ਉਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਸਾਹਮਣੇ ਆਈਆਂ ਦੋ ਘਟਨਾਵਾਂ ਨੇ ਸਮੁੱਚੇ ਭਾਰਤ ਨੂੰ ਝੰਜੋੜ ਸੁੱਟਿਆ ਹੈ। ਇਨ੍ਹਾਂ ਦੋਹਾਂ ਘਟਨਾਵਾਂ ਵਿਚ ਬੱਚੀਆਂ ਨਾਲ ਜਬਰ ਜਨਾਹ ਕੀਤਾ ਗਿਆ। ਇਹ ਕਰਤੂਤ ਕਰਨ ਅਤੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਸਬੰਧ ਭਗਵਾ ਬ੍ਰਿਗੇਡ ਨਾਲ ਹੈ। ਦੋਵੇਂ ਘਟਨਾਵਾਂ ਕੁਝ ਦਲੇਰ ਜਿਊੜਿਆਂ ਦੀ ਮਦਦ ਨਾਲ ਇਸ ਦੇਸ਼ ਦੇ ਲੋਕਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਹਰ ਔਖ ਤੇ ਔਕੜ ਝੱਲੀ ਅਤੇ ਇਸ ਭਗਵਾ ਬ੍ਰਿਗੇਡ ਅੱਗੇ ਝੁਕਣ ਤੋਂ ਨਾਂਹ ਕਰ ਦਿੱਤੀ।
ਇਕ ਖਾਨਾਬਦੋਸ਼ ਕਬੀਲੇ ‘ਬੱਕਰਵਾਲ’ ਨਾਲ ਸਬੰਧਤ ਅੱਠ ਸਾਲਾ ਕੁੜੀ ਨੂੰ ਦਸ ਜਨਵਰੀ ਨੂੰ ਉਸ ਵਕਤ ਅਗਵਾ ਕਰ ਲਿਆ ਗਿਆ ਜਦੋਂ ਉਹ ਸ਼ਾਮ ਵੇਲੇ ਚਰਾਂਦ ਵਿਚ ਘੋੜੇ ਚਰਾ ਰਹੀ ਸੀ। ਇਕ ਹਫਤੇ ਬਾਅਦ ਉਸ ਦੀ ਲਾਸ਼ ਮਿਲੀ। ਇਸ ਦੌਰਾਨ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ ਜਨਾਹ ਕੀਤਾ ਜਾਂਦਾ ਰਿਹਾ। ਦਰਿੰਦਗੀ ਦੀ ਹੱਦ ਉਦੋਂ ਹੋਈ ਜਦੋਂ ਮਾਰਨ ਤੋਂ ਪਹਿਲਾਂ ਵੀ ਉਸ ਨਾਲ ਜਬਰ ਜਨਾਹ ਕੀਤਾ ਗਿਆ। ਹੋਰ ਤਾਂ ਹੋਰ ਜਿਸ ਵਕਤ ਪੁਲਿਸ ਇਸ ਕੇਸ ਦੀ ਜਾਂਚ-ਪੜਤਾਲ ਕਰ ਰਹੀ ਸੀ, ਉਸ ਦੇ ਰਾਹ ਵਿਚ ਅੜਿੱਕੇ ਡਾਹੁਣ ਦੇ ਯਤਨ ਕੀਤੇ ਗਏ। ਪਿਛਲੇ ਹਫਤੇ ਕਰਾਈਮ ਬਰਾਂਚ ਦੇ ਮੁਲਾਜ਼ਮ ਜਦੋਂ ਅਦਾਲਤ ਵਿਚ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕਰਨ ਪੁੱਜੇ ਤਾਂ ਵਕੀਲਾਂ ਨੇ ਉਨ੍ਹਾਂ ਨੂੰ ਪੰਜ ਘੰਟੇ ਅਦਾਲਤ ਦੇ ਅੰਦਰ ਹੀ ਨਾ ਵੜਨ ਦਿੱਤਾ। ਜਿਹੜੀ ਵਕੀਲ ਇਹ ਕੇਸ ਲੜਨ ਲਈ ਤਿਆਰ ਹੋਈ, ਉਸ ਨੂੰ ਵੀ ਇਸ ਬੱਚੀ ਵਾਲਾ ਹਸ਼ਰ ਕਰਨ ਦੀ ਧਮਕੀ ਦਿੱਤੀ ਗਈ। ਉਸ ਨੂੰ ਬਾਰ ਐਸੋਸੀਏਸ਼ਨ ਵਿਚੋਂ ਤਾਂ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ। ਤਸੱਲੀ ਵਾਲੀ ਗੱਲ ਇਹ ਹੋਈ ਕਿ ਹਰ ਅੜਿੱਕੇ ਅਤੇ ਧਮਕੀਆਂ ਦੇ ਬਾਵਜੂਦ ਇਹ ਕੇਸ ਮੀਡੀਆ ਵਿਚ ਵੱਡੇ ਪੱਧਰ ਉਤੇ ਨਸ਼ਰ ਹੋਇਆ ਅਤੇ ਭਗਵਾ ਬ੍ਰਿਗੇਡ ਨੂੰ ਫਿਲਹਾਲ ਕੁਝ ਪਿਛੇ ਹਟਣਾ ਪੈ ਗਿਆ। ਮਸਲਾ ਵਿਚੋਂ ਇਹ ਸੀ ਕਿ ਮੰਦਿਰ ਦਾ ਪੁਜਾਰੀ ਤੇ ਇਸ ਕੇਸ ਦਾ ਮੁੱਖ ਦੋਸ਼ੀ ਸਾਂਝੀ ਰਾਮ ਇਲਾਕੇ ਵਿਚੋਂ ਬੱਕਰਵਾਲ ਭਾਈਚਾਰੇ ਨੂੰ ਖਦੇੜਨਾ ਚਾਹੁੰਦਾ ਸੀ। ਇਨ੍ਹਾਂ ਲੋਕਾਂ ਨੂੰ ਵਹਿਮ ਸੀ ਕਿ ਇਹ ਮੁਸਲਮਾਨ ਭਾਈਚਾਰਾ ਕਿਤੇ ਇਲਾਕੇ ਵਿਚ ਪੱਕੇ ਤੌਰ ‘ਤੇ ਹੀ ਨਾ ਵਸ ਜਾਵੇ ਜਦਕਿ ਇਹ ਭਾਈਚਾਰਾ ਪਹਿਲੀ ਰੀਤ ਮੁਤਾਬਕ ਠੰਢ ਦੇ ਦਿਨਾਂ ਵਿਚ ਪਹਾੜਾਂ ਤੋਂ ਹੇਠਾਂ ਉਤਰ ਆਉਂਦਾ ਸੀ ਅਤੇ ਫਿਰ ਵਾਪਸ ਪਰਤ ਜਾਂਦਾ ਸੀ। ਇਸ ਭਾਈਚਾਰੇ ਦਾ ਮੁੱਖ ਧੰਦਾ ਪਸੂ ਪਾਲਣ ਹੈ। ਭਾਈਚਾਰੇ ਨੂੰ ਡਰਾਉਣ ਲਈ ਭਗਵਾ ਬ੍ਰਿਗੇਡ ਨਾਲ ਸਬੰਧਤ ਕੁਝ ਲੋਕਾਂ ਨੇ ਸੋਚ-ਸਮਝ ਕੇ ਇਹ ਭਿਆਨਕ ਕਾਰਾ ਕੀਤਾ ਅਤੇ ਭਗਵਾ ਬ੍ਰਿਗੇਡ ਨੇ ਬਹੁਤ ਬੇਸ਼ਰਮੀ ਨਾਲ ਇਨ੍ਹਾਂ ਲੋਕਾਂ ਦੀ ਮਦਦ ਕੀਤੀ ਜਿਸ ਬਾਰੇ ਪੜ੍ਹ-ਸੁਣ ਕੇ ਹਰ ਰੂਹ ਕੰਬ ਉਠੀ ਪਰ ਇਨ੍ਹਾਂ ਦਰਿੰਦਿਆਂ ਨੂੰ ਰੱਤੀ ਭਰ ਪੀੜ ਵੀ ਨਾ ਹੋਈ। ਇਨ੍ਹਾਂ ਲੋਕਾਂ ਨੇ ਪ੍ਰਚਾਰਿਆ ਇਹ ਕਿ ਪੁਲਿਸ ਨੇ ਕੇਸ ਦੀ ਜਾਂਚ ਸਹੀ ਨਹੀਂ ਕੀਤੀ, ਇਸ ਕਰ ਕੇ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ।
