ਦਵੀ ਦਵਿੰਦਰ ਕੌਰ
ਫੋਨ: 91-98760-82982
ਭਾਰਤੀ ਫਿਲਮ ਅਤੇ ਮਨੋਰਜੰਨ ਜਗਤ ਨੇ ਦੇਸ਼ ਭਰ ਦੇ ਸੂਬਿਆਂ ਦੀ ਉਹ ਹਰ ਸ਼ੈਅ, ਹਰ ਰਸਮ ਵਰਤਾਰਾ ਤੇ ਸਭਿਆਚਾਰ ਵਰਤਿਆ ਹੈ ਜੋ ਇਸ ਦੇ ਮੁਨਾਫੇ ਵਿਚ ਇਜ਼ਾਫਾ ਕਰ ਸਕਦਾ ਹੋਵੇ, ਜੋ ਇਸ ਦੀ ਦ੍ਰਿਸ਼ ਸੁੰਦਰਤਾ ਤੇ ਸੁਹਜ ਵਿਚ ਵਾਧਾ ਕਰ ਸਕਦਾ ਹੋਵੇ। ਰੰਗ-ਬਰੰਗੇ, ਬਹੁ-ਸਭਿਆਚਾਰੀ, ਬਹੁ-ਧਰਮੀ ਭਾਰਤ ਵਿਚ ਹਰ ਦਿਨ ਤਿਓਹਾਰ ਜਾਂ ਮੇਲਾ ਜਾਂ ਕੋਈ ਧਾਰਮਿਕ ਦਿਵਸ ਹੁੰਦਾ ਹੈ ਤੇ ਇਨ੍ਹਾਂ ਸਾਰੇ ਵਰਤਾਰਿਆਂ ਨਾਲ ਬਹੁਤ ਸਾਰੀਆਂ ਰਸਮਾਂ ਵੀ ਜੁੜੀਆਂ ਹੋਈਆਂ ਹਨ।
ਕਰਵਾ ਚੌਥ, ਰੱਖੜੀ, ਦੀਵਾਲੀ, ਹੋਲੀ, ਦਸਹਿਰੇ ਜਿਹੇ ਤਿਓਹਾਰ ਮਨੋਰੰਜਨ ਤੇ ਫਿਲਮ ਜਗਤ ਵਿਚ ਖ਼ੂਬ ਵਰਤੇ ਗਏ ਹਨ। ਇਹ ਫਿਲਮਾਂ, ਟੀ ਵੀ ਲੜੀਵਾਰਾਂ ਵਿਚ ਕਮਰਸ਼ੀਅਲ ਪੱਖੋਂ ਬਹੁਤ ਲਾਹੇਵੰਦ ਤੇ ਭਾਵੁਕ ਖਿੱਚ ਰੱਖਣ ਵਾਲੇ ਹੋ ਨਿਬੜਦੇ ਰਹੇ ਹਨ। ਸਾਡਾ ਦੇਸ਼ ਖੇਤੀ ਬਹੁਲ ਹੈ। ਪੋਂਗਲ, ਓਨਮ ਅਤੇ ਵਿਸਾਖੀ ਸਾਡੇ ਫਸਲਾਂ ਨਾਲ ਜੁੜੇ ਤਿਓਹਾਰ ਹਨ। ਵਿਸਾਖੀ ਭਾਵੇਂ ਉਤਰੀ ਭਾਰਤ ਦਾ ਕਣਕ ਦੀ ਫਸਲ ਨਾਲ ਜੁੜਿਆ ਹੋਇਆ ਤਿਓਹਾਰ ਹੈ, ਪਰ ਇਸੇ ਦਿਨ 1699 ਵਿਚ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸੋ, ਇਸ ਤਿਓਹਾਰ ਨੂੰ ਸਿੱਖਾਂ ਅਤੇ ਪੰਜਾਬੀਆਂ, ਤੇ ਫਿਰ ਕਿਸਾਨੀ ਤਕ ਸੀਮਤ ਕਰ ਦਿੱਤਾ ਗਿਆ, ਜਦੋਂਕਿ ਕਣਕ ਉਤਪਾਦਕ ਸੂਬਿਆਂ ਦੀ ਆਰਥਿਕਤਾ ਦਾ ਵੱਡਾ ਠੁੰਮਣਾ ਰਹੀ ਹੈ। ਖ਼ੈਰ, ਮੁੱਖ ਫਸਲ ਕਣਕ ਦੀ ਆਮਦ ਨਾਲ ਜੁੜੇ ਇਸ ਤਿਓਹਾਰ ਮੌਕੇ ਹੀ ਗੁਰੂ ਗੋਬਿੰਦ ਸਿੰਘ ਵੱਲੋਂ ਇੰਨੀ ਵੱਡੀ ਇਤਿਹਾਸਕ ਘਟਨਾ ਨੂੰ ਅੰਜਾਮ ਦੇਣਾ ਵੀ ਆਪਣੇ ਆਪ ਵਿਚ ਰੋਟੀ ਰੋਜ਼ੀ ਦੀ ਲੋੜ ਪੂਰੀ ਹੋ ਜਾਣ ਮਗਰੋਂ ਹੀ ਅਣਖ ਅਤੇ ਅਧਿਆਤਮਕਤਾ ਦਾ ਤਾਲਮੇਲ ਸੰਭਵ ਹੋ ਸਕਣ ਦੀ ਯਾਤਰਾ ਦਾ ਲਖਾਇਕ ਹੋਵੇਗਾ।
ਗੀਤਾਂ ਤੇ ਸਾਹਿਤ ਵਿਚ ਵਿਚ ਵਿਸਾਖੀ ਆਪਣੇ ਪੂਰੇ ਜਲੌਅ ਵਿਚ ਹਾਜ਼ਰ ਹੈ। ਪੰਜਾਬ (ਪੁਰਾਣਾ ਅਣਵੰਡਿਆ ਪੰਜ ਦਰਿਆਵਾਂ ਦਾ ਪੰਜਾਬ) ਵਿਚ ਥਾਂ ਥਾਂ ਵਿਸਾਖੀ ਦੇ ਮੇਲੇ ਲੱਗਣ ਦਾ ਜ਼ਿਕਰ ਹੈ। ਸਰਹੱਦੀ ਸੂਬਾ ਪੰਜਾਬ ਢਾਲ ਬਣ ਕੇ ਪਹਿਲਾਂ ਦੇਸ਼ ‘ਤੇ ਹੋਣ ਵਾਲੇ ਬਹੁਤੇ ਹਮਲਿਆਂ ਦੀ ਮਾਰ ਝੱਲਦਾ ਰਿਹਾ ਤੇ ਆਜ਼ਾਦੀ ਮਗਰੋਂ ਪੂਰੇ ਮੁਲਕ ਦਾ ਅੰਨਦਾਤਾ ਬਣ ਗਿਆ। ਸ਼ਾਇਦ ਤਾਂ ਹੀ ਇਥੋਂ ਦੇ ਲੋਕ ਮੇਲਿਆਂ ਮਸਾਹਵਿਆਂ ਦੇ, ਖਾਣ ਪੀਣ ਦੇ ਸ਼ੌਕੀਨ ਤੇ ਦਬੰਗ ਕਿਸਮ ਦੇ ਰਹੇ ਹਨ। ਪੰਜਾਬੀਆਂ ਦਾ ਇਹ ਕਿਰਦਾਰ ਗੀਤਾਂ, ਕਥਾ ਕਹਾਣੀਆਂ ਵਿਚ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਹੁੰਦਾ ਰਿਹਾ ਹੈ। ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਹੈ ਜੋ ਸੋਨੇ ਰੰਗੀ ਫਸਲ ਦੇ ਚਾਅ ਵਿਚ ਕਲਹਿਰੀ ਮੋਰ ਬਣ ਕੇ ਮੇਲੇ ਜਾਂਦੇ ਕਿਸਾਨ ਤੇ ਕਿਰਤੀਆਂ ਦੀ ਬਾਤ ਪਾਉਂਦੀ ਹੈ। ਵਿਸਾਖੀ ਦੇ ਮੇਲੇ ਵੀ ਥਾਂ ਥਾਂ ਭਰਦੇ ਹਨ। ਪੰਜਾਬ ਦੀ ਸਿਫਤ ਇਹ ਹੈ ਕਿ ਜਿਥੇ ਮੇਲੇ ਭਰਦੇ ਹਨ, ਓਥੇ ਨਾਲ ਹੀ ਜ਼ਰੂਰ ਕੋਈ ਧਾਰਮਿਕ ਸਥਾਨ ਹੁੰਦਾ ਹੈ ਜਿਥੇ ਮੇਲੀ ਪਹਿਲਾਂ ਨਤਮਸਤਕ ਹੁੰਦੇ ਹਨ।
ਵਿਸਾਖੀ ਤੋਂ ਪਹਿਲਾਂ ਬਸੰਤ ਰੁੱਤ ਆਉਂਦੀ ਹੈ ਅਤੇ ਇਹ ਤਿਓਹਾਰ ਪਾਲਾ ਮੁੱਕਣ ਦਾ ਐਲਾਨ ਹੁੰਦਾ ਹੈ। ਬਸੰਤ ਤੋਂ ਵਿਸਾਖੀ ਤਕ ਰੁੱਤ ਖੁੱਲ੍ਹ ਕੇ ਮੌਲ ਕੇ ਤਿੱਖੀ ਗਰਮੀ ਵੱਲ ਵਧਦੀ ਹੈ ਅਤੇ ਉਤਰੀ ਭਾਰਤ ਵਿਚ ਕਾਇਨਾਤ ਥੋੜ੍ਹੀ ਤਲਖ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਆਗਾਜ਼ ਦਾ ਵੀ ਸੂਚਕ ਹੈ ਵਿਸਾਖੀ ਤੇ ਪੰਜਾਬੀ ਲੋਕ ਇਸ ਮੌਕੇ ਨੂੰ ਵੀ ਜਸ਼ਨ ਵਾਂਗ ਮਨਾ ਲੈਣ ਦਾ ਜੇਰਾ ਰੱਖਦੇ ਹਨ।
ਇਹ ਜਸ਼ਨ ਫਿਲਮਾਂ ਵਿਚ ਵੀ ਫਿਲਮਾਏ ਗਏ ਹਨ। ਵਿਸਾਖੀ ਦਾ ਜ਼ਿਕਰ ਭਾਵੇਂ ਬਹੁਤੀਆਂ ਫਿਲਮਾਂ ਵਿਚ ਨਹੀਂ, ਪਰ ਕੁਝ ਕੁ ਫਿਲਮਾਂ ਵਿਚ ਵਿਸਾਖੀ ਦੇ ਮੇਲੇ ਦਾ ਜ਼ਿਕਰ ਆਉਂਦਾ ਹੈ। ਬੌਲੀਵੁੱਡ ਫਿਲਮਾਂ ਦੇ ਗੀਤਾਂ ਵਿਚ ਪੰਜਾਬੀ ਰੰਗ ਹਮੇਸ਼ਾ ਹਾਜ਼ਰ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਵਿਸਾਖੀ ਦਾ ਪਹਿਲਾ ਗੀਤ ਫਿਲਮ ‘ਦੁਨੀਆ ਏਕ ਸਰਾਏ’ ਵਿਚ ‘ਆਈ ਬੈਸਾਖੀ ਬਗੀਆ ਮਹਿਕੀ’ ਸੀ। ਇਹ ਫਿਲਮ 1946 ਵਿਚ ਬਣੀ ਸੀ ਤੇ ਗਾਇਕ ਮੁਹੰਮਦ ਫਾਰੂਕੀ ਸਨ, ਗੀਤਕਾਰ ਕਿਦਾਰ ਨਾਥ ਸ਼ਰਮਾ ਤੇ ਸੰਗੀਤਕਾਰ ਹੰਸ ਰਾਜ ਬਹਿਲ ਸਨ ਅਤੇ ਇਹ ਗੀਤ ਮੀਨਾ ਕੁਮਾਰੀ ‘ਤੇ ਫਿਲਮਾਇਆ ਗਿਆ ਸੀ।
‘ਓ ਜੱਟਾ ਆਈ ਵਿਸਾਖੀ’ ਗੀਤ 1977 ਵਿਚ ਬਣੀ ਫਿਲਮ ‘ਇਮਾਨ ਧਰਮ’ ਵਿਚ ਲਿਆ ਗਿਆ ਸੀ। ਸਲੀਮ-ਜਾਵੇਦ ਵੱਲੋਂ ਲਿਖੀ ਇਸ ਫਿਲਮ ਦਾ ਇਹ ਗੀਤ ਮੁਹੰਮਦ ਰਫੀ ਤੇ ਮੁਕੇਸ਼ ਨੇ ਗਾਇਆ ਸੀ। ਫਿਲਮ ‘ਪਵਿੱਤਰ ਪਾਪੀ’ ਵਿਚ ਵਿਸਾਖੀ ਦੇ ਮੇਲੇ ਵਿਚ ‘ਲੈ ਦੇ ਸਈਆਂ ਓੜਨੀ ਪੰਜਾਬੀ ਤਿੱਲੇਦਾਰ ਓਏ’ ਫਿਲਮਾਇਆ ਗਿਆ। ‘ਅਗਨੀ’ ਫਿਲਮ ਵਿਚ ‘ਓ ਆਈ ਬਿਸਾਖੀ’ ਗੀਤ ਹੈ ਜੋ ਮਿਥੁਨ ਚੱਕਰਵਰਤੀ ਅਤੇ ਅੰਮ੍ਰਿਤਾ ਸਿੰਘ ‘ਤੇ ਫਿਲਮਾਇਆ ਗਿਆ ਹੈ।
ਹਿੰਦੀ ਵਿਚ ਭਾਵੇਂ ਬੜਾ ਅਰਥ ਭਰਪੂਰ ਸਿਨੇਮਾ ਹਮੇਸ਼ਾ ਵਿਦਮਾਨ ਰਿਹਾ ਹੈ, ਪਰ ਕਿਸਾਨੀ ਦੀ ਦਸ਼ਾ ਬਾਰੇ ‘ਮਦਰ ਇੰਡੀਆ’ ਜਿਹੀਆਂ ਘੱਟ ਫਿਲਮਾਂ ਬਣੀਆਂ ਹਨ। ਅਰਬਾਜ਼ ਖ਼ਾਨ ਦੀ ‘ਕਿਸਾਨ’ ਨੇ ਪਿਛਲੇ ਸਮਿਆਂ ਵਿਚ ਹਾਜ਼ਰੀ ਦਰਜ ਕਰਵਾਈ ਸੀ, ਭਾਵੇਂ ਇਸ ਵਿਚ ਵਿਸਾਖੀ ਦਾ ਜ਼ਿਕਰ ਨਹੀਂ ਸੀ, ਪਰ ਕਿਸਾਨੀ ਦੇ ਦਰਦ ਦੀ ਬਾਤ ਪਾਈ ਗਈ ਸੀ।
ਵਿਸਾਖੀ ਫਿਲਮਾਂ ਵਿਚ ਤਾਂ ਮੇਲੇ ਅਤੇ ਖੇਤਾਂ ਦੇ ਦ੍ਰਿਸ਼ਾਂ ਵਜੋਂ ਹੀ ਦਿਖਾਈ ਗਈ ਹੈ, ਜਦੋਂਕਿ ਖੇਤੀ ਵਾਲੇ ਸੂਬਿਆਂ ਲਈ ਇਹ ਕਿਤੇ ਵਿਆਪਕ ਵਰਤਾਰਾ ਹੈ। ਪੰਜਾਬੀ ਵਿਚ ਬਣੀ ਫਿਲਮ ‘ਵਿਸਾਖੀ’ ਵਿਚ ਵਿਸਾਖੀ ਬਾਰੇ ਕੁਝ ਵੀ ਨਹੀਂ ਸੀ। ਸਮੀਪ ਕੰਗ ਵੱਲੋਂ ਬਣਾਈ ਗਈ ‘ਵਿਸਾਖੀ ਲਿਸਟ’ ਵਿਚ ਵੀ ਇਸ ਤਿਓਹਾਰ ਦੀ ਕੋਈ ਗੱਲ ਨਹੀਂ ਸੀ, ਬਲਕਿ ਇਹ ਵੱਖਰੀ ਕਥਾ ਸੀ।
ਪੰਜਾਬੀ ਵਿਚ ਵਰਿੰਦਰ ਦੀਆਂ ਫਿਲਮਾਂ ਤਕ ਦੇ ਯੁੱਗ ਵਿਚ ਛਿੱਟ ਪੁੱਟ ਰੂਪ ਵਿਚ ਵਿਸਾਖੀ ਦਾ ਜ਼ਿਕਰ ਹੈ। ਮਨਮੋਹਨ ਸਿੰਘ ਯੁੱਗ ਦੌਰਾਨ ਫਿਲਮਾਂ ਦਾ ਰੁਖ਼ ਹੋਰ ਪਾਸੇ ਹੋ ਗਿਆ। ਇੰਨੇ ਨੂੰ ਮਲਟੀਪਲੈਕਸ ਅਤੇ ਮਾਲ ਸਭਿਆਚਾਰ, ਖ਼ਪਤ ਸਭਿਆਚਾਰ ਜ਼ੋਰ ਫੜ ਗਿਆ। ਇਸ ਤੋਂ ਇਲਾਵਾ ਕੀ ਪੰਜਾਬੀ ਤੇ ਕੀ ਹਿੰਦੀ ਸਿਨੇਮਾ, ਸਭ ਲਈ ਨੌਜਵਾਨੀ ਦਾ ਇਸ਼ਕ ਤੇ ਮੇਲ ਮਿਲਾਪ ਦਿਖਾਉਣ ਲਈ ਮੇਲਿਆਂ ਦਾ ਸਹਾਰਾ ਲਿਆ ਜਾਂਦਾ ਸੀ, ਪਰ ਹੁਣ ਇਹ ਮੇਲ ਹਰ ਥਾਂ ਸੰਭਵ ਹੈ। ਕਾਲਜਾਂ, ਯੂਨੀਵਰਸਿਟੀਆਂ ਵਿਚ, ਮਾਲਾਂ ਵਿਚ, ਸ਼ਹਿਰਾਂ ਤੇ ਪਿੰਡਾਂ ਵਿਚ ਕਿਤੇ ਵੀ ਇਹ ਸੁਖਾਲਾ ਹੈ।
ਨਿਰੇ ਕਿਸਾਨੀ ਨਾਲ ਜੋੜ ਦਿੱਤੇ ਗਏ ਇਸ ਤਿਓਹਾਰ ਨੂੰ ਸਿਨੇਮਾ ਵਿਚੋਂ ਮਨਫੀ ਹੀ ਕਰ ਦਿੱਤਾ ਗਿਆ ਹੈ। ਫਿਲਮਾਂ ਵਿਚ ਹੁਣ ਕਣਕ ਦੇ ਖੇਤ ਜ਼ਰੂਰ ਦਿਖਾਏ ਜਾਂਦੇ ਹਨ, ਪਰ ਵਿਸਾਖੀ ਦੇ ਦ੍ਰਿਸ਼ ਨਹੀਂ। ਖੇਤੀ ਬਹੁਤ ਕਠਿਨ ਕਾਰਜ ਹੈ। ਇਹ ਇਕੱਲ ਅਤੇ ਸੁੰਨ ਵਿਚ ਕੀਤਾ ਜਾਣ ਵਾਲਾ ਤਪ ਹੈ, ਪੇਂਡੂ ਕਿਸਾਨ ਦਾ ਸ਼ਹਿਰ ਨਾਲ ਸੰਵਾਦ ਬਹੁਤ ਸੁਖਾਲਾ ਤੇ ਆਮ ਨਹੀਂ ਹੈ। ਖੇਤਾਂ ਤੇ ਸ਼ਹਿਰ/ਮੰਡੀ ਦਾ ਰਿਸ਼ਤਾ ਲਾਜ਼ਮੀ ਪਰ ਕਸੂਤਾ ਹੈ। ਸਿਨੇਮਾ ਮੰਡੀ ਹੈ। ਸੋ, ਮੰਡੀ ਚੁੱਪ ਚੁਪੀਤੇ ਤਪ ਕਰ ਰਹੇ ਕਿਸਾਨ ਦੀ ਬਾਤ ਕਿਉਂ ਪਾਵੇ? ਖਾਲਸੇ ਦੀ ਸਥਾਪਨਾ ਸਦਕਾ ਵੀ ਇਸ ਨੂੰ ਸਿੱਖੀ ਨਾਲ ਜੁੜਿਆ ਵਰਤਾਰਾ ਮੰਨ ਲਿਆ ਗਿਆ। ਮਨੁੱਖ ਦੇ ਖਾਲਸ ਹੋ ਜਾਣ ਦਾ ਵਰਤਾਰਾ ਸਿਰ ਮੰਗਦਾ ਹੈ, ਸੁਖਨਵਰ ਹੋ ਜਾਣ ਦੀ ਤਵੱਕੋ ਰੱਖਦਾ ਹੈ ਅਤੇ ਸਰਬੱਤ ਦੇ ਭਲੇ ਦੀ ਆਸ ਕਰਦਾ ਹੈ। ਮੰਡੀ ਇਥੇ ਵੀ ਨਦਾਰਦ ਰਹਿਣਾ ਚਾਹੇਗੀ। ਹਾਂ, ਜਦੋਂ ਇਸ ਦੇ ਕਾਰੋਬਾਰੀ ਹਿਤ ਬਰ ਆਉਂਦੇ ਹੋਣਗੇ ਤਾਂ ਵਿਸਾਖੀ ਜ਼ਰੂਰ ਕਿਸੇ ਫਿਲਮ ਦਾ ਕੇਂਦਰ ਬਣ ਜਾਏਗੀ ਜਾਂ ਫਿਰ ਕੋਈ ਸਿਰਫਿਰਿਆ ਫਿਲਮਸਾਜ਼ ਇਸ ‘ਤੇ ਕੰਮ ਕਰਨ ਲਈ ਬਜ਼ਿਦ ਹੋਏਗਾ। ਸ਼ਾਲਾ! ਕੋਈ ਸਿਰਫਿਰਿਆ ਨਿਤਰੇ।