ਦਾਦਾ ਸਾਹਿਬ ਫਾਲਕੇ ਐਵਾਰਡ 2017 ਦਾ ਜੇਤੂ ਵਿਨੋਦ ਖੰਨਾ

ਭੀਮ ਰਾਜ ਗਰਗ, ਚੰਡੀਗੜ੍ਹ
ਫੋਨ: 91-98765-45157
65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਘੋਸ਼ਣਾ ਪਿਛਲੇ ਦਿਨੀਂ ਨਵੀਂ ਦਿੱਲੀ ਵਿਖੇ ਕੀਤੀ ਗਈ। ਭਾਰਤੀ ਫਿਲਮਾਂ ਦਾ ਸਿਰਮੌਰ ਐਵਾਰਡ ‘ਦਾਦਾ ਸਾਹਿਬ ਫਾਲਕੇ ਐਵਾਰਡ’ ਇਸ ਵਾਰ ਫਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਹ ਐਵਾਰਡ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 3 ਮਈ 2018 ਨੂੰ ਪ੍ਰਦਾਨ ਕਰਨਗੇ।
ਵਿਨੋਦ ਖੰਨਾ ਹਿੰਦੀ ਸਿਨੇਮਾ ਦੇ ਲੀਜੈਂਡ ‘ਚੋਂ ਇੱਕ ਸਨ।

ਅਜਿਹਾ ਕਦੇ ਕਦਾਈਂ ਹੀ ਹੋਇਆ ਹੈ ਕਿ ਕੋਈ ਐਕਟਰ ਫਿਲਮਾਂ ‘ਚ ਖਲਨਾਇਕ ਰਿਹਾ ਹੋਵੇ ਅਤੇ ਉਹ ਸਫਲ ਹੀਰੋ ਵੀ ਬਣ ਜਾਵੇ। ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਦਾ ਮਿਹਨਤਾਨਾ ਆਪਣੇ ਜ਼ਮਾਨੇ ਦੇ ਹੀਰੋ ਅਮਿਤਾਭ ਬੱਚਨ, ਜਤਿੰਦਰ, ਰਿਸ਼ੀ ਕਪੂਰ ਨਾਲੋਂ ਵੱਧ ਹੁੰਦਾ ਸੀ। ਵਿਨੋਦ ਖੰਨਾ ਦਾ ਜੀਵਨ ਇੱਕ ਰੋਲਰ-ਕੋਸਟਰ ਦੀ ਰਾਈਡ ਵਾਂਗ ਸੀ। ਫਿਲਮੀ ਦੁਨੀਆਂ ਦੀ ਚਕਾਚੌਂਧ ਨੂੰ ਓਸ਼ੋ ਦੇ ਕਮਯੂਨ ਦੀ ਆਵਾਜ਼ ਨੇ ਧੁੰਦਲਾ ਪਾ ਦਿੱਤਾ ਸੀ। ਵਿਨੋਦ ਖੰਨਾ ਦਾ ਸਿਆਸੀ ਜੀਵਨ ਜੇ ਗੌਰਵਸ਼ਾਲੀ ਸੀ ਤਾਂ ਫਿਲਮੀ ਜੀਵਨ ਉਸ ਨਾਲੋਂ ਵੀ ਸ਼ਾਨਦਾਰ ਸੀ। ਫਿਲਮ ‘ਮੇਰੇ ਅਪਨੇ’ ਵਿਚ ਮੀਨਾ ਕੁਮਾਰੀ ਨਾਲ ਵਿਨੋਦ ਖੰਨਾ ਵਲੋਂ ਨਿਭਾਏ ਸੰਵੇਦਨਸ਼ੀਲ ਕਿਰਦਾਰ ਨੂੰ ਭਲਾ ਕੌਣ ਭੁਲਾ ਸਕਦਾ ਹੈ? ਫਿਲਮ ‘ਅਚਾਨਕ’ ਵਿਚ ਉਸ ਵਲੋਂ ਨੇਵੀ ਅਫਸਰ ਦੀ ਨਿਭਾਈ ਭੂਮਿਕਾ ਦੀ ਤਾਂ ਆਲੋਚਕਾਂ ਨੇ ਵੀ ਖੂਬ ਸ਼ਲਾਘਾ ਕੀਤੀ ਸੀ।
ਵਿਨੋਦ ਖੰਨਾ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ (ਪਾਕਿਸਤਾਨ) ਵਿਖੇ ਇੱਕ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਕਿਸ਼ਨਚੰਦ ਟੈਕਸਟਾਈਲ ਡਾਇੰਗ ਤੇ ਰਸਾਇਣਾਂ ਦਾ ਕਾਰੋਬਾਰ ਕਰਦੇ ਸਨ। ਉਸ ਦਾ ਪਰਿਵਾਰ ਦੇਸ਼ ਦੀ ਵੰਡ ਮਗਰੋਂ ਪੇਸ਼ਾਵਾਰ ਤੋਂ ਮੁੰਬਈ ਜਾ ਵੱਸਿਆ ਸੀ। ਵਿਨੋਦ ਨੇ ਮੁੰਬਈ ਦੇ ਮਸ਼ਹੂਰ ਕੁਈਨ ਮੈਰੀ ਸਕੂਲ ਤੇ ਸੇਂਟ ਜੇਵੀਅਰ ਹਾਈ ਸਕੂਲ ਤੋਂ ਮੁਢਲੀ ਸਿਖਿਆ ਪ੍ਰਾਪਤ ਕੀਤੀ। 1957 ਵਿਚ ਉਸ ਦੇ ਪਿਤਾ ਕਾਰੋਬਾਰ ਦੇ ਸਬੰਧ ਵਿਚ ਦਿੱਲੀ ਆ ਗਏ, ਇੱਥੇ ਵਿਨੋਦ ਨੂੰ ਮਥੁਰਾ ਰੋਡ ਵਾਲੇ ਦਿੱਲੀ ਪਬਲਿਕ ਸਕੂਲ ਵਿਚ ਦਾਖਲ ਕਰਵਾਇਆ ਗਿਆ। ਵਿਨੋਦ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ‘ਚ ਹਿੱਸਾ ਲਿਆ ਅਤੇ ਥੀਏਟਰ ਵੀ ਕੀਤਾ। ਉਹ ਜਦੋਂ 13 ਸਾਲ ਦਾ ਸੀ ਤਾਂ ਉਸ ਦੇ ਇਕ ਅਧਿਆਪਕ ਨੇ ਉਸ ਨੂੰ ਇਕ ਨਾਟਕ ਵਿਚ ਕੰਮ ਕਰਨ ਲਈ ਜ਼ਬਰਦਸਤੀ ਸਟੇਜ ‘ਤੇ ਭੇਜ ਦਿੱਤਾ। ਇਸ ਨਾਟਕ ਨੇ ਉਸ ਦੇ ਦਿਲ ਵਿਚ ਅਦਾਕਾਰੀ ਲਈ ਪਿਆਰ ਵਧਾ ਦਿੱਤਾ।
ਵਿਨੋਦ ਦਾ ਪਰਿਵਾਰ ਇਕ ਵਾਰ ਫੇਰ 1960 ਵਿਚ ਮੁੰਬਈ ਆ ਗਿਆ ਅਤੇ ਵਿਨੋਦ ਨੂੰ ਦਿਓਲਾਲੀ ਵਿਖੇ ਇਕ ਰਿਹਾਇਸ਼ੀ ਸਕੂਲ ਭੇਜਿਆ ਗਿਆ। ਬੋਰਡਿੰਗ ਸਕੂਲ ਵਿਚ ਪੜ੍ਹਦੇ ਸਮੇਂ ਉਸ ਨੇ ‘ਸੋਲਵਾਂ ਸਾਲ’ ਅਤੇ ‘ਮੁਗਲ-ਏ-ਆਜ਼ਮ’ ਫਿਲਮਾਂ ਵੇਖੀਆਂ, ਜਿਨ੍ਹਾਂ ਨੇ ਉਸ ਨੂੰ ਬਹੁਤ ਮੁਤਾਸਿਰ ਕੀਤਾ। ਵਿਨੋਦ ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਉਸ ਦੇ ਪਿਤਾ ਉਸ ਨੂੰ ਪਰਿਵਾਰਕ ਕਾਰੋਬਾਰ ਵਿਚ ਸ਼ਾਮਲ ਕਰਨਾ ਚਾਹੁੰਦੇ ਸਨ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਕਾਮਰਸ ਵਿਚ ਗ੍ਰੈਜੂਏਸ਼ਨ ਕੀਤੀ।
