ਕਠੂਆ ਕੇਸ ਲੂੰ-ਕੰਡੇ ਖੜ੍ਹੇ ਕਰਨ ਵਾਲਾ ਹੈ। ਇਸ ਕੇਸ ਨਾਲ ਫਿਰਕੂ ਨਫਰਤ ਸਭ ਪਰਦੇ ਪਾੜ ਕੇ ਬਾਹਰ ਆ ਗਈ। ਅੱਠ ਸਾਲ ਦੀ ਮਾਸੂਮ ਬੱਚੀ ਨਾਲ ਜਿਸ ਢੰਗ ਨਾਲ ਪਹਿਲਾਂ ਵਧੀਕੀ ਕੀਤੀ ਗਈ ਅਤੇ ਫਿਰ ਜਿਸ ਢੰਗ ਨਾਲ ਦੋਸ਼ੀਆਂ ਨੂੰ ਬਚਾਉਣ ਲਈ ਰੋਸ ਮੁਜ਼ਾਹਰੇ ਤੱਕ ਕੀਤੇ ਗਏ, ਉਸ ਤੋਂ ਸਮਾਜ ਦੇ ਨਿੱਘਰ ਜਾਣ ਦਾ ਪਤਾ ਲੱਗਦਾ ਹੈ। ਅਭੈ ਸਿੰਘ ਨੇ ਇਸ ਹੌਲਨਾਕ ਕੇਸ ਦੇ ਕੁਝ ਪੱਖ ਆਪਣੇ ਇਸ ਲੇਖ ਵਿਚ ਸਾਂਝੇ ਕੀਤੇ ਹਨ।
-ਸੰਪਾਦਕ
ਅਭੈ ਸਿੰਘ
ਫੋਨ: 91-98783-75903
ਪਤਾ ਨਹੀਂ ਬੇਹਯਾਈ ਦੀ ਕੋਈ ਹੱਦ ਹੁੰਦੀ ਵੀ ਹੈ ਜਾਂ ਨਹੀਂ ਪਰ ਜੰਮੂ ਕਸ਼ਮੀਰ ਦੇ ਕਸਬੇ ਕਠੂਆ ਵਿਚ ਅੱਠ ਸਾਲ ਦੀ ਲੜਕੀ ਨਾਲ ਜਬਰ ਜਨਾਹ ਅਤੇ ਕਤਲ ਦੇ ਕੇਸ ਵਿਚ ਜੋ ਕੁਝ ਹੋਇਆ ਹੈ, ਉਸ ਵਿਚ ਬੇਹਯਾਈ ਸਭ ਹੱਦਾਂ ਪਾਰ ਕਰ ਗਈ ਹੈ ਤੇ ਅਜੇ ਵੀ ਕਰ ਰਹੀ ਹੈ। ਪਤਾ ਹੀ ਨਹੀਂ ਲੱਗਦਾ ਕਿ ਇਸ ਨੂੰ ਹਵਸ ਕਹਾਂਗੇ, ਦਰਿੰਦਗੀ, ਗੈਰ ਸੱਭਿਅਕ ਜਾਂ ਬੇਸ਼ਰਮੀ? ਇਹ ਹੈਰਾਨੀ ਦੀ ਹੱਦ ਤੱਕ ਭਰਿਆ ਕਿੱਸਾ ਹੈ। ਕਿਸੇ ਤਰ੍ਹਾਂ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਇਨਸਾਨੀਅਤ ਇੰਨੀ ਹੇਠਾਂ ਵੀ ਡਿੱਗ ਸਕਦੀ ਹੈ।
ਜਬਰ ਜਨਾਹਾਂ ਦੇ ਕੇਸ ਤਾਂ ਪਹਿਲਾਂ ਵੀ ਪੜ੍ਹੇ-ਸੁਣੇ ਸਨ, ਛੋਟੀਆਂ ਬੱਚੀਆਂ ਬਾਰੇ ਵੀ, ਪਰ ਇਸ ਕਾਂਡ ਦੀ ਪਹਿਲਾਂ ਤਾਂ ਤਫ਼ਸੀਲ ਹੀ ਬਹੁਤ ਦਰਦਨਾਕ ਹੈ, ਤੇ ਦੂਜਾ ਇਸ ਕਾਂਡ ਤੋਂ ਬਾਅਦ ਜੋ ਕੁਝ ਵਾਪਰਦਾ ਰਿਹਾ ਤੇ ਹੁਣ ਵੀ ਵਾਪਰ ਰਿਹਾ ਹੈ, ਉਹ ਬਿਲਕੁੱਲ ਅਜੀਬ ਤੇ ਨਵੀਂ ਕਿਸਮ ਦਾ ਹੈ। ਬੱਕਰਵਾਲ ਟੱਪਰੀਵਾਸ ਕਬੀਲਾ ਹੈ ਜੋ ਜੰਮੂ ਕਸ਼ਮੀਰ ਅਤੇ ਰਾਜਸਥਾਨ ਵਿਚ ਵੱਡੀ ਗਿਣਤੀ ਵਿਚ ਮਿਲਦਾ ਹੈ। ਇਹ ਲੋਕ ਗਰਮੀਆਂ ਵਿਚ ਪਹਾੜਾਂ ਦੀਆਂ ਚੋਟੀਆਂ ਤੱਕ ਪਸ਼ੂ ਲੈ ਕੇ ਚਲੇ ਜਾਂਦੇ ਹਨ ਅਤੇ ਉਥੇ ਹੀ ਤੰਬੂ ਗੱਡ ਕੇ ਆਪਣਾ ਵਸੇਬਾ ਬਣਾ ਲੈਂਦੇ ਹਨ। ਸਿਆਲ ਵਿਚ ਇਹ ਲੋਕ ਫਿਰ ਆਪਣੇ ਘਰਾਂ ਜਾਂ ਟੱਪਰੀਆਂ ਵਿਚ ਆ ਜਾਂਦੇ ਹਨ। ਇਸ ਤਰ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾੜਾ ਅਸਰ ਬੱਚਿਆਂ ਦੀ ਪੜ੍ਹਾਈ ਉਪਰ ਲਗਾਤਾਰ ਪੈ ਰਿਹਾ ਹੈ।
ਕਠੂਆ ਕਸਬੇ ਦੀ ਸਾਡੀ ਇਹ ਅੱਠ ਸਾਲ ਦੀ ਬੱਚੀ ਸਕੂਲ ਦਾ ਮੂੰਹ ਨਹੀਂ ਵੇਖ ਸਕੀ ਪਰ ਇਸ ਨੇ ਗਿਣਤੀ ਸਿੱਖੀ ਹੋਈ ਸੀ ਅਤੇ ਰੋਜ਼ਾਨਾ ਸ਼ਾਮ ਨੂੰ ਆਪਣੇ ਘਰ ਦੇ ਸਾਰੇ ਪਸ਼ੂਆਂ ਦੀ ਗਿਣਤੀ ਕਰਦੀ ਸੀ; ਤੇ ਜੇ ਕੋਈ ਚਰਾਂਦਾਂ ਤੋਂ ਨਹੀਂ ਮੁੜਿਆ ਤਾਂ ਉਸ ਨੂੰ ਲੱਭਣ ਦੌੜ ਜਾਂਦੀ ਸੀ। ਇਸ ਨੂੰ ਗੋਦ ਲੈਣ ਵਾਲੇ ਪਿਤਾ ਨੇ ਦੱਸਿਆ ਕਿ ਇਹ ਗਿਣਤੀ ਵਿਚ ਕਦੇ ਗ਼ਲਤੀ ਨਹੀਂ ਕਰਦੀ ਸੀ ਤੇ ਇਕੱਲੀ ਜੰਗਲਾਂ ਵਿਚ ਜਾਣ ਤੋਂ ਵੀ ਨਹੀਂ ਸੀ ਡਰਦੀ; ਨਾ ਹੀ ਜੰਗਲੀ ਜਾਨਵਰਾਂ ਦਾ ਕੋਈ ਖ਼ੌਫ਼ ਖਾਂਦੀ ਸੀ। ਉਹ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਸਿਆਣੀ ਤੇ ਬਹਾਦਰ ਲੜਕੀ ਸੀ। ਫਿਰ ਇਸ ਕਾਂਡ ਵੇਲੇ ਉਸ ਦੀ ਸਿਆਣਪ ਤੇ ਬਹਾਦਰੀ ਕੰਮ ਕਿਉਂ ਨਹੀਂ ਆਈ? ਸ਼ਾਇਦ ਇਸ ਕਰ ਕੇ, ਕਿ ਉਹ ਪਸ਼ੂਆਂ ਦੀ ਗਿਣਤੀ ਕਰਨਾ ਜਾਣਦੀ ਸੀ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਣਦੀ ਸੀ ਪਰ ਇਨਸਾਨਾਂ ਨੂੰ ਪਛਾਨਣ ਵਿਚ ਖ਼ਤਾ ਖਾ ਗਈ। ਉਸ ਨੂੰ ਜੰਗਲੀ ਜਾਨਵਰਾਂ ਦਾ ਖ਼ੌਫ਼ ਨਹੀਂ ਸੀ ਪਰ ਉਹ ਨਹੀਂ ਸੀ ਜਾਣਦੀ ਕਿ ਇਸੇ ਜੰਗਲ ਵਿਚ ਇਨਸਾਨ ਵੀ ਮਿਲ ਸਕਦੇ ਸਨ। ਜਨਵਰੀ ਦੇ ਮਹੀਨੇ ਇਕ ਸ਼ਾਮ ਜਦੋਂ ਉਹ ਗਵਾਚੇ ਘੋੜੇ ਦੀ ਤਲਾਸ਼ ਕਰ ਰਹੀ ਸੀ ਤਾਂ ਉਸ ਨੂੰ ਇਨਸਾਨ ਟੱਕਰ ਗਿਆ। ਫਿਰ ਘੋੜਾ ਤਾਂ ਅਗਲੇ ਦਿਨ ਘਰ ਪਹੁੰਚ ਗਿਆ ਪਰ ਲੜਕੀ ਨਹੀਂ ਪਹੁੰਚੀ।
ਇਸ ਲੜਕੀ ਨੂੰ ਪਹਿਲਾਂ ਹੀ ਖਰੀਦ ਕੇ ਰੱਖੀ ਹੋਈ ਬੇਹੋਸ਼ੀ ਦੀ ਦਵਾਈ ਪਿਆ ਦਿੱਤੀ ਗਈ ਸੀ ਅਤੇ ਕੁਕਰਮ ਕਰ ਕੇ ਭਗਵਾਨ ਦੇ ਘਰ ਸੁੱਟ ਦਿੱਤਾ ਗਿਆ ਸੀ। ਕਹਿੰਦੇ ਹਨ, ਭਗਵਾਨ ਤਾਂ ਸੱਤਾਂ ਪਰਦਿਆਂ ਵਿਚ ਵੀ ਸਭ ਕੁਝ ਦੇਖ ਲੈਂਦਾ ਹੈ ਪਰ ਉਹ ਆਪਣੇ ਸਾਹਮਣੇ ਹੀ ਮਜ਼ਲੂਮ ਨਾਲ ਹੁੰਦੇ ਜ਼ੁਲਮ ਨਹੀਂ ਦੇਖ ਸਕਿਆ। ਪੂਰੇ ਛੇ ਦਿਨ ਇਸ ਬੱਚੀ ਨੂੰ ਸਿਰਫ਼ ਬੇਹੋਸ਼ੀ ਦੀਆਂ ਦਵਾਈਆਂ ਦੀ ਖ਼ੁਰਾਕ ਨਾਲ ਮੰਦਰ ਵਿਚ ਰੱਖਿਆ ਗਿਆ ਅਤੇ ਉਸ ਨਾਲ ਜ਼ਿਆਦਤੀ ਹੁੰਦੀ ਰਹੀ। ਜੋ ਗੱਲਾਂ ਸਾਹਮਣੇ ਆ ਰਹੀਆਂ ਹਨ, ਦੱਸਣੀਆਂ ਵੀ ਔਖੀਆਂ ਤੇ ਸੁਣਨੀਆਂ ਵੀ ਔਖੀਆਂ ਹਨ। ਇਹ ਲਿਖਣੀਆਂ ਵੀ ਆਸਾਨ ਨਹੀਂ ਤੇ ਪੜ੍ਹਨ ਵਾਸਤੇ ਵੀ ਵੱਡਾ ਜਿਗਰਾ ਮੰਗਦੀਆਂ ਹਨ। ਫੋਨ ਉਤੇ ਹੋਈਆਂ ਗੱਲਾਂ ਪਤਾ ਲੱਗ ਰਹੀਆਂ ਹਨ; ਪਿਤਾ ਆਪਣੇ ਪੁੱਤਰ ਨੂੰ ਕਹਿ ਰਿਹਾ ਹੈ ਕਿ ਅਜੇ ਇਸ ਨੂੰ ਜਾਨੋਂ ਨਾ ਮਾਰਨਾ, ਮੈਂ ਵੀ ਵਗਦੀ ਗੰਗਾ ਵਿਚ ਚੁੱਭੀ ਮਾਰ ਲਵਾਂ!
