ਚੁੱਪ ਦੇ ਅੰਦਰ-ਬਾਹਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਕੁਝ ਲੇਖਾਂ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਸੀ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਸੀ।

ਪਿਛਲੇ ਲੇਖ ਵਿਚ ਉਨ੍ਹਾਂ ਪ੍ਰਛਾਵੇਂ ਦਾ ਵਿਸ਼ਲੇਸ਼ਣ ਕਰਦਿਆਂ ਨਸੀਹਤ ਦਿੱਤੀ ਸੀ, “ਕਦੇ ਵੀ ਕਿਸੇ ਦਾ ਪ੍ਰਛਾਵਾਂ ਨਾ ਬਣੋ। ਸਗੋਂ ਆਪਣੀ ਸ਼ਖਸੀਅਤ ਨੂੰ ਇੰਨਾ ਕੁ ਵਿਸਥਾਰੋ ਕਿ ਲੋਕ ਤੁਹਾਡਾ ਪ੍ਰਛਾਵਾਂ ਬਣਨ ਲਈ ਅਹੁਲਣ ਅਤੇ ਤੁਹਾਡੇ ਵਰਗਾ ਬਣਨ ਦੀ ਲੋਚਾ ਉਨ੍ਹਾਂ ਦਾ ਸੁਪਨਾ ਹੋਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਮਨ ਦੇ ਅੰਦਰਲੀ ਤੇ ਬਾਹਰਲੀ ਚੁੱਪ ਦੀ ਗੱਲ ਕਰਦਿਆਂ ਕਿਹਾ ਹੈ, “ਅੰਦਰਲੀ ਚੁੱਪ ਅਕਹਿ, ਅਸਹਿ ਅਤੇ ਅਬੋਲ ਬੋਲਾਂ ਦਾ ਅਖੁੱਟ ਭੰਡਾਰ ਜਦ ਕਿ ਬਾਹਰਲੀ ਚੁੱਪ ਸੀਮਤ ਸਮਝ, ਸਬਰ ਅਤੇ ਸੰਕੀਰਨਤਾ ਦਾ ਸਬੱਬ।…ਅੰਦਰਲੀ ਚੁੱਪ ਮਨੁੱਖ ਨੂੰ ਉਸ ਦੇ ਅੰਦਰ ਨਾਲ ਜੋੜਦੀ ਜਦ ਕਿ ਬਾਹਰਲੀ ਚੁੱਪ ਉਸ ਨੂੰ ਅੰਦਰ ਨਾਲੋਂ ਤੋੜਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਅੰਦਰਲੀ ਚੁੱਪ, ਖੁਦ ਦੇ ਸੰਗ ਰੂਬਰੂ ਹੋਣਾ, ਜਦ ਕਿ ਬਾਹਰਲੀ ਚੁੱਪ ਦੁਨਿਆਵੀ ਸਰੋਕਾਰਾਂ ਸੰਗ ਸੰਵਾਦ ਰਚਾਉਣ ਦੀ ਚੇਸ਼ਟਾ।
ਅੰਦਰਲੀ ਚੁੱਪ, ਤੁਹਾਡੇ ਅੰਤਰੀਵ ਵਿਚ ਬੈਠੀਆਂ ਸੰਗਤੀਆਂ-ਵਿਸੰਗਤੀਆਂ ਅਤੇ ਸਰੋਕਾਰਾਂ ਦੀ ਸੁੱਚੀ ਸੰਵੇਦਨਾ ਜਦ ਕਿ ਬਾਹਰਲੀ ਚੁੱਪ ਇਕ ਸਮਾਜਕ ਖਿੱਚੋਤਾਣ, ਹਲਚਲ ਜਾਂ ਹਨੇਰੀ ਦਾ ਨਾਮਕਰਨ।
ਅੰਦਰਲੀ ਚੁੱਪ ਜਦ ਬਾਹਰੀ ਸਫਰ ਨੂੰ ਤੁਰਦੀ ਤਾਂ ਜਿੰ.ਦਗੀ ਦੇ ਪੈਰਾਂ ਵਿਚ ਸਕੂਨ ਦਾ ਨਾਦ ਗੂੰਜਦਾ ਜਦ ਕਿ ਬਾਹਰਲੀ ਚੁੱਪ ਅੰਦਰ ਨੂੰ ਤੁਰਨ ਲੱਗ ਪਵੇ ਤਾਂ ਇਕ ਭਟਕਣਾ ਸੋਚ ਵਿਚ ਪੈਦਾ ਹੁੰਦੀ ਜੋ ਤੁਹਾਨੂੰ ਬੇਚੈਨ ਕਰਦੀ, ਜੀਵਨੀ-ਮਾਰਗ ਵਿਚ ਅਲਾਮਤਾਂ ਦਾ ਸ਼ੋਰ ਉਪਜਾਉਂਦੀ।
ਅੰਦਰਲੀ ਚੁੱਪ ਬਹੁਤ ਕੁਝ ਅਣਕਹੇ ਨੂੰ ਅਬੋਲ ਜ਼ੁਬਾਨ ਦਿੰਦੀ ਜਦ ਕਿ ਬਾਹਰਲੀ ਚੁੱਪ ਵਿਚ ਸਹਿਮ ਕੇ ਬੈਠੀਆਂ ਸਿਸਕੀਆਂ, ਹੂਕਾਂ, ਲਿੱਲਕੜੀਆਂ ਤੇ ਵੇਦਨਾ, ਅੰਤਰੀਵੀ ਉਥਲ-ਪੁਥਲ ਦਾ ਸਬੱਬ ਬਣਦੀਆਂ।
ਅੰਦਰਲੀ ਚੁੱਪ ਨੂੰ ਕਮਾਉਣ ਲਈ ਜੀਵਨ-ਸੰਵੇਦਨਾ, ਸਾਰਥਕਤਾ ਅਤੇ ਸਮੁੱਚਤਾ ਨੂੰ ਸਮਝਣਾ ਜਰੂਰੀ ਜਦ ਕਿ ਬਾਹਰਲੀ ਚੁੱਪ ਸਮਾਂ, ਹਾਲਾਤ ਅਤੇ ਅਣਸੁਖਾਵੇਂ ਪਲਾਂ ਦਾ ਕੱਚਾ ਚਿੱਠਾ ਜਿਸ ਨੂੰ ਫਰੋਲਦਿਆਂ ਤੁਸੀਂ ਖੁਦ ਵੀ ਕੁਰਹਿਤ ਮਹਿਸੂਸ ਕਰਦੇ।
ਅੰਦਰਲੀ ਚੁੱਪ ਖੁਦ ਤੋਂ ਖੁਦ ਤੀਕ ਦਾ ਸਫਰਨਾਮਾ ਜਦ ਕਿ ਬਾਹਰਲੀ ਚੁੱਪ ਖੁਦ ਤੋਂ ਦੂਰ ਹੋ ਜਾਣ ਦਾ ਸਬੱਬ।
ਅੰਦਰਲੀ ਚੁੱਪ ਨਾਲ ਸੰਵਾਦ ਰਚਾਉਣ ‘ਤੇ ਤੁਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ, ਆਪਣੀਆਂ ਕਮੀਆਂ ਅਤੇ ਊਣਤਾਈਆਂ ਦਾ ਲੇਖਾ-ਜੋਖਾ ਕਰਦੇ, ਅਧੂਰੇ ਸੁਪਨਿਆਂ ਦੇ ਨੈਣਾਂ ਵਿਚ ਝਾਕਦੇ ਅਤੇ ਇਨ੍ਹਾਂ ਸੁਪਨਿਆਂ ਨੂੰ ਸੰਪੂਰਨਤਾ ਬਖਸ਼ਣ ਲਈ ਉਚੇਚੇ ਰਾਹ ‘ਤੇ ਤੁਰਦੇ। ਬਾਹਰਲੀ ਚੁੱਪ ਜਦ ਤੁਹਾਡੇ ਮਨ ਵਿਚ ਖਲਲ ਪਾਉਂਦੀ ਤਾਂ ਤੁਸੀਂ ਇਸ ਚੁੱਪ ਦੀ ਹਿੱਕ ਵਿਚ ਦਗਦੇ ਬੋਲ ਧਰਦੇ ਜੋ ਇਸ ਚੁੱਪ ਦਾ ਹੁੰਗਾਰਾ ਬਣ, ਚੌਗਿਰਦੇ ਨੂੰ ਨਵੀਂ ਨਿਸ਼ਾਨਦੇਹੀ ਲਈ ਉਕਸਾਉਂਦੇ।
ਅੰਦਰਲੀ ਚੁੱਪ ਵਿਰਲਿਆਂ ਦਾ ਨਸੀਬ ਜਦ ਕਿ ਬਾਹਰਲੀ ਚੁੱਪ ਦੀ ਨਾ-ਸਮਝੀ ਤੋਂ ਪੀੜਤ ਹੈ ਸਮੁੱਚੀ ਖੁਦਾਈ। ਉਹ ਇਸ ਪੀੜਾ ਵਿਚੋਂ ਹੀ ਸਕੂਨ ਤੇ ਸਬਰ ਭਾਲਦੀ, ਜੀਵਨ ਨੂੰ ਅਲਵਿਦਾ ਕਹਿ ਜਾਂਦੀ।
ਅੰਦਰਲੀ ਚੁੱਪ ਸੁੰਨ ਦਾ ਸਾਥ ਜਦ ਕਿ ਬਾਹਰਲੀ ਚੁੱਪ ਸੁੰਨ ਵਿਚ ਠਰ ਗਏ ਜਜ਼ਬਾਤ ਨੂੰ ਕੋਹ ਕੋਹ ਕੇ ਮਾਰਨ ਦੀ ਵੇਦਨਾ।
ਅੰਦਰਲੀ ਚੁੱਪ ਨਾਲ ਇਕਮਿਕ ਹੋਣ ਵਾਲੇ ਸ਼ਖਸ, ਆਪਣੀ ਔਕਾਤ ਨੂੰ ਸਮਝਦੇ ਅਤੇ ਇਸ ਦੇ ਅੰਦਰ ਰਹਿਣ ਦੇ ਆਦੀ ਜਦ ਕਿ ਬਾਹਰਲੀ ਚੁੱਪ ਵਿਚ ਜੀਵਨ ਬਸਰ ਕਰਨ ਵਾਲੇ ਲੋਕ ਅਸ਼ਾਂਤ ਪਲਾਂ ਵਿਚ ਅਸ਼ਾਂਤ ਸਾਹਾਂ ਦੀ ਪਗਡੰਡੀ ਵਿਚ ਉਲਝੇ ਜੀਵਨ ਪੈਂਡਾ ਖੋਟਾ ਕਰ ਜਾਂਦੇ।
ਅੰਦਰਲੀ ਚੁੱਪ ਅਕਹਿ, ਅਸਹਿ ਅਤੇ ਅਬੋਲ ਬੋਲਾਂ ਦਾ ਅਖੁੱਟ ਭੰਡਾਰ ਜਦ ਕਿ ਬਾਹਰਲੀ ਚੁੱਪ ਸੀਮਤ ਸਮਝ, ਸਬਰ ਅਤੇ ਸੰਕੀਰਨਤਾ ਦਾ ਸਬੱਬ।
ਅੰਦਰਲੀ ਚੁੱਪ ਦੀ ਬੀਹੀ ਵਿਚ ਜਦ ਸ਼ੋਰ ਪੈਦਾ ਹੁੰਦਾ ਤਾਂ ਮਨ, ਸ਼ੋਰ ਤੋਂ ਸੰਨਾਟੇ ਵੱਲ ਸਫਰ ਕਰਦਾ ਜਿਸ ਵਿਚੋਂ ਮਨੁੱਖ ਖੁਦ ਨੂੰ ਵਿਸ਼ਾਲਦਾ। ਬਾਹਰਲੀ ਚੁੱਪ ਦੇ ਵਿਹੜੇ ਵਿਚਲੇ ਰੌਲੇ ਦੀ ਖਲਬਲੀ ਮਨੁੱਖ ਦਾ ਚੀਰ ਹਰਨ ਕਰਦੀ।
ਅੰਦਰਲੀ ਚੁੱਪ ਮਨੁੱਖ ਨੂੰ ਉਸ ਦੇ ਅੰਦਰ ਨਾਲ ਜੋੜਦੀ ਜਦ ਕਿ ਬਾਹਰਲੀ ਚੁੱਪ ਉਸ ਨੂੰ ਅੰਦਰ ਨਾਲੋਂ ਤੋੜਦੀ।
ਕਦੇ ਕਦਾਈਂ ਜਦ ਬਾਹਰਲੀ ਚੁੱਪ ਸੰਨਾਟੇ ਦਾ ਰੂਪ ਧਾਰ ਕੇ ਮਨੁੱਖ ਨੂੰ ਮਨੁੱਖੀ-ਹੋਣੀ ਦੇ ਰੂਬਰੂ ਕਰਦੀ ਤਾਂ ਮਨੁੱਖ ਬਾਹਰਲੀ ਚੁੱਪ ਨੂੰ ਅੰਦਰਲੀ ਚੁੱਪ ਵਿਚ ਤਬਦੀਲ ਕਰਦਾ। ਆਪਣੀ ਹੋਣੀ ਦੇ ਪੰਨਿਆਂ ਨੂੰ ਪੜ੍ਹਦਾ, ਸੁੱਚੇ ਹਰਫਾਂ ਅਤੇ ਅਰਥਾਂ ਦੀ ਅਕੀਦਤ ਵਿਚੋਂ ਸਮੁੱਚਤਾ ਦਾ ਗੁਣਗਾਨ ਕਰਦਾ।
ਅੰਦਰਲੀ ਚੁੱਪ ਬਹੁਤ ਕੁਝ ਅਣਕਿਹਾ, ਅਣਸਮਝਿਆ ਅਤੇ ਅਣਕਿਆਸਿਆ ਸਾਡੀ ਤਲੀ ‘ਤੇ ਧਰਦੀ। ਬਾਹਰਲੀ ਚੁੱਪ ਕੁਝ ਅਜਿਹਾ ਮਨੁੱਖੀ ਸੋਚ ਵਿਚ ਧਰ ਜਾਂਦੀ ਕਿ ਉਸ ਦੇ ਸੋਚ-ਸਾਹ ਸੂਲੀ ਚੜ੍ਹਦੇ।
ਅੰਦਰਲੀ ਚੁੱਪ ਆਵੇਸ਼, ਇਲਹਾਮ, ਬੰਦਗੀ, ਬੰਦਿਆਈ ਅਤੇ ਚੰਗਿਆਈ ਦਾ ਪ੍ਰਤੀਕ ਜਦ ਕਿ ਬਾਹਰਲੀ ਚੁੱਪ ਸ਼ੋਰ, ਭਟਕਣਾ, ਅਮਾਨਵਤਾ ਅਤੇ ਅਣਮਨੁੱਖੀ ਕਾਰਿਆਂ ਦਾ ਦਸਤਾਵੇਜ਼।
ਅੰਦਰਲੀ ਚੁੱਪ ਕਿਰਤ, ਕਲਾ, ਰੂਹ-ਮਿਲਣੀ ਜਾਂ ਰੱਬੀ-ਸੰਦੇਸ਼ ਜਦ ਕਿ ਬਾਹਰਲੀ ਚੁੱਪ ਚਿੱਬਖੜੱਬੀਆਂ ਯਾਦਾਂ, ਟੁੱਟੇ ਸਮਝੌਤਿਆਂ ਅਤੇ ਤਿੜਕੇ ਵਾਅਦਿਆਂ ਦਾ ਘਮਸਾਣ।
