ਸਿੱਖ ਧਰਮ ਬਾਰੇ ਫਿਲਮਾਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ੀ ਪਹੁੰਚ

-ਜਤਿੰਦਰ ਪਨੂੰ
ਸਿੱਖ ਧਰਮ ਵਿਚ ਕਿਸੇ ਵਿਅਕਤੀ ਨੂੰ ਕਿਸੇ ਫਿਲਮ ਜਾਂ ਨਾਟਕ ਵਿਚ ਗੁਰੂ ਸਾਹਿਬਾਨ ਜਾਂ ਗੁਰੂ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਕਰਨ ਦੇਣੀ ਹੈ ਜਾਂ ਨਹੀਂ, ਇਸ ਬਾਰੇ ਕਦੋਂ ਕਿਸ ਨੇ ਕੀ ਫੈਸਲਾ ਕੀਤਾ, ਸਾਨੂੰ ਜਾਣਕਾਰੀ ਨਹੀਂ ਮਿਲ ਸਕੀ ਤੇ ਬਹੁਤੀ ਖੋਜ ਅਸੀਂ ਇਸ ਬਾਰੇ ਕਰ ਵੀ ਨਹੀਂ ਸਕੇ। ਏਨਾ ਪਤਾ ਹੈ ਕਿ ਕੁਝ ਧਰਮਾਂ ਵਿਚ ਧਾਰਮਿਕ ਹਸਤੀਆਂ ਜਾਂ ਧਰਮ ਦੇ ਮੁਖੀਆਂ ਦੀ ਅਜਿਹੀ ਭੂਮਿਕਾ ਨਿਭਾਉਣ ਦੀ ਰਵਾਇਤ ਨਹੀਂ ਹੈ, ਤੇ ਇਸ ਦੀਆਂ ਦੋ ਮੁੱਖ ਮਿਸਾਲਾਂ ਸਿੱਖ ਧਰਮ ਤੇ ਇਸਲਾਮ ਦੇ ਰੂਪ ਵਿਚ ਸਮਾਜ ਵਿਚ ਮੌਜੂਦ ਹਨ। ਜਦੋਂ ਕਦੇ ਕਿਸੇ ਤਰ੍ਹਾਂ ਦਾ ਸੰਦੇਸ਼ ਦੇਣਾ ਜ਼ਰੂਰੀ ਜਾਪਦਾ ਹੈ ਤਾਂ ‘ਭਾਈ ਮੰਨਾ ਸਿੰਘ’ ਵਜੋਂ ਪ੍ਰਸਿੱਧ ਹੋਏ ਨਾਟਕਕਾਰ ਗੁਰਸ਼ਰਨ ਸਿੰਘ ਵਾਂਗ ਇਸ ਨੂੰ ਦੂਜੇ ਪਾਤਰਾਂ ਦੇ ਮੂੰਹੋਂ ਗੱਲਬਾਤ ਦੇ ਜ਼ਿਕਰ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ।

ਅੱਜ ਕੱਲ੍ਹ ਐਨੀਮੇਸ਼ਨ ਦਾ ਯੁੱਗ ਸ਼ੁਰੂ ਹੋ ਚੁਕਾ ਹੈ। ਇਸ ਬਾਰੇ ਕਿਤੇ ਕੋਈ ਹੱਦ ਮਿੱਥਣੀ ਹੈ ਜਾਂ ਨਹੀਂ, ਸਬੰਧਤ ਧਰਮ ਦੀ ਲੀਡਰਸ਼ਿਪ ਆਪੇ ਫੈਸਲਾ ਕਰਦੀ ਰਹੇ, ਪਰ ‘ਨਾਨਕ ਸ਼ਾਹ ਫਕੀਰ’ ਦੇ ਕੇਸ ਨੇ ਸਾਬਤ ਕਰ ਦਿੱਤਾ ਹੈ ਕਿ ਹੋਰ ਕੋਈ ਭਾਵੇਂ ਕਰ ਸਕਦਾ ਹੋਵੇ, ਸਿੱਖਾਂ ਦੀ ਅਗਵਾਈ ਦਾ ਦਾਅਵਾ ਕਰਨ ਵਾਲੇ ਆਗੂ ਜਾਂ ਸੰਸਥਾਵਾਂ ਸਿਰਫ ਉਲਝਣਾਂ ਵਧਾ ਸਕਦੀਆਂ ਹਨ, ਕੋਈ ਮਿਆਰ ਨਹੀਂ ਮਿੱਥ ਸਕਦੀਆਂ।
