ਧੁੱਪਾਂ ਭਾਦੋਂ ਦੀਆਂ, ਜੱਟ ਬਣ ਬੈਠੇ ਸਾਧ

ਦੇਸੀ ਸਾਲ ਦੇ ਜਲ ਥਲ ਕਰ ਦੇਣ ਵਾਲੇ ਮਹੀਨੇ ਸਾਉਣ ਤੋਂ ਬਾਅਦ ਪਸੀਨੇ ਛੁਡਾ ਦੇਣ ਵਾਲਾ ਮਹੀਨਾ ਭਾਦੋਂ ਦਾ ਆਉਂਦਾ ਹੈ। ਇਸ ਮਹੀਨੇ ਹੁੰਮਸ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਕਈ ਵਾਰ ਤਾਂ ਦਮ ਘੁਟਣ ਲੱਗਦਾ ਹੈ। ਸ਼ਾਇਦ ਹੁੰਮਸ ਕਰ ਕੇ ਹੀ ਸੱਪ-ਸਪੋਲੀਏ ਆਪਣੀਆਂ ਲੁਕਣ ਦੀਆਂ ਥਾਂਵਾਂ ਤੋਂ ਬਾਹਰ ਨਿਕਲ ਆਉਂਦੇ ਹਨ। ਮੱਛਰ ਵੀ ਬਥੇਰਾ ਤੰਗ ਕਰਦਾ ਹੈ। ਕਈ ਵਾਰ ਮੀਂਹ ਹਨੇਰੀ ਵੀ ਤਬਾਹੀ ਮਚਾਉਂਦੇ ਹਨ ਪਰ ਇਸੇ ਮਹੀਨੇ ਫਸਲਾਂ ਖਾਸ ਕਰ ਝੋਨੇ ਦੀ ਫਸਲ ਜੋਬਨ ਵੱਲ ਵਧਦੀ ਹੈ। ਇਨ੍ਹਾਂ ਸਭ ਗੱਲਾਂ ਦਾ ਚਿਤਰਣ ਆਸਾ ਸਿੰਘ ਘੁਮਾਣ ਨੇ ਬੜੀ ਬਾਰੀਕੀ ਨਾਲ ਇਸ ਲੇਖ ਵਿਚ ਕੀਤਾ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਭਾਦੋਂ ਜਾਂ ਭਾਦਰੋਂ ਦਾ ਮਹੀਨਾ ਵੀ ਬਰਸਾਤ ਰੁੱਤ ਦਾ ਹੀ ਮਹੀਨਾ ਮੰਨਿਆ ਜਾਂਦਾ ਹੈ:
ਰੁਤਿ ਬਰਸੁ ਸੁਹੇਲੀਆ
ਸਾਵਣ ਭਾਦਵੋ ਆਨੰਦ ਜੀਉ॥
ਘਣਿ ਉਨਵਿ ਵੁਠੇ ਜਲ ਥਲ
ਪੂਰਿਆ ਮਕਰੰਦ ਜੀਉ॥
ਭਾਦਰੋਂ ਦਾ ਮਹੀਨਾ ਸਾਉਣ ਮਹੀਨੇ ਦਾ ਵਿਸਥਾਰ ਕਿਹਾ ਜਾ ਸਕਦਾ ਹੈ। ਭਾਦੋਂ ਦੇ ਅਖੀਰ ਤੱਕ ਬਰਸਾਤ ਦਮ ਤੋੜਨ ਲੱਗਦੀ ਹੈ। ਹੁਣ ਅਕਾਸ਼ ਵਿਚ ਬੱਦਲ ਸੰਘਣੇ ਤੇ ਵਿਆਪੀ ਨਹੀਂ ਰਹਿੰਦੇ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਜਾਹਰ ਹੈ, ਇਸ ਵਿਚ ਭਾ-ਦੋਇ ਨਾਲੋ-ਨਾਲ ਚੱਲਦੇ ਹਨ-ਗਰਮੀ ਵੀ, ਬਰਸਾਤ ਵੀ। ਕਿਤੇ ਧੁੱਪ, ਕਿਤੇ ਛਾਂ; ਕਿਤੇ ਛੱਰਾਟੇ, ਕਿਤੇ ਸੋਕਾ। ਹਵਾ ਵਿਚ ਪੂਰੀ ਨਮੀ ਆ ਚੁਕੀ ਹੁੰਦੀ ਹੈ, ਇਸ ਲਈ ਇਸ ਮੌਸਮ ਵਿਚ ਜਦੋਂ ਧੁੱਪ ਲੱਗਦੀ ਹੈ, ਮੌਸਮ ਬਹੁਤ ਅਣਸੁਖਾਵਾਂ ਲੱਗਦਾ ਹੈ। ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਪਿੰਡੇ ‘ਚੋਂ ਚਿਣਗਾਂ ਨਿਕਲਦੀਆਂ ਹਨ। ਇਸ ਨੂੰ ਪੰਜਾਬੀ ਲੋਕ ਚੁਮਾਸਾ, ਹੁੰਮਸ, ਤਾੜਕਾ ਆਦਿ ਦਾ ਨਾਂ ਦਿੰਦੇ ਹਨ। ਪੰਜਾਬੀ ਅਖੌਤ ਹੈ:
ਜੇਠ-ਹਾੜ ਕੁੱਖੀਂ
ਸਾਵਣ ਭਾਦੋਂ ਰੁੱਖੀਂ।
ਜਿੱਥੇ ਹਾੜ ਵਿਚ ਖੁਸ਼ਕ ਹਵਾ ਸਰੀਰ ਨੂੰ ਸੋਖਦੀ ਹੈ, ਸਰੀਰ ‘ਚੋਂ ਨਮੀ ਸੁਕਾਉਂਦੀ ਹੈ, ਉਥੇ ਭਾਦੋਂ ਵਿਚ ਹਵਾ ਵਿਚਲੀ ਨਮੀ ਤਲਖੀ ਪੈਦਾ ਕਰਦੀ ਹੈ। ਪਸੀਨੇ ਨਾਲ ਹਰ ਕਿਸੇ ਦਾ ਬੁਰਾ ਹਾਲ ਹੋਇਆ ਹੁੰਦਾ ਹੈ। ਬਰਸਾਤ ਦਾ ਪਾਣੀ ਜੋ ਛੱਪੜਾਂ ਅਤੇ ਖੇਤਾਂ ਵਿਚ ਖਿਲਰਿਆ ਹੁੰਦਾ ਹੈ, ਧੁੱਪ ਲੱਗਣ ‘ਤੇ ਗਰਮੀ ਵਿਚ ਹੋਰ ਵਾਧਾ ਕਰਦਾ ਹੈ। ਖੇਤਾਂ ਵਿਚ ਕੰਮ ਕਰਨਾ ਬੇਹੱਦ ਔਖਾ ਹੋ ਜਾਂਦਾ ਹੈ। ਪਿੰਡਾਂ ‘ਚ ਵਸਦੇ ਬਜ਼ੁਰਗ ਅਕਸਰ ਕਿਹਾ ਕਰਦੇ ਸਨ ਕਿ ਇਨ੍ਹਾਂ ਤਾੜਕਿਆਂ ਤੋਂ ਸਤਿਆ ਜੱਟ ਸਾਧ ਹੋ ਗਿਆ ਸੀ।
ਸਾਉਣ ਮਹੀਨੇ ਧੀਆਂ ਸਹੁਰੇ ਘਰੋਂ ਪੇਕੀਂ ਆਉਂਦੀਆਂ ਹਨ ਤੇ ਤੀਆਂ ਮਨਾਉਂਦੀਆਂ ਹਨ। ਪਰ ਜਦੋਂ ਭਾਦੋਂ ਚੜ੍ਹਦਾ ਹੈ, ਸਹੁਰੇ ਜਾਣ ‘ਤੇ ਸਹੇਲੀਆਂ ਦੇ ਵਿਛੜਨ ਦਾ ਵੇਲਾ ਆ ਜਾਂਦਾ ਹੈ:
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਗਿਆਨੀ ਗੁਰਦਿੱਤ ਸਿੰਘ ‘ਬਾਰਾਂਮਾਂਹ ਕਿਸਾਨਾਂ ਦਾ’ ਵਿਚ ਇਸ ਮਹੀਨੇ ਦਾ ਜ਼ਿਕਰ ਕਰਦਿਆਂ ਜੱਟ ਦੀ ਅਜਿਹੀ ਅਵਸੱਥਾ ਦੀ ਹੀ ਗੱਲ ਕਰਦੇ ਹਨ:
ਚੜੇ ਭਾਦਰੋਂ ਉਗੀ ਖੁੰਮ
ਪਿਆ ਆਖਰਾਂ ਦਾ ਗੁੰਮ।
ਕਿਤੇ ਚਿੱਭੜ ਮਤੀਰੇ
ਸਾਡੇ ਖੇਤੀ ਖੜੇ ਖੀਰੇ।
ਸਾਡੀ ਨਿਆਈਂ ਪਿਆ ਮੋਖਾ
ਅਸੀਂ ਖੋਤਿਆ ਲਾ ਜੋਤਾ।
ਪਾਸੇ ਗੋਡ ਗੋਡ ਹੰਬੇ
ਪਾਸੇ ਪੱਛਾਂ ਨਾਲ ਅੰਬੇ।
ਪੱਜ ਗੁੱਗਾ ਜੀ ਦੀ ਚੌਂਕੀ
ਟੁਰੇ ਮੇਲੇ ਮੁੰਡੇ ਸ਼ੌਂਕੀ।
ਸੂਰਜ ਸੁੱਟੇ ਉਹ ਪਲੀਤੇ
ਜਿਨ੍ਹਾਂ ਚਰਨ ਕਾਲੇ ਕੀਤੇ।
ਧੁੱਪਾਂ ਭਾਦੋਂ ਦੀਆਂ ਤਿੱਖੀਆਂ
ਸਾਧ ਜੱਟਾਂ ਨੂੰ ਬਣਾਉਂਦੀਆਂ…ਹੋ ਢੋਲਾ।
ਇਸ ਨਾਮੁਰਾਦ ਮੌਸਮ ਵਿਚ ਚਿਹਰਿਆਂ ਦੇ ਰੰਗ ਬਦਲ ਜਾਂਦੇ ਹਨ:
ਭਾਦਰੋਂ ਬਦਰੰਗ
ਗੋਰਾ ਕਾਲਾ ਇਕੋ ਰੰਗ।