ਅੰਦਰਲੀ ਚੁੱਪ ਬੇਖਬਰੀ, ਬੇਫਿਕਰੀ, ਅਲਮਸਤੀ ਅਤੇ ਫਕੀਰਾਨਾ ਤਬੀਅਤ ਦਾ ਜਲੌਅ ਜਦ ਕਿ ਬਾਹਰਲੀ ਚੁੱਪ ਚਿੰਤਾਵਾਂ, ਝੋਰਿਆਂ, ਫਿਕਰਾਂ, ਦਰਦਾਂ, ਪੀੜਾਂ ਅਤੇ ਤਰਸੇਵਿਆਂ ਦਾ ਖੋਅ।
ਅੰਦਰਲੀ ਚੁੱਪ ਹਿਰਦੇ ਦੀ ਸ਼ਫਾਫਤ ਦਾ ਪਹਿਰਨ, ਪਾਕੀਜ਼ਗੀ ਦਾ ਲਿਬਾਸ ਅਤੇ ਮਸਤਕ ਬਨੇਰੇ ‘ਤੇ ਮਟਕ ਮਟਕ ਉਤਰਦੀ ਆਸ। ਬਾਹਰਲੀ ਚੁੱਪ, ਮਨ-ਸ਼ਾਂਤੀ ਤੋਂ ਦੂਰ ਜਾਂਦੀਆਂ ਪੈੜਾਂ ਤੇ ਆਸਾਂ। ਉਮੀਦਾਂ ਦੀ ਮਧਮ ਪੈਂਦੀ ਲੋਅ ਅਤੇ ਆਪੇ ਦੀ ਆਪੇ ਲਈ ਖੋਹ।
ਅੰਦਰਲੀ ਚੁੱਪ ਮਨ ਦੇ ਕਵਾੜਾਂ ਦਾ ਖੁੱਲ੍ਹ ਜਾਣਾ, ਸੋਚਾਂ ਦਾ ਮਿਲਣ-ਬਿੰਦੂ ਅਤੇ ਵਿਚਾਰਾਂ ਦੀ ਗਲਵਕੜੀ ਜਦ ਕਿ ਬਾਹਰਲੀ ਚੁੱਪ ਭੀੜੇ ਹੋਏ ਦਰ, ਸੱਖਣਤਾ ਦੀ ਜੂਨ ਹੰਢਾਉਂਦਾ ਘਰ ਅਤੇ ਆਪਣੇ ਵਿਚੋਂ ਮਨਫੀ ਹੋਇਆ ਮਾਨਵੀ-ਵਰ।
ਅੰਦਰਲੀ ਚੁੱਪ ਹਵਾ ਦਾ ਸਰਸਰਾਉਣਾ, ਪੱਤਿਆਂ ਦੀ ਰੁਮਕਣੀ ਤੇ ਪਰਿੰਦਿਆਂ ਦਾ ਚਹਿਚਹਾਉਣਾ ਅਤੇ ਬਾਹਰਲੀ ਚੁੱਪ ਕੰਡਿਆਲੀ ਵਾੜ, ਥੋਹਰਾਂ ਨੂੰ ਲੱਗੇ ਹੋਏ ਫੁੱਲ ਤੇ ਕੰਡਿਆਂ ਨਾਲ ਝਰੀਟੇ ਫੁੱਲਾਂ ਦੀਆਂ ਜਿਸਮ-ਲੀਰਾਂ।
ਕਈ ਵਾਰ ਬਾਹਰਲੇ ਰੌਲੇ, ਸ਼ੋਰ-ਸ਼ਰਾਬੇ ਅਤੇ ਭੱਜ-ਦੌੜ ਦੇ ਬਾਵਜੂਦ ਅਸੀਂ ਅੰਦਰਲੀ ਚੁੱਪ ਦਾ ਸਾਥ ਮਾਣਨ ਵਿਚ ਮਸ਼ਰੂਫ ਹੁੰਦੇ। ਕਈ ਵਾਰ ਅਸੀਂ ਬਾਹਰਲੀ ਚੁੱਪ ਤੋਂ ਤ੍ਰਹਿੰਦੇ ਆਪਣੀ ਅੰਦਰਲੀ ਚੀਖ ਨੂੰ ਧੁੱਖਦੀ ਧੂਣੀ ਬਣਾ ਲੈਂਦੇ। ਅਸੀਂ ਕਿਹੜੀ ਚੁੱਪ ਨੂੰ ਮਾਣਨਾ ਏ ਅਤੇ ਕਿਸ ਤੋਂ ਖੁਦ ਨੂੰ ਦੂਰ ਰੱਖਣਾ, ਇਹ ਮਨੁੱਖ ਦੇ ਨਿਜ ‘ਤੇ ਨਿਰਭਰ।
ਯੋਗੀ, ਸੰਨਿਆਸੀ ਜਾਂ ਫਕੀਰ ਆਪਣੀ ਅੰਦਰਲੀ ਚੁੱਪ ਦੀ ਤਲਾਸ਼ ਵਿਚ ਬਾਹਰਲੀ ਚੁੱਪ ਵਿਚ ਹੀ ਉਮਰ ਬਤੀਤ ਕਰ ਦਿੰਦੇ। ਅੰਦਰਲਾ ਸੱਚ ਦਿਨ-ਬ-ਦਿਨ ਦੂਰ ਹੁੰਦਾ ਜਾਂਦਾ। ਸਿਰਫ ਖੁਦ ਦੇ ਸਨਮੁੱਖ ਹੋ ਕੇ ਹੀ ਅਸੀਂ ਆਪਣੀ ਅੰਦਰਲੀ ਚੁੱਪ ਨੂੰ ਸਿਰਜ ਅਤੇ ਮਾਣ ਸਕਦੇ ਹਾਂ।