ਦੂਜੀ ਘਟਨਾ ਵਿਚ ਉਤਰ ਪ੍ਰਦੇਸ਼ ਦੇ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੁਲਦੀਪ ਸਿੰਘ ਸੇਂਗਰ ਉਤੇ ਦੋਸ਼ ਹਨ ਕਿ ਉਸ ਨੇ ਇਕ ਲੜਕੀ ਨਾਲ ਜਬਰ ਜਨਾਹ ਕੀਤਾ। ਲੜਕੀ ਵੱਲੋਂ ਲਗਾਤਾਰ ਮਾਮਲਾ ਉਠਾਉਣ ‘ਤੇ ਉਸ ਦੇ ਪਿਤਾ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਪੁਲਿਸ ਹਿਰਾਸਤ ਵਿਚ ਵਿਧਾਇਕ ਦੇ ਭਰਾ ਨੇ ਲੜਕੀ ਦੇ ਪਿਤਾ ਨੂੰ ਇੰਨੀ ਬੇਦਰਦੀ ਨਾਲ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇੰਨੀ ਵਧੀਕੀ ਹੋਣ ਦੇ ਬਾਵਜੂਦ ਯੋਗੀ ਅਦਿਤਿਆਨਾਥ ਦੀ ਸਰਕਾਰ ਅਤੇ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਕੁਝ ਲੋਕ ਇਹ ਕੇਸ ਅਦਾਲਤ ਵਿਚ ਲੈ ਗਏ ਅਤੇ ਅਦਾਲਤ ਨੇ ਯੋਗੀ ਅਦਿਤਿਆਨਾਥ ਦੀ ਸਰਕਾਰ ਨੂੰ ਸਪਸ਼ਟ ਪੁੱਛਿਆ ਸੀ ਕਿ ਸਰਕਾਰ ਵਿਧਾਇਕ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਅਤੇ ਉਸ ਖਿਲਾਫ ਕੇਸ ਕਿਉਂ ਨਹੀਂ ਦਰਜ ਕਰ ਰਹੀ? ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਵਿਚ ਬਹੁਤ ਜ਼ਿਆਦਾ ਫੈਲ ਗਿਆ ਅਤੇ ਲੋਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਿੱਧੇ ਹੀ ਸਵਾਲ ਕਰਨ ਲੱਗੇ। ਲੋਕਾਂ ਨੇ ਮਿਹਣੇ ਤੱਕ ਮਾਰੇ ਕਿ ਜੇ ਧੀਆਂ ਨਾਲ ਇਸ ਤਰ੍ਹਾਂ ਹੀ ਹੋਣਾ ਹੈ ਤਾਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਕੀ ਮਤਲਬ ਹੈ? ਹਰ ਨਿੱਕੀ-ਮੋਟੀ ਗੱਲ ‘ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਕਈ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਸਿਰਫ ਇੰਨਾ ਹੀ ਕਿਹਾ ਕਿ ਬੇਟੀਆਂ ਦੀ ਸੁਰੱਖਿਆ ਹਰ ਹਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਇਸ ਕੇਸ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰ ਦਿੱਤੀ ਗਈ ਅਤੇ ਫਿਰ ਲੋਕ ਰੋਹ ਤੋਂ ਡਰਦਿਆਂ ਰਾਤੋ-ਰਾਤ ਵਿਧਾਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਨ੍ਹਾਂ ਦੋ ਘਟਨਾਵਾਂ ਨੇ ਭਗਵਾ ਬ੍ਰਿਗੇਡ ਦੀ ਹਕੀਕਤ ਲੋਕਾਂ ਸਾਹਮਣੇ ਨਸ਼ਰ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਚਾਨਣ ਹੋ ਗਿਆ ਕਿ ਇਹ ਲੋਕ ਕਿਨ੍ਹਾਂ ਵਿਚਾਰਾਂ ਦੇ ਮਾਲਕ ਹਨ ਅਤੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਮੀਡੀਆ ਦੇ ਇਕ ਹਿੱਸੇ ਵੱਲੋਂ ਭਗਵਾ ਬ੍ਰਿਗੇਡ ਦੇ ਹੱਕ ਵਿਚ ਲੋਕ-ਰਾਏ ਬਣਾਉਣ ਦਾ ਯਤਨ ਕੀਤਾ ਗਿਆ ਪਰ ਇਹ ਲੋਕ ਇਸ ਵਾਰ ਅਸਫਲ ਰਹੇ ਅਤੇ ਲੋਕਾਂ ਦੇ ਮਾਮਲੇ ਸੰਜੀਦਗੀ ਨਾਲ ਉਠਾਉਣ ਵਾਲਾ ਪੱਤਰਕਾਰ ਭਾਈਚਾਰਾ ਸਰਕਾਰ ਅਤੇ ਭਗਵਾ ਬ੍ਰਿਗੇਡ ਖਿਲਾਫ ਪੂਰੀ ਤਾਕਤ ਨਾਲ ਡਟਿਆ। ਸਿੱਟੇ ਵਜੋਂ ਇਹ ਦੋਵੇਂ ਮਾਮਲੇ ਸਮੁੱਚੇ ਦੇਸ਼ ਵਿਚ ਹੀ ਸਗੋਂ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਵੀ ਇਨ੍ਹਾਂ ਘਟਨਾਵਾਂ ਦਾ ਨੋਟਿਸ ਲਿਆ ਹੈ। ਪੂਰੇ ਚਾਰ ਸਾਲ ਭਗਵਾ ਬ੍ਰਿਗੇਡ ਨੇ ਆਪ-ਹੁਦਰੀਆਂ ਕੀਤੀਆਂ ਹਨ। ਇਸ ਨੇ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ਨਾਲ ਜਿੰਨੀਆਂ ਜ਼ਿਆਦਤੀਆਂ ਕੀਤੀਆਂ, ਭਗਵਾਂ ਬ੍ਰਿਗੇਡ ਖਿਲਾਫ ਇਨ੍ਹਾਂ ਲੋਕਾਂ ਦਾ ਗੁੱਸਾ ਹੁਣ ਸੜਕਾਂ ਉਤੇ ਦੇਖਿਆ ਜਾ ਸਕਦਾ ਹੈ। ਸਿਆਸੀ ਮਾਹਿਰਾਂ ਦਾ ਵਿਸ਼ਲੇਸ਼ਣ ਹੈ ਕਿ ਜੇ ਇਹ ਲੋਕ ਇਸੇ ਤਰ੍ਹਾਂ ਇਕੱਠੇ ਹੋ ਕੇ ਭਗਵਾਂ ਬ੍ਰਿਗੇਡ ਦਾ ਮੁਕਾਬਲਾ ਕਰਨਗੇ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਇਸ ਨੂੰ ਅਗਲੀਆਂ ਲੋਕ ਸਭਾ ਵਿਚ ਹਾਰ ਦਾ ਸਾਹਮਣਾ ਕਰਨਾ ਪਵੇ।