ਸਾਹਿਤਕਾਰੀ ਵਿਚ ਸ਼ਬਦ ਚਿੱਤਰਾਂ ਦੀ ਭਰਮਾਰ

ਗੁਲਜ਼ਾਰ ਸਿੰਘ ਸੰਧੂ
ਮੇਰੇ ਵਿਹੜੇ ਆਉਣ ਵਾਲੀਆਂ ਸਾਹਿਤਕ ਪੁਸਤਕਾਂ ਵਿਚੋਂ ਦਸਵਾਂ ਹਿੱਸਾ ਸ਼ਬਦ ਚਿੱਤਰਾਂ ਦੀਆਂ ਹੁੰਦੀਆਂ ਹਨ। ਕਵੀਆਂ, ਨਾਵਲਕਾਰਾਂ ਤੇ ਵਾਰਤਕ ਲੇਖਕਾਂ ਦੇ ਸੁਭਾਉ, ਪ੍ਰਾਪਤੀਆਂ ਤੇ ਵਰਤ ਵਰਤਾਰੇ ਦੀ ਪੇਸ਼ਕਾਰੀ। ਪੰਜਾਬੀ ਵਿਚ ਸ਼ਬਦ ਚਿੱਤਰਕਾਰੀ ਨੂੰ ਸਿਖਰ ‘ਤੇ ਪਹੁੰਚਾਉਣ ਵਾਲਾ ਬਲਵੰਤ ਗਾਰਗੀ ਸੀ। ‘ਨਿੰਮ ਦੇ ਪੱਤੇ’, ‘ਸੁਰਮੇ ਵਾਲੀ ਅੱਖ’ ਤੇ ‘ਕੌਡੀਆਂ ਵਾਲਾ ਸੱਪ’ ਦੀ ਪ੍ਰਸਿਧੀ ਵਾਲਾ।

ਹੋ ਸਕਦਾ ਹੈ, ਉਸ ਨੂੰ ਇਹ ਵਿਚਾਰ ਸਆਦਤ ਹਸਨ ਮੰਟੋ ਦੀ ਪੁਸਤਕ ‘ਗੰਜੇ ਫਰਿਸ਼ਤੇ’ ਪੜ੍ਹ ਕੇ ਆਇਆ ਹੋਵੇ ਜਾਂ ਨਿਦਾ ਫਾਜ਼ਲੀ ਦੇ ਸ਼ਬਦ-ਚਿੱਤਰ ਪੜ੍ਹ ਕੇ। ਗਾਰਗੀ ਦੇ ਲਿਖੇ ਰੇਖਾ ਚਿੱਤਰ ‘ਆਰਸੀ’ ਰਸਾਲੇ ਵਿਚ ਛਪਣ ਲੱਗੇ ਤਾਂ ਮੇਰੇ ਵਰਗੇ ਹੋਰ ਲੇਖਕ ਵੀ ਰੇਖਾ ਚਿੱਤਰ ਲਿਖਣ ਲੱਗ ਪਏ, ਸਮਕਾਲੀ ਸਿਰਲੇਖ ਵਾਲੇ ਕਾਲਮ ਲਈ। ਹੁਣ ਤਾਂ ਮੇਰੇ ਲਿਖੇ ਸ਼ਬਦ ਚਿੱਤਰਾਂ ਦੀ ਗਿਣਤੀ ਵੀ ਅੱਸੀ ਤੋਂ ਵਧ ਗਈ ਹੈ ਜੋ ‘ਸਰਗੋਸ਼ੀਆਂ’ ਨਾਂ ਥੱਲੇ ਦੋ ਜਿਲਦਾਂ ਵਿਚ ਛਪ ਚੁਕੇ ਹਨ।
ਇਸ ਵੇਲੇ ਮੇਰਾ ਗੋਤੀ ਪਿੰ੍ਰ. ਸਰਵਣ ਸਿੰਘ ਕੈਨੇਡਾ ਰਹਿ ਕੇ ‘ਪੰਜਾਬ ਦੇ ਕੋਹੇਨੂਰ’ ਨਾਂ ਥੱਲੇ ਤਿੰਨ ਜਿਲਦਾਂ ਵਿਚ ਅਨੇਕਾਂ ਰੇਖਾ ਚਿੱਤਰ ਪੰਜਾਬੀ ਸਾਹਿਤ ਜਗਤ ਨੂੰ ਦੇ ਚੁਕਾ ਹੈ। ਹੁਣੇ ਹੁਣੇ ਛਪੀ ਨਿੰਦਰ ਘੁਗਿਆਣਵੀ ਦੀ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵੀ ਇਸੇ ਸ਼੍ਰੇਣੀ ਵਿਚ ਆਉਂਦੀ ਹੈ। ਪੰਜਾਬੀ ਦੇ ਬਹੁ-ਵਿਧ ਲੇਖਕ ਸੁਰਜੀਤ ਹਾਂਸ ਨੇ ‘ਢਾਣੀ ਬਿਲਾਸ’ ਨਾਂ ਥੱਲੇ ਕਾਵਿਕ ਰੇਖਾ ਚਿੱਤਰ ਲਿਖੇ ਹਨ। ਇਨ੍ਹਾਂ ਵਿਚ ਸਿਆਸਤਦਾਨ ਸੱਚਰ ਤੋਂ ਲੈ ਕੇ ਮਾਹਲਪੁਰ ਕਾਲਜ ਦੇ ਚਪੜਾਸੀ ਬੰਤਾ ਸਿੰਘ ਤੱਕ ਤਿੰਨ ਦਰਜਨ ਤੋਂ ਵਧ ਬੰਦਿਆਂ ਦਾ ਮੁਲੰਕਣ ਮਿਲਦਾ ਹੈ। ਬੰਤਾ ਸਿੰਘ ਦੀ ਪ੍ਰਮਾਣ ਪੇਸ਼ ਹੈ ਜੋ ਮੇਰੇ ਵਿਦਿਆਰਥੀ ਕਾਲ ਵਿਚ ਵੀ ਉਥੇ ਸੀ ਤੇ ਹਾਂਸ ਦੇ ਅਧਿਆਪਨ ਕਾਲ ਸਮੇਂ ਵੀ:
ਮਾਹਲਪੁਰ ਕਾਲਜ ‘ਚ
ਬੰਤਾ ਸਿੰਘ ਚਪੜਾਸੀ ਰਿਹਾ
ਜਿਹੜਾ ਕਰਨੀ ਆਪਣੀ ਦਾ
ਸੀ ਵਿਹਾਰਕ ਸਰਬਰਾਹ
ਲੈਕਚਰਰ-ਗਣ ਦੇ ਲਈ ਜੋ
ਉਪ-ਪ੍ਰਿੰਸੀਪਲ ਜਿਵੇਂ
ਓਸ ਨੂੰ ਨਾ-ਖੁਸ਼ ਕਰਨ ਦਾ
ਹੌਸਲਾ ਨਾ ਦਿਲ ਜਿਵੇਂ।
ਹੁਣ ਤਾਂ ਲਗਪਗ ਸਾਰੇ ਸਾਹਿਤਕ ਰਸਾਲੇ ਰੇਖਾ ਚਿੱਤਰ ਛਾਪ ਰਹੇ ਹਨ- Ḕਸਿਰਜਣਾ’, ‘ਲਕੀਰ’ ਤੇ ‘ਕਲਾਕਾਰ’ ਸਮੇਤ ‘ਨਵਾਂ ਜ਼ਮਾਨਾ’ ਦਾ ਐਤਵਾਰੀ ਅੰਕ ਵੀ। ਸਾਡੇ ਸਮਿਆਂ ਵਿਚ ਅਸੀਂ ਗੁਰਬਖਸ਼ ਸਿੰਘ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ ਤੇ ਕੁਲਵੰਤ ਸਿੰਘ ਵਿਰਕ ਆਦਿ ਨੂੰ ਵੇਖ ਕੇ ਜਾਂ ਮਿਲ ਕੇ ਸੰਤੁਸ਼ਟ ਹੋ ਜਾਂਦੇ ਸਾਂ। ਅੱਜ ਦੇ ਪਾਠਕ ਆਪਣੇ ਮਨਭਾਉਂਦੇ ਪਾਤਰਾਂ ਬਾਰੇ ਉਹ ਸਭ ਕੁਝ ਜਾਣਨਾ ਚਾਹੁੰਦੇ ਹਨ ਜੋ ਸ਼ਬਦ/ਰੇਖਾ ਚਿੱਤਰਾਂ ਵਿਚ ਹੁੰਦਾ ਹੈ।
