ਪੰਜਾਬ ਵਿਚ ਜਦੋਂ ਦੀ ਝੋਨੇ ਦੀ ਫਸਲ ਆਈ ਹੈ, ਪਾਣੀ ਦਾ ਪੱਧਰ ਹੇਠਾਂ ਹੀ ਹੇਠਾਂ ਜਾ ਰਿਹਾ ਹੈ। ਅਜਿਹੇ ਵਿਚ ਇਹ ਚਿੰਤਾ ਸਮਝਦਾਰ ਲੋਕਾਂ ਨੂੰ ਸਤਾ ਰਹੀ ਹੈ ਕਿ ਭਵਿੱਖ ਵਿਚ ਪੰਜਾਬ ਦਾ ਬਣੇਗਾ ਕੀ? ਇਸ ਵਰਤਾਰੇ ਦੇ ਦੂਰ ਰਸੀ ਨਤੀਜੇ ਕੀ ਹੋਣਗੇ? ਇਸ ਸਭ ਲਈ ਜਿੰਮੇਵਾਰ ਕੌਣ ਹੈ? ਇਨ੍ਹਾਂ ਹੀ ਮੁੱਦਿਆਂ ‘ਤੇ ਵਿਚਾਰ ਲੇਖਕ ਡਾ. ਮਲਕੀਅਤ ਸਿੰਘ ਸੈਣੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
-ਸੰਪਾਦਕ
ਡਾ. ਮਲਕੀਅਤ ਸਿੰਘ ਸੈਣੀ*
ਫੋਨ: 91-94171-20251
ਜੇਠ ਮਹੀਨੇ ਦੀ ਸਿਖਰ ਦੁਪਹਿਰ ਜਦੋਂ ਧਰਤੀ ‘ਤੇ ਸੂਰਜ ਦੇ ਪੈਰ ਸੜਦੇ ਹਨ, ਜਦੋਂ ਆਤਸ਼ ਦੇ ਦਰਿਆ ਵਿਚ ਹੜ੍ਹ ਜਾਣ ਦੇ ਡਰੋਂ ਤਮਾਮ ਜ਼ਿੰਦਗੀ ਖਲ ਖੂੰਜਿਆਂ ਤੇ ਕੁੱਛਾਂ ਕੂੰਦਰਾਂ ਵਿਚ ਦੁਬਕ ਜਾਂਦੀ ਹੈ, ਜਦੋਂ ਜੰਡਾਂ ਕਰੀਰਾਂ ਜਿਹੇ ਮਾਰੂ ਰੁੱਖਾਂ ਦੀਆਂ ਆਕੜੀਆਂ ਧੌਣਾਂ ਧਰਤੀ ਵੱਲ ਝੁੱਕ ਕੇ ਜ਼ਿੰਦਗੀ ਦੀ ਭੀਖ ਮੰਗਦੀਆਂ ਹਨ, ਜਦੋਂ ਲੂ ਨਾਲ ਲਾਲ ਹੋਏ ਲੋਹੇ ਨੂੰ ਚੰਡਣ ਲਈ ਭੱਠੀ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਨਦੀਆਂ ਵਿਚ ਨਹਾਉਂਦੇ ਪੱਥਰਾਂ ਨੂੰ ਵੀ ਪਸੀਨਾ ਆਉਂਦਾ ਹੈ, ਜੇ ਉਦੋਂ ਪੰਜਾਬ ਇਕ ਮਹਾਂ ਝੀਲ ਦਾ ਰੂਪ ਧਾਰਦਾ ਹੈ ਤਾਂ ਇਹ ਅਣਹੋਣੀ ਨਹੀਂ ਤਾਂ ਹੋਰ ਕੀ ਹੈ? ਅਜਿਹੀ ਅਣਹੋਣੀ, ਜਿਸ ਨੇ ਦੁਨੀਆਂ ਦੇ ਇਕ ਘੁੱਗ ਵਸਦੇ ਸਰਸਬਜ਼ ਤੇ ਜ਼ਰਖੇਜ਼ ਖਿੱਤੇ ਨੂੰ ਮਾਰੂਥਲ ਬਣਨ ਵਲ ਧੱਕ ਦਿੱਤਾ ਹੈ; ਉਹ ਅਣਹੋਣੀ, ਜਿਸ ਨੇ ਜ਼ਿੰਦਗੀ ਨੂੰ ਪਾਣੀ ਦੀਆਂ ਚੰਦ ਬੂੰਦਾਂ ਸੰਗ ਸਾਵੀਂ ਤੁਲਣ ਲਈ ਮਜਬੂਰ ਕਰ ਦਿੱਤਾ ਹੈ; ਉਹ ਅਣਹੋਣੀ, ਜਿਸ ਨੇ ਹਰ ਚੇਤੰਨ ਤੇ ਸੋਚਵਾਨ ਸ਼ਖਸ ਨੂੰ ਮੱਥੇ ‘ਤੇ ਹੱਥ ਰੱਖ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ; ਉਹ ਅਣਹੋਣੀ, ਜਿਸ ਨੇ ਸਦੀਆਂ ਤੋਂ ਜ਼ਿੰਦਗੀ ਦੀ ਪਿਆਸ ਬੁਝਾਉਂਦੇ ਪਾਣੀ ਦੇ ਲੱਖਾਂ ਸੋਮਿਆਂ ਦੇ ਗਲੇ ਖੁਸ਼ਕ ਕਰ ਦਿੱਤੇ ਹਨ, ਇਹ ਵਰਤਾਰਾ ਹਰ ਸਾਲ ਵਾਪਰਦਾ ਹੈ| ਹਰ ਸਾਲ ਅਰਬਾਂ ਲਿਟਰ ਸਾਫ-ਸੁਥਰਾ ਪਾਣੀ ਸਮੁੱਚੇ ਪੰਜਾਬ ਨੂੰ ਦਲਦਲ ਵਾਲੀ 29 ਲੱਖ ਹੈਕਟੇਅਰਾਂ ਵਿਚ ਫੈਲੀ ਮਹਾਂ ਝੀਲ ਵਿਚ ਤਬਦੀਲ ਕਰਨ ਲਈ ਗਰਕ ਕਰ ਦਿੱਤਾ ਜਾਂਦਾ ਹੈ; ਆਖਰ ਮੁਫਤ ਜੋ ਮਿਲਿਆ ਹੈ, ਨਾ ਕੋਈ ਰੋਕ-ਟੋਕ, ਨਾ ਕੋਈ ਖਸਮ-ਖਸਾਈ|