ਬਰਸਾਤੀ ਮੌਸਮ ਕਈ ਮੁਸੀਬਤਾਂ ਵੀ ਪੈਦਾ ਕਰਦਾ ਹੈ। ਨੀਵੇਂ ਹਿੱਸਿਆਂ ਵਿਚ ਖਲੋਤਾ ਪਾਣੀ ਮੱਛਰ-ਮੱਖੀ ਦੇ ਵਾਧੇ ਦਾ ਕਾਰਨ ਬਣਦਾ ਹੈ। ਭਾਦੋਂ ਵਿਚ ਕਈ ਵਾਰ ਮਲੇਰੀਆ, ਵਾਇਰਲ ਫੀਵਰ ਆਦਿ ਬਿਮਾਰੀਆਂ ਪਣਪ ਪੈਂਦੀਆਂ ਹਨ। ਜ਼ਿਆਦਾ ਮੀਂਹ ਪੈਣ ਨਾਲ ਸਬਜ਼ੀਆਂ ਗਲਨ-ਸੜਨ ਲਗਦੀਆਂ ਹਨ। ਸਬਜ਼ੀ ਮੰਡੀ ਦੇ ਕੋਲੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਹਵਾ ਵਿਚ ਗਲਨ-ਸੜਨ ਦੀ ਬਦਬੂ ਫੈਲਣ ਲੱਗਦੀ ਹੈ ਤੇ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ।
ਸਾਉਣ ਮਹੀਨੇ ਲਾਏ ਝੋਨੇ ਅਤੇ ਹੋਰ ਫਸਲਾਂ ਨੂੰ ਪਾਣੀ ਦੀ ਇਕ ਨਿਸ਼ਚਿਤ ਮਾਤਰਾ ਦੀ ਲੋੜ ਹੁੰਦੀ ਹੈ। ਜੇ ਭਾਦੋਂ ਸੁੱਕਾ ਲੰਘ ਜਾਵੇ ਤਾਂ ਵੀ ਫਸਲਾਂ ਦਾ ਉਹ ਝਾੜ ਨਹੀਂ ਰਹਿੰਦਾ ਅਤੇ ਜੇ ਬਾਰਸ਼ ਜ਼ਿਆਦਾ ਹੋ ਜਾਵੇ, ਉਹ ਵੀ ਨੁਕਸਾਨਦੇਹ ਸਾਬਤ ਹੁੰਦੀ ਹੈ। ਭਾਦੋਂ ਵਿਚ ਜੇ ਮੀਂਹ ਵੱਧ ਪੈ ਜਾਵੇ ਤਾਂ ਹੜ੍ਹ ਆ ਜਾਂਦੇ ਹਨ। ਟੋਏ-ਟਿੱਭੇ, ਨਦੀਆਂ-ਨਹਿਰਾਂ ਪਹਿਲਾਂ ਹੀ ਭਰੇ ਹੋਏ ਹੁੰਦੇ ਹਨ। ਭਾਦੋਂ ਦੀਆਂ ਝੜੀਆਂ ਬੜੀਆਂ ਖਤਰਨਾਕ ਸਾਬਤ ਹੁੰਦੀਆਂ ਹਨ। ਪੰਜਾਬ ਦੀ ਇਕ ਲੋਕ-ਬੋਲੀ ਵਿਚ ਅਜਿਹਾ ਹੀ ਵਰਣਨ ਹੈ:
ਤੇਰਾ ਭਾਦੋਂ ਝੜੀ ਲੱਗਗੀ
ਦੱਸਾਂ ਨਮੀ ਕਹਾਣੀ
ਜ਼ੋਰ ਕਿਸੇ ਦਾ ਚੱਲਦਾ ਹੈ ਨੀਂ
ਉਲਟੀ ਉਲਝ ਗਈ ਤਾਣੀਂ
ਬੈਠਕ ਵੀਰਨੋ ਰੁੜ੍ਹ ਗਈ ਸਾਰੀ
ਅੰਦਰ ਫਿਰ ਗਿਆ ਪਾਣੀ
ਜਗ੍ਹਾ ਜਗ੍ਹਾ ਤੋਂ ਸੜਕ ਵੱਢ’ਤੀ
ਚੱਲਦੀ ਨ੍ਹੀਂ ਰੇਲ ਨਿਮਾਣੀ
ਸਭਨਾਂ ਦਾ ਤੂੰ ਦਾਤਾ
ਤੂੰ ਦੁੱਧੋਂ ਛਾਣਦਾ ਪਾਣੀ
ਸਭ ਦਾ ਤੂੰ ਦਾਤਾ…।
ਇਨ੍ਹਾਂ ਦਿਨਾਂ ਵਿਚ ਆਉਂਦਾ ਪਸੀਨਾ ਸਿਹਤ ਲਈ ਵਧੀਆ ਗਿਣਿਆ ਜਾਂਦਾ ਹੈ। ਥੋੜ੍ਹੀ ਜਿਹੀ ਕਸਰਤ ਨਾਲ ਹੀ ਕਾਫੀ ਪਸੀਨਾ ਵਗਣ ਲੱਗਦਾ ਹੈ। ਉਂਜ ਇਸ ਮੌਸਮ ਵਿਚ ਸਿਹਤ ਦਾ ਬਹੁਤ ਧਿਆਨ ਰੱਖਣਾ ਪਂੈਦਾ ਹੈ। ਕਈ ਵਾਰ ਹੁੰਮਸ ਦਾ ਵੱਧ ਰਗੜਾ ਲੱਗ ਜਾਵੇ ਤਾਂ ਵੀ ਸਰੀਰ ਨੂੰ ਗਰਮੀ ਪੈ ਜਾਂਦੀ ਹੈ। ਰਤਾ ਕੁ ਅਣਗਹਿਲੀ ਨਾਲ ਹਾਜ਼ਮਾ ਖਰਾਬ ਹੋਣ ਨੂੰ ਫਿਰਦਾ ਹੈ। ਫੋੜੇ-ਫਿੰਸੀਆਂ ਤੇ ਚਮੜੀ ਦੀਆਂ ਖਰਾਬੀਆਂ ਹੋਣ ਲੱਗਦੀਆਂ ਹਨ। ਹੈਜ਼ਾ ਹੋਣ ਦਾ ਬਹੁਤ ਡਰ ਰਹਿੰਦਾ ਹੈ। ਜ਼ਿਆਦਾ ਪਾਣੀ ਪੀਣਾ ਵੀ ਖਤਰਨਾਕ ਅਤੇ ਜ਼ਿਆਦਾ ਖਾਣਾ ਵੀ ਖਤਰਨਾਕ।
ਸਾਉਣ ਤੇ ਭਾਦੋਂ-ਦੋ ਮਹੀਨੇ ਐਸੇ ਹਨ, ਜੋ ਪੰਜਾਬੀਆਂ ਲਈ ਹਮੇਸ਼ਾ ਬੇਹੱਦ ਅਹਿਮ ਰਹੇ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸ ਲਈ ਇਨ੍ਹਾਂ ਦੀ ਮਹੱਤਤਾ ਹੋਰ ਵੀ ਵੱਧ ਹੈ। ਜੇ ਇਨ੍ਹਾਂ ਮਹੀਨਿਆਂ ਵਿਚ ਲੋੜ ਅਨੁਸਾਰ ਮੀਂਹ ਪੈਂਦਾ ਰਹੇ ਤਾਂ ਲੱਖਾਂ-ਕਰੋੜਾਂ ਦੀ ਬਿਜਲੀ ਅਤੇ ਡੀਜ਼ਲ ਦੀ ਬੱਚਤ ਹੋ ਜਾਂਦੀ ਹੈ। ਕੁਦਰਤ ਕਹਿਰਵਾਨ ਹੋ ਜਾਵੇ ਤਾਂ ਮਨੁੱਖੀ ਸਾਧਨਾਂ ਦੀ ਵਰਤੋਂ ਬਜਟ ਦੀ ਸੰਗਲੀ ਤੜਕਾ ਦਿੰਦੀ ਹੈ। ਖੇਤੀ ਤੋਂ ਬਿਨਾ ਮੌਸਮ ਦੇ ਅਨੁਕੂਲ ਰਹਿਣ ਨਾਲ ਏ. ਸੀ., ਕੂਲਰਾਂ ਅਤੇ ਜਨਰੇਟਰਾਂ ਤੋਂ ਖਰਚੇ ਦਾ ਬਚਾਅ ਰਹਿੰਦਾ ਹੈ। ਕਈ ਵਾਰ ਮੀਂਹ ਅਤੇ ਹਨੇਰੀ ਇਕੋ ਹੱਲੇ ਨਾਲ ਕਰੋੜਾਂ ਦਾ ਨੁਕਸਾਨ ਕਰ ਦਿੰਦੇ ਹਨ। ਵੱਡਾ ਮੀਂਹ ਪੈਣ ਨਾਲ ਸੜਕਾਂ ਟੁੱਟ ਜਾਂਦੀਆਂ ਹਨ, ਬਿਜਲੀ ਦੇ ਖੰਬੇ ਡਿੱਗ ਪੈਂਦੇ ਹਨ, ਕਾਰਖਾਨੇ ਬੰਦ ਹੋ ਜਾਂਦੇ ਹਨ, ਨੀਵੇਂ ਥਾਂ ਬੀਜੀਆਂ ਫਸਲਾਂ ਮਰ ਜਾਂਦੀਆਂ ਹਨ, ਘਰ ਢਹਿ ਜਾਂਦੇ ਹਨ, ਪਸੂ ਨੁਕਸਾਨੇ ਜਾਂਦੇ ਹਨ, ਜਨ-ਜੀਵਨ ਠੱਪ ਹੋ ਜਾਂਦਾ ਹੈ। ਅਜੋਕਾ ਜਨ-ਜੀਵਨ ਬਿਜਲੀ ‘ਤੇ ਨਿਰਭਰ ਹੈ, ਇਸ ਲਈ ਬਿਜਲੀ ਸਪਲਾਈ ਵਿਚ ਵਿਘਨ ਪੈਣ ਨਾਲ ਜਨ-ਜੀਵਨ ਵਿਗੜ ਜਾਂਦਾ ਹੈ।