ਵਿਨੋਦ ਖੰਨਾ ਨੂੰ ਸਭ ਤੋਂ ਪਹਿਲਾਂ ਸੁਨੀਲ ਦੱਤ ਨੇ ਆਪਣੀ ਨਵੀਂ ਫਿਲਮ ‘ਮਨ ਕਾ ਮੀਤ’ ਵਿਚ ਖਲਨਾਇਕ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਸੀ। ਜਦ ਵਿਨੋਦ ਨੇ ਫਿਲਮਾਂ ਦੀ ਪੇਸ਼ਕਾਰੀ ਬਾਰੇ ਘਰ ਜਾ ਕੇ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਦੇ ਸਿਰ ‘ਤੇ ਇੱਕ ਬੰਦੂਕ ਰੱਖੀ ਅਤੇ ਕਿਹਾ ਕਿ ਉਹ ਉਹਨੂੰ ਮਾਰ ਦੇਵੇਗਾ, ਜੇ ਉਹ ਕਦੇ ਵੀ ਬਾਲੀਵੁਡ ਵਿਚ ਦਾਖਲ ਹੋਇਆ। ਆਖਿਰ ਉਸ ਦੀ ਮਾਂ ਦੇ ਕਹਿਣ ‘ਤੇ ਵਿਨੋਦ ਨੂੰ ਦੋ ਸਾਲਾਂ ਤੱਕ ਫਿਲਮਾਂ ‘ਚ ਆਪਣੀ ਕਿਸਮਤ ਅਜ਼ਮਾਉਣ ਦੀ ਮੋਹਲਤ ਮਿਲ ਗਈ। ਫਿਲਮ ‘ਮਨ ਕਾ ਮੀਤ’ ਨੇ ਬਾਕਸ ਆਫਿਸ ‘ਤੇ ਆਮ ਵਰਗਾ ਬਿਜਨਸ ਕੀਤਾ, ਪਰ ਵਿਨੋਦ ਦੀ ਐਕਟਿੰਗ ਦੀ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਨੇ ਖੂਬ ਸ਼ਲਾਘਾ ਕੀਤੀ। ਇਸ ਪਿਛੋਂ ਉਸ ਨੇ ਇਕ ਹਫਤੇ ‘ਚ 15 ਫਿਲਮਾਂ ਸਾਈਨ ਕਰ ਲਈਆਂ।
ਵਿਨੋਦ ਖੰਨਾ ਫਿਲਮ ‘ਮੇਰਾ ਗਾਂਵ ਮੇਰਾ ਦੇਸ਼’ ਦੇ ਡਾਕੂ ਜੱਬਾਰ ਸਿੰਘ ਦੇ ਖੌਫ ਭਰੇ ਅੰਦਾਜ਼ ਨਾਲ ਸਿਨੇਮਾ ਪ੍ਰੇਮੀਆਂ ਦਾ ਚਹੇਤਾ ਕਲਾਕਾਰ ਬਣ ਗਿਆ। ਉਸ ਨੇ ਪੰਜਾਬੀ ਫਿਲਮ ‘ਮਾਂ ਦਾ ਲਾਡਲਾ’ (1971) ਵਿਚ ਵੀ ਇੱਕ ਡਾਕੂ ਦਾ ਕਿਰਦਾਰ ਨਿਭਾਇਆ। ਮੁਢਲੇ ਦੌਰ ਵਿਚ ਉਸ ਨੂੰ ਕਈ ਸੁਪਰਹਿੱਟ ਫਿਲਮਾਂ ਜਿਵੇਂ ‘ਪੂਰਬ ਔਰ ਪੱਛਮ’, ‘ਸੱਚਾ ਝੂਠਾ’ ਅਤੇ ‘ਮੇਰਾ ਗਾਂਵ ਮੇਰਾ ਦੇਸ਼’ ਆਦਿ ਵਿਚ ਛੋਟੇ ਤੇ ਨਾਂਹ ਪੱਖੀ ਕਿਰਦਾਰ ਮਿਲੇ। ਪਰ ਛੇਤੀ ਹੀ ਫਿਲਮ ਨਿਰਮਾਤਾਵਾਂ ਨੇ ਉਸ ਦੀ ਕਾਬਲੀਅਤ ਨੂੰ ਪਛਾਣ ਲਿਆ ਤੇ ਉਸ ਨੂੰ ਬਤੌਰ ਹੀਰੋ ਫਿਲਮਾਂ ‘ਚ ਰੋਲ ਮਿਲਣੇ ਸ਼ੁਰੂ ਹੋ ਗਏ। ਵਿਨੋਦ ਖੰਨਾ ਨੂੰ ਖਲਨਾਇਕ ਤੋਂ ਹੀਰੋ ਬਣਾਉਣ ਦਾ ਸਿਹਰਾ ਡਾਇਰੈਕਟਰ ਗੁਲਜ਼ਾਰ ਨੂੰ ਜਾਂਦਾ ਹੈ, ਜਿਸ ਨੇ ਉਸ ਨੂੰ ਫਿਲਮ ‘ਮੇਰੇ ਆਪਣੇ’ ‘ਚ ਲੀਡ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਉਹ ਗੁਲਜ਼ਾਰ ਦਾ ‘ਐਂਗਰੀ ਯੰਗਮੈਨ’ ਸੀ। ਗੁਲਜ਼ਾਰ ਦੀ ਇਕ ਹੋਰ ਫਿਲਮ ‘ਅਚਾਨਕ’ (1973) ਵਿਚ ਵਿਨੋਦ ਨੇ ਇਕ ਸਜ਼ਾਯਾਫਤਾ ਨੇਵੀ ਅਫਸਰ ਦਾ ਸੰਵੇਦਨਸ਼ੀਲ ਰੋਲ ਬਾਖੂਬੀ ਨਿਭਾ ਕੇ ਖੂਬ ਵਾਹ ਵਾਹ ਲੁਟੀ।
ਵਿਨੋਦ ਖੰਨਾ ਨੂੰ ਆਪਣੀ ਲਾਜਵਾਬ ਐਕਟਿੰਗ ਤੇ ਸ਼ਖਸੀਅਤ ਦੇ ਦਮ ‘ਤੇ ਕਈ ਵੱਡੇ ਬਜਟ ਦੀਆਂ ਫਿਲਮਾਂ ‘ਚ ਅਹਿਮ ਕਿਰਦਾਰ ਮਿਲਣੇ ਸ਼ੁਰੂ ਹੋ ਗਏ। ਉਸ ਨੇ 1970 ਤੇ 1980 ਦੇ ਦਹਾਕਿਆਂ ਵਿਚ ਕਈ ਫਿਲਮਾਂ ‘ਇਮਤਿਹਾਨ’, ‘ਪਰਵਰਿਸ਼’, ‘ਇਨਕਾਰ’, ‘ਅਮਰ ਅਕਬਰ ਐਂਥਨੀ’, ‘ਲਹੂ ਕੇ ਦੋ ਰੰਗ’, ‘ਕੁਰਬਾਨੀ’, ‘ਦਯਾਵਾਨ’, ‘ਖੂਨ ਪਸੀਨਾ’, ‘ਮੁਕੱਦਰ ਕਾ ਸਿਕੰਦਰ’, ‘ਬਰਨਿੰਗ ਟ੍ਰੇਨ’ ਅਤੇ ‘ਜੁਰਮ’ ਕੀਤੀਆਂ ਜੋ ਹਰਮਨਪਿਆਰੀਆਂ ਹੋਈਆਂ। ਅੱਸੀਵਿਆਂ ਵਿਚ ਆਈਆਂ ‘ਹੇਰਾ ਫੇਰੀ’, ‘ਖੂਨ ਪਸੀਨਾ’, ‘ਅਮਰ ਅਕਬਰ ਐਂਥਨੀ’ ਅਤੇ ‘ਮੁਕੱਦਰ ਕਾ ਸਿਕੰਦਰ’ ਵਰਗੀਆਂ ਹਿੱਟ ਫਿਲਮਾਂ ਵਿਚ ਵਿਨੋਦ ਖੰਨਾ ਕਿਤੇ ਵੀ ਸੁਪਰ ਸਟਾਰ ਅਮਿਤਾਭ ਨਾਲੋਂ ਘੱਟ ਨਜ਼ਰ ਨਹੀਂ ਆਉਂਦਾ। ਫਿਰੋਜ਼ ਖਾਨ ਦੀ ਬਲਾਕ ਬਸਟਰ ਫਿਲਮ ‘ਕੁਰਬਾਨੀ’ ਨਾਲ ਵਿਨੋਦ ਖੰਨਾ ਇਕ ਵੱਡੀ ਲੀਗ ਦਾ ਹਿੱਸਾ ਬਣ ਗਿਆ।