ਦਰਅਸਲ ਜਿੰਨਾ ਚਿਰ ਕੋਈ ਚੀਜ਼ ਲੋੜ ਤੋਂ ਵੱਧ ਤੇ ਮੁਫਤ ਮਿਲਦੀ ਹੋਵੇ, ਓਨਾ ਚਿਰ ਉਸ ਦੀ ਕੀਮਤ ਦਾ ਅਹਿਸਾਸ ਹੀ ਨਹੀਂ ਹੁੰਦਾ| ਕਿਸੇ ਚੀਜ਼ ਦੀ ਗੁਣਵੱਤਾ ਉਸ ਦੀ ਅਣਹੋਂਦ, ਉਸ ਦੀ ਘਾਟ ਅਤੇ ਕੀਮਤ ਹੀ ਤੈਅ ਕਰਦੀਆਂ ਹਨ| ਅੱਜ ਜੇ ਸਾਫ-ਸੁਥਰੇ ਪਾਣੀ ਦੀ ਵਰਤੋਂ ‘ਤੇ ਕੋਈ ਪਾਬੰਦੀ ਜਾਂ ਕੋਈ ਹੱਦ ਮਿਥ ਦਿੱਤੀ ਜਾਵੇ ਤਾਂ ਕਲ੍ਹ ਨੂੰ ਹੀ ਇਸ ਦੇ ਮਹੱਤਵ ਦਾ ਪਤਾ ਲੱਗ ਜਾਏਗਾ| ਪਰ ਬਿੱਲੀ ਗਲ ਟੱਲੀ ਬੰਨੇ ਕੌਣ? ਪੰਜਾਬ ਨੂੰ ਝੀਲ ਬਣਾਉਣ ਲਈ ਦਿਨ ਰਾਤ 16 ਲੱਖ ਟਿਊਬਵੈਲ ਚਲਦੇ ਹਨ| ਕੋਈ ਸਵਿਚ ਆਨ-ਆਫ ਨਹੀਂ ਕਰਦਾ, ਕੋਈ ਮੋਢੇ ‘ਤੇ ਕਹੀ ਰੱਖ ਕੇ ਰਾਤ ਦੇ ਹਨੇਰੇ ਵਿਚ ਨੱਕੇ ਨਹੀਂ ਮੋੜਦਾ, ਚਿੱਕੜ ਵਿਚ ਪੈਰ ਨਹੀਂ ਲਿਬੇੜਦਾ, ਸੱਪਾਂ ਦੀਆਂ ਸਿਰੀਆਂ ਨਹੀਂ ਮਿੱਧਦਾ| ਜਦੋਂ ਬਿਜਲੀ ਆਉਂਦੀ ਹੈ, ਟਿਊਬਵੈਲ ਆਪਣੇ ਆਪ ਚਲ ਪੈਂਦਾ ਹੈ ਤੇ ਜਦੋਂ ਬਿਜਲੀ ਜਾਂਦੀ ਹੈ, ਬੰਦ ਹੋ ਜਾਂਦਾ ਹੈ| ਜਦੋਂ ਸਭ ਕੁਝ ਹੈ ਹੀ ਫਰੀ ਤਾਂ ਫਿਰ ਸਰਫਾ ਕਾਹਦਾ? ਜੂਨ ਮਹੀਨੇ ਤੋਂ ਸ਼ੁਰੂ ਹੋ ਕੇ ਕਰੀਬ 3 ਮਹੀਨੇ ਇਹ ਹਵਾੜਾਂ ਤੇ ਭਾਫਾਂ ਉਗਲਦੀ ਝੀਲ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ| ਹਜ਼ਾਰਾਂ ਟਿਊਬਵੈਲ ਤੇ ਨਹਿਰਾਂ ਲਗਾਤਾਰ ਇਹਦਾ ਢਿੱਡ ਭਰਦੀਆਂ ਰਹਿੰਦੀਆਂ ਹਨ, ਪਰ ਇਸ ਦੀ ਪਿਆਸ ਬੁਝਦੀ ਹੀ ਨਹੀਂ| ਇਹ ਝੀਲ ਕੋਈ ਆਮ ਝੀਲਾਂ ਵਰਗੀ ਝੀਲ ਨਹੀਂ| ਨਾ ਤਾਂ ਇਸ ਵਿਚ ਕੰਵਲ ਦੇ ਫੁੱਲ ਖਿੜਦੇ ਹਨ ਤੇ ਨਾ ਹੀ ਪਰਵਾਸੀ ਪੰਛੀ ਡੁਬਕੀਆਂ ਲਾਉਂਦੇ ਹਨ, ਨਾ ਮੱਛੀਆਂ ਦਾ ਵਾਸਾ ਹੈ ਤੇ ਨਾ ਹੀ ਇਸ ਦੀ ਸਤਹਾ ‘ਤੇ ਕਾਈ ਮੌਲਦੀ ਹੈ| ਇਸ ਮੌਸਮੀ ਝੀਲ ਵਿਚ ਸਿਰਫ ਜੀਰੀ (ਝੋਨੇ) ਦੇ ਪੌਦੇ ਮੌਲਦੇ ਹਨ| ਸੁਭਾਓ ਪੱਖੋਂ ਅਸਲ ਵਿਚ ਤਾਂ ਇਹ ਪੌਦੇ ਦਲਦਲੀ ਇਲਾਕਿਆਂ ਵਿਚ ਉਗਣ ਤੇ ਮੌਲਣ ਨੂੰ ਤਰਜੀਹ ਦਿੰਦੇ ਹਨ, ਜਿੱਥੇ ਪਾਣੀ ਦੀ ਕੋਈ ਕਮੀ ਨਾ ਹੋਵੇ ਤੇ ਮੀਂਹ ਲਗਾਤਾਰ ਪੈਂਦੇ ਰਹਿਣ| ਸਾਡਾ ਪੂਰਬੀ, ਦੱਖਣੀ ਤੇ ਮੱਧ ਭਾਰਤ ਇਸ ਪੱਖੋਂ ਝੋਨੇ ਦੀ ਫਸਲ ਲਈ ਕਾਫੀ ਮੁਫੀਦ ਹੈ| ਪਰ ਪੰਜਾਬੀਆਂ ਨੇ ਸੋਚਿਆ ਕਿ ਅਸੀਂ ਕਿਹਦੇ ਤੋਂ ਘੱਟ ਹਾਂ| ਅਸੀਂ ਜਿੱਥੇ ਤੇ ਜਦੋਂ ਜੋ ਜੀਅ ਚਾਹੇ ਕਰ ਦੇਈਏ| ਬੰਜਰ ਤੇ ਖੁਸ਼ਕ ਇਲਾਕੇ ਨੂੰ ਦਲਦਲ ਵਿਚ ਬਦਲ ਦਈਏ| ਨਹੀਂ ਮੀਂਹ ਪੈਂਦੇ ਜਾਂ ਘੱਟ ਪੈਂਦੇ ਹਨ ਤਾਂ ਵੀ ਕੀ?