ਇਸ ਵਕਤ ਸੰਸਾਰ ਭਰ ਵਿਚ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਮੁੱਦੇ ਤੋਂ ਹੰਗਾਮਾ ਹੁੰਦਾ ਪਿਆ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿਚ ਇਹ ਮੁੱਦਾ ਉਭਰਿਆ ਸੀ ਕਿ ਉਹ ਹਿੰਦੂਆਂ ਦੇ ਗੁਰੂ ਹਨ, ਕਿਉਂਕਿ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਸਨ, ਜਾਂ ਮੁਸਲਮਾਨਾਂ ਦੇ ਵੀ ਗੁਰੂ ਮੰਨੇ ਜਾ ਸਕਦੇ ਹਨ, ਤੇ ਲੋਕ-ਮੁਹਾਵਰੇ ਵਿਚ ਇਸ ਦਾ ਹੱਲ ਪੇਸ਼ ਹੋ ਗਿਆ ਸੀ ਕਿ ‘ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।’ ਉਹ ਸਭਨਾਂ ਲੋਕਾਂ ਨੇ ਸਾਂਝੇ ਮਾਰਗ ਦਰਸ਼ਕ ਵਜੋਂ ਪ੍ਰਵਾਨ ਕੀਤੇ ਸਨ ਤੇ ਕੱਟੜਪੰਥ ਦੇ ਉਬਾਲਿਆਂ ਵਾਲਾ ਸਮਾਂ ਲਾਂਭੇ ਕਰ ਦਿੱਤਾ ਜਾਵੇ ਤਾਂ ਉਹ ਅੱਜ ਵੀ ਸਭ ਦੇ ਸਾਂਝੇ ਮੰਨੇ ਜਾ ਸਕਦੇ ਹਨ। ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਵਿਵਾਦ ਸਿਰਫ ਸਿੱਖ ਸਮਾਜ ਵਿਚ ਹੈ, ਗੈਰ ਸਿੱਖਾਂ ਵਿਚਲੇ ਕਿਸੇ ਵੀ ਨਾਨਕ-ਪੰਥੀ ਨੂੰ ਇਸ ਨਾਲ ਮਤਲਬ ਨਹੀਂ ਜਾਪਦਾ। ਸਿੱਖਾਂ ਵਿਚ ਵੀ ਇਸ ਬਾਰੇ ਵਿਵਾਦ ਹੈ ਤਾਂ ਕਾਰਨ ਇਹ ਹੈ ਕਿ ਇਸ ਧਰਮ ਦੀ ਅਗਵਾਈ ਕਰਨ ਵਾਲਿਆਂ ਨੂੰ ਨਾ ਸਿੱਖੀ ਸਿਧਾਂਤ ਦੀ ਸੋਝੀ ਹੈ, ਨਾ ਸਮਾਜੀ ਵਿਹਾਰ ਦੀ ਲਾਜ ਹੈ, ਉਹ ਸਿਰਫ ਗੋਲਕ ਵੱਲ ਝਾਕ ਸਕਦੇ ਹਨ ਜਾਂ ਗੋਲਕ ਵਰਗੇ ਬਾਹਰੋਂ ਮਿਲਦੇ ਗੱਫਿਆਂ ਦੀ ਝਾਕ ਵਿਚ ਰਹਿੰਦੇ ਹਨ। ਇਸ ਫਿਲਮ ਵਾਲੇ ਮਾਮਲੇ ਦੀਆਂ ਉਲਝਣਾਂ ਦੌਰਾਨ ਪਲ-ਪਲ ਬਦਲਦੇ ਪੈਂਤੜੇ ਇਸੇ ਲਈ ਵੇਖਣ ਨੂੰ ਮਿਲਦੇ ਪਏ ਹਨ।
ਜਦੋਂ ਇਸ ਫਿਲਮ ਦਾ ਵਿਵਾਦ ਵਧ ਕੇ ਲੋਕਾਂ ਵਿਚ ਪਹੁੰਚ ਗਿਆ ਤਾਂ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਇੱਕ ਹੁਕਮਨਾਮਾ ਜਾਰੀ ਕਰ ਕੇ ਫਿਲਮ ਦੇ ਡਾਇਰੈਕਟਰ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ ਹੈ। ਫਿਲਮ ਡਾਇਰੈਕਟਰ ਜਾਣੇ ਤੇ ਉਸ ਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਵਾਲੇ ਜਾਣਨ, ਇਸ ਬਾਰੇ ਅਸੀਂ ਕੁਝ ਕਹਿਣ ਦੀ ਲੋੜ ਨਹੀਂ ਸਮਝਦੇ, ਪਰ ਹੁਕਮਨਾਮੇ ਵਿਚ ਇਹ ਵੀ ਦਰਜ ਹੈ ਕਿ ‘ਇਹ ਫਿਲਮ ਸਿੱਖ ਕੌਮ ਦਾ ਘਾਣ ਕਰਾਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ।’
ਇਸ ਕਾਰਨ ਇਹ ਗੱਲ ਸੋਚਣ ਵਾਲੀ ਹੈ ਕਿ ‘ਸਾਜ਼ਿਸ਼’ ਕਰਨ ਦੇ ਦੋਸ਼ ਦੀ ਉਂਗਲ ਕਿਸ ਵੱਲ ਉਠਾਈ ਗਈ ਹੈ ਤੇ ਇਹ ਵੀ ਕਿ ਅਸਲ ਵਿਚ ਕਿਸ ਵੱਲ ਉਠਣੀ ਚਾਹੀਦੀ ਹੈ। ਇਹ ਗੱਲ ਲੁਕੀ ਨਹੀਂ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਡਾਇਰੈਕਟਰ ਨੂੰ ਪਹਿਲਾਂ ਪ੍ਰਵਾਨਗੀ ਦੀਆਂ ਚਿੱਠੀਆਂ ਦੇ ਦਿੱਤੀਆਂ ਗਈਆਂ ਤੇ ਫਿਰ ਉਸ ਦੇ ਖਿਲਾਫ ਦੁਹਾਈ ਪਾਈ ਗਈ ਹੈ। ਵੱਡਾ ਮੁੱਦਾ ਤਾਂ ਇਹੋ ਹੈ ਕਿ ਉਹ ਕੌਣ ਲੋਕ ਹਨ, ਜੋ ਅਜਿਹੀਆਂ ਚਿੱਠੀਆਂ ਦੇ ਦਿੰਦੇ ਤੇ ਫਿਰ ਖੁਦ ਹੀ ਉਹ ਚਿੱਠੀਆਂ ਰੱਦ ਕਰ ਸਕਦੇ ਹਨ। ਇਹ ਵੀ ਮੁੱਦਾ ਹੈ ਕਿ ਉਹ ਏਦਾਂ ਦਾ ਕੰਮ ਖੁਦ ਕਰਦੇ ਹਨ ਕਿ ਕੋਈ ਸਿਆਸੀ ਦਬਦਬੇ ਵਾਲੀ ਹਸਤੀ ਏਦਾਂ ਦਾ ਕੰਮ ਕਰਵਾਉਂਦੀ ਹੈ ਤੇ ਜੇ ਆਪ ਕਰਦੇ ਹਨ ਤਾਂ ਪੁੰਨਾਂ-ਹੱਥੀ ਕਰਦੇ ਹਨ ਜਾਂ ‘ਚਿੱਠੀ-ਲਿਖਵਾਈ’ ਦੀ ਭੇਟਾ ਵੀ ਖਰੀ ਕਰ ਲੈਂਦੇ ਹਨ! ਇਸ ਤਰ੍ਹਾਂ ਇਹ ਮੁੱਦਾ ਆਪਣੇ ਆਪ ਵਿਚ ‘ਸਾਜ਼ਿਸ਼’ ਹੈ।