ਫਿਲਮ ਉਦਯੋਗ ਵਿਚ ਰਹਿੰਦਿਆਂ ਵਿਨੋਦ ਖੰਨਾ ਕੋਲ ਪੈਸਾ, ਸ਼ਾਨ ਸ਼ੌਕਤ ਤੇ ਪ੍ਰਸਿੱਧੀ ਸਭ ਕੁਝ ਸੀ, ਫੇਰ ਅਚਾਨਕ ਕੀ ਭਾਣਾ ਵਰਤਿਆ ਕਿ ਆਪਣੀ ਕਾਮਯਾਬੀ ਦੇ ਸਿਖਰ ‘ਤੇ ਹੁੰਦਿਆਂ ਵਿਨੋਦ ਖੰਨਾ ਫਿਲਮ ਉਦਯੋਗ ਨੂੰ ਛੱਡ ਓਸ਼ੋ (ਰਜਨੀਸ਼) ਦਾ ਚੇਲਾ ਬਣ ਗਿਆ। ਉਸ ਨੇ 31 ਦਸੰਬਰ 1975 ਨੂੰ ਫਿਲਮਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਕਿਸੇ ਨੂੰ ਵੀ ਉਸ ਦੇ ਇਸ ਫੈਸਲੇ ‘ਤੇ ਯਕੀਨ ਨਾ ਆਇਆ ਅਤੇ ਉਸ ਨੂੰ ‘ਸੈਕਸੀ ਸਨਿਆਸੀ’ ਕਿਹਾ ਗਿਆ। ਵਿਨੋਦ ਖੰਨਾ ਓਸ਼ੋ ਦੇ ਨਾਲ ਓਰੇਗਾਨ (ਅਮਰੀਕਾ) ਚਲਾ ਗਿਆ। ਵਿਨੋਦ ਨੇ ਓਸ਼ੋ ਦਾ ਮਾਲੀ ਬਣ ਕੇ ਚਾਰ ਸਾਲ ਬਿਤਾਏ। ਉਸ ਦੀ ਪਤਨੀ ਗੀਤਾਂਜਲੀ ਇਸ ਨੂੰ ਹੋਰ ਬਰਦਾਸ਼ਤ ਨਾ ਕਰ ਸਕੀ। ਜਦ ਉਹ ਭਾਰਤ ਪਰਤਿਆ ਤਾਂ ਗੀਤਾਂਜਲੀ ਕੋਲ ਤਲਾਕ ਲੈਣ ਦੇ ਬਿਨਾ ਕੋਈ ਚਾਰਾ ਨਾ ਰਿਹਾ। ਓਸ਼ੋ ਨੇ ਉਸ ਨੂੰ ਪੁੰਨਾ ਆਸ਼ਰਮ ਚਲਾਉਣ ਲਈ ਕਿਹਾ, ਪਰ ਉਸ ਨੇ ‘ਨਾਂਹ’ ਕਰ ਦਿੱਤੀ।
ਵਿਨੋਦ ਖੰਨਾ ਬਹੁਤੀ ਦੇਰ ਗਲੈਮਰ ਦੀ ਦੁਨੀਆਂ ਤੋਂ ਦੂਰ ਨਾ ਰਹਿ ਸਕਿਆ ਅਤੇ 1987 ਵਿਚ ਮੁੱਢ ਬਾਲੀਵੁੱਡ ਵਾਪਸ ਪਰਤ ਆਇਆ। ਉਸ ਨੇ ਫਿਲਮਾਂ ਦੀ ਦੂਜੀ ਪਾਰੀ ਹੀਰੋਇਨ ਡਿੰਪਲ ਕਪਾਡੀਆ ਨਾਲ ਫਿਲਮ ‘ਇਨਸਾਫ’ ਰਾਹੀਂ ਕੀਤੀ। ਇਹ ਫਿਲਮ ਬਾਕਸ ਆਫਿਸ ‘ਤੇ ਸਫਲ ਰਹੀ ਅਤੇ ਉਸ ਨੂੰ ਇਕ ਵਾਰ ਫਿਰ ਫਿਲਮੀ ਦੁਨੀਆਂ ਨੇ ਪ੍ਰਵਾਨ ਕਰ ਲਿਆ। 1980-90 ਦੇ ਦਹਾਕੇ ਵਿਚ ਵਿਨੋਦ ਖੰਨਾ ਨੇ ‘ਦਯਾਵਾਨ’, ‘ਚਾਂਦਨੀ’, ‘ਕਸ਼ਤਰੀਆ’, ‘ਈਨਾ ਮੀਨਾ ਡਿਕਾ’ ਅਤੇ ‘ਏਕ ਰਾਜਾ ਔਰ ਰਾਨੀ’ ਜਿਹੀਆਂ ਕਈ ਚਰਚਿਤ ਫਿਲਮਾਂ ਵਿਚ ਕੰਮ ਕੀਤਾ।
