੈ। ਭਾਵੇਂ ਸੰਸਥਾਗਤ ਧਰਮ ਦਾ ਮਨੋਰਥ ਗੁਰਬਾਣੀ ਵਿਚ ਪਰਿਭਾਸ਼ਤ ਧਰਮ ਤੋਂ ਵਖਰਾ ਹੈ ਪਰ ਇਸ ਦੇ ਵਿਚਾਰਾਂ ਵਿਚ ਗੁਰਬਾਣੀ ਦੇ ਚੋਣਵੇਂ ਸ਼ਬਦਾਂ ਦੀ ਵਰਤੋਂ ਹੋਣ ਕਾਰਨ ਇਸ ਨੂੰ ਹੀ ਅਸਲੀ ਸਿੱਖ ਧਰਮ ਸਮਝ ਲਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਧਰਮ ਕੋਈ ਸੰਸਥਾਗਤ ਇੱਕਾਈ ਜਾਂ ਸਮਾਜਕ ਗੁੱਟ ਨਹੀਂ ਹੈ ਅਤੇ ਨਾ ਹੀ ਇਹ ਸੰਸਾਰਕ ਇੱਛਾਵਾਂ ਪੂਰੀਆਂ ਕਰਨ ਦੀ ਵਿਧੀ ਹੈ। ਇਹ ਸਮਾਜ ਸੁਧਾਰ ਦੀ ਵਿਧੀ ਵੀ ਨਹੀਂ ਹੈ। ਇਹ ਤਾਂ ਮਨੁੱਖ ਦੇ ਪ੍ਰਭੂ ਦੀ ਰਜ਼ਾ ਵਿਚ ਜਿਉਣ ਦਾ ਢੰਗ ਹੈ।
ਬਹੁਤ ਸਾਰੇ ਸਿੱਖ ਸੰਸਥਾਗਤ ਸਿੱਖ ਧਰਮ ਦੀਆਂ ਸਿਆਸੀ ਗਤੀਵਿਧੀਆਂ ਤੋਂ ਨਾਖੁਸ਼ ਹਨ। ਕਈ ਉਸ ਵਲੋਂ ਲੋਕਾਂ ਦੀ ਸੋਚ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਗਲਤ ਮੰਨਦੇ ਹਨ। ਕਈ ਸਿੱਖ ਵਿਦਵਾਨ ਗੁਰਮਤਿ ਨੂੰ ਵਿਗਿਆਨ ‘ਤੇ ਆਧਾਰਤ ਦੱਸਦੇ ਹਨ ਅਤੇ ਸਿੱਖ ਧਰਮ ਵਿਚ ਵਿਗਿਆਨਕ ਕਾਰਜ ਵਿਧੀ ਅਨੁਸਾਰ ਸੁਧਾਰ ਕਰਨ ਦੇ ਸਮਰਥਕ ਹਨ। ਇਹ ਵਿਦਵਾਨ ਵਿਗਿਆਨਕ ਜਾਣਕਾਰੀ ਅਤੇ ਅਧਿਆਤਮਕ ਗਿਆਨ ਵਿਚ ਕੋਈ ਅੰਤਰ ਨਹੀਂ ਸਮਝਦੇ। ਪਰ ਵਿਗਿਆਨ ਦ੍ਰਿਸ਼ਟਮਾਨ ਜਾਂ ਅਨੁਭਵ ਕੀਤੇ ਜਾਣ ਵਾਲੇ ਤੇ ਨਿਰੰਤਰ ਬਦਲ ਰਹੇ ਪਦਾਰਥ ਦੀ ਬਣਤਰ ਅਤੇ ਉਸ ਵਿਚ ਕਾਰਜਸ਼ੀਲ ਨਿਯਮਾਂ ਦੀ ਜਾਣਕਾਰੀ ਹੈ ਜਿਸ ਦੇ ਪਰਿਣਾਮਾਂ ਨੂੰ ਸਿੱਧ ਕੀਤਾ ਜਾ ਸਕਦਾ ਹੈ। ਇਹ ਵਿਦਵਾਨ ਵਿਗਿਆਨਕ ਕਾਰਜ ਵਿਧੀ ਨੂੰ ਅਦਿੱਖ, ਨਿਹਚਲ, ਅਪਦਾਰਥ ਅਤੇ ਨਾ ਅਨੁਭਵ ਕੀਤੇ ਜਾਣ ਵਾਲੇ ਪ੍ਰਭੂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਕਾਰਗਰ ਸਿੱਧ ਕਰਨ ਦਾ ਯਤਨ ਕਰਦੇ ਹਨ। ਪਰ ਪਦਾਰਥ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੀ ਵਿਧੀ ਰਾਹੀਂ ਅਪਦਾਰਥ ਪ੍ਰਭੂ ਬਾਰੇ ਜਾਣਨਾ ਸੰਭਵ ਨਹੀਂ ਹੈ। ਇਸ ਪ੍ਰਥਾਏ ਗੁਰਬਾਣੀ ਦਾ ਨਿਰਨਾ ਬਹੁਤ ਸਪਸ਼ਟ ਹੈ। ਗੁਰਬਾਣੀ ਅਨੁਸਾਰ ਪ੍ਰਭੂ ਦੀ ਖੇਡ ਨੂੰ ਉਹ ਆਪ ਹੀ ਜਾਣ ਸਕਦਾ ਹੈ: “ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਾਨ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥” (ਪੰਨਾ 138) ਅਤੇ “ਲੇਖਾ ਹੋਇ ਤਾ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥” (ਪੰਨਾ 3) ਗੁਰਬਾਣੀ ਤਾਂ ਅਧਿਆਤਮਕ ਗਿਆਨ ਨੂੰ ਸੰਸਾਰਕ ਗਿਆਨ ਹੀ ਨਹੀਂ ਮੰਨਦੀ ਅਤੇ ਉਸ ਨੂੰ ਖਸਮ ਕੀ ਬਾਣੀ ਆਖਦੀ ਹੈ, “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” (ਪੰਨਾ 722)
ਪ੍ਰਭੂ, ਮਾਇਆ, ਧਰਮ ਅਤੇ ਮਨੁੱਖੀ ਮਨ ਅਧਿਆਤਮਕ ਗਿਆਨ ਦੇ ਵਿਸ਼ੇ ਹਨ ਜਿਨ੍ਹਾਂ ਨੂੰ ਬੁੱਧੀ ਜਾਂ ਵਿਗਿਆਨਕ ਢੰਗ ਰਾਹੀਂ ਜਾਣਨਾ ਸੰਭਵ ਨਹੀਂ ਹੈ ਕਿਉਂਕਿ ਇਹ ਸੰਸਾਰਕ ਜਾਣਕਾਰੀ, ਵਿਗਿਆਨ ਜਾਂ ਗਣਿਤ ਨਹੀਂ ਹਨ। ਅਧਿਆਤਮਕ ਗਿਆਨ ਵਿਸ਼ਵਾਸ ‘ਤੇ ਆਧਾਰਤ ਹੈ। ਪਰ ਇਸ ਦਾ ਇਹ ਅਰਥ ਨਹੀਂ ਕਿ ਵਿਸ਼ਵਾਸ ਕਰਨ ਨਾਲ ਉਸ ਗਿਆਨ ਦੀ ਸਮਝ ਪੈ ਜਾਂਦੀ ਹੈ। ਅਧਿਆਤਮਕ ਗਿਆਨ ਸ੍ਰਿਸ਼ਟੀ ਦੇ ਕਰਤੇ ਅਤੇ ਉਸ ਦੀ ਰਚੀ ਮਾਇਆ ਦੀ ਖੇਡ ਦਾ ਗਿਆਨ ਹੈ ਜਿਸ ਵਿਚ ਮਨੁੱਖ ਵੀ ਭਾਗੀਦਾਰ ਹੈ। ਮਨੁੱਖ ਵਿਚ ਮਾਇਆ ਦੀ ਖੇਡ ਅਤੇ ਉਸ ਦੇ ਕਰਤੇ ਨੂੰ ਜਾਣਨ ਜਾਂ ਸਮਝਣ ਦੀ ਯੋਗਤਾ ਨਹੀਂ ਹੈ ਕਿਉਂਕਿ ਮਨੁੱਖ ਪ੍ਰਭੂ ਦੀ ਕਿਰਤ ਹੈ ਅਤੇ ਕਿਰਤ ਵਿਚ ਕਰਤੇ ਨੂੰ ਜਾਣਨ ਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਅਨੁਸਾਰ ਪ੍ਰਭੂ ਅਤੇ ਉਸ ਦੀ ਖੇਡ ਨੂੰ ਜਾਣਨ ਲਈ ਉਸ ਦੀ ਬਖਸ਼ਿਸ਼ ਰਾਹੀਂ ਤ੍ਰੈਗੁਣੀ ਸੰਸਾਰ ਤੋਂ ਉਪਰ ਉਠ ਕੇ ਚੌਥੇ ਪਦ ਵਿਚ ਪ੍ਰਵੇਸ਼ ਕਰਨਾ ਪੈਂਦਾ ਹੈ, “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨ ਹੀ ਪਰਮ ਪਦੁ ਪਾਇਆ॥” (ਪੰਨਾ 1123) ਇਸੇ ਲਈ ਬਹੁਤੇ ਵਿਗਿਆਨੀ ਜਾਂ ਤਾਂ ਪ੍ਰਭੂ ਦੀ ਹੋਂਦ ਬਾਰੇ ਚੁੱਪ ਧਾਰ ਲੈਂਦੇ ਹਨ ਜਾਂ ਉਸ ਤੋਂ ਮੁਨਕਰ ਹੋ ਜਾਂਦੇ ਹਨ।
ਗੁਰਬਾਣੀ ਵਿਚ ਮਾਇਆ ਨੂੰ “ਮਾਈ ਮਾਇਆ ਛਲੁ॥” (ਪੰਨਾ 717) ਅਤੇ “ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥” (ਪੰਨਾ 643) ਆਖਿਆ ਗਿਆ ਹੈ। ਮਾਇਆ ਅਸਥਿਰ ਹੋਣ ਕਾਰਨ ਧਰਮ ਤੋਂ ਭੈ ਖਾਂਦੀ ਹੈ ਅਤੇ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਧਰਮ ਅਧਿਆਤਮਕ ਸੱਤਾ ਹੈ ਅਤੇ ਪਦਾਰਥਕ ਮਾਇਆ ਦੀ ਪਹੁੰਚ ਤੋਂ ਬਾਹਰ ਹੈ। ਇਸ ਲਈ ਮਾਇਆ ਸੰਸਾਰ ਵਿਚੋਂ ਧਰਮ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਸਮਾਜਕ ਸ਼ਕਤੀਆਂ ਨੂੰ ਉਸ ਦੇ ਸਮਰੂਪ ਦੁਨਿਆਵੀ ਧਰਮ ਦਾ ਨਿਰਮਾਣ ਕਰਨ ਲਈ ਉਤਸ਼ਾਹਤ ਕਰਦੀ ਹੈ। ਦੁਨਿਆਵੀ ਧਰਮ ਦੇ ਨਿਰਮਾਣ ਲਈ ਅਦਿੱਖ ਪ੍ਰਭੂ ਨੂੰ ਉਸ ਦੇ ਕਿਸੇ ਕਲਪਤ ਦੂਤ ਦੀ ਮੂਰਤ ਜਾਂ ਪਦਾਰਥ ਰਾਹੀਂ ਨਿਰੂਪਣ ਕਰ ਦਿੱਤਾ ਜਾਂਦਾ ਹੈ ਅਤੇ ਅਧਿਆਤਮਕ ਵਿਚਾਰਾਂ ਵਿਚ ਸਭਿਆਚਾਰਕ ਰੀਤਾਂ ਤੇ ਕਰਮ ਕਾਂਡ ਰਲਗੱਡ ਕਰਕੇ ਦੁਨਿਆਵੀ ਧਾਰਮਕ ਵਿਚਾਰਧਾਰਾ ਸਿਰਜ ਦਿੱਤੀ ਜਾਂਦੀ ਹੈ। ਮਾਇਆ ਦੇ ਪ੍ਰਭਾਵ ਸਦਕਾ ਸਮਾਜ ਵਿਚ ਪ੍ਰਭੂ ਦੇ ਕਾਸਦ ਦੀ ਕਿਆਸੀ ਮੂਰਤ ਦੀ ਪੂਜਾ ਅਤੇ ਅਧਿਆਤਮਕ ਵਿਚਾਰਾਂ ਦਾ ਮਿਲਗੋਭਾ ਨਵੇਂ ਦੁਨਿਆਵੀ ਧਰਮ ਵਜੋਂ ਸਥਾਪਤ ਹੋ ਜਾਂਦੇ ਹਨ। ਪੁਜਾਰੀ ਸ਼ਰਧਾਲੂਆਂ ਨੂੰ ਮੂਰਤੀ ਅਤੇ ਮੰਤਰਾਂ ਰਾਹੀਂ ਉਨ੍ਹਾਂ ਦੀਆਂ ਬੇਨਤੀਆਂ ਪ੍ਰਵਾਨ ਤੇ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰੋਸਾ ਦਿਵਾ ਕੇ ਉਨ੍ਹਾਂ ਦਾ ਖਾਣ ਪੀਣ, ਰਹਿਣੀ ਬਹਿਣੀ ਅਤੇ ਧਾਰਮਕ ਕ੍ਰਿਆਵਾਂ ਨੇਮਬੱਧ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਸੋਚ ਨੂੰ ਕਾਬੂ ਕਰਨ ਲਈ ਨਵੀਂ ਸੋਚ ਪ੍ਰਣਾਲੀ ਸਿਰਜ ਦਿੰਦੇ ਹਨ। ਦੁਨਿਆਵੀ ਧਰਮ ਨਾਲ ਜੁੜੇ ਕਈ ਪੁਜਾਰੀ ਗੁਰੂ, ਆਚਾਰੀਆ, ਸੰਤ, ਸਾਧੂ ਜਾਂ ਮਹੰਤ ਦੀ ਪਦਵੀ ਧਾਰਨ ਕਰਕੇ ਆਪਣੀਆਂ ਸੰਪਰਦਾਵਾਂ ਕਾਇਮ ਕਰ ਲੈਂਦੇ ਹਨ ਅਤੇ ਨਿਵੇਕਲੇ ਕਰਮ ਕਾਂਡ ਰਾਹੀਂ ਅਗਿਆਨੀ ਲੋਕਾਂ ਦਾ ਧਰਮ ਦੇ ਨਾਂ ‘ਤੇ ਸ਼ੋਸ਼ਣ ਕਰਦੇ ਹਨ, ਜਿਸ ਨਾਲ ਸੰਸਥਾਗਤ ਧਰਮ ਬਦਨਾਮ ਹੋ ਜਾਂਦਾ ਹੈ।