ਚੁੱਪ ਸਿਰਫ ਸ਼ਾਂਤ ਮਾਹੌਲ, ਟਿੱਕੀ ਰਾਤ ਜਾਂ ਜੰਗਲ ਬੀਆਬੀਨ ਦੀ ਹੀ ਨਹੀਂ ਹੁੰਦੀ। ਚੁੱਪ ਤਾਂ ਭੀੜ ਵਿਚ ਵੀ ਹੁੰਦੀ। ਲੋਕਾਂ ਦੇ ਸ਼ੋਰ-ਸ਼ਰਾਬੇ, ਵਿਲਕਣੀਆਂ, ਹੂਕਾਂ, ਵੈਣਾਂ ਅਤੇ ਸਿਆਪਿਆਂ ਵਿਚ ਵੀ ਹਾਜ਼ਰ।
ਜਦ ਕੋਈ ਚੁੱਪ ਹੁੰਦਾ ਤਾਂ ਉਸ ਦੇ ਅੰਦਰ ਇੰਨਾ ਕੁਝ ਹੁੰਦਾ ਜਿਸ ਨੂੰ ਜ਼ੁਬਾਨ ਦੇਣ ਲਈ ਬੋਲ ਮੁੱਕ ਜਾਂਦੇ, ਇਬਾਦਤ ਲਿਖਣ ਲਈ ਹਰਫ ਦਮ ਤੋੜ ਦਿੰਦੇ ਅਤੇ ਵਰਕਿਆਂ ਦੀ ਘਾਟ ਸਤਾਉਂਦੀ।
ਅੰਦਰਲੀ ਜਾਂ ਬਾਹਰਲੀ ਚੁੱਪ ਨੂੰ ਵਰਕੇ ‘ਤੇ ਉਤਾਰਨਾ, ਹਰਫਾਂ ਅਤੇ ਬੋਲਾਂ ਦੀ ਗੁੜ੍ਹਤੀ ਦੇਣੀ, ਬਹੁ-ਪ੍ਰਭਾਵੀ ਅਤੇ ਬਹੁ-ਪਸਾਰੀ ਤਹਿਆਂ ਨੂੰ ਫਰੋਲਣਾ, ਵਿਰਲੇ ਵਿਅਕਤੀਆਂ ਦਾ ਕਾਰਜ। ਇਸੇ ਲਈ ਤਾਂ ਮਹਾਨ ਕਲਾ-ਕ੍ਰਿਤਾਂ, ਸਾਹਿਤਕ ਗ੍ਰੰਥ ਜਾਂ ਨਿਵੇਕਲੇ ਕੀਰਤੀਮਾਨ ਉਹ ਲੋਕ ਹੀ ਸਿਰਜਦੇ ਜੋ ਆਪਣੀ ਅੰਦਰਲੀ ਚੁੱਪ ਵਿਚੋਂ ਆਪਣੇ ਆਪ ਨੂੰ ਵਿਸਥਾਰਦੇ ਅਤੇ ਬਾਹਰਲੀ ਚੁੱਪ ਵਿਚੋਂ ਸਮਾਜਕ ਸਰੋਕਾਰਾਂ ਦੀ ਹਾਥ ਪਾਉਂਦੇ।
ਚੁੱਪ ਦਾ ਪੀਹੜਾ ਜਿੰਦੂ-ਵਿਹੜੇ, ਕਿਹੜਾ ਬੋਲ ਗੁਣਗੁਣਾਵਾਂ? ਕਿਹੜੇ ਗਮ ਦੀ ਲਾਸ਼ ਢੋਂਦਿਆਂ, ਕਿਹੜਾ ਨਗਮਾ ਗਾਵਾਂ? ਕਿਸ ਹਰਫ ਨੂੰ ਕਲਮ-ਸੂਲੀ, ਤੇ ਕਿਹੜਾ ਅਰਥ ਰਚਾਵਾਂ? ਕਿਹੜੀ ਇਬਾਰਤ ਦਾ ਸੁੱਚਾ ਸੁਰਮਾ, ਕਿਰਤ ਦੇ ਨੈਣੀਂ ਪਾਵਾਂ। ਪਰ ਮੈਂ ਤਾਂ ਚੁੱਪ ਨੂੰ ਚੁੱਪ ਦੀ ਗੋਦ ਬਿਠਾ ਕੇ, ਅਬੋਲ ਰਹਿ ਪ੍ਰਚਾਵਾਂ। ਚੁੱਪ ‘ਚ ਚਹਿਕਣ ਵਾਲੇ ਮਨ ਨੂੰ, ਗੁੰਗਾ ਖੁਦ ਬਣਾਵਾਂ। ਚੁੱਪ ਨੂੰ ਪੀਵਾਂ ਤੇ ਚੁੱਪ ਹੀ ਖਾਵਾਂ, ਚੁੱਪ ‘ਚ ਰੈਣ-ਬਸੇਰਾ। ਚੁੱਪ ਦੇ ਬਸਤਰ ਨਿੱਤ ਹੰਢਾਵਾਂ ਤੇ ਚੁੱਪ ਦਾ ਚੜ੍ਹੇ ਸਵੇਰਾ। ਚੁੱਪ ਦੀ ਨਗਰੀ ਆਉਣਾ ਜਾਣਾ ਤੇ ਚੁੱਪ ਨਾਲ ਮੇਲ-ਮਿਲਾਪ। ਚੁੱਪ ਨਾਲ ਖੇਡ ਕੇ ਵੱਡੇ ਹੋਏ, ਤੇ ਹੁਣ ਚੁੱਪ ਦਾ ਕਰੀਏ ਜਾਪ।