ਸਵਾ ਸੌ ਕਰੋੜ ਤੋਂ ਵੱਧ ਦੀ ਨੰਬਰ ਪਲੇਟ: ਲੱਖਾਂ-ਕਰੋੜਾਂ ਰੁਪਏ ਦੀਆਂ ਮਹਿੰਗੀਆਂ ਕਾਰਾਂ ਬਾਰੇ ਤਾਂ ਸੁਣਿਆ ਸੀ ਪਰ ਨੰਬਰ ਪਲੇਟ ਉਤੇ ਕਰੋੜਾਂ ਰੁਪਏ ਖਰਚਣ ਵਾਲੇ ਵੀ ਹਨ, ਜਾਣ ਕੇ ਹੈਰਾਨੀ ਹੋਈ। ਨਵੀਂ ਖਰੀਦੀ ਕਾਰ ਲਈ ਛੋਟਾ ਜਾਂ ਮਨ ਭਾਉਂਦਾ ਨੰਬਰ ਲੈਣ ਲਈ ਬੋਲੀ ਲਗਦੀ ਵੀ ਸੁਣੀ ਹੈ ਤੇ ਬੋਲੀ ਦੇਣ ਵਾਲੇ ਵੀ ਦੇਖੇ ਹਨ ਪਰ ਕੋਈ ਨੰਬਰ ਪਲੇਟ ਸਵਾ ਸੌ ਕਰੋੜ ਤੋਂ ਵੀ ਵਧ ਰੁਪਿਆਂ ਵਿਚ ਵਿਕ ਸਕਦੀ ਹੈ, ਕਦੀ ਨਹੀਂ ਸੀ ਸੁਣਿਆ। ਬਰਤਾਨਵੀ ਸਰਕਾਰ ਨੇ ਐਫ 1 ਨਾਂ ਦੀ ਨੰਬਰ ਪਲੇਟ ਵਿਕਰੀ ‘ਤੇ ਲਾਈ ਹੈ। ਜਿਸ ਦਾ ਆਧਾਰ ਮੁੱਲ 132 ਕਰੋੜ ਰੱਖਿਆ ਹੈ। ਸੰਨ 2008 ਵਿਚ ਇਸ ਨੰਬਰ ਦਾ ਮੁੱਲ ਚਾਰ ਕਰੋੜ ਰੁਪਏ ਪਿਆ ਸੀ। ਸੰਨ 1904 ਤੋਂ 2008 ਤੱਕ ਇਹ ਨੰਬਰ ਐਸੈਕਸ ਸਿਟੀ ਕੌਂਸਲ ਕੋਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸ਼ੁਰੂ ਸ਼ੁਰੂ ਵਿਚ ਕਾਰ ਦਾ ਇਹ ਨੰਬਰ ਅਫਜ਼ਲ ਖਾਨ ਨਾਂ ਦੇ ਇਕ ਵਿਅਕਤੀ ਦੇ ਨਾਂ ਜਾਰੀ ਹੋਇਆ ਸੀ ਜੋ ‘ਡਿਜ਼ਾਈਨ’ ਕੰਪਨੀ ਦਾ ਮਾਲਕ ਸੀ। ਅੱਜ ਦੇ ਦਿਨ ਇਸ ਨੰਬਰ ਦਾ ਏਨਾ ਮੁੱਲ ਜਾਣ ਕੇ ਖਾਨ ਦੀ ਆਤਮਾ ਕੀ ਸੋਚਦੀ ਹੋਵੇਗੀ, ਅੰਦਾਜ਼ਾ ਲਾਉਣਾ ਸੰਭਵ ਨਹੀਂ। ਬੱਲੇ ਬੱਲੇ ਐਫ 1 ਦੇ!
ਹੋਮਿਓਪੈਥੀ ਦਾ ਜਨਮ ਦਾਤਾ: ਇਹ ਮੰਨਿਆ ਜਾਂਦਾ ਹੈ ਕਿ ਸਾਡੇ ਦੇਸ਼ ਵਿਚ 212 ਹੋਮਿਓਪੈਥੀ ਦੇ ਹਸਪਤਾਲ ਹਨ ਤੇ ਲਗਭਗ ਤਿੰਨ ਲੱਖ ਡਾਕਟਰ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 10 ਅਪਰੈਲ ਦੁਨੀਆਂ ਭਰ ਵਿਚ ਵਿਸ਼ਵ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਪ੍ਰਣਾਲੀ ਦੀ ਕਾਢ ਜਰਮਨੀ ਦੇ ਡਾ. ਕ੍ਰਿਸ਼ਚੀਅਨ ਫਰੈਡਰਿਕ ਸੈਮੁਅਲ ਹੈਨੇਮਨ ਨੇ ਕੀਤੀ ਸੀ ਜਿਸ ਦਾ ਜਨਮ 10 ਅਪਰੈਲ 1755 ਨੂੰ ਹੋਇਆ ਸੀ। ਉਸ ਦੇ ਦਿਮਾਗ ਵਿਚ ਹੋਮਿਓਪੈਥੀ ਇਲਾਜ ਦਾ ਵਿਚਾਰ ਆਉਣਾ ਵੀ ਕਮਾਲ ਦੀ ਗੱਲ ਹੈ। ਉਹ ਇਕ ਅੰਗਰੇਜ਼ ਡਾਕਟਰ ਦੀ ਉਸ ਪੁਸਤਕ ਦਾ ਜਰਮਨ ਭਾਸ਼ਾ ਵਿਚ ਅਨੁਵਾਦ ਕਰ ਰਿਹਾ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਕੁਨੈਨ ਮਲੇਰੀਆ ਤੋਂ ਮੁਕਤੀ ਵੀ ਦਿਵਾਉਂਦੀ ਹੈ ਪਰ ਅਰੋਗ ਸਰੀਰ ਵਿਚ ਮਲੇਰੀਆ ਪੈਦਾ ਵੀ ਕਰਦੀ ਹੈ।
ਹੋਮਿਓਪੈਥੀ ਦਾ ਇਲਾਜ ਸਮਰੂਪਤਾ ਦੇ ਸਿਧਾਂਤ ਉਤੇ ਆਧਾਰਤ ਹੈ ਕਿ ਅਰੋਗ ਕਰਨ ਵਾਲੀਆਂ ਦਵਾਈਆਂ ਬੰਦੇ ਨੂੰ ਰੋਗ ਵੀ ਲਾਉਂਦੀਆਂ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਹ ਦਵਾਈਆਂ ਸਰੀਰ ਉਤੇ ਬੁਰਾ ਪ੍ਰਭਾਵ ਨਹੀਂ ਪਾਉਂਦੀਆਂ। ਮੇਰਾ ਸਾਹਿਤਕਾਰ ਮਿੱਤਰ ਚੰਦਰ ਤ੍ਰਿਖਾ ਮੇਰਾ ਹੋਮਿਓਪੈਥੀ ਡਾਕਟਰ ਵੀ ਹੈ। ਉਸ ਦੇ ਪਰਿਵਾਰ ਦੇ ਦੂਜੇ ਮੈਂਬਰ ਵੀ ਇਸ ਵਿਧੀ ਰਾਹੀਂ ਇਲਾਜ ਕਰਦੇ ਹਨ। ਇਕ ਮੈਂਬਰ ਮਾਡਲ ਟਾਊਨ, ਜਲੰਧਰ ਵਿਚ ਪ੍ਰੈਕਟਿਸ ਕਰਦਾ ਹੈ। ਸਾਰੇ ਸਫਲ ਹਨ। ਇਸ ਦੀ ਪ੍ਰੈਕਟਿਸ ਵਿਚ ਅਸਫਲਤਾ ਹੁੰਦੀ ਹੀ ਨਹੀਂ।
ਹਿਮਾਚਲ ਹਾਦਸੇ ਦੀ ਭਿਆਨਕਤਾ: ਹਿਮਾਚਲ ਪ੍ਰਦੇਸ਼ ਦੇ ਨੂਰਪੁਰ-ਚੰਬਾ ਮਾਰਗ ਉਤੇ ਰਾਮ ਸਿੰਘ ਪਠਾਣੀਆ ਪਬਲਿਕ ਸਕੂਲ ਦੀ ਬੱਸ ਦੇ ਛੇ ਫਰਲਾਂਗ ਡੂੰਘੀ ਖੱਡ ਵਿਚ ਡਿੱਗਣ ਕਾਰਨ ਡਰਾਈਵਰ ਤੇ ਅਧਿਆਪਕਾਵਾਂ ਸਮੇਤ 30 ਤੋਂ ਵਧ, 27 ਦਸ ਸਾਲ ਤੋਂ ਘਟ ਉਮਰ ਦੇ ਬੱਚੇ ਵੀ ਹਨ, ਚਲੇ ਜਾਣਾ ਏਨਾ ਦੁਖਦਾਈ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ, ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ ਤੇ ਮੁੱਖ ਮੰਤਰੀ ਵਲੋਂ ਮੈਜਿਸਟ੍ਰੇਟੀ ਜਾਂਚ ਦਾ ਦੇਸ਼ ਵੀ ਵੱਡਾ ਅਰਥ ਨਹੀਂ ਰੱਖਦਾ। ਕੁਦਰਤੀ ਕਰੋਪੀ ਨੂੰ ਤਾਂ ਰੱਬ ਦਾ ਭਾਣਾ ਮੰਨ ਕੇ ਸਹਿ ਲਈਦਾ ਹੈ ਪਰ ਮਨੁੱਖੀ ਲਾਪ੍ਰਵਾਹੀ ਜਾਂ ਗੱਡੀ ਦੇ ਮਸ਼ੀਨੀ ਨੁਕਸ ਦਾ ਕੀ ਕਰੀਏ! ਦੁਖੀ ਹਿਰਦਿਆਂ ਨਾਲ ਹਮਦਰਦੀ ਹੀ ਜਤਾ ਸਕਦੇ ਹਾਂ।
ਅੰਤਿਕਾ: (ਇਕ ਉਰਦੂ ਗਜ਼ਲ ਦੇ ਦੋ ਸ਼ਿਅਰ)
ਸਾਦਗੀ ਲਾਜਵਾਬ ਹੈ ਜਿਨਕੀ
ਉਨ ਸਵਾਲੋਂ ਕੀ ਯਾਦ ਆਤੀ ਹੈ।
ਜਾਨੇ ਵਾਲੇ ਕਭੀ ਨਹੀਂ ਆਤੇ
ਜਾਨੇ ਵਾਲੋਂ ਕੀ ਯਾਦ ਆਤੀ ਹੈ।