ਸਿੱਖ ਸਟੇਟ ਦੇ ਹੱਕ ਵਿਚ ਨਹੀਂ ਖੜ੍ਹੇਗਾ ਅਮਰੀਕਾ!

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪ੍ਰੋਫੈਸਰ ਇਸ਼ਤਿਆਕ ਅਹਿਮਦ ਨੇ ‘ਲੋਕ ਪਹਿਲਕਦਮੀ’ ਮਗਰੋਂ ਕਰਵਾਏ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੁਫਤਗੂ ਦੌਰਾਨ ਕਿਹਾ ਹੈ ਕਿ 21ਵੀਂ ਸਦੀ ਵਿਚ ਮਜ਼ਹਬ ਦੇ ਆਧਾਰ ਉਤੇ ਨਵੇਂ ਸਟੇਟ ਦੀ ਕਾਇਮੀ ਸੰਭਵ ਨਹੀਂ। ਉਂਜ ਵੀ ਮਜ਼ਹਬ ਅਤੇ ਕੌਮੀਅਤ ਵਿਚਕਾਰ ਫਰਕ ਕਰਨਾ ਬਹੁਤ ਲਾਜ਼ਮੀ ਹੈ। ਉਨ੍ਹਾਂ ਮਜ਼ਹਬ ਦੇ ਆਧਾਰ ਉਤੇ ਬਣੇ ਪਾਕਿਸਤਾਨ ਦੀ ਮਿਸਾਲ ਇਕ ਵਾਰ ਦਿੱਤੀ ਜੋ ਹੁਣ ਆਪਣੀ ਹੋਂਦ ਬਰਕਰਾਰ ਰੱਖਣ ਲਈ ਲੜ ਰਿਹਾ ਹੈ। ਕੁੱਲ 754 ਸਫਿਆਂ ਦੀ ਇਸ ਕਿਤਾਬ ਵਿਚ ਪੰਜਾਬ ਦੀ ਵੰਡ ਬਾਰੇ ਬਹੁਤ ਸਾਰੇ ਅਣਫੋਲੇ ਵਰਕੇ ਪਹਿਲੀ ਵਾਰ ਫੋਲੇ ਗਏ ਹਨ।
ਵੱਖਰੇ ਸਿੱਖ ਸਟੇਟ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਪ੍ਰੋæ ਇਸ਼ਤਿਆਕ ਅਹਿਮਦ ਨੇ ਕਿਹਾ ਕਿ ਵੰਡ ਵੇਲੇ ਇਸ ਦੀ ਭੋਰਾ ਕੁ ਸੰਭਾਵਨਾ ਬਣੀ ਸੀ ਪਰ ਉਸ ਵੇਲੇ ਸਾਰੀਆਂ ਘਟਨਾਵਾਂ ਇੰਨੀ ਤੇਜ਼ੀ ਨਾਲ ਹੋਈਆਂ ਕਿ ਵੱਖਰੇ ਸਿੱਖ ਸਟੇਟ ਜਾਂ ਵੱਖਰੇ ਪੰਜਾਬ ਦੀ ਗੱਲ ਵਿਚੇ ਰੁਲ ਗਈ ਅਤੇ ਸਾਰੀਆਂ ਧਿਰਾਂ ਪੰਜਾਬ ਦੀ ਵੰਡ ਲਈ ਸਹਿਮਤ ਹੋ ਗਈਆਂ। ਉਸ ਵੇਲੇ ਸਾਰੀ ਗਿਣਤੀ-ਮਿਣਤੀ ਦਾ ਆਧਾਰ ਵਸੋਂ ਸੀ ਅਤੇ ਇਸ ਪੱਖੋਂ ਗੱਲ ਕਿਸੇ ਤਣ-ਪੱਤਣ ਨਹੀਂ ਸੀ ਲੱਗਦੀ। ਹਾਂ, ਮੁਹੰਮਦ ਅਲੀ ਜਿਨਾਹ ਨੇ ਸਿੱਖਾਂ ਨੂੰ ਪਾਕਿਸਤਾਨ ਨਾਲ ਰਲਣ ਲਈ ਮਨਾਉਣ ਦਾ ਯਤਨ ਜ਼ਰੂਰ ਕੀਤਾ ਸੀ, ਪਰ 6 ਤੋਂ 13 ਜੂਨ 1947 ਨੂੰ ਮੁਸਲਿਮ ਲੀਗ ਦੇ ਹਮਲਾਵਰਾਂ ਵੱਲੋਂ ਰਾਵਲਪਿੰਡੀ, ਕੈਂਬਲਪੁਰ (ਅਟਕ) ਅਤੇ ਜਿਹਲਮ ਜ਼ਿਲ੍ਹਿਆਂ ਵਿਚ 2000-5000 ਹਜ਼ਾਰ ਸਿੱਖਾਂ-ਹਿੰਦੂਆਂ ਦੇ ਕਤਲ ਬਾਰੇ ਜਨਾਬ ਜਿਨਾਹ ਵੱਲੋਂ ਧਾਰੀ ਖਾਮੋਸ਼ੀ ਤੋਂ ਬਾਅਦ ਸਿੱਖ ਆਗੂ ਭਾਰਤ ਵੱਲ ਉਲਾਰ ਹੋ ਗਏ।
ਉਨ੍ਹਾਂ ਕਿਹਾ ਕਿ ਹੁਣ ਸੰਸਾਰ ਦੀ ਸਿਆਸਤ ਵਿਚ ਬਹੁਤ ਵੱਡਾ ਮੋੜਾ ਆ ਚੁੱਕਾ ਹੈ। ਜਿਸ ਵੇਲੇ ਸੋਵੀਅਤ ਯੂਨੀਅਨ ਕਾਇਮ-ਦਾਇਮ ਸੀ, ਉਸ ਵੇਲੇ ਵੀ ਵੱਖਰੇ ਸਿੱਖ ਸਟੇਟ ਦੀ ਸੰਭਾਵਨਾ ਬਣ ਸਕਦੀ ਸੀ। ਉਸ ਵੇਲੇ ਅਮਰੀਕਾ, ਭਾਰਤ ਦੀ ਸੋਵੀਅਤ ਰੂਸ ਨਾਲ ਪੀਡੀ ਸਾਂਝ ਤੋਂ ਬਹੁਤ ਔਖਾ ਸੀ। ਹੁਣ ਤਾਂ ਭਾਰਤ ਅਤੇ ਅਮਰੀਕਾ ਆਪਸ ਵਿਚ ਘਿਉ-ਖਿਚੜੀ ਹਨ ਅਤੇ ਇਹ ਸਾਂਝ ਨਿੱਤ ਦਿਨ ਵਧ ਰਹੀ ਹੈ। ਹੁਣ ਸ਼ਾਇਦ ਅਮਰੀਕਾ ਭਾਰਤ ਦੇ ਖਿਲਾਫ ਕਿਸੇ ਵੱਖਰੇ ਸਟੇਟ ਦੀ ਹਮਾਇਤ ਨਹੀਂ ਕਰ ਸਕੇਗਾ।
________________________________________
1947: ਅਹਿਮ ਘਟਨਾਵਾਂ
24 ਜਨਵਰੀ: ਪ੍ਰੀਮੀਅਰ ਖਿਜ਼ਰ ਹਯਾਤ ਟਿਵਾਣਾ ਵੱਲੋਂ ਮੁਸਲਿਮ ਨੈਸ਼ਨਲ ਗਾਰਡ ਅਤੇ ਆਰæਐਸ਼ਐਸ਼ ਉਤੇ ਪਾਬੰਦੀ। ਮੁਸਲਿਮ ਲੀਗ ਵੱਲੋਂ ਖਿਜ਼ਰ ਖਿਲਾਫ ਸਿੱਧੀ ਕਾਰਵਾਈ ਆਰੰਭ।
20 ਫਰਵਰੀ: ਅੰਗਰੇਜ਼ ਸਰਕਾਰ ਵੱਲੋਂ ਜੂਨ 1948 ਤੱਕ ਆਪਣੀ ਹਕੂਮਤ ਖਤਮ ਕਰਨ ਦਾ ਐਲਾਨ।
26 ਫਰਵਰੀ: ਮੁਸਲਿਮ ਲੀਗ ਨੇ ਸਿਵਲ ਨਾ-ਫਰਮਾਨੀ ਅੰਦੋਲਨ ਵਾਪਸ ਲਿਆ। ਸਾਰੇ ਬੰਦੀ ਰਿਹਾਅ।