ਮਨੁੱਖੀ ਹਉਮੈ ਵੀ ਪ੍ਰਭੂ ਵਲੋਂ ਸਿਰਜੀ ਦਵੈਤ ਭਾਵਨਾ ਦੀ ਖੇਡ ਦਾ ਹੀ ਇੱਕ ਅੰਗ ਹੈ। ਮਨੁੱਖ ਵਿਚ ਜਨਮ ਤੋਂ ਹੀ ਸਵੈ-ਰਖਿਆ ਦੀ ਮੂਲ ਪ੍ਰਵਿਰਤੀ ਹਉਮੈ ਨਾਲ ਜੁੜੀ ਹੁੰਦੀ ਹੈ। ਗੁਰਬਾਣੀ ਦਾ ਕਥਨ ਹੈ, “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥” (ਪੰਨਾ 946) ਹਉਮੈ ਮਨੁੱਖੀ ਮਨ ਨੂੰ ਸੁਤੰਤਰ ਹੋਣ ਦਾ ਭਰਮ ਪਾ ਕੇ ਮਨੁੱਖ ਅਤੇ ਪ੍ਰਭੂ ਵਿਚਾਲੇ ਅਮਿੱਟ ਕੰਧ ਖੜ੍ਹੀ ਕਰ ਦਿੰਦੀ ਹੈ। ਗੁਰਬਾਣੀ ਅਨੁਸਾਰ ਆਤਮਕ ਗਿਆਨ ਦੀ ਪ੍ਰਾਪਤੀ ਲਈ ਹਉਮੈ ਨੂੰ ਮਿਟਾਉਣਾ ਜ਼ਰੂਰੀ ਹੈ, “ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ॥” (ਪੰਨਾ 1092) ਮਨੁੱਖ ਦੀ ਸੁਤੰਤਰ ਹਸਤੀ ਦੇ ਹੱਕ ਵਿਚ ਪੱਛਮੀ ਵਿਦਵਾਨਾਂ ਨੇ ਵਿਸਤ੍ਰਿਤ ਵਿਚਾਰਾਂ ਕੀਤੀਆਂ ਹਨ। ਇੱਥੇ ਦੋ ਵਿਦਵਾਨਾਂ ਦੀ ਰਾਏ ਦਾ ਜ਼ਿਕਰ ਕਰਨਾ ਅਨੁਕੂਲ ਹੋਵੇਗਾ। ਡੈਕਾਰਟ (੍ਰeਨe ਧeਸਚਅਰਟeਸ) ਦਾ ਪ੍ਰਸਿਧ ਦਾਰਸ਼ਨਿਕ ਬਿਆਨ ਹੈ: “ਛੋਗਟੋ eਰਗ ਸੁਮ” “ਮੈਂ ਸੋਚਦਾ ਹਾਂ, ਇਸ ਲਈ ਮੈਂ ਹਾਂ”। ਦਿਲਚਸਪ ਗੱਲ ਇਹ ਹੈ ਕਿ ਡੈਕਾਰਟ ਸੋਚ ਨੂੰ ਹਸਤੀ ਦਾ ਆਧਾਰ ਮੰਨਦਾ ਹੈ, ਸਰੀਰ ਨੂੰ ਨਹੀਂ। ਮਾਦਾ ਪ੍ਰਸਤ ਅਤੇ ਬਹੁਤੇ ਵਿਗਿਆਨੀ ਸੋਚ ਨੂੰ ਦਿਮਾਗ ਦੀ ਕ੍ਰਿਆ ਮੰਨਦੇ ਹਨ ਪਰ ਗੁਰਬਾਣੀ ਮਨ ਦਾ ਕਰਮ ਦੱਸਦੀ ਹੈ। ਪੱਛਮੀ ਵਿਦਵਾਨਾਂ ਵਿਚ ਜਾਰਜ ਬਰਕਲੇ ਇੱਕ ਐਸਾ ਵਿਦਵਾਨ ਹੈ ਜੋ ਮਨੁੱਖੀ ਹਸਤੀ ਅਤੇ ਪਦਾਰਥ ਦੀ ਹੋਂਦ ਤੋਂ ਮੁਨਕਰ ਹੈ ਤੇ ਪ੍ਰਭੂ ਦੀ ਅਦਿੱਖ ਹਸਤੀ ਨੂੰ ਹੀ ਸੱਚ ਮੰਨਦਾ ਹੈ।