ਚਾਰ-ਪੰਜ ਸਾਲ ਹੀਰੋ ਦਾ ਰੋਲ ਕਰਨ ਪਿਛੋਂ ਵਿਨੋਦ ਖੰਨਾ ਨੇ ਸਹਾਇਕ ਜਾਂ ਚਰਿਤਰ ਅਭਿਨੇਤਾ ਦੇ ਰੋਲ ਕਰਨੇ ਸ਼ੁਰੂ ਕਰ ਦਿੱਤੇ। ਵਿਨੋਦ ਖੰਨਾ ਨੇ ਪਾਕਿਸਤਾਨੀ ਫਿਲਮ ‘ਗਾਡਫਾਦਰ’ ਵਿਚ ਅਗਵਾਈ ਭੂਮਿਕਾ ਕੀਤੀ ਅਤੇ ਇਸ ਫਿਲਮ ਨੂੰ ਵੱਡੀ ਸਫਲਤਾ ਮਿਲੀ। ਸਲਮਾਨ ਖਾਨ ਦੀ ਫਿਲਮ ‘ਦਬੰਗ’ ਵਿਚ ਵਿਨੋਦ ਨੇ ਸ਼ਾਨਦਾਰ ਭੂਮਿਕਾ ਨਿਭਾਈ। ਉਹ ਫਿਲਮ ‘ਕੋਇਲਾਂਚਲ’ ਵਿਚ ਕੋਲਾ ਮਾਫੀਆ ਸਰਜੂ ਭਾਨ ਸਿੰਘ ਬਣਿਆ। ਫਿਲਮ ‘ਪਲੇਅਰਜ਼’ ਵਿਚ ਉਸ ਦੀ ਅਦਾਕਾਰੀ ਦੀ ਬੜੀ ਤਾਰੀਫ ਹੋਈ। ਉਸ ਦੀ ਫਿਲਮੀ ਗੱਡੀ ਛਲਾਂਗਾਂ ਮਾਰਦੀ ਅੱਗੇ ਵੱਧ ਗਈ ਅਤੇ ਚੱਲ ਸੋ ਚੱਲ। ਉਸ ਨੇ ਆਪਣੇ ਫਿਲਮੀ ਸਫਰ ਦੌਰਾਨ 140 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ। ਉਸ ਦੀ ਆਖਰੀ ਫਿਲਮ ਡਾਇਰੈਕਟਰ ਰੋਹਿਤ ਸ਼ੈਟੀ ਦੀ ਫਿਲਮ ‘ਦਿਲ ਵਾਲੇ’ ਸੀ।
ਵਿਨੋਦ ਖੰਨਾ ਦੇ 1971 ‘ਚ ਗੀਤਾਂਜਲੀ ਨਾਲ ਹੋਏ ਵਿਆਹ ਤੋਂ ਉਹ ਦੋ ਪੁੱਤਰਾਂ-ਰਾਹੁਲ ਖੰਨਾ ਅਤੇ ਅਕਸ਼ੈ ਖੰਨਾ ਦਾ ਪਿਓ ਬਣਿਆ। ਓਸ਼ੋ ਦਾ ਚੇਲਾ ਬਣਨ ਮਗਰੋਂ ਗੀਤਾਂਜਲੀ ਨਾਲ ਤਲਾਕ ਉਪਰੰਤ ਉਸ ਨੇ ਕਵਿਤਾ ਨਾਲ ਦੂਜਾ ਵਿਆਹ 15 ਮਈ 1990 ਨੂੰ ਕਰਵਾਇਆ ਅਤੇ ਇਸ ਵਿਆਹ ਤੋਂ ਉਨ੍ਹਾਂ ਦੇ ਇਕ ਪੁੱਤਰ ਸਾਕਸ਼ੀ ਅਤੇ ਇਕ ਧੀ ਸ਼ਰਧਾ ਹੈ। 1997 ਵਿਚ ਵਿਨੋਦ ਖੰਨਾ ਨੇ ਆਪਣੇ ਬੇਟੇ ਅਕਸ਼ੈ ਨੂੰ ਫਿਲਮ ‘ਹਿਮਾਲਿਆ ਪੁੱਤਰ’ ਰਾਹੀਂ ਹਿੰਦੀ ਸਿਨੇਮਾ ਵਿਚ ਲਿਆਂਦਾ।
ਵਿਨੋਦ ਖੰਨਾ ਨੇ ਆਪਣੇ ਸਮੇਂ ਦੀ ਹਰੇਕ ਛੋਟੀ-ਵੱਡੀ ਹੀਰੋਇਨ ਜਿਵੇਂ ਰੇਖਾ, ਸ਼ਬਾਨਾ ਆਜ਼ਮੀ, ਰਾਖੀ, ਸਾਇਰਾ ਬਾਨੋ, ਜ਼ੀਨਤ ਅਮਾਨ, ਡਿੰਪਲ ਕਪਾਡੀਆ, ਹੇਮਾ ਮਾਲਿਨੀ, ਲੀਨਾ ਚੰਦਰਾਵਰਕਰ, ਪ੍ਰਵੀਨ ਬਾਬੀ, ਮੌਸਮੀ ਚੈਟਰਜੀ ਵਗੈਰਾ ਨਾਲ ਕੰਮ ਕੀਤਾ। ਇਹ ਸਭ ਅਭਿਨੇਤਰੀਆਂ ਵਿਨੋਦ ਖੰਨਾ ਦੀਆਂ ‘ਫੈਨ’ ਸਨ। ਮੁਟਿਆਰਾਂ ਨੂੰ ਵਿਨੋਦ ਖੰਨਾ ‘ਚੋਂ ਇੱਕ ਗ੍ਰੀਕ ਦੇਵਤਾ ਨਜ਼ਰ ਆਉਂਦਾ ਸੀ। ਇਸ ਬਾਰੇ ਮਾਧੁਰੀ ਦੀਕਸ਼ਿਤ ਨੇ ਇਕ ਇੰਟਰਵਿਊ ਵਿਚ ਕਿਹਾ ਸੀ, ਉਸ ਦਾ ਲਾੜਾ ਇਹੋ ਜਿਹਾ ਹੋਵੇ ਕਿ ਜਿਸ ਦੀ ਠੋਡੀ ਵਿਚ ਵਿਨੋਦ ਖੰਨਾ ਵਾਂਗ ਡਿੰਪਲ ਪੈਂਦਾ ਹੋਵੇ। ਅਮਿਤਾਭ ਬੱਚਨ, ਸ਼ਤਰੂਘਨ ਸਿਨਹਾ, ਧਰਮਿੰਦਰ, ਰਾਜ ਕੁਮਾਰ, ਰਿਸ਼ੀ ਕਪੂਰ, ਸੁਨੀਲ ਦੱਤ-ਸਭ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਸਨ। ਸਲਮਾਨ ਖਾਨ ਵਿਨੋਦ ਖੰਨਾ ਨੂੰ ਆਪਣੇ ਲਈ ਬੜਾ ਲੱਕੀ ਮੰਨਦਾ ਸੀ ਅਤੇ ਉਹ ਦੋਵੇਂ ਬਹੁਤ ਸਾਰੀਆਂ ਫਿਲਮਾਂ ਵਿਚ ਇੱਕਠੇ ਨਜ਼ਰ ਆਏ।
ਵਿਨੋਦ ਖੰਨਾ ਦੀ ਡਾਇਲਾਗ ਅਦਾਇਗੀ ਦਰਸ਼ਕਾਂ ਨੂੰ ਸੀਟੀਆਂ ਮਾਰਨ ‘ਤੇ ਮਜਬੂਰ ਕਰ ਦਿੰਦੀ ਸੀ। ਉਸ ਦੀਆਂ ਫਿਲਮਾਂ ਦੇ ਕੁਝ ਚੋਣਵੇਂ ਵਧੀਆ ਡਾਇਲਾਗ ਹਨ, “ਦੋਸਤੀ ਭੁਲਾਈ ਜਾ ਸਕਦੀ ਹੈ ਪਰ ਦੁਸ਼ਮਣੀ ਨਹੀਂ; ਜਦ ਦੀ ਮੈਂ ਹੋਸ਼ ਸੰਭਾਲੀ ਹੈ, ਖਿਡੌਣਿਆਂ ਨਾਲ ਨਹੀਂ ਮੌਤ ਨਾਲ ਖੇਡਦਾ ਆਇਆ ਹਾਂ; ਇੱਜਤ ਉਹ ਜਾਇਦਾਦ ਹੈ, ਜੋ ਇੱਕ ਵਾਰ ਖੁੱਸ ਜਾਏ ਫਿਰ ਕਦੇ ਵਾਪਸ ਪ੍ਰਾਪਤ ਨਹੀਂ ਕੀਤੀ ਜਾ ਸਕਦੀ; ਤਲਵਾਰ ਦੀ ਲੜਾਈ ਤਲਵਾਰ ਨਾਲ; ਜੇ ਨਜ਼ਰਾਂ ਖੂਬਸੂਰਤ ਹੋਣ ਤਾਂ ਹਰ ਚੀਜ਼ ਸੁੰਦਰ ਲੱਗਦੀ ਹੈ; ਵਗੈਰਾ।
ਉਸ ਨੇ ਸਾਲਾਂ ਪਹਿਲਾਂ ਟੈਲੀਵਿਜ਼ਨ ਲੜੀਵਾਰ ‘ਮਹਾਰਾਣਾ ਪ੍ਰਤਾਪ’ ਵਿਚ ਅਹਿਮ ਕਿਰਦਾਰ ਨਿਭਾਇਆ ਸੀ। ਸਮ੍ਰਿਤੀ ਇਰਾਨੀ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਏ ਗਏ ਲੜੀਵਾਰ ‘ਮੇਰੇ ਅਪਨੇ’ ਵਿਚ ਵਿਨੋਦ ਖੰਨਾ ਨੇ ਬਤੌਰ ਲੀਡ ਅਦਾਕਾਰ ਕਾਸ਼ੀ ਨਾਥ ਦੀ ਭੂਮਿਕਾ ਨਿਭਾਈ।
1997 ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੈਂਬਰ ਬਣਨ ਤੋਂ ਬਾਅਦ ਵਿਨੋਦ ਖੰਨਾ ਚਾਰ ਵਾਰ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਚੁਣਿਆ ਗਿਆ। ਜੁਲਾਈ 2002 ਵਿਚ ਅਟੱਲ ਬਿਹਾਰੀ ਵਾਜਪਾਈ ਨੇ ਵਿਨੋਦ ਖੰਨਾ ਨੂੰ ਕਲਚਰ ਤੇ ਟੂਰਿਜ਼ਮ ਮੰਤਰੀ ਬਣਾਇਆ। 2003 ਵਿਚ ਉਸ ਨੂੰ ਵਿਦੇਸ਼ ਰਾਜ ਮੰਤਰੀ ਦਾ ਅਹੁਦਾ ਦਿੱਤਾ। ਇਸ ਅਹੁਦੇ ‘ਤੇ ਰਹਿਦਿਆਂ ਵਿਨੋਦ ਖੰਨਾ ਨੇ ਫਿਲਮ ਇੰਡਸਟਰੀ ਦੇ ਜ਼ਰੀਏ ਭਾਰਤ-ਪਾਕਿਸਤਾਨ ਵਿਚਕਾਰ ਦੂਰੀਆਂ ਖਤਮ ਕਰਨ ਦੇ ਕਈ ਯਤਨ ਕੀਤੇ।
ਵਿਨੋਦ ਖੰਨਾ ਨੂੰ 1975 ਵਿਚ ਫਿਲਮ ‘ਹਾਥ ਕੀ ਸਫਾਈ’ ਲਈ ਫਿਲਮਫੇਅਰ ਬੈਸਟ ਸਪੋਰਟਿੰਗ ਐਕਟਰ ਐਵਾਰਡ ਮਿਲਿਆ। ਫਿਲਮ ਉਦਯੋਗ ਵਿਚ ਸ਼ਲਾਘਾਪੂਰਨ ਯੋਗਦਾਨ ਲਈ ਵਿਨੋਦ ਖੰਨਾ ਨੂੰ 1999 ਵਿਚ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 2007 ਵਿਚ ਲਾਈਫ ਟਾਈਮ ਅਚੀਵਮੈਂਟ ਲਈ ਜ਼ੀ ਸਿਨੇ ਐਵਾਰਡ ਦਿੱਤਾ ਗਿਆ। ਭਾਰਤੀ ਸਿਨੇਮਾ ਦੇ ਉਘੇ ਅਭਿਨੇਤਾ, ਫਿਲਮ ਨਿਰਮਾਤਾ ਅਤੇ ਸਿਆਸਤਦਾਨ ਵਿਨੋਦ ਖੰਨਾ ਨੂੰ ਐਡਵਾਂਸਡ ਬਲੈਡਰ ਕਾਰਸਿਨੋਮਾ ਕਹਿੰਦੇ ਸਨ। ‘ਰੁਕ ਜਾਨਾ ਨਾ ਤੂੰ ਕਹੀਂ ਹਾਰ ਕੇ…Ḕ ਦਾ ਪਾਠ ਪੜ੍ਹਾਉਂਦਿਆਂ ਵਿਨੋਦ ਖੰਨਾ 27 ਅਪਰੈਲ 2017 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।