ਰਾਤ ਦੀ ਚੁੱਪ ਵਿਚ ਕਿਸੇ ਰੋਗੀ ਦੀ ਹੂੰਗਰ, ਬੋਟ-ਵਿਲਕਣੀ ਜਾਂ ਲਾਚਾਰ ਜਾਨਵਰ ਦੀ ਹੂਕ ਜਦ ਬਾਹਰਲੀ ਚੁੱਪ ਨੂੰ ਤੋੜਦੀ ਏ ਤਾਂ ਅੰਦਰ ਦੀ ਚੁੱਪ ਵੀ ਤਿੜਕ ਜਾਂਦੀ। ਇਸ ਚੁੱਪ ਵਿਚੋਂ ਉਗੀ ਬੇਚੈਨੀ ਅਤੇ ਪ੍ਰਸ਼ਨਾਂ ਦੇ ਰੂਬਰੂ ਹੁੰਦਿਆਂ, ਬਹੁਤ ਕੁਝ ਤੁਹਾਡੇ ਵਿਚੋਂ ਮਨਫੀ ਹੋ ਜਾਂਦਾ। ਅਜਿਹੇ ਸਮੇਂ ਜਦ ਤੁਹਾਡੇ ਅੰਦਰ ਸੁੱਤੀ ਚੰਗਿਆਈ ਅੰਗੜਾਈ ਭਰੇ ਤਾਂ ਅਜਿਹੀ ਚੁੱਪ ਨੂੰ ਸਿਜਦਾ ਜਰੂਰ ਕਰਨਾ।
ਚੁੱਪ ਅੰਦਰਲੀ ਹੋਵੇ ਜਾਂ ਬਾਹਰਲੀ, ਇਸ ਦੀ ਸੂਖਮਤਾ ਨੂੰ ਅੰਤਰੀਵ ਵਿਚ ਉਤਾਰੋ, ਇਸ ਨਾਲ ਸੰਵਾਦ ਰਚਾਓ ਅਤੇ ਇਸ ਵਿਚੋਂ ਉਗਦੀ ਜੀਵਨ-ਜੋਤ ਨੂੰ ਜਗਦੀ ਰੱਖਣ ਲਈ ਹੱਥ ਦੀ ਓਟ ਜਰੂਰ ਕਰੋ ਕਿਉਂਕਿ ਚੁੱਪ ਵਿਚੋਂ ਹੀ ਬੰਦਿਆਈ, ਭਲਿਆਈ ਅਤੇ ਦਾਨਾਈ ਜਨਮ ਲੈਂਦੀਆਂ।
ਚੁੱਪ ਰੱਬੀ ਨਿਆਮਤ, ਭਾਵੇਂ ਇਹ ਅੰਦਰਲੀ ਹੋਵੇ ਜਾਂ ਬਾਹਰਲੀ। ਅੰਦਰਲੀ ਚੁੱਪ ਅਤੇ ਬਹਰਲੀ ਚੁੱਪ ਉਹ ਕੁਝ ਕਹਿ ਜਾਂਦੀਆਂ ਜਿਹੜਾ ਪੂਰਨ ਰੂਪ ਵਿਚ ਕਿਸੇ ਕਲਮ ਕੋਲੋਂ ਨਹੀਂ ਲਿਖਿਆ ਜਾ ਸਕਦਾ, ਨਾ ਹੀ ਕੋਈ ਵਿਦਵਾਨ ਸਮਝਾ ਸਕਦਾ ਏ ਤੇ ਨਾ ਹੀ ਕੋਈ ਵਕਤਾ ਦਸ ਸਕਦਾ ਏ।
ਜੋ ਅੰਦਰਲੀ ਚੁੱਪ ਨੂੰ ਨਹੀਂ ਸਮਝਦਾ ਜਾਂ ਉਹ ਬਾਹਰਲੀ ਚੁੱਪ ਵਿਚੋਂ ਹਰਫਾਂ, ਬੋਲਾਂ ਅਤੇ ਅਰਥਾਂ ਤੀਕ ਨਹੀਂ ਪਹੁੰਚਦਾ, ਉਸ ਦਾ ਕੁਝ ਵੀ ਬੋਲਣਾ ਅਰਥਹੀਣ ਹੁੰਦਾ।
ਕਈ ਵਾਰ ਚੁੱਪ, ਕਲਮ ਦੀ ਕੁੱਖ ਦੀ ਪਰਿਕਰਮਾ ਕਰਦਿਆਂ ਕੂਕਦੀ:
ਜਦ ਮੈਂ ਬਹੁਤ ਉਦਾਸ ਹੋਵਾਂ
ਤਾਂ ਮੈਂ ਚੁੱਪ ਹੋ ਜਾਂਦਾ ਹਾਂ
ਅਤੇ
ਅੱਜ ਕਲ ਅਕਸਰ ਮੈਂ ਚੁੱਪ ਹੀ ਰਹਿੰਦਾ ਹਾਂ।
ਅਤੇ ਖੁਦ ਨੂੰ ਮੁਖਾਤਬ ਹੁੰਦੀ ਕਲਮ, ਬਹੁਤ ਕੁਝ ਅਣਕਿਹਾ ਵੀ ਕਹਿ ਜਾਂਦੀ।
ਕਈ ਵਾਰ ਕੁਝ ਕਹਿਣ ਨਾਲੋਂ, ਕੁਝ ਨਾ ਕਹਿਣਾ ਜ਼ਿਆਦਾ ਪ੍ਰਭਾਵਸ਼ਾਲੀ ਤੇ ਅਰਥਮਈ ਹੁੰਦਾ। ਕਿਉਂਕਿ ਚੁੱਪ ਉਹ ਕੁਝ ਕਹਿ ਜਾਂਦੀ ਹੈ ਜੋ ਹਰਫਾਂ ਜਾਂ ਬੋਲਾਂ ਦੇ ਮੇਚ ਨਹੀਂ ਆਉਂਦਾ। ਤੁਸੀਂ ਬੋਲਾਂ ਜਾਂ ਹਰਫਾਂ ਦੇ ਅਰਥ ਕੱਢ ਸਕਦੇ ਹੋ ਜਾਂ ਕਿਸੇ ਦੀ ਸੋਚ ਦਾ ਵਿਸ਼ਲੇਸ਼ਣ ਕਰ ਸਕਦੇ ਹੋ। ਪਰ ਕਿਸੇ ਦੀ ਚੁੱਪ ਨੂੰ ਤੁਸੀਂ ਕਿੰਜ ਉਲਥਾਓਗੇ?
ਕਦੇ ਕਦਾਈਂ ਚੁੱਪ ਦੇ ਰੂਬਰੂ ਹੋਵਾਂ ਤਾਂ ਮਨ ਕੂਕਦਾ।
ਡੂੰਘੀ ਚੁੱਪ, ਜਿੰਦ ਬਨੇਰੀਂ, ਕਬਰਾਂ ਬੋਲਣ ਲਾਵੇ। ਟੋਟੇ ਹੋਈ ਜਿੰਦ ਬਣਨ ਲਈ, ਸਾਹ ਨਾ ਬੋਲ ਪੁਗਾਵੇ। ਹਾੜੇ ਵੇ ਇਸ ਚੁੱਪ ਦੀ ਵੱਖੀ, ਸੂਲਾਂ ਸੰਗ ਪਰੋਈ, ਕੋਈ ਤਾਂ ਬਹੁੜੇ ਪੀਰ-ਔਲੀਆ, ਗੁੰਗਾ ਦਰਦ ਮਿਟਾਵੇ। ਚੁੱਪ ਉਮਰਾਂ ਦੀ ਭੁੱਖਣ-ਭਾਣੀ, ਅੰਦਰ ਬਾਹਰ ਢੂੰਢੇਂਦੀ, ਕੋਈ ਨਾ ਕਿਤਿਉਂ ਆ ਬਨੇਰੇ, ਟੁੱਕ ਆਸ ਦਾ ਪਾਵੇ। ਕਿਹੜੀ ਉਮਰੇ ਚੁੱਪ ਦਾ ਕੱਜਣ, ਪੀਲੀ ਧੁੱਪ ਦਾ ਜਾਇਆ, ਕਦੇ ਨਾ ਸੂਰਜ ਲਹਿ ਬਨੇਰੇ, ਸੱਦ ਸੰਧੂਰੀ ਲਾਵੇ। ਕਿਹੜਾ ਪਲ ਕਿ ਚੁੱਪ ਦੀ ਬੀਹੀ, ਗਮ ਨੇ ਝੂਮਰ ਪਾਈ, ਕਦੇ ਨਾ ਮਨ ਦਾ ਮੋਰ ਕਲਹਿਰੀ, ਝਾਂਜਰ ਨੂੰ ਛਣਕਾਵੇ। ਕਿਹੜਾ ਵਕਤ ਕਿ ਚੁੱਪ ਦੇ ਸਾਂਝੀ, ਸੁੰਨਾ ਵਿਹੜਾ, ਖਾਲੀ ਕਮਰਾ, ਕੋਈ ਪਲ ਵੀ ਵਿਧਵਾ ਰੁੱਤੇ, ਚੀਸ ਨਾ ਬਣਨਾ ਚਾਹਵੇ। ਐਵੇਂ ਨਾ ਚੁੱਪੇ ਦੀਦੇ ਗਾਲੀਂ, ਹਰ ਟਾਹਣੀ ‘ਤੇ ਲੀਰਾਂ, ਬਾਬੇ ਬਿਰਖ ਦੇ ਮੁੱਢ ਬਿਨ, ਕੋਈ ਨਾ ਗਲ ਨਾਲ ਲਾਵੇ। ਚੰਦਰੀ ਚੁੱਪ ਕਦੇ ਨਾ ਸੌਂਦੀ, ਨਾ ਉਹ ਸੌਣਾ ਚਾਹਵੇ, ਸੁੱਤੀ ਰਾਤੇ, ਢੋਈ ਢੁਡੇਂਦੀ, ਮੈਨੂੰ ਆਣ ਜਗਾਵੇ। ਚਾਰੇ ਪਾਸੇ ਚੁੱਪ ਹੀ ਚੁੱਪ ਹੈ, ਚੁੱਪ ਦਾ ਪਹਿਰ ਪਸਾਰਾ, ਮਰਜਾਣੀ, ਮੋਹ ਸੰਗ ਲਬਰੇਜ਼ੀ, ਉਮਰਾ ਬਣਦੀ ਜਾਵੇ।
ਕਦੇ ਕੁਦਰਤ ਨੂੰ ਬੋਲਦੇ ਸੁਣਿਆ ਏ? ਉਹ ਆਪਣੀ ਅਬੋਲਤਾ ਨਾਲ ਹੀ ਇੰਨਾ ਕੁਝ ਕਹਿ ਜਾਂਦੀ ਕਿ ਅਸੀਂ ਉਸ ਦੀ ਅਸੀਮਤਾ ਵਿਚ ਹੀ ਧੰਨਭਾਗ ਮਹਿਸੂਸ ਕਰਦੇ। ਇਹ ਭਾਵੇਂ ਸਮੁੰਦਰ ਜਾਂ ਅੰਬਰ ਦੀ ਵਿਸ਼ਾਲ ਨੀਲੱਤਣ ਹੋਵੇ, ਜੰਗਲ ਵਿਚ ਦੂਰ ਦੂਰ ਤੀਕ ਬਿਰਖਾਂ ਦੀਆਂ ਖਾਮੋਸ਼ ਅਸੀਸਾਂ ਹੋਣ ਜਾਂ ਰਾਤ ਦੀ ਚੁੱਪ ਵਿਚ ਜੀਵ-ਸੰਸਾਰ ਦਾ ਖੁਦ ਸੰਗ ਮੂਕ-ਸੰਵਾਦ ਹੋਵੇ।