ਡੀਐਨਏ ਟੈਸਟ ਮਿਲ ਗਏ, ਫੋਨ ਕਾਲਾਂ ਰਿਕਾਰਡ ਹੋ ਗਈਆਂ, ਵਾਲਾਂ ਦੀ ਜਾਂਚ ਮੈਚ ਕਰ ਗਈ। ਫਿਰ ਰਹਿ ਕੀ ਗਿਆ ਸੀ ਕਿ ਹੁਣ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਗੂੰਜ ਉਠੀ? ਤਿਰੰਗੇ ਝੰਡੇ ਨਿਕਲੇ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲੱਗੇ। ਵੱਡੇ ਵੱਡੇ ਬੋਰਡ ਬਣ ਗਏ ਜਿਨ੍ਹਾਂ ਉਪਰ ‘ਹਿੰਦੂ ਏਕਤਾ ਮੰਚ’ ਲਿਖਿਆ ਮਿਲਿਆ। ਪਤਾ ਨਹੀਂ ਲੱਗਾ ਕਿ ਇਹ ਹਿੰਦੂ ਏਕਤਾ ਮੰਚ ਉਸ ਮੰਦਰ ਦੀ ਬੇਹੁਰਮਤੀ ਦਾ ਵਿਰੋਧ ਕਰ ਰਿਹਾ ਹੈ ਜਿਥੇ ਇਹ ਅਧਰਮ ਹੋਇਆ ਜਾਂ ਕੁਝ ਹੋਰ। ਬਹੁਤ ਬਾਅਦ ਪਤਾ ਲੱਗਾ ਕਿ ਇਹ ਮੰਚ ਦਰਿੰਦਿਆਂ ਦੀ ਸੁਰੱਖਿਆ ਵਾਸਤੇ ਮੈਦਾਨ ਵਿਚ ਉਤਰਿਆ ਹੈ।
ਅਗਲੀਆਂ ਰਿਪੋਰਟਾਂ ਦੀ ਸਾਰ ਦਿਲ ਹਿਲਾ ਦਿੰਦੀ ਹੈ, ਦਹਿਲਾ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇੱਜ਼ਤ ਰੇਜ਼ੀ ਦਾ ਕਾਰਨ ਜਿਸਮਾਨੀ ਹਵਸ ਘੱਟ, ਫ਼ਿਰਕੂ ਨਫ਼ਰਤ ਵੱਧ ਸੀ। ਇਕ ਤਬਕੇ ਦੇ ਕੁਝ ਲੋਕਾਂ ਨੂੰ ਦੂਸਰੇ ਤਬਕੇ ਦੇ ਲੋਕਾਂ ਦੀਆਂ ਸ਼ਕਲਾਂ ਹੀ ਪਸੰਦ ਨਹੀਂ, ਉਨ੍ਹਾਂ ਦਾ ਇਥੇ ਰਹਿਣਾ ਹੀ ਪਸੰਦ ਨਹੀਂ। ਇਕ ਨਵੀਂ ਗੱਲ ਚੱਲ ਰਹੀ ਹੈ ਕਿ ‘ਆਬਾਦੀ ਦਾ ਸੰਤੁਲਨ’ ਵਿਗੜ ਰਿਹਾ ਹੈ। ਪਤਾ ਨਹੀਂ ਇਹ ਕੀ ਹੁੰਦਾ ਹੈ, ਆਬਾਦੀ ਦਾ ਮਤਲਬ ਤਾਂ ਇਨਸਾਨੀ ਆਬਾਦੀ ਹੈ ਜਿਸ ਵਿਚ ਸਭ ਤਬਕਿਆਂ, ਰੰਗਾਂ ਤੇ ਖਿਆਲਾਂ ਦੇ ਲੋਕਾਂ ਨੇ ਇਕੇ ਜ਼ਮੀਨ ਉਪਰ ਰਹਿਣਾ ਹੈ। ਹੱਦ ਹੋ ਗਈ, ਇਹ ਸੰਤੁਲਨ ਬਣਾਉਣ ਵਾਸਤੇ ਪਿਓ ਪੁੱਤਰ, ਚਾਚਾ ਭਤੀਜਾ ਤੇ ਮੰਦਰ ਦਾ ਪੁਜਾਰੀ ਮਿਲ ਕੇ ਆਪਣੀ ਹੀ ਧਰਤੀ ਦੀ ਮਾਸੂਮ ਜਿੰਦ ਨੂੰ ਕੋਹ ਕੋਹ ਕੇ ਚੀਥੜੇ ਕਰਦੇ ਹਨ ਤੇ ਖੱਡ ਵਿਚ ਸੁੱਟ ਦਿੰਦੇ ਹਨ।
ਸਿਰਫ਼ ਇੰਨਾ ਇਤਮੀਨਾਨ ਹੈ, ਤਸੱਲੀ ਹੈ ਤੇ ਸ਼ੁਕਰ ਹੈ ਕਿ ਸਾਰਾ ਤਬਕਾ ਹੀ ‘ਸੰਤੁਲਨ ਬਣਾਉਣ’ ਵੱਲ ਨਹੀਂ ਤੁਰ ਪਿਆ। ਇਸ ਤਬਕੇ ਦੇ ਬਹੁਤ ਲੋਕ ਲੜਕੀ ਨੂੰ ਆਪਣੀ ਹੀ ਧੀ ਸਮਝ ਕੇ ਇਨਸਾਫ਼ ਦਿਵਾਉਣ ਵਾਸਤੇ ਤੱਤਪਰ ਹਨ। ਉਸ ਦੇ ਵਕੀਲ ਵੀ ਹਨ, ਗਵਾਹ ਵੀ ਤੇ ਤਫ਼ਤੀਸ਼ ਕਰਤਾ ਵੀ। ਜੰਮੂ ਬੰਦ ਜਿਸ ਦੇ ਸੱਦੇ ਵਿਚ ਭਾਜਪਾ ਮੰਤਰੀ ਵੀ ਸ਼ਾਮਿਲ ਸਨ, ਚੰਗਾ ਹੁੰਗਾਰਾ ਨਹੀਂ ਪ੍ਰਾਪਤ ਕਰ ਸਕਿਆ। ਬਹੁਤੇ ਕਸਬਿਆਂ ਤੇ ਪਿੰਡਾਂ ਵਿਚ ਇਸ ਦਾ ਕੋਈ ਅਸਰ ਨਹੀਂ।
ਸੁਣਿਆ ਹੈ ਕਿ ਵਕੀਲਾਂ ਵਾਸਤੇ ਲੜਾਈ ਦਾ ਹਥਿਆਰ ਕਾਨੂੰਨ ਹੁੰਦਾ ਹੈ ਲੇਕਿਨ ਇਥੇ ਉਹ ਬਾਹਵਾਂ ਟੁੰਗ ਕੇ ਅਦਾਲਤ ਦੇ ਕਮਰੇ ਵਿਚ ਪੁਲਿਸ ਵੱਲੋਂ ਚਾਰਜਸ਼ੀਟ ਪੇਸ਼ ਕਰਨ ਵੇਲੇ ਧੱਕਾ-ਮੁੱਕੀ ਕਰਦੇ ਹਨ। ਵਕੀਲ ਹੜਤਾਲਾਂ ਕਰਦੇ ਅਤੇ ਨਾਅਰੇ ਮਾਰਦੇ ਹਨ। ਉਹ ਤਾਂ ਕੋਈ ਅਨਪੜ੍ਹ ਗੰਵਾਰ ਨਹੀਂ, ਕਾਨੂੰਨ ਦੇ ਜਾਣੂ ਹਨ, ਜ਼ਿਰ੍ਹਾ ਅਤੇ ਬਹਿਸ ਕਰ ਸਕਦੇ ਹਨ; ਜੇ ਉਨ੍ਹਾਂ ਦਾ ਪੱਖ ਮਜ਼ਬੂਤ ਹੈ ਤਾਂ ਕੋਰਟ ਵਿਚ ਦਰਖ਼ਾਸਤਾਂ ਦੇਣ, ਦਲੀਲਾਂ ਰੱਖਣ ਤੇ ਆਪਣੀ ਗੱਲ ਮਨਵਾਉਣ। ਕਾਨੂੰਨ ਵਕੀਲਾਂ ਵਾਸਤੇ ਪੂਜਣਯੋਗ ਵਸਤੂ ਹੈ ਤੇ ਰੋਟੀ ਰੋਜ਼ੀ ਵੀ, ਤੇ ਉਹ ਇਸੇ ਦੀ ਬੇਅਦਬੀ ਕਰ ਰਹੇ ਹਨ। ਜੇ ਵਕੀਲ ਹੀ ਕਾਨੂੰਨ ਦਾ ਸਹਾਰਾ ਨਹੀਂ ਲੈਣਗੇ ਤਾਂ ਫਿਰ ਹੋਰ ਕੌਣ ਲਵੇਗਾ?
ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਧਰ ਇਸ ਲੜਕੀ ਨਾਲ ਜੋ ਵਾਪਰਿਆ, ਬਿਲਕੁੱਲ ਉਸੇ ਮਹੀਨੇ ਇਸੇ ਸਾਲ ਤੇ ਇੰਨੀ ਕੁ ਉਮਰ ਦੀ ਇੱਕ ਲੜਕੀ ਨਾਲ ਇਹੀ ਕੁਝ ਪਾਕਿਸਤਾਨ ਦੇ ਸ਼ਹਿਰ ਕਸੂਰ ਵਿਚ ਵਾਪਰਿਆ। ਇਧਰ ਅਜੇ ਚਾਰਜਸ਼ੀਟ ਦਾ ਦਾਖ਼ਲਾ ਹੀ ਝਗੜੇ ਵਿਚ ਪਿਆ ਹੈ, ਤੇ ਉਧਰ ਪਾਕਿਸਤਾਨ ਦੀ ਅਦਾਲਤ ਨੇ ਉਸ ਲੜਕੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਹੈ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਉਸ ਦੀ ਅਪੀਲ ਵੀ ਖ਼ਾਰਜ ਕਰ ਦਿੱਤੀ ਹੈ। ਅਸੀਂ ਬੇਸ਼ੱਕ ਮੌਤ ਦੀ ਸਜ਼ਾ ਦੇ ਹੱਕ ਵਿਚ ਨਹੀਂ ਪਰ ਅਸੀਂ ਗੁਆਂਢੀ ਮੁਲਕ ਵਿਚ ਇਨਸਾਫ਼ ਦੀ ਕਾਰਵਾਈ ਦੀ ਤੇਜ਼ੀ ਸਰਾਹਵਾਂਗੇ ਜ਼ਰੂਰ।
ਇਧਰ ਇਸ ਲੜਕੀ ਦੇ ਕੇਸ ਵਿਚ ਵੀ ਸਾਡੇ ਕਈ ਲੋਕ ਵਾਜਬ ਗੁੱਸੇ ਵਿਚ ਗੁਨਾਹਗਾਰਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਖ਼ਤ ਸਜ਼ਾਵਾਂ ਦੀਆਂ ਗੱਲਾਂ ਕਰ ਰਹੇ ਹਨ। ਠੀਕ ਹੈ, ਸਜ਼ਾਵਾਂ ਤਾਂ ਬਹੁਤ ਜ਼ਰੂਰੀ ਹਨ ਪਰ ਅਸਾਂ ਪਾਪੀਆਂ ਨਾਲ ਨਹੀਂ, ਪਾਪ ਨਾਲ ਨਫ਼ਰਤ ਕਰਨੀ ਹੈ। ਸਜ਼ਾਵਾਂ ਜ਼ਰੂਰੀ ਹਨ ਪਰ ਸਜ਼ਾਵਾਂ ਨਾਲ ਅਜਿਹੇ ਗੁਨਾਹ ਨਹੀਂ ਰੁਕਦੇ, ਇਹ ਸਿਰਫ਼ ਬਾ-ਅਖ਼ਲਾਕ ਸਮਾਜ ਉਸਾਰਨ ਨਾਲ ਹੀ ਰੁਕ ਸਕਦੇ ਹਨ ਜੋ ਅਸਾਂ ਸਭ ਨੇ ਉਸਾਰਨਾ ਹੈ। ਅਜੇ ਤੱਕ ਅਸੀਂ ਅਜਿਹਾ ਸਮਾਜ ਉਸਾਰ ਨਹੀਂ ਸਕੇ। ਇਉਂ ਸ਼ਾਇਦ ਅਸੀਂ ਸਾਰੇ ਹੀ ਇਸ ਲੜਕੀ ਨਾਲ ਹੋਈ ਜ਼ਿਆਦਤੀ ਦੇ ਦੋਸ਼ੀ ਹਾਂ।