ਚੀਸ ਚੁਰਾਸੀ: ਚਿੱਤਰਕਾਰ ਪ੍ਰੇਮ ਸਿੰਘ ਦਾ ‘ਝੁਲਸਿਆ ਸ਼ਹਿਰ’

ਪ੍ਰਸਿੱਧ ਚਿੱਤਰਕਾਰ ਪ੍ਰੇਮ ਸਿੰਘ ਨੇ 1984 ਵਿਚ ਸਿੱਖਾਂ ਦੇ ਕਤਲੇਆਮ ਨੂੰ ਰੂਪਮਾਨ ਕਰਦੀ ਚਿੱਤਰ-ਲੜੀ ‘ਇਮੇਜਿਜ਼ ਆਫ ਸਕਾਰਡ ਸਿਟੀ’ (ਝੁਲਸੇ ਹੋਏ ਸ਼ਹਿਰ ਦੇ ਚਿੱਤਰ) ਬਣਾਈ ਸੀ। ਕਲਾ ਸਮੀਖਿਅਕ ਅਤੇ ਸ਼ਾਇਰ ਜਗਤਾਰਜੀਤ ਸਿੰਘ ਨੇ ਇਨ੍ਹਾਂ ਚਿੱਤਰਾਂ ਵਿਚੋਂ ਇਕ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਬਹੁਤ ਸਰਲ ਚਿੱਤਰ ਦੀ ਬਹੁਤ ਸਰਲ ਵਿਆਖਿਆ ਨਾਲ ਇਸ ਚਿੱਤਰ ਵਿਚੋਂ ਦਰਦ ਦੀਆਂ ਲਕੀਰਾਂ ਬਣਦੀਆਂ ਦਰਸ਼ਕ/ਪਾਠਕ ਮਹਿਸੂਸ ਕਰਨ ਲਗਦਾ ਹੈ।

-ਸੰਪਾਦਕ

ਜਗਤਾਰਜੀਤ ਸਿੰਘ
ਫੋਨ: 91-98990-91186

ਪ੍ਰੇਮ ਸਿੰਘ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਚਿੱਤਰ ਰਚਨਾ ਕਰ ਰਿਹਾ ਹੈ। ਨਿਰੰਤਰਤਾ ਉਸ ਦੀ ਰੁਚੀ ਅਤੇ ਝੁਕਾਅ ਨੂੰ ਉਭਾਰਦੀ ਹੈ। ਜਾਹਰ ਹੈ, ਇੰਨੇ ਲੰਮੇ ਵਕਫੇ ਵਿਚ ਫੈਲੇ ਪ੍ਰਗਟਾਵੇ ਦਾ ਇਕ ਵਿਸ਼ਾ ਜਾਂ ਮਾਧਿਅਮ ਨਹੀਂ ਹੋ ਸਕਦਾ। ਆਪਣੀ ਬਦਲਦੀ ਸੋਚ ਨਾਲ ਆਲੇ-ਦੁਆਲੇ ਦੀ ਉਥਲ-ਪੁਥਲ ਰਚਨਾਕਾਰ ਨੂੰ ਪ੍ਰਭਾਵਿਤ ਕਰਦੀ ਹੈ। ਉਂਜ ਜ਼ਰੂਰੀ ਨਹੀਂ ਕਿ ਰਚੈਤਾ ਹਰ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਰੱਖੇ। ਇਸ ਦੇ ਬਾਵਜੂਦ ਸਮਾਜ ਪ੍ਰਤੀ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਉਹ ਆਪਣੀ ਸਮਰੱਥਾ ਅਨੁਸਾਰ ਨਿਭਾਉਂਦਾ-ਨਜਿੱਠਦਾ ਹੈ।