ਚੁੱਪ ਦੀਆਂ ਨਿਆਮਤਾਂ ਨੂੰ ਮਾਣਨ ਅਤੇ ਇਸ ਵਿਚੋਂ ਕੁਝ ਸੰਜੀਵ ਤੇ ਚਿਰੰਜੀਵ ਸਿਰਜਣ ਵਾਲੇ ਮਨੁੱਖਤਾ ਦਾ ਮਾਣਮੱਤਾ ਨਾਮ।
ਅੰਦਰਲੀ ਚੁੱਪ ਖੁਦੀ ਤੋਂ ਖੁਦਾ ਨੂੰ ਜਾਂਦੇ ਰਾਹ ਦੇ ਦੀਦਾਰੇ ਜਦ ਕਿ ਬਾਹਰਲੀ ਚੁੱਪ ਸਵੈ ਤੋਂ ਸਮਾਜਕ ਵਰਤਾਰਿਆਂ ਨੂੰ ਸਮਝਣ ਅਤੇ ਇਨ੍ਹਾਂ ‘ਚ ਆਪਣਾ ਯੋਗਦਾਨ ਪਾਉਣ ਦਾ ਸਬੱਬ।
ਚੁੱਪ ਜਦ ਕਲਮ ਨੂੰ ਮੁਖਾਤਬ ਹੁੰਦੀ ਤਾਂ ਬੜਾ ਕੁਝ ਹਰਫਾਂ ਦੀ ਝੋਲੀ ਪੈ ਕਾਵਿ-ਜੜਤ ਬਣਦਾ:
ਹਵਾ ਬੰਦ ਹੈ
ਚਾਰੇ-ਪਾਸੇ ਚੁੱਪ ਚਾਂ ਹੈ
ਦਰਖਤਾਂ ਦੇ ਪੱਤੇ ਨਹੀਂ ਹਿਲਦੇ
ਪਹਿਆਂ ਤੋਂ ਘੱਟਾ ਨਹੀਂ ਉਡਦਾ,
ਇਸ ਦਾ ਇਹ ਮਤਲਬ ਨਹੀਂ
ਕਿ ਹਵਾ ਮਰ ਚੁੱਕੀ ਹੈ
ਇਹ ਤਾਂ ਸਮੋਂ-ਸੁਚਕ ਹੈ
ਆਉਣ ਵਾਲੇ
ਕਿਸੇ ਭਾਰੀ ਤੂਫਾਨ ਦੀ।
ਅੰਦਰਲੀ ਚੁੱਪ ਅਤੇ ਬਾਹਰਲੀ ਚੁੱਪ ਜਦ ਸਾਂਝੇ ਰੂਪ ਵਿਚ ਕਿਸੇ ਤੂਫਾਨ ਦਾ ਰੂਪ ਧਾਰਦੀਆਂ ਤਾਂ ਬੋਦੀਆਂ ਕਦਰਾਂ-ਕੀਮਤਾਂ, ਅਰਥਹੀਣ ਸਮਾਜਕ ਵਰਤਾਰਾ ਅਤੇ ਕੂੜ-ਕੁਸੱਤ ਦੇ ਰੇਤੀਲੇ ਮਹਿਲ, ਪਲ ਛਿੰਨ ਵਿਚ ਫਨਾਹ ਹੋ ਜਾਂਦੇ। ਫਿਰ ਕਾਲਖੀ ਧਰਤ ਨੂੰ ਨਵੇਂ ਸੂਰਜ, ਸੂਹੇ ਸੁਪਨੇ, ਨਵੇਂ ਨਰੋਏ ਰਾਹਾਂ ਅਤੇ ਨਵੇਂ ਕੀਰਤੀਮਾਨਾਂ ਦਾ ਸ਼ਰਫ ਹਾਸਲ ਹੁੰਦਾ।
ਚੁੱਪ ਸਭ ਤੋਂ ਅਨਮੋਲ ਖਜਾਨਾ ਜੋ ਮਨੁੱਖੀ ਫਿਤਰਤ ਤੇ ਸਮਾਜਕ ਰਹਿਤਲ ਲਈ ਨਵੀਂ ਦਿਸ਼ਾ, ਦਸ਼ਾ ਅਤੇ ਦਿਸਹੱਦਾ। ਇਸ ਦੀ ਸਾਰਥਕਤਾ ਵਿਚੋਂ ਹੀ ਸਿਰਜਿਆ ਜਾਂਦਾ ਨਵਾਂ ਪੈਗਾਮ, ਪ੍ਰਮਾਣ ਅਤੇ ਪਹਿਲਾਂ ਦਾ ਯੁੱਗ।