ਉਂਜ ਜੇ ਸਭ ਠੀਕ-ਠਾਕ ਰਹੇ ਤਾਂ ਭਾਦਰੋਂ ਦੇ ਅਖੀਰ ਤੱਕ ਸਾਰਾ ਪੰਜਾਬ ਹਰਿਆ-ਭਰਿਆ ਨਜ਼ਰ ਆਉਣ ਲੱਗਦਾ ਹੈ। ਖੇਤਾਂ ਵਿਚ ਫਸਲਾਂ ਦੀ ਹਰਿਆਵਲ ਸਿਖਰ ‘ਤੇ ਹੁੰਦੀ ਹੈ। ਝੋਨਾ, ਮੱਕੀ, ਕਮਾਦ, ਕਪਾਹ ਆਦਿ ਸਭ ਫਸਲਾਂ ਭਰ ਜੋਬਨ ‘ਤੇ ਹੁੰਦੀਆਂ ਹਨ। ਮੱਕੀ ਦੀਆਂ ਛੱਲੀਆਂ ਪੱਕਣ ਲੱਗਦੀਆਂ ਹਨ ਜੋ ਭੁੰਨ ਕੇ ਖਾਣੀਆਂ ਚੰਗੀਆਂ ਲੱਗਦੀਆਂ ਹਨ। ਭਾਦੋਂ ਦੇ ਅਖੀਰ ਤੱਕ ਫਸਲਾਂ ਦੇ ਰੰਗ ਬਦਲਣ ਲੱਗਦੇ ਹਨ ਅਤੇ ਕਿਤੇ-ਕਿਤੇ ਝੋਨੇ ਨਿਸਰਨ ਵੀ ਲੱਗਦੇ ਹਨ। ਖੇਤਾਂ ਤੋਂ ਬਾਹਰ ਰੁੱਖਾਂ-ਬੂਟਿਆਂ ‘ਤੇ ਵੀ ਹਰਿਆਵਲ ਠਾਠਾਂ ਮਾਰ ਰਹੀ ਹੁੰਦੀ ਹੈ। ਫੁੱਲਾਂ ਨਾਲੋਂ ਹਰਿਆਵਲ ਦਾ ਵੱਧ ਪ੍ਰਤਾਪ ਹੁੰਦਾ ਹੈ। ਸਾਗਵਾਨ ਦੇ ਰੁੱਖਾਂ ‘ਤੇ ਨਿੱਕੇ-ਨਿੱਕੇ ਬੇਸ਼ੁਮਾਰ ਬੂਰ-ਨੁਮਾ ਫੁੱਲ ਆਪਣੇ ਵੱਲ ਧਿਆਨ ਖਿੱਚਦੇ ਹਨ। ਇਸ ਮੌਸਮ ਵਿਚ ਨਮੀ ਕਾਫੀ ਹੁੰਦੀ ਹੈ ਅਤੇ ਅੱਗੋਂ ਅੱਸੂ-ਕੱਤਕ ਦੇ ਮਹੀਨੇ ਪੁੰਗਰਨ ਦੇ ਅਨੁਕੂਲ ਵੀ ਹੁੰਦੇ ਹਨ, ਇਸ ਲਈ ਭਾਦੋਂ ਦੇ ਅਖੀਰ ਵਿਚ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ।
ਸੋ, ਇਸ ਤਰ੍ਹਾਂ ਭਾਦੋਂ ਮਹੀਨੇ ਵਿਚ ਜਿੱਥੇ ਮੱਛਰ-ਮੱਖੀ, ਸੱਪ-ਸਪੋਲੀਏ ਕੁਦਰਤ ਦੇ ਵਿਰੋਧੀ ਰੂਪ ਨੂੰ ਦਰਸਾਉਂਦੇ ਹਨ, ਉਥੇ ਫਸਲਾਂ ਦੀ ਖੂਬਸੂਰਤੀ ਚੰਗੇ ਭਵਿੱਖ ਦੀ ਸੰਭਾਵਨਾ ਵੀ ਉਜਾਗਰ ਕਰਦੀ ਹੈ। ਇਸ ਮਹੀਨੇ ਦਾ ਲਿਖਾਰੀਆਂ ਵੱਲੋਂ ਕੀਤਾ ਗਿਆ ਵਰਣਨ ਅਤੇ ਕੁਦਰਤ-ਚਿਤਰਣ ਖਾਸ ਜ਼ਿਕਰਯੋਗ ਨਹੀਂ, ਪ੍ਰੰਤੂ ਗੁਰੂ ਨਾਨਕ ਦੇਵ ਵੱਲੋਂ ਇਸ ਮਹੀਨੇ ਦਾ ਕੀਤਾ ਵਰਣਨ ਕਮਾਲ ਦਾ ਹੈ, ਜਿੱਥੋਂ ਪਤਾ ਲਗਦਾ ਹੈ ਕਿ ਵਾਕਿਆ ਹੀ ਗੁਰੂ ਜੀ ਕੁਦਰਤ ਦੇ ਕਵੀ ਸਨ। ਜਿੰਨੀ ਨੀਝ ਨਾਲ ਉਨ੍ਹਾਂ ਕੁਦਰਤ ਨੂੰ ਵੇਖਿਆ ਹੈ, ਪਰਖਿਆ ਹੈ, ਮਾਣਿਆ ਹੈ ਅਤੇ ਬਿਆਨਿਆ ਹੈ, ਉਸ ਦਾ ਕੋਈ ਮੁਕਾਬਲਾ ਨਹੀਂ:
ਭਾਦਓ ਭਰਮ ਭੁਲੀ
ਭਰਿ ਜੋਬਨਿ ਪਛੁਤਾਣੀ॥
ਜਲ ਥਲ ਨੀਰਿ ਭਰੇ
ਬਰਸ ਰੁਤੇ ਰੰਗ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ
ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬੰਬੀਹਾ ਬੋਲੇ
ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ
ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਓ ਗੁਰ ਅਪਨੇ
ਜਹ ਪ੍ਰਭ ਤਹ ਹੀ ਜਾਈਐ॥
ਜਿਨ੍ਹਾਂ ਜੀਵਾਂ ਦਾ ਨਾਂ ਤੇ ਜ਼ਿਕਰ ਇਸ ਰਚਨਾ ਵਿਚ ਕੀਤਾ ਗਿਆ ਹੈ, ਸ਼ਾਇਦ ਹੀ ਕਿਸੇ ਹੋਰ ਰਚਨਾ ਵਿਚ ਹੋਇਆ ਹੋਵੇ। ਇਸ ਸ੍ਰਿਸ਼ਟੀ ਵਿਚ ਮੋਰ ਤੇ ਬੰਬੀਹੇ ਵੀ ਹਨ; ਸੱਪ ਤੇ ਮੱਛਰ ਵੀ ਹਨ, ਜਿਨ੍ਹਾਂ ਤੋਂ ਮਨੁੱਖ ਨੂੰ ਕਿਸੇ ਭਲੇ ਦੀ ਆਸ ਨਹੀਂ, ਫਿਰ ਵੀ ਉਹ ਇਸ ਸੰਸਾਰ ਵਿਚ ਜਿਉਣ ਦੇ ਬਰਾਬਰ ਦੇ ਹੱਕਦਾਰ ਹਨ। ਬੱਸ ਇਹੀ ਤਾਂ ਕੁਦਰਤ ਦਾ ਰਹੱਸ ਹੈ। ਉਸ ਰੱਬੀ ਤਾਕਤ ਨੇ ਇਹ ਸੰਸਾਰ ਕਿਤੇ ਸਿਰਫ ਮਨੁੱਖ ਲਈ ਹੀ ਤਾਂ ਨਹੀਂ ਬਣਾਇਆ।
ਭਾਦੋਂ ਦੇ ਮਹੀਨੇ ਜਨਮ ਅਸ਼ਟਮੀ ਦਾ ਦਿਹਾੜਾ ਆਉਂਦਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੈ। ਜਿਵੇਂ ਕਿ ਨਾਂ ਤੋਂ ਹੀ ਜਾਹਰ ਹੈ, ਇਹ ਦਿਹਾੜਾ ਪੁੰਨਿਆ ਤੋਂ ਅੱਠਵੇਂ ਦਿਨ ਬਾਅਦ ਆਉਂਦਾ ਹੈ। ਪੁੰਨਿਆ ਵਾਲੇ ਦਿਨ ਰੱਖੜੀ ਹੁੰਦੀ ਹੈ। ਕਈ ਵਾਰ ਜਨਮ ਅਸ਼ਟਮੀ ਸਾਉਣ ਵਿਚ ਵੀ ਆ ਜਾਂਦੀ ਹੈ, ਇਸ ਦਾ ਕਾਰਨ ਚੰਦ ਮਹੀਨੇ ਅਤੇ ਗੌਣ ਚੰਦ ਮਹੀਨੇ ਦਾ ਫਰਕ ਹੋ ਸਕਦਾ ਹੈ। ਜਨਮ ਅਸ਼ਟਮੀ ‘ਤੇ ਕਈ ਥਾਂਈਂ ਭਗਵਾਨ ਕ੍ਰਿਸ਼ਨ ਦੇ ਜੀਵਨ ਸਬੰਧੀ ਕ੍ਰਿਸ਼ਨ ਲੀਲਾ ਵੀ ਲੱਗਦੀ ਹੈ। ਉਂਜ ਅੱਜ ਕੱਲ ਸ਼ਹਿਰਾਂ ਵਿਚ ਕਈ ਕਿਸਮ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਆਧੁਨਿਕ ਤਕਨੀਕ ਨੇ ਇਨ੍ਹਾਂ ਝਾਕੀਆਂ ਨੂੰ ਕਾਫੀ ਹੱਦ ਤੱਕ ਜੀਵੰਤ ਕਰ ਦਿੱਤਾ ਹੈ। ਇਸ ਦਿਨ ਮੰਦਿਰ ਸਜਾਏ ਜਾਂਦੇ ਹਨ ਅਤੇ ਰਾਤ ਨੂੰ ਕ੍ਰਿਸ਼ਨ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਜਿਵੇਂ ਭਗਵਾਨ ਕ੍ਰਿਸ਼ਨ ਨੇ ਅਵਤਾਰ ਧਾਰ ਕੇ ਆਪਣੇ ਮਾਤਾ-ਪਿਤਾ ਨੂੰ ਜੇਲ੍ਹ ਬੰਧਨ ਤੋਂ ਮੁਕਤ ਕਰਾਇਆ ਸੀ, ਇਸੇ ਤਰ੍ਹਾਂ ਉਮੀਦ ਕੀਤੀ ਜਾਂਦੀ ਹੈ ਕਿ ਸ਼ਰਧਾ ਤੇ ਵਿਸ਼ਵਾਸ ਸਹਿਤ ਕੀਤੀ ਤਪੱਸਿਆ ਭਗਤਾਂ ਨੂੰ ਦੁਖ-ਮੁਕਤ ਕਰੇਗੀ।
ਭਾਦੋਂ ਦੀ ਚਾਨਣੀ ਚੌਦਸ ਨੂੰ ਲੁਧਿਆਣਾ-ਮਲੇਰਕੋਟਲਾ ਸੜਕ ਉਪਰ ਲੁਧਿਆਣੇ ਤੋਂ 31-32 ਕਿਲੋਮੀਟਰ ਦੂਰ ਪਿੰਡ ਛਪਾਰ ਵਿਖੇ ਵੱਡਾ ਭਾਰਾ ਮੇਲਾ ਲੱਗਦਾ ਹੈ। ਇਹ ਮੇਲਾ ਗੁੱਗੇ ਪੀਰ ਦੀ ਪੂਜਾ ਨੂੰ ਸਮਰਪਿਤ ਹੈ। ਇਸ ਮੇਲੇ ਵਿਚ ਹਰ ਧਰਮ ਅਤੇ ਜਾਤ ਦੇ ਲੋਕ ਇਕੱਠੇ ਹੋ ਕੇ ਆਪਣੀ ਮੰਨਤ ਮੰਗਣ ਤੇ ਸੁੱਖਣਾ ਲਾਹੁਣ ਆਉਂਦੇ ਹਨ। ਮੰਨਤ ਸੋ ਮੰਨਤ, ਇਸ ਮੇਲੇ ‘ਤੇ ਮਲਵਈ ਗਿੱਧਾ ਵੇਖਣ ਲਾਇਕ ਹੁੰਦਾ ਹੈ ਜੋ ਮੁੰਡਿਆਂ ਦੀਆਂ ਢਾਣੀਆਂ ਪਾਉਂਦੀਆਂ ਹਨ। ਮੁੰਡਿਆਂ ਦੀਆਂ ਢਾਣੀਆਂ ਦਾ ਗਿੱਧੇ ਅਤੇ ਬੋਲੀਆਂ ਦਾ ਖੂਬ ਮੁਕਾਬਲਾ ਹੁੰਦਾ ਹੈ। ਇਹ ਬੋਲੀਆਂ ਸਾਡੇ ਪੰਜਾਬੀ ਲੋਕ ਸਾਹਿਤ ਦਾ ਅਹਿਮ ਹਿੱਸਾ ਬਣ ਗਈਆਂ ਹਨ। ਗਰਮੀ ਦੇ ਇਸ ਮੌਸਮ ਵਿਚ ਭੰਗੜੇ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਸੂਰਬੀਰਾਂ ਦਾ ਹੀ ਕੰਮ ਹੈ:
ਆਰੀ…ਆਰੀ…ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਗਤ ਤੋਂ ਭਾਰੀ
ਮੈਂ ਤਾਂ ਮੇਲੇ ਵਿਚ ਆ ਗਿਆ
ਕਰਕੇ ਖੂਬ ਤਿਆਰੀ
ਲੋਹਟ ਬੱਲੀ ਮੈਂ ਸਾਇਕਲ ਖੜ੍ਹਾ’ਤਾ
ਉਥੋਂ ਬੈਠ ਗਿਆ ਲਾਰੀ
ਮੇਲੇ ਦੇ ਵਿਚ ਆ ਕੇ ਵੀਰਨੋ
ਪੀਤੀ ਚਾਹ ਕਰਾਰੀ
ਚਾਹ ਤਾਂ ਪੀ ਕੇ ਹੋਏ ‘ਕੱਠੇ
ਕੀਤੀ ਬੋਲੀਆਂ ਪਾਉਣ ਦੀ ਤਿਆਰੀ
ਝਾਕਾ ਅੱਡਿਆਂ ‘ਤੇ
ਦੇ ‘ਗੀ ਲੋਹੜਿਆਂ ਮਾਰੀ।
ਪੰਜਾਬੀ ਦੇ ਇਨ੍ਹਾਂ ਮੇਲਿਆਂ ਦਾ ਮੁਢਲਾ ਇਤਿਹਾਸ ਕੀ ਸੀ, ਇਹ ਤਾਂ ਕਿਸੇ ਨੂੰ ਨਹੀਂ ਪਤਾ, ਪਰ ਪੰਜਾਬੀਆਂ ਲਈ ਇਹ ਮੇਲੇ ਜੀਵਨ ਦਾ ਇਕ ਜ਼ਰੂਰੀ ਹਿੱਸਾ ਹਨ। ਰੌਣਕ ਮਿਲ ਜਾਂਦੀ ਹੈ, ਸਾਥ ਮਿਲ ਜਾਂਦਾ ਹੈ, ਅੱਖ-ਮਟੱਕਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਕਈ ਉਹ ਪਦਾਰਥ ਖਾਣ ਨੂੰ ਮਿਲ ਜਾਂਦੇ ਹਨ ਜੋ ਘਰ ਅਕਸਰ ਨਹੀਂ ਬਣਾਏ ਜਾ ਸਕਦੇ। ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਵੀ ਅਜਿਹੇ ਮੇਲਿਆਂ ‘ਤੇ ਬੁਲਾ ਲਿਆ ਜਾਂਦਾ ਹੈ। ਕਈ ਵਾਰੀ ਕੁੜੀ ਜਾਂ ਮੁੰਡੇ ਦੇ ਰਿਸ਼ਤੇ ਲਈ ਚੋਰੀ-ਚੋਰੀ ਵੇਖਣ-ਵਿਖਾਉਣ ਦਾ ਕੰਮ ਵੀ ਅਜਿਹੇ ਮੇਲਿਆਂ ‘ਤੇ ਸਹਿਜੇ ਹੀ ਹੋ ਜਾਂਦਾ ਹੈ। ਖੇਤੀਬਾੜੀ ਦੇ ਕਈ ਸੰਦ ਵੀ ਅਜਿਹੇ ਮੌਕਿਆਂ ‘ਤੇ ਵਿਕਣੇ ਆਏ ਹੁੰਦੇ ਹਨ।
ਭਾਵੇਂ ਮੌਸਮ ਪੱਖੋਂ ਭਾਦੋਂ ਦਾ ਮਹੀਨਾ ਜੇਠ-ਹਾੜ ਤੋਂ ਵੀ ਬੁਰਾ ਹੁੰਦਾ ਹੈ ਅਤੇ ਮੇਲ-ਮਿਲਾਪ ਦੇ ਅਨੁਕੂਲ ਨਹੀਂ ਹੁੰਦਾ, ਫਿਰ ਵੀ ਪਤਾ ਨਹੀਂ ਕਿਉਂ ਤੇ ਕਿਵੇਂ ਸਾਉਣ ਮਹੀਨੇ ਦੀਆਂ ਤੀਆਂ ਤੋਂ ਬਾਅਦ ਭਾਦੋਂ ਵਿਚ ਮੁਕਲਾਵਾ ਤੋਰਨ ਦਾ ਰਿਵਾਜ ਤੁਰਿਆ ਆਉਂਦਾ ਹੈ। ਇਸ ਰਿਵਾਜ ਦਾ ਇਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਤੀਆਂ ਤੋਂ ਬਾਅਦ ਅਕਾਰਨ ਇਕ ਹੋਰ ਮਹੀਨਾ ਕੁੜੀ ਨੂੰ ਘਰ ਰੱਖਣਾ ਠੀਕ ਨਹੀਂ ਲੱਗਦਾ ਕਿਉਂਕਿ ਉਸ ਨੇ ਨਵੇਂ ਘਰ ਜਾ ਕੇ ਵੱਸਣਾ ਹੁੰਦਾ ਹੈ ਅਤੇ ਘਰ ਦੇ ਕਾਰਜ ਵੀ ਕਰਨੇ-ਸੰਵਾਰਨੇ ਹੁੰਦੇ ਹਨ। ਖੈਰ! ਕਾਰਨ ਕੋਈ ਵੀ ਹੋਵੇ, ਪਰ ਅਕਸਰ ਕਿਹਾ ਜਾਂਦਾ ਸੀ:
ਤੀਆਂ ਸਾਉਣ ਦੀਆਂ
ਭਾਦੋਂ ਦੇ ਮੁਕਲਾਵੇ।
ਲੋਕ ਬੋਲੀਆਂ ਵਿਚ ਵੀ ਹੀਰ ਦੇ ਮੁਕਲਾਵੇ ਦਾ ਜ਼ਿਕਰ ਹੈ:
ਭਾਦੋਂ ਦਾ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖਬਰ ਨਾ ਕਾਈ।
ਮਹਿੰਦੀ ਸ਼ਗਨਾਂ ਦੀ
ਚੜ੍ਹ ਗਈ ਦੂਣ ਸਵਾਈ।
ਹੌਲੀ ਹੌਲੀ ਭਾਦੋਂ ਵੀ ਆਪਣਾ ਸਮਾਂ ਵਿਹਾ ਲੈਂਦਾ ਹੈ। ਅੱਗੋਂ ਅੱਸੂ ਦਾ ਮਹੀਨਾ ਗੁਲਾਬੀ ਠੰਡ ਦੀ ਰੁੱਤ ਦਾ ਮਹੀਨਾ ਮੰਨਿਆ ਜਾਂਦਾ ਹੈ। ਪੰਜਾਬੀ ਇਸ ਰੁੱਤ ਨੂੰ ਬੜੀ ਤਾਂਘ ਨਾਲ ਉਡੀਕਦੇ ਹਨ ਕਿਉਂਕਿ ਉਸ ਦੇ ਆਉਣ ਨਾਲ ਅੱਗੋਂ ਛੇ ਮਹੀਨੇ ਦੀ ਸੁਹਾਵਣੀ ਤੇ ਸਮਾਗਮੀ ਰੁੱਤ ਸ਼ੁਰੂ ਹੋ ਜਾਂਦੀ ਹੈ।