ਇਹ ਵਿਗਿਆਨਕ ਜਾਣਕਾਰੀ ਦਾ ਯੁਗ ਹੈ। ਵਿਗਿਆਨੀਆਂ ਨੇ ਪਦਾਰਥ, ਸਮਾਜ ਅਤੇ ਕੁਦਰਤ ਦੇ ਨਿਯਮਾਂ ਬਾਰੇ ਵਿਸ਼ਾਲ ਤੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਹੈ ਜਿਸ ਨੇ ਮਨੁੱਖੀ ਜੀਵਨ ਤੇ ਸੋਚ ਬਦਲ ਦਿੱਤੀ ਹੈ। ਇਹ ਜਾਣਕਾਰੀ ਨਿਰਪੱਖ ਹੈ, ਜਿਸ ਦੀ ਵਰਤੋਂ ਮਾਨਵਤਾ ਦੇ ਭਲੇ ਲਈ ਵੀ ਕੀਤੀ ਜਾ ਸਕਦੀ ਹੈ ਤੇ ਨੁਕਸਾਨ ਲਈ ਵੀ। ਭਾਵੇਂ ਇਹ ਆਮ ਲੋਕਾਂ ਨੂੰ ਸਭ ਤੋਂ ਵਧ ਪ੍ਰਭਾਵਤ ਕਰਦੀ ਹੈ ਪਰ ਇਸ ਦੀ ਵਰਤੋਂ ਦੇ ਫੈਸਲੇ ਦਾ ਹੱਕ ਉਨ੍ਹਾਂ ਨੂੰ ਨਹੀਂ ਹੈ ਅਤੇ ਨਾ ਹੀ ਵਿਗਿਆਨੀਆਂ ਨੂੰ ਹੈ, ਜਿਨ੍ਹਾਂ ਦੀ ਇਹ ਲੱਭਤ ਹੁੰਦੀ ਹੈ। ਇਹ ਫੈਸਲਾ ਸਰਕਾਰਾਂ ਜਾਂ ਉਦਯੋਗਪਤੀਆਂ ਦੇ ਹੱਥ ਹੈ ਜੋ ਅਕਸਰ ਵਿਗਿਆਨਕ ਖੋਜਾਂ ਨੂੰ ਮਾਲੀ ਮਦਦ ਦੇ ਕੇ ਉਨ੍ਹਾਂ ਦੇ ਟੀਚੇ ਨਿਸ਼ਚਿਤ ਕਰਦੇ; ਪ੍ਰਾਪਤ ਜਾਣਕਾਰੀ ਆਪਣੀ ਸ਼ਕਤੀ ਵਧਾਉਣ, ਸੇਵਾਵਾਂ ਪ੍ਰਦਾਨ ਕਰਨ ਜਾਂ ਮੁਨਾਫਾ ਖੱਟਣ ਲਈ ਵਰਤਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਿਗਿਆਨ ਜੰਗ ਦੇ ਮਾਹੌਲ ਵਿਚ ਵਧੇਰੇ ਅਤੇ ਤੇਜ਼ੀ ਨਾਲ ਤਰੱਕੀ ਕਰਦਾ ਹੈ। ਵਿਗਿਆਨਕ ਜਾਣਕਾਰੀ ਦੀ ਲੰਮੇ ਸਮੇਂ ਤੋਂ ਦਰਦਨਾਕ ਦੁਰਵਰਤੋਂ ਹੁੰਦੀ ਆ ਰਹੀ ਹੈ। ਹੈਰਾਨੀ ਇਹ ਹੈ ਕਿ ਆਮ ਲੋਕਾਂ ਨੂੰ ਇਸ ਦੁਰਵਰਤੋਂ ਦੀ ਬਹੁਤ ਘੱਟ ਸੂਝ ਹੈ। ਅਸਲ ਵਿਚ ਵਿਦਿਅਕ ਸੰਸਥਾਵਾਂ, ਪੂੰਜੀਵਾਦੀ ਆਰਥਕਤਾ ਅਤੇ ਉਪਭੋਗਤਾਵਾਦੀ ਸਭਿਆਚਾਰ ਨੇ ਆਮ ਲੋਕਾਂ ਨੂੰ ਕੀਲ ਕੇ ਵਿਗਿਆਨ ਦੇ ਐਸੇ ਮਾਨਸਿਕ ਗੁਲਾਮ ਅਤੇ ਪ੍ਰਸ਼ੰਸਕ ਬਣਾ ਦਿੱਤਾ ਹੈ ਕਿ ਉਹ ਵਿਗਿਆਨਕ ਜਾਣਕਾਰੀ ਦੀ ਦੁਰਵਰਤੋਂ ਬਾਰੇ ਕਲਪਨਾ ਕਰਨ ਯੋਗ ਹੀ ਨਹੀਂ ਰਹੇ। ਵਿਗਿਆਨ ਮਾਨਵਤਾ ਦੀ ਮਿਹਨਤ ਦਾ ਫਲ ਹੈ ਅਤੇ ਇਸ ਨੂੰ ਮਨੁਖਤਾ ਦੀ ਆਜ਼ਾਦੀ, ਬਿਹਤਰੀ ਅਤੇ ਬਰਾਬਰੀ ਦਾ ਸਾਧਨ ਹੋਣਾ ਚਾਹੀਦਾ ਹੈ, ਨਾ ਕਿ ਉਸ ਦੀ ਗੁਲਾਮੀ ਜਾਂ ਬਰਬਾਦੀ ਦਾ।
ਗੁਰਮਤਿ ਮਾਨਵਤਾ ਦੇ ਕਲਿਆਣ ਦੀ ਵਿਧੀ ਹੈ। ਇਹ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਉਸ ਨੂੰ ਭਉਜਲ ਆਖਦੀ ਹੈ ਅਤੇ ਮਨੁੱਖ ਦੀਆਂ ਸੰਸਾਰਕ ਪ੍ਰਾਪਤੀਆਂ ਨੂੰ ਤੁੱਛ ਦੱਸਦੀ ਹੈ। ਇਹ ਸੰਸਾਰਕ ਸੁੱਖ ਨੂੰ ਦੁੱਖ ਦਾ ਹੀ ਦੂਜਾ ਰੂਪ ਆਖਦੀ ਹੈ ਅਤੇ ਮਨੁੱਖ ਨੂੰ ਸੰਸਾਰਕ ਪ੍ਰਾਪਤੀਆਂ ਲਈ ਦੌੜ ਭੱਜ ਕਰਨ ਦੀ ਥਾਂ ਆਪਣੇ ਮਨ ਨੂੰ ਵਸ ਕਰ ਧਰਮ ਦਾ ਰਾਹ ਅਪਨਾ ਕੇ ਆਤਮਕ ਅਨੰਦ ਮਾਣਨ ਅਤੇ ਪ੍ਰਭੂ ਦੀ ਵਿਸ਼ਾਲ ਸ਼ਕਤੀ ਦਾ ਭਾਗੀਦਾਰ ਬਣਨ ਲਈ ਪ੍ਰੇਰਤ ਕਰਦੀ ਹੈ। ਗੁਰਬਾਣੀ ਦੇ ਫੁਰਮਾਨ ਹਨ: “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥” (ਪੰਨਾ 342) ਅਤੇ “ਮਨ ਜੀਤੈ ਜਗੁ ਜੀਤੁ॥” (ਪੰਨਾ 6) ਮਨ ਨੂੰ ਜਿੱਤਣਾ ਬਹੁਤ ਔਖਾ ਹੈ। ਪਰ ਸੰਸਥਾਗਤ ਸਿੱਖ ਧਰਮ ਦੇ ਜੋ ਸ਼ਰਧਾਲੂ ਪ੍ਰਚਲਿਤ ਕਰਮਕਾਂਡ ਤਿਆਗ ਮਾਨਵਤਾ ਦੀ ਬਿਹਤਰੀ ਲਈ ਜੀਵਨ ਵਿਚ ਦਯਾ ਅਤੇ ਸੰਤੋਖ ਧਾਰਨ ਕਰਕੇ ਨਿਮਰਤਾ ਸਹਿਤ ਨਿਸ਼ਕਾਮ ਸੇਵਾ ਕਰਦੇ ਹਨ, ਉਨ੍ਹਾਂ ਦੀ ਗੁਰਮਤਿ ਨਾਲ ਨੇੜਤਾ ਬਣ ਜਾਂਦੀ ਹੈ।