2 ਮਾਰਚ: ਖਿਜ਼ਰ ਹਯਾਤ ਰਾਣਾ ਵੱਲੋਂ ਅਸਤੀਫਾ। ਸੂਬੇ ਵਿਚ ਸਿਆਸੀ ਅਤੇ ਸੰਵਿਧਾਨਕ ਸੰਕਟ।
3 ਮਾਰਚ: ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ ਬਣਾਉਣ ਦੀ ਨੁਕਤਾਚੀਨੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਬਾਹਰ ਕਿਰਪਾਨ ਲਹਿਰਾਈ। ਲਾਹੌਰ ਵਿਚ ਮੀਟਿੰਗ ਦੌਰਾਨ ਸਿੱਖ ਅਤੇ ਹਿੰਦੂ ਲੀਡਰਾਂ ਵੱਲੋਂ ਪਾਕਿਸਤਾਨ ਬਣਾਏ ਜਾਣ ਦੀ ਮੁਖਾਲਫਤ।
4 ਮਾਰਚ: ਲਾਹੌਰ ਅਤੇ ਅੰਮ੍ਰਿਤਸਰ ਵਿਚ ਸਿੱਖਾਂ-ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹਿੰਸਕ ਝੜਪ।
5 ਮਾਰਚ: ਪੰਜਾਬ ਦੇ ਗਵਰਨਰ ਸਰ ਈਵਾਨ ਜੈਂਕਿੰਸ ਸੂਬੇ ਵਿਚ ਗਵਰਨਰੀ ਰਾਜ ਲਾਗੂ। ਇਹ ਗਵਰਨਰੀ ਰਾਜ 15 ਅਗਸਤ ਤੱਕ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਸਰਕਾਰਾਂ ਨੂੰ ਸੱਤਾ ਸੌਂਪਣ ਤੱਕ ਜਾਰੀ ਰਿਹਾ।
6-13 ਮਾਰਚ: ਰਾਵਲਪਿੰਡੀ, ਕੈਂਬਲਪੁਰ (ਅਟਕ) ਅਤੇ ਜਿਹਲਮ ਜ਼ਿਲ੍ਹਿਆਂ ਦੇ ਸਿੱਖ ਵਸੋਂ ਵਾਲੇ ਪਿੰਡਾਂ ਉਤੇ ਹਥਿਆਰਬੰਦ ਮੁਸਲਮਾਨਾਂ ਦਾ ਹਮਲਾ। ਇਨ੍ਹਾਂ ਹਮਲਿਆਂ ‘ਚ 2 ਤੋਂ 5 ਹਜ਼ਾਰ ਤੱਕ ਸਿੱਖ ਤੇ ਹਿੰਦੂ ਮਾਰੇ ਗਏ। ਹਜ਼ਾਰਾਂ ਸਿੱਖਾਂ ਨੇ ਪੂਰਬੀ ਜ਼ਿਲ੍ਹਿਆਂ ਤੇ ਰਿਆਸਤਾਂ ‘ਚ ਪਨਾਹ ਲਈ।
8 ਮਾਰਚ: ਕਾਂਗਰਸ ਵੱਲੋਂ ਸਿੱਖਾਂ ਦੀ ਪੰਜਾਬ ਦੀ ਵੰਡ ਵਾਲੀ ਮੰਗ ਦੀ ਤਈਦ।
24 ਮਾਰਚ: ਲਾਰਡ ਲੂਈਸ ਮਾਊਂਟਬੇਟਨ ਨੇ ਭਾਰਤ ਦੇ ਆਖਰੀ ਵਾਇਸਰਾਇ ਅਤੇ ਗਵਰਨਰ-ਜਨਰਲ ਵਜੋਂ ਕਮਾਨ ਸੰਭਾਲੀ।
ਅਪ੍ਰੈਲ-ਜੂਨ: ਲਾਹੌਰ ਅਤੇ ਅੰਮ੍ਰਿਤਸਰ ਵਿਚ ਛੁਰੇਬਾਜ਼ੀ, ਭੰਨ-ਤੋੜ ਅਤੇ ਦੇਸੀ ਬੰਬ ਚੱਲਣ ਦੀਆਂ ਲਗਾਤਾਰ ਘਟਨਾਵਾਂ। ਵੱਡੀ ਗਿਣਤੀ ਵਿਚ ਸਿੱਖ ਅਤੇ ਹਿੰਦੂ ਪੱਛਮੀ ਪੰਜਾਬ ਤੋਂ ਸੁਰੱਖਿਅਤ ਥਾਵਾਂ ‘ਤੇ ਜਾਣੇ ਸ਼ੁਰੂ।
14-15 ਮਈ: ਮੁਹੰਮਦ ਅਲੀ ਜਿਨਾਹ ਅਤੇ ਲਿਆਕਤ ਅਲੀ ਖਾਨ ਸਿੱਖਾਂ ਦੇ ਪਾਕਿਸਤਾਨ ਵਿਚ ਰਹਿਣ ਦੇ ਮਾਮਲੇ ਬਾਰੇ ਪਟਿਆਲਾ ਦੇ ਮਹਾਰਾਜਾ ਅਤੇ ਹੋਰ ਸਿੱਖ ਲੀਡਰਾਂ ਨੂੰ ਮਿਲੇ। ਗੱਲਬਾਤ ਸਿਰੇ ਨਹੀਂ ਚੜ੍ਹੀ।
3 ਜੂਨ: ਮਾਊਂਟਬੇਟਨ ਵੱਲੋਂ ਵੰਡ ਯੋਜਨਾ ਦਾ ਐਲਾਨ। ਨਾਲ ਹੀ ਅਗਸਤ ਦੇ ਅੱਧ ਤੱਕ ਭਾਰਤੀ ਅਤੇ ਪਾਕਿਸਤਾਨੀ ਸਰਕਾਰਾਂ ਨੂੰ ਸੱਤਾ ਸੌਂਪਣ ਦਾ ਵੀ ਐਲਾਨ।
23 ਜੂਨ: ਪੰਜਾਬ ਵਿਧਾਨ ਸਭਾ ਦੇ ਮੈਂਬਰ ਪੂਰਬੀ ਅਤੇ ਪੱਛਮੀ ਪੰਜਾਬ ਦੇ ਲੀਡਰਾਂ ਨੂੰ ਮਿਲੇ ਅਤੇ ਪੰਜਾਬ ਦੀ ਵੰਡ ਦੇ ਹੱਕ ਵਿਚ ਵੋਟ ਪਾਈ।
8 ਜੁਲਾਈ: ਸਰ ਸਾਇਰਲ ਰੈਡਕਲਿਫ ਹੱਦਬੰਦੀ ਕਮਿਸ਼ਨ ਦੀ ਕਮਾਨ ਸਾਂਭਣ ਲਈ ਭਾਰਤ ਪੁੱਜਾ।
18 ਜੁਲਾਈ: ਬ੍ਰਿਟਿਸ਼ ਪਾਰਲੀਮੈਂਟ ਵੱਲੋਂ ਭਾਰਤ ਆਜ਼ਾਦੀ ਐਕਟ 1947 ਪਾਸ।
21 ਜੁਲਾਈ-31 ਜੁਲਾਈ: ਕਾਂਗਰਸ, ਮੁਸਲਿਮ ਲੀਗ, ਸਿੱਖਾਂ ਅਤੇ ਕੁਝ ਘੱਟਗਿਣਤੀ ਗਰੁੱਪਾਂ ਵੱਲੋਂ ਪੇਸ਼ ਦਾਅਵਿਆਂ ਬਾਰੇ ਪੰਜਾਬ ਹੱਦਬੰਦੀ ਕਮਿਸ਼ਨ ਦੀ ਪੁਣ-ਛਾਣ।
ਇਸੇ ਦੌਰਾਨ ਪੰਜਾਬ ਵੰਡਿਆ ਗਿਆ ਅਤੇ ਪੇਂਡੂ ਇਲਾਕਿਆਂ ਵਿਚ ਵੱਢ-ਟੁੱਕ ਸ਼ੁਰੂ। ਸਰਕਾਰ ਦਾ ਅਸਰ ਤੇਜ਼ੀ ਨਾਲ ਕਾਫੂਰ ਹੋਇਆ। ਪੂਰਬੀ ਜ਼ਿਲ੍ਹਿਆਂ ਵਿਚ ਸਿੱਖਾਂ ਦੇ ਜਥਿਆਂ ਵੱਲੋਂ ਮੁਸਲਮਾਨਾਂ ਉਤੇ ਹਮਲੇ ਸ਼ੁਰੂ।