ਇਸ ਵੇਲੇ ਵਿਵਾਦ ਵਿਚ ਫਸੀ ਫਿਲਮ ਦੇ ਡਾਇਰੈਕਟਰ ਨੂੰ ਮਿਲੀ ਚਿੱਠੀ ਬਾਰੇ ਪਹਿਲਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਕਿਹਾ ਕਿ ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਨੇ ਦਿੱਤੀ ਸੀ। ਅੱਗੋਂ ਸਾਬਕਾ ਚੀਫ ਸੈਕਟਰੀ ਨੇ ਕਹਿ ਦਿੱਤਾ ਕਿ ਉਸ ਨੇ ਕੋਈ ਚਿੱਠੀ ਨਹੀਂ ਦਿੱਤੀ, ਉਸ ਦੀ ਡਿਊਟੀ ਇੱਕ ਕਮੇਟੀ ਨਾਲ ਜਾ ਕੇ ਫਿਲਮ ਵੇਖਣ ਤੇ ਉਸ ਦੀ ਰਿਪੋਰਟ ਦੇਣ ਦੀ ਸੀ ਤੇ ਉਨ੍ਹਾਂ ਦੀ ਰਿਪੋਰਟ ਤੋਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਿੱਠੀ ਜਾਰੀ ਕਰ ਦਿੱਤੀ ਸੀ। ਏਨੀ ਗੱਲ ਨਾਲ ਸਿੱਧਾ ਇਸ਼ਾਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਹੋ ਗਿਆ ਤਾਂ ਅਗਲੀ ਗੱਲ ਨਿਕਲ ਤੁਰੀ ਕਿ ਅਕਾਲ ਤਖਤ ਦੇ ਜਥੇਦਾਰ ਨੇ ਜਦੋਂ ਸਿਰਸਾ ਦੇ ਸੱਚਾ ਸੌਦਾ ਡੇਰੇ ਵਾਲੇ ਬਾਬੇ ਵਾਸਤੇ ਮੁਆਫੀਨਾਮਾ ਜਾਰੀ ਕੀਤਾ ਸੀ, ਉਸ ਦੀ ਚਿੱਠੀ ਵੀ ਖੁਦ ਨਹੀਂ ਸੀ ਬਣਾਈ, ਇਸ ਵਾਰ ਵੀ ਆਪਣੇ ਆਪ ਨਹੀਂ ਲਿਖੀ ਹੋਣੀ! ਏਨੀ ਗੱਲ ਦੀ ਚਰਚਾ ਨਾਲ ਇਹ ਮੁੱਦਾ ਇੱਕ ਵੱਡੇ ਸਿਆਸੀ ਘਰਾਣੇ ਨਾਲ ਜੁੜਨ ਲੱਗ ਪਿਆ ਤੇ ਉਸ ਘਰਾਣੇ ਦੇ ਲੋਕ ਬੋਲ ਨਹੀਂ ਰਹੇ। ਸਾਜ਼ਿਸ਼ ਦੀ ਗੱਲ ਕਹਿ ਕੇ ਸੰਸਾਰ ਭਰ ਦੇ ਸਿੱਖ ਭਾਈਚਾਰੇ ਨੂੰ ਜੋ ਸੰਕੇਤ ਕੀਤਾ ਗਿਆ ਹੈ, ਜੇ ਉਸ ਸੰਕੇਤ ਦੀ ਨਿਸ਼ਾਨਦੇਹੀ ਚਿੱਠੀਆਂ ਦੇ ਰੂਪ ਵਿਚ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਤੱਕ ਜਾਂਦੀ ਹੈ ਤਾਂ ਪਰਦਾ ਵੀ ਉਠਣ ਦੇਣਾ ਚਾਹੀਦਾ ਹੈ।
ਇਹ ਗੱਲ ਅਸੀਂ ਇਸ ਕਰ ਕੇ ਕਹੀ ਹੈ ਕਿ ਤਾਜ਼ਾ ਹੁਕਮਨਾਮੇ ਵਿਚ 1978 ਦੇ ਹੁਕਮਨਾਮੇ ਦਾ ਜ਼ਿਕਰ ਵੀ ਕੀਤਾ ਗਿਆ ਹੈ, ਪਰ ਉਹ ਹੁਕਮਨਾਮਾ ਜਿਨ੍ਹਾਂ ਨਿਰੰਕਾਰੀਆਂ ਦੇ ਖਿਲਾਫ ਕੀਤਾ ਗਿਆ ਸੀ, ਅਕਾਲੀ ਲੀਡਰਸ਼ਿਪ ਅੱਜ ਤੱਕ ਇਹ ਨਹੀਂ ਦੱਸ ਸਕੀ ਕਿ ਉਨ੍ਹਾਂ ਨਿਰੰਕਾਰੀਆਂ ਨਾਲ ਉਸ ਹੁਕਮਨਾਮੇ ਤੋਂ ਪਹਿਲਾਂ ਕਿੱਦਾਂ ਦੇ ਸਬੰਧ ਸਨ? ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ ਕਿ 1978 ਦਾ ਹੁਕਮਨਾਮਾ ਜਾਰੀ ਹੋਣ ਤੋਂ ਮਸਾਂ ਤੇਰਾਂ ਮਹੀਨੇ ਪਹਿਲਾਂ ਉਨ੍ਹਾਂ ਹੀ ਨਿਰੰਕਾਰੀਆਂ ਦੇ ਮੁਖੀ ਵੱਲ ਲਗਭਗ ਸਾਰੇ ਵੱਡੇ ਅਕਾਲੀ ਲੀਡਰਾਂ ਨੇ ਵੋਟਾਂ ਮੰਗਣ ਲਈ ਜਦੋਂ ਚਿੱਠੀਆਂ ਲਿਖੀਆਂ ਤਾਂ ਉਨ੍ਹਾਂ ਦਾ ਮੁੱਢ ‘ਹਿੱਜ਼ ਹਾਈਨੈਸ ਸ੍ਰੀ ਸਤਿਗੁਰੂ ਗੁਰਬਚਨ ਸਿੰਘ ਜੀ ਮਹਾਰਾਜ’ ਦੇ ਸ਼ਬਦਾਂ ਨਾਲ ਹੁੰਦਾ ਸੀ। ਕਮਾਲ ਦੀ ਗੱਲ ਹੈ ਕਿ ਸਿਰਫ ਤੇਰਾਂ ਮਹੀਨੇ ਪਹਿਲਾਂ ਜਿਸ ਨੂੰ ‘ਹਿੱਜ਼ ਹਾਈਨੈਸ ਸ੍ਰੀ ਸਤਿਗਰੂ ਜੀ’ ਲਿਖਿਆ ਜਾਂਦਾ ਰਿਹਾ ਸੀ, ਉਸ ਨਾਲ ਨੇੜਤਾ ਰੱਖਣ ਵਾਲੇ ਅਕਾਲੀ ਲੀਡਰ ਹੀ ਬਾਅਦ ਵਿਚ ਉਸ ਨੂੰ ‘ਸਾਜ਼ਿਸ਼’ ਦਾ ਹਿੱਸਾ ਦੱਸ ਕੇ ਰੌਲਾ ਪਾਉਣ ਲੱਗੇ ਸਨ। ਫਿਰ ਡੇਰਾ ਸੱਚਾ ਸੌਦਾ ਦੇ ਮੁਖੀ ਕੋਲ ਹਰ ਚੋਣ ਵਿਚ ਜਾ ਕੇ ਉਸ ਦੀ ਚਰਨ-ਬੰਦਨਾ ਕਰਦੇ ਰਹਿਣ ਵਾਲੇ ਅਕਾਲੀ ਲੀਡਰਾਂ ਨੇ ਉਸ ਵਿਰੁਧ ਸੰਸਾਰ ਭਰ ਦੇ ਸਿੱਖਾਂ ਨੂੰ ਭੜਕਾਇਆ ਤੇ ਪੰਜ ਸਾਲ ਬਾਅਦ ਵਿਧਾਨ ਸਭਾ ਚੋਣਾਂ ਵਿਚ ਉਸ ਦੀਆਂ ਵੋਟਾਂ ਲੈਣ ਲਈ ਉਸ ਉਤੇ ਚੱਲਦਾ ਕੇਸ ਚੁੱਪ-ਚੁਪੀਤੇ ਵਾਪਸ ਕਰਾਉਣ ਦਾ ਐਫੀਡੇਵਿਟ ਪੇਸ਼ ਕਰਵਾ ਦਿੱਤਾ ਸੀ। ਏਡੀ ਵੱਡੀ ਸਾਜ਼ਿਸ਼ੀ ਹਰਕਤ ਨੂੰ ਅੱਜ ਤੱਕ ਅਕਾਲ ਤਖਤ ਜਾਂ ਕਿਸੇ ਵੀ ਹੋਰ ਸਿੱਖ ਅਦਾਰੇ ਨੇ ਕਦੀ ਸਾਜ਼ਿਸ਼ ਨਹੀਂ ਆਖਿਆ, ਤੇ ਕਦੇ ਆਖਣਾ ਵੀ ਨਹੀਂ।
ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਕੇਸ ਵਿਚ ਏਧਰ-ਓਧਰ ਸਾਜ਼ਿਸ਼ੀਆਂ ਦੀ ਭਾਲ ਕਰਨ ਦਾ ਸਾਂਗ ਹੋਈ ਜਾ ਰਿਹਾ ਹੈ, ਪਰ ਸ਼੍ਰੋਮਣੀ ਕਮੇਟੀ ਵਿਚ ਬੈਠੇ ਉਹ ਲੋਕ ਕਾਰਵਾਈ ਦੇ ਦਾਇਰੇ ਤੋਂ ਬਾਹਰ ਹਨ, ਜੋ ਫਿਲਮ ਦੀ ਹਰ ਸਰਗਰਮੀ ਨਾਲ ਜੁੜੇ ਦੱਸੇ ਜਾਂਦੇ ਹਨ। ਮਿਸਾਲ ਵਜੋਂ ਫਿਲਮ ਦਾ ਪਰੋਮੋ ਜਾਰੀ ਕਰਨ ਵਿਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਦਾ ਨਾਂ ਆਉਂਦਾ ਹੈ, ਉਸ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਨੂੰ ਜੇਬ ਵਿਚ ਰੱਖਣ ਦਾ ਭਰਮ ਪਾਲਣ ਵਾਲੀ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੈ। ਜਦੋਂ ਬੁੱਕਲ ਵਿਚ ਚੋਰ ਬੈਠੇ ਹੋਏ ਹਨ ਤਾਂ ਫਿਰ ਸਾਜ਼ਿਸ਼ ਦਾ ਰੌਲਾ ਕਿਸ ਦੇ ਖਿਲਾਫ ਤੇ ਕਿਹੜੇ ਮਕਸਦ ਲਈ ਪਾਇਆ ਜਾਂਦਾ ਹੈ? ਗੱਲ ਸਿਰਫ ਇੱਕ ਫਿਲਮ ਦੀ ਨਹੀਂ, ਪਿਛਲੇ ਦਸ ਸਾਲਾਂ ਵਿਚ ਕੁਝ ਕਿਤਾਬਾਂ ਬਾਰੇ ਵੀ ਅਜਿਹੀ ਦੂਸ਼ਣਬਾਜ਼ੀ ਹੁੰਦੀ ਰਹੀ ਤੇ ਕਦੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਦੀ ਜਾਂਚ ਹੋਈ ਕਿ ਨਹੀਂ ਤੇ ਜੇ ਹੋਈ ਸੀ ਤਾਂ ਸਿੱਟਾ ਕੀ ਨਿਕਲਿਆ ਸੀ? ਆਮ ਲੋਕਾਂ ਤੇ ਲੇਖਕਾਂ ਜਾਂ ਫਿਲਮਕਾਰਾਂ ਨੂੰ ਸ਼ਿਕਾਇਤਾਂ ਦੇ ਦੋਸ਼ ਹੇਠ ਚਿੱਠੀਆਂ ਜਾਰੀ ਕਰਨ ਤੇ ਫਿਰ ਅੰਦਰਖਾਤੇ ਮਾਮਲੇ ਮੁਕਾਉਣ ਦੀ ਜੋ ਬਦਨਾਮੀ ਚਿਰਾਂ ਤੋਂ ਹੋਈ ਜਾ ਰਹੀ ਸੀ, ਇਸ ਫਿਲਮ ਦਾ ਵਿਵਾਦ ਵੀ ਓਸੇ ਵਰਤਾਰੇ ਨਾਲ ਜੁੜਦਾ ਮਹਿਸੂਸ ਹੁੰਦਾ ਹੈ।