ਪ੍ਰੇਮ ਸਿੰਘ ਦਾ ਸਮੁੱਚਾ ਕੰਮ ਪੜਾਵਾਂ ‘ਚ ਵੰਡਿਆ ਹੋਇਆ ਹੈ। ਆਮ ਤੌਰ ‘ਤੇ ਚਿੱਤਰਕਾਰ ਰੋਗਨੀ ਰੰਗ ਇਸਤੇਮਾਲ ਕਰਦੇ ਹਨ ਤਾਂ ਵੀ ਕਿਸੇ ਵੇਲੇ ਖਾਸ ਪੜਾਅ, ਖਾਸ ਮਾਧਿਅਮ ਵਿਚ ਹੀ ਸ਼ੋਭਦਾ ਹੈ। ਚਿੱਤਰਕਾਰ ਪ੍ਰੇਮ ਸਿੰਘ ਦੇ ਜੀਵਨ ਵਿਚ ਅਜਿਹਾ ਦੌਰ ਵੀ ਆਉਂਦਾ ਹੈ, ਜਦੋਂ ਉਹ ਸਿਆਹ ਸਮੇਂ ਦੀਆਂ ਘਟਨਾਵਾਂ ਨੂੰ ਲਕੀਰਦਾ ਹੈ, ਜਦ ਸਿੱਖ ਆਪਣੇ ਹੀ ਦੇਸ਼ ਵਿਚ ਹਿੰਸਾ ਦਾ ਸ਼ਿਕਾਰ ਹੋਏ ਸਨ।
ਅੱਜ ਕੱਲ੍ਹ ਦਾ ਬੰਦਾ ਵੀ ਹਿੰਸਾ ਦਾ ਵਾਹਕ ਬਣ ਕੇ ਖੁਦ ‘ਤੇ ਮਾਣ ਕਰਦਾ ਹੈ। ਅੱਜ ਦਾ ਦੌਰ ਸੋਚ ਨੂੰ 33-34 ਸਾਲ ਪਿੱਛੇ ਲੈ ਜਾਂਦਾ ਹੈ ਜਦੋਂ ਸਾਰੇ ਦੇਸ਼ ਵਿਚ ਇਕਸਾਰ ਹਿੰਸਾ ਫੈਲੀ ਸੀ। ਸਿੱਖਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਵੱਡੀ ਗਿਣਤੀ ਵਿਚ ਲੋਕ ਇਕਮੁੱਠ ਹੋ ਗਏ ਸਨ। ਹੁਣ ਦੇ ਹਾਲਾਤ ਉਨ੍ਹਾਂ ਦਿਨਾਂ ਤੋਂ ਵੱਖਰੇ ਨਹੀਂ ਹਨ। ਸੰਨ ਚੁਰਾਸੀ ਦੀ ਹਿੰਸਾ ਨੇ ਭਾਰਤ ਵਿਚ ਹੋਣ ਵਾਲੀ ਹਿੰਸਾ ਨੂੰ ਨਵਾਂ ਮੋੜ ਦਿੱਤਾ।
ਦਿੱਲੀ ਦੰਗਿਆਂ ਤੋਂ ਹਫਤਾ ਕੁ ਬਾਅਦ ਪ੍ਰੇਮ ਸਿੰਘ ਚੰਡੀਗੜ੍ਹੋਂ ਦਿੱਲੀ ਆਉਂਦਾ ਹੈ ਤਾਂ ਕਿ ਸ੍ਰੀਧਰਾਣੀ ਆਰਟ ਗੈਲਰੀ ਵਿਚ ਆਪਣੇ ਕੰਮ ਦੀ ਨੁਮਾਇਸ਼ ਲਾ ਸਕੇ। ਸ਼ੋਅ ਦੌਰਾਨ ਪੇਂਟਰ ਦਿੱਲੀ ਦੇ ਮਾਹੌਲ ਨੂੰ ਦੇਖਦਾ ਹੈ, ਮਿਲਣ ਆਏ ਲੋਕਾਂ ਦੀ ਹੱਡਬੀਤੀ ਸੁਣਦਾ ਹੈ। ਜੋ ਕੁਝ ਵੀ ਦੇਖਿਆ-ਸੁਣਿਆ ਜਾਂਦਾ ਹੈ, ਉਹ ਚਿੱਤਰਕਾਰ ਦੇ ਮਨ ਨੂੰ ਬੁਰੀ ਤਰ੍ਹਾਂ ਵਲੂੰਧਰਦਾ ਹੈ। ਦੇਖਿਆ-ਸੁਣਿਆ ਉਸ ਦੇ ਪ੍ਰਗਟਾਵੇ ਨੂੰ ਬਦਲ ਦਿੰਦਾ ਹੈ ਅਤੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਹੁੰਦੀ ਹੈ। ਪ੍ਰੇਮ ਸਿੰਘ ‘ਇਮੇਜਿਜ਼ ਆਫ ਸਕਾਰਡ ਸਿਟੀ’ ਦੇ ਸਿਰਲੇਖ ਨਾਲ ਨਵੀਂ ਚਿੱਤਰ ਲੜੀ ਸ਼ੁਰੂ ਕਰਦਾ ਹੈ। ਦਿਖਾਈ ਦੇ ਰਿਹਾ ਰੇਖਾਂਕਣ ਉਸੇ ਲੜੀ ਵਿਚੋਂ ਇਕ ਹੈ। ਇਕ ਆਕਾਰ ਦਰਸ਼ਕ ਵੱਲ ਪਿੱਠ ਕਰ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਆਕਾਰ ਦੀ ਪਿੱਠ ਤਾਂ ਸਾਡੇ ਵੱਲ ਹੈ, ਪਰ ਉਹ ਦੇਖ ਬਾਹਰ ਵੱਲ ਰਿਹਾ ਹੈ ਅਤੇ ਜਿਸ ਅੱਗੇ ਖੜ੍ਹਾ ਹੋ ਕੇ ਦੇਖਿਆ ਜਾ ਰਿਹਾ ਹੈ, ਉਹ ਘਰ ਦਾ ਦਰਵਾਜਾ ਹੈ। ਡਰਾਇੰਗ ਦੱਸਦੀ ਹੈ ਕਿ ਬਾਹਰ ਘੁੱਪ ਹਨੇਰਾ ਹੈ। ਜਾਹਰ ਹੈ, ਦੇਖਣ ਵਾਲੇ ਦੀਆਂ ਅੱਖਾਂ ਦੂਰ ਦੂਰ ਤੱਕ ਤਾਂ ਕੀ, ਹੱਥ ਦੋ ਹੱਥ ਤੱਕ ਦੇਖਣੋਂ ਅਸਮਰੱਥ ਹਨ।
ਇਹਦੇ ਨਾਲ ਜੁੜਵੀਂ ਇਕਾਈ ਹੈ, ਅੱਗ ਦੀਆਂ ਨਿੱਕੀਆਂ ਨਿੱਕੀਆਂ ਪਰ ਸੰਘਣੀਆਂ ਲਾਟਾਂ ਹਨ ਜੋ ਬਾਹਰ ਵੱਲ ਫੈਲ ਰਹੀਆਂ ਹਨ। ਆਇਤਕਾਰ ਸਿਆਹ ਦਰਵਾਜੇ ਦੁਆਲੇ ਚੁਗਾਠ ਹੋਣੀ ਚਾਹੀਦੀ ਸੀ, ਪਰ ਹੈ ਨਹੀਂ। ਦਰਵਾਜੇ ਦੇ ਤਿੰਨ ਪਾਸੇ ਅੱਗ ਦੀਆਂ ਲਪਟਾਂ ਹਨ। ਏਧਰ ਖੜ੍ਹਾ ਆਕਾਰ ਜੇ ਬਾਹਰ ਪੈਰ ਪੁੱਟਦਾ ਹੈ ਤਾਂ ਉਹ ਅੱਗ ਦੀ ਲਪੇਟ ਵਿਚ ਆ ਸਕਦਾ ਹੈ।
ਇਹ ਸਥਿਤੀ ਸਾਧਾਰਨ ਜਿਹੀ ਲੱਗਦੀ ਹੈ। ਕਿਸੇ ਹੋਰ ਵੇਰਵੇ ਦਾ ਨਾ ਹੋਣਾ, ਇਸ ਨੂੰ ਹੋਰ ਸਾਧਾਰਨ ਬਣਾ ਦਿੰਦਾ ਹੈ। ਅਸੀਂ ਇਸੇ ਸਾਧਾਰਨਤਾ ਵਿਚੋਂ ਕੁਝ ਲੱਭਣਾ ਹੈ। ਕਾਗਜ਼ ‘ਤੇ ਬਣੀ ਇਸ ਡਰਾਇੰਗ ਵਾਸਤੇ ਕਾਲੀ ਸਿਆਹੀ ਤੋਂ ਬਿਨਾ ਕਿਸੇ ਹੋਰ ਰੰਗ ਦੀ ਵਰਤੋਂ ਨਹੀਂ ਹੋਈ। ਦਰਵਾਜੇ ਤੋਂ ਬਾਹਰ ਖੜ੍ਹਾ ਹਨੇਰਾ, ਚੁਗਾਠ ਦੁਆਲੇ ਅੱਗ ਦੇ ਕਲੀਰੇ ਅਤੇ ਖੁਦ ਮਾਨਵੀ ਆਕਾਰ ਕਾਲੀ ਸਿਆਹੀ ਨਾਲ ਰੂਪਮਾਨ ਹੋਇਆ ਹੈ।
ਮਾਨਵੀ ਆਕਾਰ ਪੁਰਖ ਦਾ ਨਹੀਂ ਸਗੋਂ ਇਸਤਰੀ ਦਾ ਹੈ। ਇਹ ਚਿੱਤਰ ਦੇ ਭਾਵ ਅਤੇ ਪ੍ਰਭਾਵ ਨੂੰ ਬਦਲ ਦਿੰਦੀ ਹੈ। ਚਿੱਤਰ ਦੇ ਪਿਛੋਕੜ ਵਿਚ ਵਾਪਰੀ ਦੁਖਪੂਰਨ ਘਟਨਾ ਹੈ ਜਿਸ ਅਨੁਸਾਰ ਮੌਤ, ਅੱਗ ਅਤੇ ਤਬਾਹੀ ਤੁਰ ਕੇ ਘਰਾਂ ਤਕ ਆਈ ਸੀ। ਦਿਸ ਰਿਹਾ ਦ੍ਰਿਸ਼ ਇਨ੍ਹਾਂ ਇਕਾਈਆਂ ਦੇ ਆ ਕੇ ਤੁਰ ਜਾਣ ਦਾ ਹੈ, ਪਰ ਉਹ ਆਪਣੀਆਂ ਨਿਸ਼ਾਨੀਆਂ ਪਿੱਛੇ ਛੱਡ ਕੇ ਗਈਆਂ ਹਨ। ਇਕਾਈਆਂ ਦਾ ਰਹਿਣਾ, ਭਾਵ ਡਰ ਦਾ ਟਿਕੇ ਰਹਿਣਾ ਹੈ।
ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਯੁੱਧ ਸੰਤਾਪ ਹੰਢਾਉਣ ਦਾ ਕੇਂਦਰ ਸਦਾ ਇਸਤਰੀ ਹੁੰਦੀ ਹੈ। ਇਹ ਸੱਚ ਹੈ ਕਿ ਚੁਰਾਸੀ ਦੀ ਹਿੰਸਾ ਦਾ ਸ਼ਿਕਾਰ ਅਣਜੰਮੇ ਬੱਚਿਆਂ ਤੋਂ ਲੈ ਕੇ ਮਰਨ ਨੂੰ ਝੂਰਦੇ ਜੀਆਂ ਤੱਕ ਨੂੰ ਬਣਾਇਆ ਗਿਆ। ਮਰਨ ਵਾਲਿਆਂ ਤੋਂ ਵੱਧ ਜਿਉਂਦੇ ਰਹਿ ਗਿਆਂ ਵਾਸਤੇ ਜੀਵਨ ਦੇ ਅਰਥ ਹੀ ਬਦਲ ਜਾਂਦੇ ਹਨ। ਲਕੀਰੀ ਚਿੱਤਰ ਦੀ ਪਾਤਰ, ਇਹਦਾ ਸੰਕੇਤ ਹੈ। ਇਹਦੇ ਲਈ ਘਰ ਅੰਦਰ ਟਿਕੇ ਰਹਿਣਾ ਜਾਂ ਘਰੋਂ ਬਾਹਰ ਨਿਕਲ ਜਾਣਾ ਇਕੋ ਜਿਹਾ ਹੈ। ਘਰ ਅੱਗ ਦੀ ਲਪੇਟ ਵਿਚ ਹੈ। ਬਾਹਰ ਸਿਆਹ ਕਾਲੀ ਰਾਤ ਉਹਦੇ ਲਈ ਕੀ ਸਾਂਭੀ ਬੈਠੀ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕਿਰਦਾਰ ਦਾ ਇਕੱਲ ਹਰ ਤਰ੍ਹਾਂ ਦੇ ਦੁਖ ਨੂੰ ਜ਼ਰਬਾਂ ਦੇ ਰਿਹਾ ਹੈ। ਉਸ ਦਾ ਨਿਹੱਥਾ ਹੋਣਾ, ਉਸ ਕੋਲੋਂ ਕਿਸੇ ਵੀ ਤਰ੍ਹਾਂ ਦੀ ਬਦਲਾਖੋਰ ਹਿੰਸਾ ਦਾ ਸਰੋਤ ਖੋਹ ਲੈਂਦਾ ਹੈ।
ਉਸ ਦਾ ਇਕੱਲਾ ਹੋਣਾ ਹਾਲਾਤ ਨੂੰ ਗਹਿਰ ਗੰਭੀਰ ਬਣਾਉਂਦਾ ਹੈ। ਐਨ ਸਰਦਲ ‘ਤੇ ਅਹਿਲ ਖੜ੍ਹੇ ਹੋਣਾ ਕਈ ਤਰ੍ਹਾਂ ਦੇ ਵਿਚਾਰ ਜਗਾਉਂਦਾ ਹੈ। ਇਕ, ਇਹ ਇਕੱਲੀ ਕਿਉਂ ਹੈ? ਦੋ, ਘਰ ਦੇ ਸਾਰੇ ਜੀਅ ਮਾਰ-ਮੁਕਾ ਦਿੱਤੇ ਹਨ। ਵਲੂੰਧਰੀ ਹੋਈ ਉਹ ਘਰ ਤਿਆਗ ਹਨੇਰੇ ਵਿਚ ਗੁਆਚਣਾ ਚਾਹੁੰਦੀ ਹੈ। ਤਿੰਨ, ਕੀ ਹਨੇਰਗਰਦੀ ਦੀ ਪਸਰੀ ਨਾਉਮੀਦੀ ਵਿਚੋਂ ਕਿਸੇ ਪਾਸਿਓਂ ਉਮੀਦ ਨੂੰ ਲੱਭ ਰਹੀ ਹੈ? ਚਾਰ, ਭਵਿਖ ਉਹਦੇ ਵਾਸਤੇ ਹੁਣ ਰਹੱਸ ਹੈ ਜਿਸ ਪਾਸ ਕਿਸੇ ਤਰ੍ਹਾਂ ਦਾ ਰੰਗ ਨਹੀਂ ਹੈ, ਸਿਰਫ ਸਿਆਹ ਸਿਆਹੀ ਹੈ?
ਆਮ ਤੌਰ ‘ਤੇ ਮਨੁੱਖ ਦਾ ਸਰੀਰ ਅਤੇ ਉਸ ਦੇ ਹਾਵ-ਭਾਵ ਦੁਖ-ਸੁਖ ਵੇਲੇ ਹਰਕਤ ਵਿਚ ਆ ਜਾਂਦੇ ਹਨ, ਪਰ ਇਥੇ ਏਦਾਂ ਨਹੀਂ ਹੋ ਰਿਹਾ। ਲੱਗਦਾ ਅਚਾਨਕ, ਅਣਕਿਆਸੀ ਆਉਣ ਵਾਲੀ ਹਿੰਸਾ ਨੇ ਬੰਦੇ ਨੂੰ ਪਥਰਾ ਦਿੱਤਾ। ਆਕਾਰ ਦਾ ਸਿਰ ਅੱਗੇ ਨੂੰ ਝੁਕਿਆ ਹੋਇਆ ਹੈ ਅਤੇ ਬਹੁਪਰਤੀ, ਬਹੁਦਿਸ਼ਾਵੀ ਹਿੰਸਾ ਨੇ ਉਸ ਦਾ ਸਰੀਰ ਨਿੱਸਲ ਕਰ ਦਿੱਤਾ ਹੈ, ਭਾਵੇਂ ਚਾਦਰ ਦੀ ਬੁੱਕਲ ਕਾਫੀ ਕੁਝ ਲੁਕਾ ਲੈਂਦੀ ਹੈ।
ਇਕ ਹੋਰ ਜਗਿਆਸਾ ਉਸਲਵੱਟੇ ਲੈਂਦੀ ਹੈ ਕਿ ਇਹ ਆਕਾਰ ਦਰਸ਼ਕ ਸਾਹਮਣੇ ਹਾਜ਼ਰ ਕਿਉਂ ਨਹੀਂ ਹੈ? ਹੋ ਸਕਦਾ ਹੈ, ਪੜ੍ਹੀ ਜਾ ਰਹੀ ਕਿਰਤ ਦਾ ਕਿਰਦਾਰ ਵੀ ਚਿਹਰਾ ਵਿਹੀਣ ਹੋਵੇ।
ਚਿੱਤਰਕਾਰ ਪ੍ਰੇਮ ਸਿੰਘ ਨੇ ਡਰਾਇੰਗਾਂ ਲਈ ਰਪੀਡੋਗ੍ਰਾਫ ਦੀ ਮਦਦ ਲਈ ਹੈ ਜੋ ਜ਼ੀਰੋ ਨੰਬਰ ਤੋਂ ਸ਼ੁਰੂ ਹੁੰਦਾ ਹੈ। ਜਿਉਂ ਜਿਉਂ ਨੰਬਰ ਵਧਦਾ ਹੈ, ਉਸੇ ਅਨੁਸਾਰ ਲਕੀਰ ਦਾ ਮੋਟਾਪਣ ਵਧਦਾ ਜਾਂਦਾ ਹੈ।
ਪ੍ਰਸਤੁਤ ਡਰਾਇੰਗ ਦੀ ਚੋਣ ਅਨੇਕਾਂ ਡਰਾਇੰਗਾਂ ਵਿਚੋਂ ਕੀਤੀ ਹੈ। ਕੁਝ ਸਾਲ ਬੀਤਣ ਮਗਰੋਂ ਪੇਂਟਰ ਨੇ ਇਸੇ ਵਿਸ਼ੇ ਨੂੰ ਤੇਲ-ਰੰਗਾਂ ਵਿਚ ਵੀ ਨਿਭਾਇਆ। ਮਾਧਿਅਮ ਵਿਸ਼ੇ ਨੂੰ ਨਿਖਾਰਦਾ ਸੰਵਾਰਦਾ ਹੈ। ਇਹ ਨਹੀਂ ਕਿ ਇਕ ਤੋਂ ਵੱਧ ਆਕਾਰਾਂ ਵਾਲਾ ਕੰਮ ਕੀਤਾ ਹੀ ਨਹੀਂ। ਇਕ ਸਪੇਸ ਉਪਰ ਤਿੰਨ-ਚਾਰ ਰੂਪ-ਸਮੂਹ ਹਨ ਜਾਂ ਇਕ ਸਮੂਹ ਦੂਜੇ ਸਾਹਮਣੇ ਹੈ ਜਾਂ ਇਕ ਜਣਾ ਉਚੇਰੇ ਖੜ੍ਹਾ ਹੋਰਾਂ ਨੂੰ ਸੰਬੋਧਤ ਹੋਣ ਦਾ ਭਰਮ ਪੈਦਾ ਕਰ ਰਿਹਾ ਹੈ। ਇਹ ਸਥਿਤੀ ਆਪਣਾ ਦੁਖ-ਸੁਖ ਦੂਜਿਆਂ ਨਾਲ ਸਾਂਝਾ ਕਰਨ ਦੀ ਹੈ। ਇਹ ਡਰਾਇੰਗ ਸਪੇਸ ਨੂੰ ਨਿਸ਼ਚਿਤ ਦਾਇਰੇ ਵਿਚ ਨਹੀਂ ਬੰਨ੍ਹਦੀ। ਬਿਲਕੁਲ ਨਿਸ਼ਚਿਤ ਹੈ ਤਾਂ ਉਹ ਦਰ ਤੋਂ ਬਾਹਰਲਾ ਸੰਸਾਰ ਹੈ ਜੋ ਕਿਸੇ ਰੰਗ-ਭਾਵ ਦੀ ਪਛਾਣ ਨਹੀਂ ਕਰਦਾ। ਇਹ ‘ਬਲੈਕ ਹੋਲ’ (ਸਿਆਹ ਸੁਰਾਖ) ਜਿਹਾ ਪ੍ਰਤੀਤ ਹੋ ਰਿਹਾ ਹੈ। ਸਮਾਜ ਵਿਚ ਵਿਆਪਤ ਨਾਬਰਾਬਰੀ, ਅਨਿਆਂ, ਹਿੰਸਾ, ਹੱਕਾਂ ਦੀ ਉਲੰਘਣਾ ਵਰਗੇ ਤੱਤ ਸਾਂਝੀ ਤਬਾਹੀ ਦੇ ‘ਬਲੈਕ ਹੋਲ’ ਹਨ। ਅਸੀਂ ਤ੍ਰਾਸਦੀਆਂ ਹੁੰਦੀਆਂ ਦੇਖ ਰਹੇ ਹਾਂ ਜਿਵੇਂ ਇਹ ਕਿਰਦਾਰ। ਕੀ ਕਿਸੇ ਬੁਰਾਈ ਦੇ ਇਲਾਜ ਦਾ ਬੀਜ ਬੀਜਣ ਦਾ ਉਪਰਾਲਾ ਕਿਸੇ ਨੇ ਕੀਤਾ ਹੈ?