1 ਅਗਸਤ: ਮੇਜਰ ਜਨਰਲ ਰੀਸ ਦੀ ਕਮਾਨ ਹੇਠ ਪੰਜਾਬ ਬਾਊਂਡਰੀ ਫੋਰਸ (ਪੀæਬੀæਐਫ਼) ਨੇ ਪੰਜਾਬ ਦੇ 12 ਜ਼ਿਲ੍ਹਿਆਂ ਦੀ ਕਮਾਨ ਸੰਭਾਲੀ। ਇਸ ਫੋਰਸ ਕੋਲ ਲੋੜੀਂਦੇ ਹਥਿਆਰ ਵੀ ਨਹੀਂ ਸਨ ਅਤੇ ਪੰਜਾਬ ਦੀਆਂ ਰਿਆਸਤਾਂ ਇਸ ਦੇ ਘੇਰੇ ਵਿਚੋਂ ਬਾਹਰ ਸਨ।
12 ਅਗਸਤ: ਗਵਰਨਰ ਜੈਂਕਿੰਸ ਦੀ ਰਿਪੋਰਟ ਮੁਤਾਬਕ ਪੂਰਬੀ ਜ਼ਿਲਿਆਂ ਵਿਚੋਂ ਮੁਸਲਮਾਨਾਂ ਦੀ ਵੱਡੀ ਪੱਧਰ ‘ਤੇ ਹਿਜਰਤ ਸ਼ੁਰੂ।
15 ਅਗਸਤ: ਪੰਜਾਬ ਦੀ ਸੱਤਾ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਸਰਕਾਰਾਂ ਨੂੰ ਸੌਂਪੀ। ਰਸਮੀ ਤੌਰ ‘ਤੇ ਉਪ-ਮਹਾਦੀਪ ਵਿਚ ਅੰਗਰੇਜ਼ਾਂ ਦਾ ਰਾਜ ਖਤਮ।
17 ਅਗਸਤ: ਰੈਡਕਲਿਫ ਐਵਾਰਡ ਜਿਸ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ਵਾਹੀ ਗਈ, ਜਨਤਕ ਕੀਤੀ। ਇਸ ਤੋਂ ਬਾਅਦ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹਿੰਸਾ ਸ਼ੁਰੂ।
1 ਸਤੰਬਰ: ਪੰਜਾਬ ਬਾਊਂਡਰੀ ਫੋਰਸ (ਪੀæਬੀæਐਫ਼) ਤੋੜੀ; ਭਾਰਤੀ ਅਤੇ ਪਾਕਿਸਤਾਨੀ ਸਰਕਾਰਾਂ ਵੱਲੋਂ ਸਰਹੱਦ ਤੱਕ ਰਿਫਿਊਜੀਆਂ ਨੂੰ ਪਹੁੰਚਾਉਣ ਲਈ ਸਾਂਝੀਆਂ ਯੂਨਿਟਾਂ ਕਾਇਮ।
17 ਅਗਸਤ-31 ਦਸੰਬਰ: ਦੋਹਾਂ ਪੰਜਾਬਾਂ ਵਿਚੋਂ ਵਸੋਂ ਦਾ ਵੱਡੇ ਪੱਧਰ ‘ਤੇ ਤਬਾਦਲਾ।
31 ਦਸੰਬਰ: ਕੁੱਲ ਮਿਲਾ ਕੇ ਦੋਹਾਂ ਪਾਸਿਆਂ ਦੇ ਇਕ ਕਰੋੜ ਪੰਜਾਬੀ ਉਜੜੇ। ਇਨ੍ਹਾਂ ‘ਚੋਂ 5 ਤੋਂ 8 ਲੱਖ ਤੱਕ ਰਾਹ ਵਿਚ ਹੀ ਮਾਰੇ ਗਏ।

Be the first to comment

Leave a Reply

Your email address will not be published.