ਸੋ, ਬਲਹਾਰੇ ਜਾਈਏ ਇਥੋਂ ਦੇ ਕਿਸਾਨਾਂ ਦੇ, ਸਦਕੇ ਇਥੋਂ ਦੀਆਂ ਸਰਕਾਰਾਂ ਦੇ ਅਤੇ ਆਫਰੀਨ ਇਥੋਂ ਦੇ ਖੇਤੀਬਾੜੀ ਮਹਿਕਮੇ ਤੇ ਮਾਹਰਾਂ ਦੇ ਜਿਨ੍ਹਾਂ ਨੇ ਰਲ ਕੇ ਸਮੁੱਚੇ ਪੰਜਾਬ ਨੂੰ ਦਲਦਲ ਵਿਚ ਤਬਦੀਲ ਕਰ ਦਿੱਤਾ| ਲੋਹੜਾ ਸਾਈਂ ਦਾ ਕਿ ਉਸ ਵਕਤ ਕਿਸੇ ਇਹ ਨਾ ਸੋਚਿਆ ਕਿ ਇਸ ਮਹਾਨ ਕਾਰਨਾਮੇ ਦੇ ਦੂਰ ਵਰਤੀ ਪ੍ਰਭਾਵ ਕੀ ਹੋਣਗੇ? ਇਸ ਖਿੱਤੇ ਦੀ ਜੈਵਿਕ ਵਿਭਿੰਨਤਾ ਦਾ ਭਵਿੱਖ ਕੀ ਹੋਵੇਗਾ? ਇਸ ਖਿੱਤੇ ਦੀ ਛੇ ਰੁੱਤਾਂ ਵਾਲੀ ਆਬੋ ਹਵਾ ਦਾ ਕੀ ਬਣੇਗਾ? ਜੰਗਲ ਕੱਟੇ ਜਾਣ ‘ਤੇ ਵਾਤਾਵਰਣ ਦੇ ਕੁਦਰਤੀ ਸੰਤੁਲਨ ਦਾ ਕੀ ਹਸ਼ਰ ਹੋਵੇਗਾ? ਬੇਇੰਤਹਾ ਪਾਣੀ ਧਰਤੀ ਹੋਠੋਂ ਕੱਢ ਕੇ ਕੁਦਰਤ ਵਿਚ ਜੋ ਅਸੰਤੁਲਨ ਪੈਦਾ ਹੋਵੇਗਾ, ਉਸ ਦੀ ਭਰਪਾਈ ਕਿਵੇਂ ਹੋਵੇਗੀ? ਜਿਸ ਧਰਤੀ ‘ਤੇ ਹਰ ਸਾਲ ਤਿੰਨ ਮਹੀਨੇ ਲਗਾਤਾਰ ਪਾਣੀ ਖੜ੍ਹਾ ਰਹੇਗਾ, ਉਹ ਧਰਤੀ ਹੋਰ ਫਸਲਾਂ ਦੇ ਅਨੁਕੂਲ ਕਿਵੇਂ ਰਹੇਗੀ? ਧਰਤੀ ਹੇਠੋਂ ਏਨਾ ਪਾਣੀ ਕੱਢਣ ਲਈ ਬਿਜਲੀ ਕਿੱਥੋਂ ਆਵੇਗੀ? ਜ਼ਿਆਦਾ ਬਿਜਲੀ ਪੈਦਾ ਕਰਨ ਲਈ ਜੇ ਕੋਈ ਹੋਰ ਤਰੀਕੇ ਵਰਤੇ ਜਾਣਗੇ ਤਾਂ ਉਨ੍ਹਾਂ ਦਾ ਇਸ ਖਿੱਤੇ ਵਿਚ ਵਸਣ ਵਾਲੇ ਲੋਕਾਂ ‘ਤੇ ਕੀ ਅਸਰ ਹੋਵੇਗਾ? ਇਸ ਫਸਲ ‘ਤੇ ਵਰਤੀਆਂ ਜਾਣ ਵਾਲੀਆਂ ਕੀੜੇ ਮਾਰ ਜ਼ਹਿਰਾਂ ਤੇ ਰਸਾਇਣਕ ਖਾਦਾਂ ਦਾ ਇਸ ਖਿੱਤੇ ਦੀ ਜ਼ਰਖੇਜ਼ ਮਿੱਟੀ ਅਤੇ ਲੋਕਾਂ ‘ਤੇ ਕੀ ਅਸਰ ਹੋਵੇਗਾ? ਵਾਤਾਵਰਣ ਵਿਚ ਆਈਆਂ ਮਾਰੂ ਤਬਦੀਲੀਆਂ ਕਾਰਨ ਪੈਦਾ ਹੋਣ ਵਾਲੀਆਂ ਭਿਆਨਕ ਅਤੇ ਲਾਇਲਾਜ ਬੀਮਾਰੀਆਂ ਨਾਲ ਜੂਝ ਰਹੀ ਖਲਕਤ ਦਾ ਕੀ ਬਣੇਗਾ?
ਮੈਨੂੰ ਨਹੀਂ ਲੱਗਦਾ ਇਹ ਮਾਰੂ ਕਦਮ ਇਕ ਥੋੜ੍ਹ ਚਿਰੀ ਸੋਚ ਦਾ ਨਤੀਜਾ ਸੀ, ਸੱਚਾਈ ਇਹ ਹੈ ਕਿ ਸਾਨੂੰ ਇਸ ਸਭ ਕਾਸੇ ਦਾ ਗਿਆਨ ਸੀ| ਅਸੀਂ ਬਗਲੇ ਵਾਗੂੰ ਅੱਖਾਂ ਮੀਟ ਕੇ ਬਉਲੇ ਹੋਣ ਦਾ ਸਾਂਗ ਰਚਾਉਂਦੇ ਰਹੇ, ਪਰ ਇਹ ਸਾਂਗ ਕਿੰਨੀ ਕੁ ਦੇਰ ਰਚਾਇਆ ਜਾ ਸਕਦਾ ਸੀ, ਅਖੀਰ ਤਾਂ ਬਿੱਲੀ ਨੇ ਥੈਲਿਓਂ ਬਾਹਰ ਆਉਣਾ ਹੀ ਸੀ, ਸੋ ਆ ਗਈ| ਅੱਜ ਪੰਜਾਬ ਦੇ ਹਰ ਬਾਸ਼ਿੰਦੇ ਨੂੰ ਅਹਿਸਾਸ ਹੋ ਗਿਆ ਹੈ ਕਿ ਅਸੀਂ ਆਪਣੇ ਪੈਰਾਂ ‘ਤੇ ਆਪ ਕੁਹਾੜਾ ਮਾਰ ਲਿਆ ਹੈ| ਹੁਣ ਹਾਲਾਤ ਇਹ ਬਣ ਗਏ ਹਨ ਕਿ ਅਸੀਂ ਚਾਹੇ ਕੰਬਲ ਨੂੰ ਛੱਡਣਾ ਵੀ ਚਾਹੀਏ, ਕੰਬਲ ਸਾਨੂੰ ਨਹੀਂ ਛੱਡੇਗਾ| ਇਸ ਸਮੇਂ ਸਿਰਫ ਇੱਕੋ ਗੱਲ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ, ਆਮਦਨ ਨੂੰ ਜਾਂ ਨੁਕਸਾਨ ਨੂੰ| ਪਰ ਦੁੱਖ ਸਿਰਫ ਇਸ ਗੱਲ ਦਾ ਹੈ ਕਿ ਫਾਇਦਾ ਸਿਰਫ ਇਕ ਧਿਰ ਨੂੰ ਹੈ ਤੇ ਨੁਕਸਾਨ ਸਭ ਨੂੰ|
ਮੋਟੇ ਜਿਹੇ ਅਨੁਮਾਨ ਅਨੁਸਾਰ ਇੱਕ ਕਿਲੋ ਜੀਰੀ ਪੈਦਾ ਕਰਨ ਲਈ ਕਰੀਬ 4500-5000 ਲਿਟਰ ਪਾਣੀ ਦੀ ਲੋੜ ਪੈਂਦੀ ਹੈ| ਪੰਜਾਬ ਹਰ ਸਾਲ ਲਗਭਗ 160 ਲੱਖ ਟਨ ਜੀਰੀ ਪੈਦਾ ਕਰਦਾ ਹੈ ਤੇ ਇਸ ਖਾਤਰ ਕਰੀਬ 75 ਖਰਬ ਲਿਟਰ ਸਾਫ-ਸੁਥਰਾ ਪਾਣੀ ਲੱਗਦਾ ਹੈ| ਜੇ ਇਸ ਪਾਣੀ ਦੀ ਕੀਮਤ 50 ਪੈਸੇ ਪ੍ਰਤੀ ਲਿਟਰ ਵੀ ਲਾਈਏ ਤਾਂ ਵੀ ਪੰਜਾਬ ਵਿਚ ਝੋਨੇ ਦੀ ਇਕ ਸਾਲ ਦੀ ਫਸਲ ਲਈ ਇਕੱਲਾ ਪਾਣੀ ਹੀ ਕਰੀਬ 38 ਖਰਬ ਰੁਪਏ ਦਾ ਵਰਤਿਆ ਜਾਂਦਾ ਹੈ, ਜਦੋਂ ਕਿ ਸਾਰੇ ਖਰਚੇ ਕੱਢ ਕੇ ਜੀਰੀ ਤੋਂ ਸਿਰਫ 1-1.25 ਖਰਬ ਰੁਪਏ ਦੀ ਵੱਟਤ ਹੁੰਦੀ ਹੈ। ਫਿਰ ਕਿਉਂ ਨਾ ਜੀਰੀ ਦੀ ਫਸਲ ਛੱਡ ਕੇ ਪਾਣੀ ਹੀ ਵੇਚ ਲਿਆ ਜਾਵੇ! 50 ਪੈਸੇ ਲਿਟਰ ਸਾਫ ਸੁਥਰਾ ਪਾਣੀ ਪੀਣ ਲਈ ਤਾਂ ਕੀ, ਲੋਕ ਕਿਸੇ ਵੀ ਹੋਰ ਰੋਜ਼ਮੱਰਾ ਕੰਮ ਲਈ ਹੱਸ ਕੇ ਖਰੀਦ ਲੈਣਗੇ| ਦਿੱਲੀ ਦੀਆਂ ਸੜਕਾਂ ‘ਤੇ ਤਾਂ ਇਸ ਵਕਤ ਵੀ ਰੇੜ੍ਹੀਆਂ ਵਾਲੇ ਘਟੀਆ ਜਿਹੇ ਪਾਣੀ ਦਾ ਇਕ ਗਲਾਸ 2 ਰੁਪਏ ਵਿਚ ਵੇਚ ਰਹੇ ਹਨ| ਪਾਠਕ ਸਮਝ ਹੀ ਗਏ ਹੋਣਗੇ ਕਿ ਇਕੱਲੇ ਪਾਣੀ ਦੇ ਨਜ਼ਰੀਏ ਤੋਂ ਹੀ ਜੀਰੀ ਪੰਜਾਬ ਨੂੰ ਸਾਲਾਨਾ ਕਰੀਬ 36 ਖਰਬ ਰੁਪਏ ਮਹਿੰਗੀ ਪੈ ਰਹੀ ਹੈ| ਕਿੰਨੀ ਵੱਡੀ ਸਿਤਮਜ਼ਰੀਫੀ ਹੈ ਕਿ ਇਕ ਪਾਸੇ ਤਾਂ ਲੋਕਾਈ ਪਾਣੀ ਦੀ ਇਕ ਇਕ ਬੂੰਦ ਨੂੰ ਤਰਸ ਰਹੀ ਹੋਵੇ ਤੇ ਦੂਜੇ ਪਾਸੇ ਉਸੇ ਪਾਣੀ ਨੂੰ ਅੰਨ੍ਹੇਵਾਹ ਬਿਨਾ ਕਿਸੇ ਸਰਫੇ ਜਾਂ ਸੰਕੋਚ ਤੋਂ ਝੀਲਾਂ ਬਣਾ ਬਣਾ ਕੇ ਉਡਾਇਆ ਜਾ ਰਿਹਾ ਹੋਵੇ|
ਇਸ ਫਸਲ ਦਾ ਦੂਸਰਾ ਪੱਖ ਇਸ ਤੋਂ ਵੀ ਖਤਰਨਾਕ ਤੇ ਘਿਨਾਉਣਾ ਹੈ| ਹੌਲੀ ਹੌਲੀ ਪੰਜਾਬ ਦੀ ਸਾਰੀ ਜਮੀਨ ਪਾਣੀ ਲੱਗ ਹੋ ਗਈ ਹੈ| ਖੁਸ਼ਕ ਵਾਤਾਵਰਣ ਵਿਚ ਉਗਣ ਵਾਲੀਆਂ ਫਸਲਾਂ ਇਸ ਧਰਤੀ ਤੋਂ ਕਿਨਾਰਾ ਕਰ ਗਈਆਂ ਹਨ| ਕਿਸੇ ਸਮੇਂ ਦੂਜੇ ਸੂਬਿਆਂ ਨੂੰ ਰੋਟੀ ਨਾਲ ਦਾਲ ਵੰਡਣ ਵਾਲਾ ਪੰਜਾਬ ਅੱਜ ਕੌਲੀ ਹੱਥ ਵਿਚ ਫੜ੍ਹੀ ਦੂਜੇ ਸੂਬਿਆਂ ਦੀਆਂ ਰਸੋਈਆਂ ਵਿਚ ਪਤੀਲਿਆਂ ਦੇ ਢੱਕਣ ਚੁੱਕ ਚੁੱਕ ਕੇ ਵੇਖਦਾ ਫਿਰਦੈ| ਮਾਹ, ਮੂੰਗੀ, ਮੋਠ, ਛੋਲੇ, ਮਸਰ, ਅਰਹਰ, ਤਿਲ ਆਦਿ ਕਿੰਨੀਆਂ ਹੀ ਫਸਲਾਂ ਲਈ ਅਸੀਂ ਦੂਜਿਆਂ ‘ਤੇ ਨਿਰਭਰ ਹੋ ਗਏ ਹਾਂ| ਇਹ ਸਭ ਜੀਰੀ ਕਰਕੇ ਈ ਤਾਂ ਹੈ|
ਵਾਰ ਵਾਰ ਜੀਰੀ ਲੱਗਣ ਕਰਕੇ ਜਮੀਨ ਦੀ ਸਤਹਾ ਤੋਂ 6-7 ਇੰਚ ਹੇਠਾਂ ਮਿੱਟੀ ਦੀ ਇਕ ਕਰੜੀ ਤਹਿ ਜਾਂ ਪਰਤ ਬਣ ਗਈ ਹੈ ਜੋ ਨਾ ਤਾਂ ਪਾਣੀ ਹੇਠਾਂ ਜਾਣ ਦਿੰਦੀ ਹੈ ਤੇ ਨਾ ਹੀ ਬੂਟੇ ਦੀਆਂ ਜੜ੍ਹਾਂ ਆਸਾਨੀ ਨਾਲ ਇਸ ਨੂੰ ਪਾਰ ਕਰ ਸਕਦੀਆਂ ਹਨ| ਵਾਰ ਵਾਰ ਪਾਣੀ ਲੱਗਣ-ਸੁੱਕਣ ਕਰਕੇ ਜਮੀਨ ਵਿਚ ਖਾਰਾਪਨ ਇਸ ਕਦਰ ਵਧ ਗਿਆ ਹੈ ਕਿ ਬਹੁਤ ਸਾਰੀਆਂ ਦਾਲਾਂ ਇਸ ਨੂੰ ਸਹਿਣ ਨਹੀਂ ਕਰ ਪਾਉਂਦੀਆਂ| ਇਹ ਗਿੱਲੀ, ਸਿੱਲ੍ਹੀ ਤੇ ਖਾਰੀ ਜਮੀਨ ਦਾਲਾਂ ਪੈਦਾ ਕਰਨ ਦੇ ਅਨੁਕੂਲ ਹੀ ਨਹੀਂ ਰਹੀ| ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਭ ਕਾਸੇ ਦਾ ਅਸਰ ਸਾਡੀਆਂ ਬਾਕੀ ਫਸਲਾਂ ‘ਤੇ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ| ਇਕ ਮੋਟੇ ਅਨੁਮਾਨ ਅਨੁਸਾਰ ਜਦੋਂ ਤੋਂ ਪੰਜਾਬ ਵਿਚ ਝੋਨੇ ਦੀ ਕਾਸ਼ਤ ਇਕ ਮੁੱਖ ਫਸਲ ਵਜੋਂ ਹੋਣੀ ਸ਼ੁਰੂ ਹੋਈ ਹੈ (1977-78), ਧਰਤੀ ਹੇਠੋਂ ਕਰੀਬ 130 ਕਿਲੋਮੀਟਰ ਕਿਊਬਿਕ ਪਾਣੀ ਟਿਊਬਵੈਲਾਂ ਰਾਹੀਂ ਕੱਢਿਆ ਜਾ ਚੁਕਾ ਹੈ| ਪੰਜਾਬ ਦੀ ਭਾਖੜਾ ਨੰਗਲ ਵਾਲੀ ਗੋਬਿੰਦ ਸਾਗਰ ਝੀਲ ਵਿਚ 9.34 ਕਿਲੋਮੀਟਰ ਕਿਊਬਿਕ ਪਾਣੀ ਹੈ| ਇਸ ਦਾ ਮਤਲਬ ਹੈ ਕਿ ਗੋਬਿੰਦ ਸਾਗਰ ਝੀਲ ਵਰਗੀਆਂ 14 ਝੀਲਾਂ ਪੰਜਾਬ ਦੀ ਜਮੀਨ ਹੇਠੋਂ ਬਾਹਰ ਕੱਢੀਆਂ ਜਾ ਚੁਕੀਆਂ ਹਨ|
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 110-160 ਫੁੱਟ ਹੇਠਾਂ ਚਲਾ ਗਿਆ ਹੈ| ਜਿਸ ਨਾਲ ਸੂਬੇ ਦੇ 138 ਬਲਾਕਾਂ ਵਿਚੋਂ 116 ਬਲਾਕਾਂ ਵਿਚ ਪਾਣੀ ਦਾ ਸਤਰ ਜਾਂ ਤਾਂ ਖਤਰਨਾਕ ਹੱਦ ਤੱਕ ਥੱਲੇ ਪਹੁੰਚ ਗਿਆ ਹੈ ਤੇ ਜਾਂ ਪਹੁੰਚਣ ਵਾਲਾ ਹੈ| ਬੇਤਹਾਸ਼ਾ ਪਾਣੀ ਬਾਹਰ ਨਿਕਲਣ ਉਪਰੰਤ ਅੰਦਰੋਂ ਖੋਖਲੀ ਹੋਈ ਧਰਤੀ ਬਹੁਮੰਜਲੀਆਂ ਇਮਾਰਤਾਂ ਦੇ ਲੱਖਾਂ ਟਨ ਵਜਨ ਨੂੰ ਸਹਾਰ ਨਹੀਂ ਪਾਏਗੀ ਤੇ ਇਹ ਇਮਾਰਤਾਂ ਸਮਾਂ ਪਾ ਕੇ ਜਮੀਨ ਵਿਚ ਧੱਸਣੀਆਂ ਸ਼ੁਰੂ ਹੋ ਜਾਣਗੀਆਂ| ਬਹੁਤ ਸਾਰੇ ਦੇਸ਼ਾਂ ਵਿਚ ਪਹਿਲਾਂ ਹੀ ਇਹ ਭਾਣਾ ਵਾਪਰ ਚੁਕਾ ਹੈ|
ਜੇ ਸਮੁੱਚੇ ਤੌਰ ‘ਤੇ ਦੇਖਿਆ ਜਾਏ ਤਾਂ ਪੰਜਾਬ ਨੂੰ ਮਾਰੂਥਲ ਵੱਲ ਧੱਕਣ ਲਈ ਇਕੱਲੇ ਜਿਮੀਂਦਾਰਾਂ ਦੇ 15 ਲੱਖ ਟਿਊਬਵੈਲ ਹੀ ਜਿੰਮੇਵਾਰ ਨਹੀਂ, ਇਸ ਵਿਚ ਵੱਡਾ ਯੋਗਦਾਨ ਪੇਂਡੂ ਤੇ ਸ਼ਹਿਰੀ ਜਨਤਾ ਦੀ ਪਾਣੀ ਦੀ ਯੋਗ, ਲੋੜੀਂਦੀ ਤੇ ਕਿਫਾਇਤੀ ਵਰਤੋਂ ਪ੍ਰਤੀ ਬੇਰੁਖੀ, ਬੇਪ੍ਰਵਾਹੀ ਤੇ ਬੇਸ਼ਰਮੀ ਨੇ ਵੀ ਪਾਇਆ ਹੈ| ਸਿੰਜਾਈ ਲਈ ਵਰਤੇ ਜਾਂਦੇ 15 ਲੱਖ ਟਿਊਬਵੈਲਾਂ ਤੋਂ ਇਲਾਵਾ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਘਰੇਲੂ ਲੋੜਾਂ ਲਈ 25 ਲੱਖ ਤੋਂ ਵੀ ਜ਼ਿਆਦਾ ਸਬਮਰਸੀਬਲ ਤੇ ਮਿਊਂਸਪੈਲੀਟੀਆਂ ਦੇ ਪਾਣੀ ਸਪਲਾਈ ਲਈ ਵਰਤੇ ਜਾਂਦੇ ਪੰਪ ਵੀ ਕੰਮ ਕਰ ਰਹੇ ਹਨ| ਇਨ੍ਹਾਂ ਦੇ ਚੱਲਣ ‘ਤੇ ਜਮੀਨ ਅੰਦਰਲਾ ਬੇਤਹਾਸ਼ਾ ਪਾਣੀ ਬਾਹਰ ਕੱਢਣ ‘ਤੇ ਕਿਸੇ ਕਿਸਮ ਦੀ ਕੋਈ ਲਗਾਮ ਨਹੀਂ| ਇਕ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਜਿੰਨਾ ਪਾਣੀ ਕਿਸਾਨਾਂ ਦੇ 15 ਲੱਖ ਟਿਊਬਵੈਲ ਇਕ ਪੂਰੇ ਸੀਜ਼ਨ ਦੌਰਾਨ ਜੀਰੀ ਨੂੰ ਸਿੰਜਣ ਲਈ ਵਰਤਦੇ ਹਨ, ਓਨਾ ਪਾਣੀ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ‘ਚ ਲੱਗੇ 25 ਲੱਖ ਤੋਂ ਵੀ ਵੱਧ ਸਬਮਰਸੀਬਲ ਪੰਪ ਇਕ ਮਹੀਨੇ ਵਿਚ ਧਰਤੀ ‘ਚੋਂ ਬਾਹਰ ਕੱਢ ਦਿੰਦੇ ਹਨ| ਇਸ ਵਿਚੋਂ ਮਸੀਂ 20% ਪਾਣੀ ਦੀ ਹੀ ਸਹੀ ਵਰਤੋਂ ਹੁੰਦੀ ਹੋਵੇਗੀ, ਬਾਕੀ ਦਾ 80% ਅਜਾਈਂ ਜਾਂਦਾ ਹੈ। ਇਸ ਵਿਸ਼ੇ ‘ਤੇ ਥਾਂ ਥਾਂ ਕਾਨਫਰੰਸਾਂ, ਸੈਮੀਨਾਰ, ਲੈਕਚਰ ਤੇ ਇਕੱਠ ਹੁੰਦੇ ਹਨ, ਵਿਚਾਰਾਂ ਹੁੰਦੀਆਂ, ਖਤਰਨਾਕ ਨਤੀਜਿਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ, ਪਰ ਸਭ ਕੁਝ ਬੇਅਰਥ| ਜਨਤਾ ਇਕ ਕੰਨ ਥਾਣੀਂ ਸੁਣਦੀ ਹੈ, ਦੂਜੇ ਥਾਈਂ ਕੱਢ ਦਿੰਦੀ ਹੈ| ਮੱਝ ਅੱਗੇ ਬੀਨ ਵਜਾਉਣ ਨਾਲ ਨਾ ਉਹ ਕਦੇ ਝੂਮੀ ਹੈ, ਨਾ ਝੂਮੇਗੀ| ਇਹ ਜਾਣਦਿਆਂ ਵੀ ਕਿ ਇਸ ਦੀ ਭਰਪਾਈ ਨਹੀਂ ਹੋ ਸਕਦੀ, ਜਿੱਥੇ ਇਕ ਲਿਟਰ ਨਾਲ ਸਰ ਸਕਦਾ ਸੀ, ਅਸੀਂ ਸੌ ਸੌ ਲਿਟਰ ਰੋੜ੍ਹਿਆ ਹੈ| ਪਿੰਡਾਂ ਦੇ ਛੱਪੜ, ਨਾਲੀਆਂ, ਸ਼ਹਿਰਾਂ ਦੇ ਸੀਵਰ ਨਾਲੇ ਤੇ ਖਹਿ ਕੇ ਲੰਘਦੀਆਂ ਨਦੀਆਂ ਪਾਣੀ ਪ੍ਰਤੀ ਸਾਡੀ ਲਾਪ੍ਰਵਾਹੀ ਤੇ ਬੇਹੂਦਗੀ ਨਾਲ ਆਫਰੇ ਪਏ ਹਨ| ਅਸੀਂ ਸਾਫ ਸੁਥਰੇ ਪਾਣੀ ਨੂੰ ਮਲੇਰੀਏ, ਡੇਂਗੂ ਤੇ ਐਨਸੈਫੇਲਾਈਟਸ ਨਾਲ ਤਾਂ ਸਾਵੇਂ ਤੋਲ ਲਿਆ ਪਰ ਆਪਣੀਆਂ ਆਦਤਾਂ ਤੋਂ ਟੱਸ ਤੋਂ ਮੱਸ ਨਹੀਂ ਹੋਏ| ਸਾਇੰਸ ਨੇ ਸਾਨੂੰ ਖੂਹਾਂ ਤੋਂ ਨਲਕਿਆਂ, ਨਲਕਿਆਂ ਤੋਂ ਜੈਟ ਪੰਪਾਂ ਤੇ ਜੈਟ ਪੰਪਾਂ ਤੋਂ ਸਬਮਰਸੀਬਲ ਪੰਪਾਂ ਦੇ ਲੜ ਤਾਂ ਲਾ ਦਿੱਤਾ ਪਰ ਅਸੀਂ ਇਨ੍ਹਾਂ ਸਹੂਲਤਾਂ ਦਾ ਨਜਾਇਜ਼ ਫਾਇਦਾ ਹੀ ਉਠਾਇਆ ਹੈ| ਅੱਜ ਦੇ ਹਾਲਾਤ ਨੂੰ ਮੁੱਖ ਰੱਖ ਕੇ ਮੈਂ ਕਈ ਵਾਰ ਸੋਚਦਾ ਹਾਂ ਕਿ ਕਿੰਨਾ ਚੰਗਾ ਹੁੰਦਾ ਜੇ ਇਹ ਸਫਰ ਖੂਹਾਂ ਤੋਂ ਅੱਗੇ ਨਾ ਵੱਧਦਾ ਤੇ ਨਾ ਹੀ ਅੱਜ ਇਹ ਦਿਨ ਦੇਖਣੇ ਪੈਂਦੇ| ਇਸ ਦੁਰਦਸ਼ਾ ਲਈ ਇਕੱਲੇ ਲੋਕ ਹੀ ਨਹੀਂ, ਸਾਡੀ ਸਿਆਸਤ, ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵੀ ਆਪਣੀ ਅੰਦਰਮੁਖੀ ਸੌੜੀ ਸੋਚ ਕਰਕੇ ਅੰਦਰੋਂ ਬਾਹਰੋਂ ਬੁਰੀ ਤਰ੍ਹਾਂ ਲਿੱਬੜੇ ਪਏ ਹਨ|
ਕੁਝ ਸਮਾਂ ਪਹਿਲਾਂ ਪੰਜਾਬ ਵਿਚ ਆਰ. ਓ. ਨਾਂ ਦੀ ਇਕ ਛੂਤ ਦੀ ਨਾਮੁਰਾਦ ਲਾਇਲਾਜ ਬਿਮਾਰੀ ਫੈਲ ਗਈ| ਕੁਝ ਸਮੇਂ ਵਿਚ ਹੀ ਹਰ ਸਰਦਾ ਪੁੱਜਦਾ ਘਰ, ਮੁਹੱਲਾ, ਸਕੂਲ, ਕਾਲਜ, ਯੂਨੀਵਰਸਿਟੀ, ਗੁਰਦੁਆਰੇ, ਮੰਦਿਰ, ਮਸੀਤਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਦਫਤਰ ਇਸ ਦੀ ਲਪੇਟ ਵਿਚ ਆ ਗਏ| ਆਰ. ਓ. ਨਾਂ ਦਾ ਜਰਾਸੀਮ ਪੈਦਾ ਕਰਨ ਵਾਲੀਆਂ ਕੰਪਨੀਆਂ ਖੁਦ ਹਲਕਾਈਆਂ ਹੋ ਗਈਆਂ| ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀਂ ਪਤਾ ਕਿ ਆਰ. ਓ. ਦਾ ਮਤਲਬ ਕੀ ਹੈ? ਤੇ ਜਿਸ ਨੂੰ ਪਤਾ ਹੈ ਉਹ ਇਹ ਨਹੀਂ ਜਾਣਦਾ ਕਿ ੍ਰeਵeਰਸe ੌਸਮੋਸਸਿ ਕਿਸ ਬਲਾ ਦਾ ਨਾਂ ਹੈ| ਬੱਸ ਏਨਾ ਕੁ ਹੀ ਪਤਾ ਹੈ ਕਿ ਇਸ ਮਸ਼ੀਨ ਨਾਲ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲਦਾ ਹੈ| ਪੰਜਾਬ ਦੇ ਬਹੁਤੇ ਇਲਾਕਿਆਂ ਵਿਚ ਇਸ ਦੀ ਲੋੜ ਹੈ ਹੀ ਨਹੀਂ| ਬਹੁਤਿਆਂ ਨੇ ਤਾਂ ਐਵੇਂ ਪਦਵੀ ਜਾਂ ਰੁਤਬੇ ਦੇ ਪ੍ਰਤੀਕ ਦੇ ਤੌਰ ‘ਤੇ ਹੀ ਇਹ ਸਹੇੜ ਸਹੇੜੀ ਹੋਈ ਹੈ| ਇਸ ਦੀ ਵਰਤੋਂ ਨਾਲ ਕਿੰਨਾ ਪਾਣੀ ਬਰਬਾਦ ਹੁੰਦਾ ਹੈ, ਇਸ ਦੀ ਕਿਸੇ ਨੂੰ ਪ੍ਰਵਾਹ ਨਹੀਂ| ਜ਼ਰਾ ਸੋਚੋ, ਇਸ ਵਿਚੋਂ ਇਕ ਬਾਲਟੀ ਪੀਣ ਵਾਲਾ ਸਾਫ ਪਾਣੀ ਕੱਢਣ ਲਈ ਕਰੀਬ ਤਿੰਨ ਬਾਲਟੀਆਂ ਅਜਾਈਂ ਚਲੀਆਂ ਜਾਂਦੀਆਂ ਹਨ| ਬਹੁਤ ਸਾਰੀਆਂ ਜਨਤਕ ਥਾਂਵਾਂ ‘ਤੇ ਇਹ ਮਸ਼ੀਨਾਂ ਦਿਨ ਰਾਤ ਚੱਲੀ ਜਾਂਦੀਆਂ ਹਨ| ਪੰਜਾਬ ਵਿਚ ਕਿੰਨੇ ਆਰ. ਓ. ਹਨ ਤੇ ਕਿੰਨੀ ਪਾਣੀ ਦੀ ਬਰਬਾਦੀ ਹੁੰਦੀ ਹੈ, ਅੰਦਾਜ਼ਾ ਲਾਉਣਾ ਮੁਸ਼ਕਿਲ ਹੈ| ਡਰ ਹੈ, ਕਿਤੇ ਆਰ. ਓ. ਦੇ ਪਾਣੀ ਨਾਲ ਲੋਕ ਨਹਾਉਣਾ, ਕੱਪੜੇ ਧੋਣਾ, ਡੰਗਰਾਂ ਨੂੰ ਪਿਲਾਉਣਾ ਹੀ ਨਾ ਸ਼ੁਰੂ ਕਰ ਦੇਣ ਕਿਉਂਕਿ ਬਹੁਤ ਸਾਰੇ ਦੁਧਾਰੂ ਪਸੂ ਰੱਖਣ ਵਾਲਿਆਂ ਦੀ ਧਾਰਨਾ ਹੈ ਕਿ ਜੇ ਮੱਝਾਂ, ਗਾਈਆਂ ਆਰ. ਓ. ਦਾ ਸਾਫ ਪਾਣੀ ਪੀਣਗੀਆਂ ਤਾਂ ਹੀ ਉਹ ਸਾਫ ਦੁੱਧ ਦੇਣਗੀਆਂ|
ਰੱਬ ਦਾ ਵਾਸਤਾ ਏ, ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ‘ਤੇ ਤਰਸ ਕਰੋ| ਆਪਹੁਦਰੀਆਂ ਤੇ ਮਨਮਾਨੀਆਂ ਕਰਕੇ ਧਰਤੀ ਹੇਠਲੇ ਪਾਣੀ ਦਾ ਕਰੀਬ ਤਿੰਨ ਚੌਥਾਈ ਹਿੱਸਾ ਅਸੀਂ ਪਹਿਲਾਂ ਹੀ ਬਰਬਾਦ ਕਰ ਚੁਕੇ ਹਾਂ| ਖੂਹ, ਨਲਕੇ ਤੇ ਜੈਟ ਪੰਪ ਦਮ ਤੋੜ ਚੁਕੇ ਹਨ ਤੇ ਇਸ ਵੇਲੇ ਜੀਵਨ ਦੀ ਵਾਗ ਡੋਰ ਸਬਮਰਸੀਬਲ ਪੰਪਾਂ ‘ਤੇ ਟਿਕੀ ਹੋਈ ਹੈ, ਦੇਖੋ ਕਦੋਂ ਤੱਕ ਇਹ ਪੰਜਾਬੀਆਂ ਦੇ ਨਾਲ ਨਿਭਦੇ ਹਨ| ਵੈਸੇ ਮੌਜੂਦਾ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਰੇਗਿਸਤਾਨਾਂ ਦਾ ਕੱਕਾ ਰੇਤਾ ਪੰਜਾਬ ਨੂੰ ਉਲੰਘ ਕੇ ਪੋਲੇ ਪੈਰੀਂ ਠੁਮਕਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਹੜੇ ‘ਚ ਆ ਵੜੇਗਾ| ਖੂਹਾਂ ਤੋਂ ਬਾਅਦ ਸਾਡੀਆਂ ਝੀਲਾਂ ਵੀ ਤ੍ਰਿਹਾਈਆਂ ਮਰ ਜਾਣਗੀਆਂ| ਟਾਹਲੀਆਂ, ਨਿੰਮਾਂ ਤੇ ਅੰਬਾਂ ਦੇ ਬੂਟੇ ਪੰਜਾਬ ਦੀ ਧਰਤੀ ਦੀ ਵਸੀਅਤ ਕਿੱਕਰਾਂ, ਫਲਾਹੀਆਂ ਤੇ ਜੰਡ ਕਰੀਰਾਂ ਦੇ ਨਾਂ ਕਰ ਦੇਣਗੇ| ਥੋਹਰਾਂ, ਅੱਕ ਤੇ ਮਲ੍ਹੇ ਸਰਕਦੇ ਸਰਕਦੇ ਪੰਜਾਬ ਦੀ ਹਰਿਆਵਲ ਦੇ ਸ਼ਰੀਕ ਬਣ ਬੈਠਣਗੇ| ਪੰਛੀਆਂ ਤੇ ਤਿਤਲੀਆਂ ਦਾ ਚਿੱਤਰ ਖੰਭੀ ਹੁਸਨ ਬੇਗਾਨਗੀ ਹੰਢਾਉਂਦਾ ਹੋਇਆ ਇਸ ਖਿੱਤੇ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਵੇਗਾ| ਸਾਡੇ ਪ੍ਰਾਹੁਣੇ ਪਰਿੰਦਿਆਂ ਦੀਆਂ ਪਰਵਾਜ਼ਾਂ ਨੀਲੇ ਅੰਬਰਾਂ ਨੂੰ ਤਨਹਾਈ ਦੇ ਗਲ ਲਾ ਜਾਣਗੀਆਂ| ਧੁੱਦਲ ਤੇ ਧੂੰਏ ਦੇ ਸੰਘਣੇ ਬੱਦਲ ਚੰਦ ਤਾਰਿਆਂ ਦੀਆਂ ਮਹਿਫਿਲਾਂ ਨੂੰ ਸਾਡੀਆਂ ਅੱਖੀਆਂ ਤੋਂ ਓਝਲ ਕਰ ਦੇਣਗੇ| ਕੰਡਿਆਲੇ ਚੂਹੇ, ਸੇਹਾਂ ਤੇ ਮਾਰੂਥਲੀ ਕਿਰਲੇ ਅੰਦਰੋ ਅੰਦਰੀ ਖੁੱਡਾਂ ਬਣਾ ਕੇ ਸਾਡੀ ਬੇਬਸੀ ਨੂੰ ਟਿਚਰਾਂ ਕਰਕੇ ਸ਼ਰਮਸਾਰ ਕਰ ਦੇਣਗੇ|
ਜ਼ਰਾ ਤਸੱਵਰ ਕਰੋ ਜੇ ਇਹ ਸਭ ਕੁਝ ਏਵੇਂ ਹੀ ਵਾਪਰ ਜਾਂਦਾ ਹੈ ਤਾਂ ਪੰਜਾਬ ਦਾ ਮੂੰਹ ਮੁਹਾਂਦਰਾ ਕਿਹੋ ਜਿਹਾ ਹੋਵੇਗਾ? ਸਮਾਂ ਗਵਾਹ ਹੈ, ਪਾਣੀ ਦੀ ਅਣਹੋਂਦ ਵਿਚ ਦੁਨੀਆਂ ਦੀਆਂ ਕਈ ਘੁੱਗ ਵਸਦੀਆਂ ਸਭਿਆਤਾਵਾਂ ਹੁਣ ਤੱਕ ਆਪਣੀ ਹੋਂਦ ਗੁਆ ਬੈਠੀਆਂ ਹਨ|
ਲੇਕਿਨ ਇਸ ਹਨੇਰ ਦੀ ਕਿਸ ਨੂੰ ਚਿੰਤਾ ਹੈ? ਸਿਆਸਤਦਾਨ ਤੇ ਸਰਕਾਰਾਂ ਵੋਟਾਂ ਦੀ ਰਾਜਨੀਤੀ ਵਿਚ ਮਸ਼ਰੂਫ ਹਨ| ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ| ਜਦੋਂ ਜਨਤਾ ਤੇ ਬੁੱਧੀਜੀਵੀ ਬਹੁਤੀ ਹਾਲ ਪਾਹਰਿਆ ਕਰਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਇਕ ਟੁੱਟਾ ਜਿਹਾ ਬਿਆਨ ਅਖਬਾਰਾ ਤੇ ਟੀ. ਵੀ. ‘ਤੇ ਲਾ ਦਿੰਦੀ ਹੈ, ਲੋਕ ਜ਼ਰਾ ਸ਼ਾਂਤ ਹੋ ਜਾਂਦੇ ਹਨ, ਤੇ ਪਰਨਾਲਾ ਉਥੇ ਦਾ ਉਥੇ| ਖੇਤੀ ਵਿਗਿਆਨੀ ਆਪਣੇ ਸੁਝਾਅ ਦਿੰਦੇ ਹੋਏ ਟਿੰਡ ‘ਚ ਕਾਨਾ ਪਾ ਕੇ ਵਜਾਉਂਦੇ ਰਹਿੰਦੇ ਹਨ ਪਰ ਮੇਲੇ ‘ਚ ਚੱਕੀਰਾਹੇ ਦੀ ਕੌਣ ਸੁਣਦਾ| ਜਿਮੀਂਦਾਰਾਂ ਨੂੰ ਤਾਂ ਕਹਿਣ ਕਾ ਕੋਈ ਫਾਇਦਾ ਹੀ ਨਹੀਂ| ਉਹ ਇਕ ਕੰਨੋਂ ਸੁਣ ਕੇ ਦੂਜੇ ਥਾਣੀਂ ਕੱਢ ਦਿੰਦੇ ਹਨ| ਉਹ ਤਾਂ ਸਾਫ ਕਹਿੰਦੇ ਹਨ ਕਿ ਅਸੀਂ ਖੇਤੀ ਵਿਭਿੰਨਤਾ ਤਹਿਤ ਦਾਲਾਂ ਜਾਂ ਹੋਰ ਅਜਿਹੀਆਂ ਫਸਲਾਂ ਜੋ ਝੋਨੇ ਜਿੰਨੀਆਂ ਲਾਹੇਵੰਦ ਨਾ ਹੋਣ, ਉਗਾਉਣ ਦਾ ਕੋਈ ਠੇਕਾ ਥੋੜ੍ਹਾ ਲਿਆ ਹੋਇਐ| ਜਿਸ ਖੂਹ ‘ਚ ਦੁਨੀਆਂ ਡਿੱਗੇਗੀ, ਅਸੀਂ ਵੀ ਡਿੱਗ ਜਾਵਾਂਗੇ|
ਸੋਚੋ, ਆਮ ਜਨਤਾ ਕਿਹਨੂੰ ਆਪਣਾ ਦੁਖੜਾ ਸੁਣਾਵੇ? ਪੰਜਾਬ ਦੇ ਪਾਣੀਆਂ ਦਾ ਤਾਂ ਹੁਣ ਰੱਬ ਹੀ ਰਾਖਾ ਹੈ| ਇਸ ਖਿੱਤੇ ਦੀ ਪਿਆਸ ਹੈ ਕਿ ਦਿਨ ਬਦਿਨ ਵੱਧਦੀ ਹੀ ਜਾ ਰਹੀ ਹੈ| ਲੱਗਦਾ ਹੈ ਜਿਵੇਂ ਇਸ ਦੇ ਦਰਿਆ ਵੀ ਇਸ ਨੂੰ ਸਿੰਜ ਸਿੰਜ ਕੇ ਹੰਭ ਗਏ ਹੋਣ, ਥੱਕ ਗਏ ਹੋਣ, ਹਾਰ ਗਏ ਹੋਣ|
—
*ਸਾਬਕਾ ਡੀਨ ਅਕਾਦਮਿਕ ਮਾਮਲੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ|