ਡਾ. ਰਾਜਵੰਤ ਕੌਰ ਪੰਜਾਬੀ
ਜਿਨ੍ਹਾਂ ਸਮਿਆਂ ਵਿਚ ਭਾਰਤ ਦੀਆਂ ਔਰਤਾਂ ਘਰ ਦੀ ਚਾਰਦੀਵਾਰੀ ਅੰਦਰ ਵੀ ਘੁੰਡ ਵਿਚ ਮੂੰਹ ਲੁਕਾਈ ਰੱਖਦੀਆਂ ਸਨ, ਉਸ ਵੇਲੇ ਦੇਵਿਕਾ ਰਾਣੀ ਨੇ ਫਿਲਮਾਂ ਵਿਚ ਕੰਮ ਕਰ ਕੇ ਅਦਭੁੱਤ ਸਾਹਸ ਦਾ ਪ੍ਰਦਰਸ਼ਨ ਕੀਤਾ। ਹਿੰਦੀ ਫਿਲਮਾਂ ਦੀ ਇਸ ਅਦਾਕਾਰਾ ਨੇ ਲੀਲਾ ਚੌਧਰੀ ਦੀ ਕੁੱਖ ਨੂੰ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਵਾਲਟੇਅਰ ਇਲਾਕੇ ਵਿਚ 30 ਮਾਰਚ, 1908 ਨੂੰ ਭਾਗ ਲਾਏ। ਉਸ ਦੇ ਪਿਤਾ ਕਰਨਲ ਐਮ.ਐਨ. ਚੌਧਰੀ ਮਦਰਾਸ ਦੇ ਪਹਿਲੇ ਸਰਜਨ ਜਨਰਲ ਸਨ।
ਦੱਖਣੀ ਭਾਰਤ ਦੀ ਜੰਮਪਲ ਦੇਵਿਕਾ ਨੂੰ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਨੌਂ ਵਰ੍ਹਿਆਂ ਦੀ ਉਮਰ ਵਿਚ ਅਗਲੀ ਪੜ੍ਹਾਈ ਲਈ ਇੰਗਲੈਂਡ ਭੇਜ ਦਿੱਤਾ। 1920ਵੇਂ ਦਹਾਕੇ ਦੇ ਮੁੱਢਲੇ ਸਾਲਾਂ ਵਿਚ ਦੇਵਿਕਾ ਰਾਣੀ ਨੇ ਨਾਟਕ ਸਬੰਧੀ ਸਿੱਖਿਆ ਪ੍ਰਾਪਤ ਕਰਨ ਲਈ ਲੰਡਨ ਦੀ ‘ਰਾਇਲ ਅਕੈਡਮੀ ਆਫ ਡ੍ਰਾਮੈਟਿਕ ਆਰਟ’ ਅਤੇ ‘ਰਾਇਲ ਅਕੈਡਮੀ ਆਫ ਮਿਊਜ਼ਿਕ’ ਵਿਚ ਦਾਖ਼ਲਾ ਲੈ ਲਿਆ। ਉਥੋਂ ਉਸ ਨੂੰ ਸਕਾਲਰਸ਼ਿਪ ਵੀ ਹਾਸਲ ਹੋਈ। ਉਸ ਨੇ ਭਵਨ ਨਿਰਮਾਣ/ਵਸਤੂ ਕਲਾ, ਕੱਪੜਿਆਂ ਦੇ ਨਮੂਨੇ ਬਣਾਉਣ, ਰੰਗਸੱਜਾ, ਸਜਾਵਟ/ਸ਼ਿੰਗਾਰ ਆਦਿ ਵਿਧਾਵਾਂ ਦੀ ਸਿਖਲਾਈ ਲੈ ਕੇ ਲੰਡਨ ਦੇ ਪ੍ਰਸਿੱਧ ਕਲਾ ਭਵਨ ‘ਐਲਿਜ਼ਬੈਥ ਆਰਡਨ’ ਵਿਚ ਕੱਪੜਾ ਡਿਜ਼ਾਈਨਕਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੜ੍ਹਾਈ ਕਰਦਿਆਂ ਉਸ ਦੀ ਮੁਲਾਕਾਤ ਫਿਲਮ ਨਿਰਮਾਤਾ ਹਿਮਾਂਸ਼ੂ ਰਾਏ ਨਾਲ ਹੋਈ ਜਿਸ ਨੇ ਉਸ ਨੂੰ ਦੁਨੀਆ ਦੇ ਮਹਾਨ ਧਰਮਾਂ ਨਾਲ ਸਬੰਧਿਤ ਆਪਣੀ ਪਹਿਲੀ ਪ੍ਰੋਡਕਸ਼ਨ ‘ਲਾਈਟ ਆਫ ਏਸ਼ੀਆ’ ਦੀ ਸੈਟ ਡਿਜ਼ਾਇਨਰ ਬਣਨ ਦੀ ਪੇਸ਼ਕਸ਼ ਕੀਤੀ ਜੋ ਉਸ ਨੇ ਪ੍ਰਵਾਨ ਕਰ ਲਈ। ਇਸ ਤਰ੍ਹਾਂ ਉਸ ਦੀ ਫਿਲਮ ਜਗਤ ਵਿਚ ਆਮਦ ਹੋਈ।
ਜਰਮਨ ਦੇ ਮਸ਼ਹੂਰ ਯੂ.ਐਫ਼ਏ. ਸਟੂਡੀਓ ਦੇ ਸਹਿਯੋਗ ਨਾਲ ਭਾਰਤੀ ਸਥਾਨਾਂ ‘ਤੇ ਬਣ ਰਹੀ ਫਿਲਮ ਏ ਥ੍ਰੋ ਆਫ ਡਾਇਸ’ ਦੀ ਸ਼ੂਟਿੰਗ ਦੌਰਾਨ ਹਿਮਾਂਸ਼ੂ ਨੇ ਨਾਇਕਾ ਦੇਵਿਕਾ ਚੌਧਰੀ ਨੂੰ ਆਪਣੀ ਜੀਵਨ-ਸਾਥਣ ਬਣਾ ਲਿਆ। ਭਾਰਤ ਵਿਚ ਉਨ੍ਹੀਂ ਦਿਨੀਂ ਫਿਲਮ ਨਿਰਮਾਣ ਆਰੰਭ ਹੋ ਚੁੱਕਾ ਸੀ। ਹਿਮਾਂਸ਼ੂ ਆਪਣੇ ਦੇਸ਼ ਵਿਚ ਇੰਡੀਅਨ ਸਿਨੇਮਾ ਦੀ ਮਜ਼ਬੂਤ ਨੀਂਹ ਰੱਖਣ ਦੀ ਇੱਛਾ ਨਾਲ ਤੇ ਆਪਣਾ ਫਿਲਮਾਂ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਪਤਨੀ ਸਹਿਤ ਭਾਰਤ ਵਾਪਸ ਆ ਗਿਆ। ਉਸ ਦੀਆਂ ਫਿਲਮਾਂ ਵਿਚ ਪਤਨੀ ਦੇਵਿਕਾ ਨਾਇਕਾ ਵਜੋਂ ਭੂਮਿਕਾ ਨਿਭਾਉਣ ਲੱਗੀ। ਇਹ ਉਹ ਸਮਾਂ ਸੀ ਜਦੋਂ ਮੂਕ ਫਿਲਮਾਂ ਦਾ ਦੌਰ ਖ਼ਤਮ ਹੋ ਰਿਹਾ ਸੀ।
1933 ਵਿਚ ਦੇਵਿਕਾ ਦੀ ਫਿਲਮ ‘ਕਰਮਾ’ ਉਸ ਦੇ ਕਰੀਅਰ ਵਿਚ ਅਹਿਮ ਮੋੜ ਸਾਬਤ ਹੋਈ। ਇਸ ਫਿਲਮ ਵਿਚ ਉਸ ਨੇ ਨਾਇਕ ਬਣੇ ਹਿਮਾਂਸ਼ੂ ਨਾਲ ਸੰਵੇਦਨਸ਼ੀਲ ਨਾਇਕਾ ਦਾ ਕਿਰਦਾਰ ਨਿਭਾਇਆ। ਫਿਲਮ ਦਾ ਪ੍ਰੀਮੀਅਰ ਲੰਡਨ ਵਿਚ ਹੋਇਆ। ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਬਣੀ ਇਸ ਫਿਲਮ ਨੇ ਸੰਸਾਰ ਭਰ ਵਿਚ ਪ੍ਰਸਿਧੀ ਹਾਸਲ ਕਰਦਿਆਂ ਦੇਵਿਕਾ ਨੂੰ ਰਾਤੋ-ਰਾਤ ਸਿਖ਼ਰ ‘ਤੇ ਪਹੁੰਚਾ ਦਿੱਤਾ, ਕਿਉਂਕਿ ਇਸ ਦੇ ਲੰਡਨ ਵਿਚ ਵਿਸ਼ੇਸ਼ ਸ਼ੋਅ ਕੀਤੇ ਗਏ। ਅੰਗਰੇਜ਼ੀ ਭਾਸ਼ਾ ਵਿਚ ਬਣੀ ਅਤੇ ਯੂਰਪ ਵਿਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਸੀ। ਉਸ ਨੂੰ ਹੌਲੀਵੁੱਡ ਤੋਂ ਕੰਮ ਕਰਨ ਦੇ ਪ੍ਰਸਤਾਵ ਮਿਲਣ ਲੱਗੇ। ਪਤੀ-ਪਤਨੀ ਦੋਵੇਂ ਪ੍ਰਤਿਭਾਸ਼ਾਲੀ ਸਨ। ਇਸ ਲਈ ਪਤਨੀ ਤੋਂ ਤਿਆਗ ਭਾਵਨਾ ਦੀ ਆਸ ਰੱਖੀ ਗਈ। ਦੇਵਿਕਾ ਨੇ ਉਹ ਪ੍ਰਸਤਾਵ ਸਵੀਕਾਰ ਨਾ ਕੀਤੇ। ਉਸ ਤੋਂ ਪਹਿਲਾਂ ਭਾਵੇਂ ਦਾਦਾ ਸਾਹਿਬ ਫਾਲਕੇ ਦੀ ਦੂਜੀ ਮੂਕ ਫਿਲਮ ‘ਮੋਹਿਨੀ ਭਸਮਾਸੁਰ’ (1913) ਵਿਚ ਦੁਰਗਾਬਾਈ ਤੇ ਉਸ ਦੀ ਧੀ ਕਮਲਾਬਾਈ ਗੋਖਲੇ ਅਤੇ ਪਹਿਲੀ ਬੋਲਣ ਵਾਲੀ ਫਿਲਮ ‘ਆਲਮ ਆਰਾ’ (1931) ਵਿਚ ਰਾਣੀ ਜ਼ੁਬੈਦਾ ਅਦਾਕਾਰੀ ਕਰ ਚੁੱਕੀਆਂ ਸਨ, ਫਿਰ ਵੀ ਦੇਵਿਕਾ ਰਾਣੀ ਨੂੰ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਫਿਲਮ ਸਟਾਰ ਵਜੋਂ ਜਾਣਿਆ ਜਾਂਦਾ ਹੈ।
ਫਿਲਮ ਨਿਰਮਾਣ ਸਬੰਧੀ ਆਪਣੇ ਸੂਖ਼ਮ ਵਿਦੇਸ਼ੀ ਤਜਰਬਿਆਂ ਦਾ ਲਾਭ ਉਠਾਉਂਦਿਆਂ ਦੇਵਿਕਾ ਅਤੇ ਉਸ ਦੇ ਪਤੀ ਹਿਮਾਂਸ਼ੂ ਨੇ ਕੁਝ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ 1934 ਵਿਚ ਮੁੰਬਈ ਦੇ ਪਛੜੇ ਇਲਾਕੇ ਮਲਾਡ ਵਿਚ ‘ਬਾਂਬੇ ਟਾਕੀਜ਼’ ਨਾਂ ਦੀ ਪਹਿਲੀ ਵੱਡੀ ਭਾਰਤੀ ਚਲਚਿਤਰ ਕੰਪਨੀ (ਹਾਈ ਟੈਕ ਮੂਵੀ ਸਟੂਡੀਓ) ਦੀ ਸਥਾਪਨਾ ਕੀਤੀ ਜਿਸ ਨੇ 102 ਫਿਲਮਾਂ ਬਣਾਈਆਂ। ਉਸ ਵੇਲੇ ਫਿਲਮਾਂ ਵਿਚ ਪਿਠਵਰਤੀ ਗਾਇਕੀ ਦਾ ਰਿਵਾਜ ਨਹੀਂ ਸੀ, ਇਸ ਲਈ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਫਿਲਮ ‘ਅਛੂਤ ਕੰਨਿਆ’ ਵਿਚ ਦੇਵਿਕਾ ਨੇ ‘ਮੈਂ ਬਨ ਕੀ ਚਿੜੀਆ’ ਗਾਣਾ ਆਪ ਗਾਇਆ। ਅੱਠ ਫਿਲਮਾਂ (ਅਛੂਤ ਕੰਨਿਆ, ਅਨਜਾਣ, ਇੱਜ਼ਤ, ਜਨਮ ਭੂਮੀ, ਨਿਰਮਲਾ, ਪਿਆਰ ਪਿਆਰ ਮੇਂ, ਵਚਨ) ਵਿਚ ਦੇਵਿਕਾ ਰਾਣੀ ਦੇ ਨਾਲ ਅਸ਼ੋਕ ਕੁਮਾਰ ਨੇ ਨਾਇਕ ਵਜੋਂ ਭੂਮਿਕਾ ਨਿਭਾਈ।
1940 ਵਿਚ ਦੇਵਿਕਾ ਰਾਣੀ ਵਿਧਵਾ ਹੋ ਗਈ ਅਤੇ ਬਾਂਬੇ ਟਾਕੀਜ਼ ਦਾ ਸਾਰਾ ਬੋਝ ਉਸ ਦੇ ਮੋਢਿਆਂ ‘ਤੇ ਆ ਪਿਆ। ਉਸ ਨੇ ਫਿਲਮਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਤੇ ਫਿਲਮ ਜਗਤ ਨੂੰ ‘ਆਂਖੇ’, ‘ਕੰਗਣ’, ‘ਕਿਸਮਤ’, ‘ਜਵਾਰਭਾਟਾ’ (ਦਿਲੀਪ ਕੁਮਾਰ ਦੀ ਪਹਿਲੀ ਫਿਲਮ), ‘ਝੂਲਾ’, ‘ਨਯਾ ਸੰਸਾਰ’, ‘ਪੁਨਰਮਿਲਨ’, ‘ਬਸੰਤ’, ‘ਬੰਧਨ’ ਅਤੇ ‘ਹਮਾਰੀ ਬਾਤ’ ਆਦਿ ਫਿਲਮਾਂ ਦਿੱਤੀਆਂ। ਫਿਲਮ ‘ਕਿਸਮਤ’ ਨੇ ਤਾਂ ਉਸ ਵੇਲੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਹ ਫਿਲਮ ਕਲਕੱਤੇ ਦੇ ਰੌਕਸੀ ਸਿਨੇਮਾ ਵਿਚ ਪੂਰੇ ਤਿੰਨ ਸਾਲ ਹਾਊਸ ਫੁੱਲ ਚੱਲੀ ਸੀ। ਇਸ ਫਿਲਮ ਦਾ ਰਿਕਾਰਡ 32 ਸਾਲ ਬਾਅਦ ‘ਸ਼ੋਅਲੇ’ ਫਿਲਮ ਨੇ ਤੋੜਿਆ ਸੀ।
ਦੇਵਿਕਾ ਦੀ ਕੰਪਨੀ ਦਾ ਉਦੇਸ਼ ਸਿਰਫ ਧਨ ਕਮਾਉਣਾ ਨਹੀਂ ਸੀ। ਉਸ ਨੇ ਪਤੀ ਦੀ ਇਸ ਸੋਚ ‘ਤੇ ਪਹਿਰਾ ਦਿੱਤਾ ਕਿ ਕਲਾਤਮਕ ਮੁੱਲਾਂ ਦੀ ਬਲੀ ਦੇ ਕੇ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕਦੀ। 1945 ਵਿਚ ਦੇਵਿਕਾ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਹੁਣ ਉਸ ਤੋਂ ਇਨ੍ਹਾਂ ਮੁੱਲਾਂ ਦੀ ਰਾਖੀ ਨਹੀਂ ਹੋ ਰਹੀ, ਉਸ ਨੇ ਬਾਂਬੇ ਟਾਕੀਜ਼ ਤੋਂ ਵਿਦਾਇਗੀ ਲੈ ਲਈ ਤੇ ਪ੍ਰਸਿਧ ਰੂਸੀ ਚਿਤਰਕਾਰ ਸਵੇਤੋਸਲਾਵ ਰੋਰਿਕ ਨਾਲ ਵਿਆਹ ਕਰਵਾ ਲਿਆ। ਉਸ ਨੇ ਅਦਾਕਾਰੀ ਤੋਂ ਸੰਨਿਆਸ ਲੈ ਲਿਆ ਅਤੇ ਬੰਗਲੌਰ ਰਹਿਣ ਲੱਗੀ। ਰੋਰਿਕ ਨੂੰ ਜੀਵਨ ਸਾਥੀ ਬਣਾਉਣ ਉਪਰੰਤ ਦੇਵਿਕਾ ਨੇ ਸਾਰਾ ਜੀਵਨ ਕਲਾ ਦੀ ਰਾਖੀ ਦੇ ਲੇਖੇ ਲਾ ਦਿੱਤਾ। ਉਸ ਦੇ ਕੁਝ ਪੁਰਾਣੇ ਵਿਸ਼ਵਾਸਪਾਤਰਾਂ ਨੇ ਜਦੋਂ ਉਸ ਨਾਲੋਂ ਨਾਤਾ ਤੋੜ ਕੇ ਫਿਲਮਸਤਾਨ ਨਾਮੀ ਨਵਾਂ ਸਟੂਡੀਓ ਬਣਾ ਲਿਆ ਤਾਂ ਬਾਂਬੇ ਟਾਕੀਜ਼ ਬੰਦ ਹੋ ਗਿਆ ਜਿਸ ਨੇ ਅਸ਼ੋਕ ਕੁਮਾਰ, ਸ਼ਸ਼ੀਧਰ ਮੁਖਰਜੀ, ਦਿਲੀਪ ਕੁਮਾਰ, ਦੇਵਿਕਾ ਰਾਣੀ, ਨਿਰੰਜਨ ਪਾਲ, ਫ੍ਰੇਂਜ ਆਸਟਿਨ, ਮਹਿਮੂਦ, ਮਧੂਬਾਲਾ, ਮੁਮਤਾਜ਼, ਰਾਜ ਕਪੂਰ ਅਤੇ ਲੀਲਾ ਚਿਟਨਿਸ ਵਰਗੇ ਨਾਮਵਰ ਕਲਾਕਾਰ ਭਾਰਤੀ ਫਿਲਮ ਇੰਡਸਟਰੀ ਨੂੰ ਦਿਤੇ ਸਨ।
ਦਸ ਵਰ੍ਹਿਆਂ ਦੇ ਫਿਲਮੀ ਕਰੀਅਰ ਵਿਚ ਦੇਵਿਕਾ ਨੇ ਕੁੱਲ 15 ਫਿਲਮਾਂ ਵਿਚ ਕੰਮ ਕੀਤਾ। ਫਿਲਮ ਨਿਰਮਾਣ ਦੀ ਹਰ ਵਿਧਾ ‘ਤੇ ਚਾਹੇ ਉਹ ਕਾਸਟਿਊਮ ਡਿਜ਼ਾਇਨਿੰਗ ਹੋਵੇ, ਮੇਕਅੱਪ ਜਾਂ ਸੰਗੀਤ ਹੋਵੇ ਅਤੇ ਗਾਇਨ ਜਾਂ ਰੰਗਸੱਜਾ ਹੋਵੇ, ਉਸ ਨੂੰ ਪੂਰਨ ਅਬੂਰ ਹਾਸਲ ਸੀ। ਇਹ ਉਸ ਦੀ ਅਦਾਕਾਰੀ ਦਾ ਵੀ ਕਮਾਲ ਸੀ ਕਿ ਉਸ ਦੀ ਹਰ ਫਿਲਮ ਨੂੰ ਬਿਹਤਰੀਨ ਫਿਲਮ ਦਾ ਦਰਜਾ ਹਾਸਲ ਹੋਇਆ। ਫਿਲਮਾਂ ਨੂੰ ਮਾਧਿਅਮ ਬਣਾ ਕੇ ਦੇਵਿਕਾ ਨੇ ਜਰਜਰੀਆਂ ਸਮਾਜਿਕ ਮਾਨਤਾਵਾਂ ਅਤੇ ਰੂੜੀਆਂ ਨੂੰ ਚੁਣੌਤੀ ਦਿੱਤੀ ਅਤੇ ਮਾਨਵੀ ਮੁੱਲਾਂ ਤੇ ਸੰਵੇਦਨਾਵਾਂ ਦੀ ਬਹਾਲੀ ਲਈ ਅਥਾਹ ਕਾਰਜ ਕੀਤੇ।
ਵਿਸ਼ੇ ਦੀ ਡੂੰਘਾਈ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਉਸ ਦੀਆਂ ਫਿਲਮਾਂ ਨੇ ਭਾਰਤੀ ਫਿਲਮ ਜਗਤ ਵਿਚ ਨਵੇਂ ਮੁੱਲ ਅਤੇ ਮਾਪਦੰਡ ਸਥਾਪਿਤ ਕੀਤੇ। ਉਸ ਸਮੇਂ ਵਿਚ ਉਸ ਨੇ ਆਪਣੀ ਖ਼ੂਬਸੂਰਤੀ, ਸ਼ਾਲੀਨਤਾ, ਅੰਗਰੇਜ਼ੀ ਬੋਲਬਾਣੀ ਵਿਚ ਰਵਾਨੀ ਅਤੇ ਅਦਾਕਾਰੀ ਕੁਸ਼ਲਤਾ ਕਰ ਕੇ ਕੌਮਾਂਤਰੀ ਪੱਧਰ ਦੀ ਪ੍ਰਸਿਧੀ ਹਾਸਲ ਕੀਤੀ। ਗ਼ੁਲਾਮ ਭਾਰਤੀਆਂ ਦੀ ਸੰਤਾਨ ਵਿਚੋਂ ਸ਼ਾਇਦ ਕਿਸੇ ਨੂੰ ਇਹ ਮੌਕਾ ਨਾ ਮਿਲਿਆ ਹੋਵੇ ਕਿ ਬ੍ਰਿਟੇਨ ਦੇ ਅਖ਼ਬਾਰ ਉਸ ਵੇਲੇ ਉਸ ਦੀਆਂ ਤਾਰੀਫਾਂ ਨਾਲ ਭਰੇ ਰਹਿੰਦੇ ਸਨ।
1958 ਵਿਚ ਜਦੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਪਦਮਸ੍ਰੀ ਸਨਮਾਨ ਦਿਤਾ ਗਿਆ ਤਾਂ ਭਾਰਤੀ ਫਿਲਮ ਇੰਡਸਟਰੀ ਦੀ ਉਹ ਪਹਿਲੀ ਪਦਮਸ੍ਰੀ ਮਹਿਲਾ ਬਣ ਗਈ। ਭਾਰਤੀ ਸਿਨੇਮਾ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਦਾਦਾ ਸਾਹਿਬ ਫਾਲਕੇ ਦੀ ਜਨਮ ਸ਼ਤਾਬਦੀ ‘ਤੇ 1969 ਵਿਚ ਫਿਲਮ ਖੇਤਰ ਵਿਚ ਯੋਗਦਾਨ ਲਈ ਸਥਾਪਿਤ ਕੀਤਾ ਗਿਆ ਸਰਵਉਚ ਸਨਮਾਨ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਪਹਿਲੇ ਵਰ੍ਹੇ ਦੇਵਿਕਾ ਰਾਣੀ ਨੂੰ ਦਿਤਾ ਗਿਆ। ਉਸ ਨੂੰ ‘ਫਸਟ ਲੇਡੀ ਆਫ ਇੰਡੀਅਨ ਸਕਰੀਨ’ ਅਤੇ ‘ਹਿੰਦੀ ਫਿਲਮਾਂ ਦੀ ਪਹਿਲੀ ਸੁਪਨ ਸੁੰਦਰੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖ਼ਿਤਾਬਾਂ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਉਸ ਦੌਰ ਵਿਚ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਦੇਵਿਕਾ ਕਿੰਨੀ ਹਰਮਨਪਿਆਰੀ ਹੋਵੇਗੀ। ਆਪਣੇ ਯੁੱਗ ਤੋਂ ਕਿਤੇ ਅਗਾਂਹ ਦੀ ਸੋਚਣ ਵਾਲੀ ਇਹ ਅਭਿਨੇਤਰੀ ਬੰਗਲੌਰ ਵਿਖੇ 1994 ਵਿਚ 8 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਈ।