‘ਸਭੇ ਸੁਗੰਧਾਂ ਅਰਬ ਦੀਆਂ’ ਬਨਾਮ ਮੋਦੀ ਜਮ੍ਹਾਂ ਭਾਜਪਾ

ਜਸਟਿਸ (ਰਿਟਾਇਰਡ) ਮਾਰਕੰਡੇ ਕਾਟਜੂ ਆਪਣੀਆਂ ਤਿੱਖੀਆਂ ਅਤੇ ਬੇਬਾਕ ਟਿੱਪਣੀਆਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਉਹ ਤਕਰੀਬਨ ਤਿੰਨ ਸਾਲ ਸੁਪਰੀਮ ਕੋਰਟ ਦੇ ਜੱਜ ਰਹੇ; ਉਦੋਂ ਵੀ ਉਨ੍ਹਾਂ ਦੇ ਕੀਤੇ ਕੁਝ ਫੈਸਲਿਆਂ ਬਾਰੇ ਭਰਵੇਂ ਬਹਿਸ-ਮੁਬਾਹਸੇ ਹੁੰਦੇ ਰਹੇ। ਉਹ ‘ਜਸਟਿਸ ਵਿਦ ਉਰਦੂ’ ਅਤੇ ‘ਲਾਅ ਇੰਨ ਦਿ ਸਾਇੰਟਿਫਿਕ ਐਰਾ’ ਸਮੇਤ ਪੰਜ ਕਿਤਾਬਾਂ ਰਚ ਚੁੱਕੇ ਹਨ। ਅੱਜ ਕੱਲ੍ਹ ਉਹ ਭਾਰਤੀ ਪ੍ਰੈਸ ਕੌਂਸਲ ਦੇ ਚੇਅਰਮੈਨ ਹਨ। ਦੇਸ਼ ਵਿਚ ਕਿਤਿਉਂ ਵਧੀਕੀ ਦੀ ਕੋਈ ਖਬਰ ਆਉਂਦੀ ਹੈ ਤਾਂ ਉਹ ਤੁਰੰਤ ਟਿੱਪਣੀ ਕਰਦੇ ਹਨ। ਇਸੇ ਸਿਲਸਿਲੇ ਵਿਚ ਉਨ੍ਹਾਂ ਦੇ ਲੇਖ ਵੀ ਅਖਬਾਰਾਂ ਵਿਚ ਨਸ਼ਰ ਹੁੰਦੇ ਰਹਿੰਦੇ ਹਨ। ਹੁਣ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਬਾਰੇ ਬੜੀ ਤਿੱਖੀ ਟਿੱਪਣੀ ਕੀਤੀ ਹੈ। ਇਸ ਟਿੱਪਣੀ ਨਾਲ ਭਾਜਪਾ ਅਤੇ ਆਰæਐਸ਼ਐਸ਼ ਦੇ ਆਗੂ ਤੜਫ ਉਠੇ ਹਨ। ਪ੍ਰੋæ ਕੁਲਵੰਤ ਸਿੰਘ ਰੋਮਾਣਾ ਨੇ ਆਪਣੇ ਇਸ ਲੇਖ ਵਿਚ ਮੋਦੀ ਬਾਰੇ ਚੱਲੀ ਬਹਿਸ ਬਾਰੇ ਚਰਚਾ ਕੀਤੀ ਹੈ। -ਸੰਪਾਦਕ

ਪ੍ਰੋæ ਕੁਲਵੰਤ ਸਿੰਘ ਰੋਮਾਣਾ
‘ਸਭੇ ਸੁਗੰਧਾਂ ਅਰਬ ਦੀਆਂ’ ਸਿਰਲੇਖ ਹੈ ਜਸਟਿਸ ਮਾਰਕੰਡੇ ਕਾਟਜੂ ਵੱਲੋਂ ਲਿਖੇ ਉਸ ਲੇਖ ਦਾ ਜੋ 15 ਫਰਵਰੀ ਨੂੰ ਅੰਗਰੇਜ਼ੀ ਅਖ਼ਬਾਰ ‘ਦ ਹਿੰਦੂ’ ਵਿਚ ਛਪਿਆ। ਖੁਦ ਜਸਟਿਸ ਕਾਟਜੂ ਕਿਸੇ ਤਾਅਰੁਫ਼ ਦਾ ਮੁਥਾਜ ਨਹੀਂ ਹੈ। ਸੁਪਰੀਮ ਕੋਰਟ ਦੇ ਜੱਜ ਵਜੋਂ ਉਸ ਦੇ ਫੈਸਲੇ ਉਸ ਦੀ ਦਾਨਸ਼ਮੰਦੀ, ਇਨਸਾਫ਼ਪਸੰਦੀ, ਬੇਬਾਕੀ, ਸਾਫਗੋਈ ਅਤੇ ਇਮਾਨਦਾਰੀ ਦੀ ਸ਼ਾਹਦੀ ਭਰਦੇ ਹਨ। ਉਥੋਂ ਰਿਟਾਇਰ ਹੋ ਕੇ ਹੁਣ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਵਜੋਂ ਵੀ ਉਹ ਆਪਣੇ ਇਨ੍ਹਾਂ ਹੀ ਗੁਣਾਂ ਕਾਰਨ ਚਰਚਾ ‘ਚ ਰਹਿੰਦਾ ਹੈ। ਉਹ ਭਾਰਤੀ ਮੀਡੀਆ, ਸਿਆਸਤ ਅਤੇ ਸਮਾਜ ਬਾਰੇ ਆਪਣੀਆਂ ਤਨਕੀਦੀ ਤੇ ਤਰਦੀਦੀ ਟਿੱਪਣੀਆਂ ਕਰਦਾ ਰਹਿੰਦਾ ਹੈ। ਉਹ ਬਲੈਕਮੇਲ ਕਰਨ ਵਾਲੇ ਅਖ਼ਬਾਰਾਂ ਜਾਂ ਚੈਨਲਾਂ ਦਾ ਲਾਇਸੰਸ ਰੱਦ ਕਰਨ ਦੀ ਮੰਗ ਕਰਦਾ ਹੈ। ਬਾਲ ਠਾਕਰੇ ਦੀ ਮੌਤ ‘ਤੇ ਮੁੰਬਈ ਬੰਦ ਦਾ ਵਿਰੋਧ ਕਰਨ ‘ਤੇ ਗ੍ਰਿਫ਼ਤਾਰ ਕੀਤੀਆਂ ਕੁੜੀਆਂ ਦੇ ਹੱਕ ‘ਚ ਨਿਤਰਦਾ ਹੈ। ਜ਼ਰਾ ਸਖ਼ਤ ਸਵਾਲ ਪੁੱਛਣ ਵਾਲੇ ਕਿਸਾਨ ਨੂੰ ਮਾਓਵਾਦੀ ਗਰਦਾਨ ਕੇ ਜੇਲ੍ਹ ‘ਚ ਬੰਦ ਕਰਨ ਵਾਲੀ ਮਮਤਾ ਬੈਨਰਜੀ ਦੀ ਸਖ਼ਤ ਸ਼ਬਦਾਂ ‘ਚ ਤਨਕੀਦ ਕਰਦਾ ਹੈ। ਉਸ ਦਾ ਮੌਜੂਦਾ ਲੇਖ ‘ਆਲ ਦਿ ਪਰਫਿਊਮਜ਼ ਆਫ ਅਰਬ’ ਨਰਿੰਦਰ ਮੋਦੀ ਅਤੇ ਉਸ ਦੇ ਗੁਜਰਾਤ ਸੂਬੇ ਬਾਰੇ ਹੈ।
ਲੇਖਕ ਬਾਰੇ ਚਰਚਾ ਕਰਨ ਤੋਂ ਪਹਿਲਾਂ ਜੇ ਸਿਰਲੇਖ ਬਾਰੇ ਜਾਣ ਲਈਏ ਤਾਂ ਲੇਖ ਵਿਚਲੀ ਗੱਲ ਸੌਖ ਨਾਲ ਹੀ ਸਮਝ ਆ ਜਾਵੇਗੀ। ਸਿਰਲੇਖ ਸ਼ੇਕਸਪੀਅਰ ਦੇ ਸੰਸਾਰ ਪ੍ਰਸਿੱਧ ਨਾਟਕ ‘ਮੈਕਬਥ’ ਵਿਚ ਲੇਡੀ ਮੈਕਬਥ ਵੱਲੋਂ ਬੋਲੇ ਗਏ ਡਾਇਲਾਗ ਦੀ ਸਤਰ ਹੈ। ਲੇਡੀ ਮੈਕਬਥ ਬਾਦਸ਼ਾਹ ਡੰਕਨ ਦਾ ਖੂਨ ਕਰ ਕੇ ਜਾਂ ਕਰਵਾ ਕੇ ਸਕਾਟਲੈਂਡ ਦੀ ਰਾਣੀ ਬਣ ਗਈ ਹੈ; ਪਰ ਇਹ ਖੂਨ ਉਸ ਦੀ ਜ਼ਮੀਰ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਵਾਰ-ਵਾਰ ਹੱਥ ਧੋਂਦੀ ਰਹਿੰਦੀ ਹੈ। ਇਸੇ ਅਹਿਸਾਸ ‘ਚ ਉਹ ਕਹਿੰਦੀ ਹੈ,
ਸਭੇ ਸੁਗੰਧਾਂ ਅਰਬ ਦੀਆਂ ਵੀ ਮੇਰੇ ਹੱਥਾਂ ‘ਚੋਂ
ਆਉਂਦੀ ਖੂਨ ਦੀ ਗੰਧ ਨੂੰ ਨਹੀਂ ਮਿਟਾ ਸਕਦੀਆਂ।
ਲੇਖ ਦੇ ਸ਼ੁਰੂ ‘ਚ ਕਾਟਜੂ ਕਹਿੰਦਾ ਹੈ ਕਿ ਭਾਰਤ ‘ਚ ਵੱਡੀ ਗਿਣਤੀ ਲੋਕ ਇਹ ਸਮਝਦੇ ਹਨ ਕਿ ਨਰਿੰਦਰ ਮੋਦੀ ਦੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਨਾਲ ਉਨ੍ਹਾਂ ਦੇ ਸਭ ਦੁੱਖ, ਦੋਜਖ਼ ਖ਼ਤਮ ਹੋ ਜਾਣਗੇ। ਇਥੇ ਦੁੱਧ ਅਤੇ ਸ਼ਹਿਦ ਦੀਆਂ ਨਹਿਰਾਂ ਵਗਣ ਲੱਗ ਪੈਣਗੀਆਂ। ਇਹ ਗੱਲ ਸਿਰਫ਼ ਭਾਜਪਾ, ਆਰæਐਸ਼ਐਸ਼ ਜਾਂ ਕੁੰਭ ਮੇਲੇ ‘ਤੇ ਇਕੱਠੇ ਹੋਏ ਲੋਕ ਹੀ ਨਹੀਂ ਕਹਿੰਦੇ, ਸਗੋਂ ਹੋਰ ਬੜੇ ਲੋਕ ਐਸਾ ਹੀ ਸੋਚਦੇ ਹਨ ਜਿਨ੍ਹਾਂ ਨੂੰ ਮੋਦੀ ਦੇ ਪ੍ਰਾਪੇਗੰਡੇ ਨੇ ਚਕਾਚੌਂਧ ਕਰ ਦਿੱਤਾ ਹੈ। ਫਿਰ ਉਹ ਇਕ ਗੁਜਰਾਤੀ ਵਪਾਰੀ ਦੀ ਗੱਲ ਕਰਦਾ ਹੈ ਜੋ ਇਕ ਵਾਰ ਜਹਾਜ਼ ‘ਚ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠਾ ਸੀ। ਕਾਟਜੂ ਨੇ ਉਸ ਨਾਲ 2002 ‘ਚ ਗੁਜਰਾਤ ਵਿਚ 2000 ਮੁਸਲਮਾਨਾਂ ਦੇ ਕਤਲੇਆਮ ਦੀ ਗੱਲ ਛੇੜੀ ਤਾਂ ਵਪਾਰੀ ਨੇ ਕਿਹਾ ਕਿ ਗੁਜਰਾਤ ‘ਚ ਮੁਸਲਮਾਨ ਹਮੇਸ਼ਾ ਕੋਈ ਨਾ ਕੋਈ ਸਮੱਸਿਆ ਖੜ੍ਹੀ ਕਰੀ ਰੱਖਦੇ ਸਨ, ਹੁਣ ਉਹ ਇਕਾਣੇ ਵਾਲੀ ਥਾਂ ‘ਤੇ ਆ ਗਏ ਹਨ ਤੇ ਸੂਬੇ ‘ਚ ਸ਼ਾਂਤੀ ਹੈ; ਪਰ ਕਾਟਜੂ ਕਹਿੰਦਾ ਹੈ, ਐਸੀ ਸ਼ਾਂਤੀ ਕਬਰਾਂ ਦੀ ਸ਼ਾਂਤੀ ਹੈ, ਇਨਸਾਫ਼ ਦੀ ਬੁਨਿਆਦ ‘ਤੇ ਉਸਰੀ ਸ਼ਾਂਤੀ ਹੀ ਅਸਲ ਸ਼ਾਂਤੀ ਹੁੰਦੀ ਹੈ। ਕਾਟਜੂ ਸਮਝਦਾ ਹੈ ਕਿ ਭਾਰਤ ਦੇ 20 ਕਰੋੜ ਮੁਸਲਮਾਨ ਮੋਦੀ ਦੇ ਵਿਰੁਧ ਹਨ ਪਰ ਗੁਜਰਾਤ ‘ਚ ਉਹ ਦਹਿਸ਼ਤਜ਼ਦਾ ਹਨ। ਇਸ ਕਰ ਕੇ ਉਨ੍ਹਾਂ ‘ਚੋਂ ਕੋਈ ਨਾ ਕੋਈ ਕਦੇ ਕਦੇ ਕਿਸੇ ਟੀæਵੀæ ਚੈਨਲ ‘ਤੇ ਆ ਕੇ ਮੋਦੀ ਦੇ ਹੱਕ ‘ਚ ਚਾਰ ਸ਼ਬਦ ਕਹਿ ਜਾਂਦਾ ਹੈ।
ਅਗਲੀ ਗੱਲ ਕਾਟਜੂ ਕਹਿੰਦਾ ਹੈ ਕਿ ਮੋਦੀ ਦੇ ਹਮਾਇਤੀ ਇਹ ਪ੍ਰਚਾਰ ਕਰਦੇ ਹਨ ਕਿ ਗੁਜਰਾਤ ਵਿਚ 2002 ਵਿਚ ਮੁਸਲਮਾਨਾਂ ਦਾ ਕਤਲੇਆਮ ਗੋਧਰਾ ਟਰੇਨ ਵਿਚ 59 ਹਿੰਦੂਆਂ ਦੇ ਕਤਲ ਦਾ ਆਪ-ਮੁਹਾਰੇ ਫੁੱਟਿਆ ਪ੍ਰਤੀਕਰਮ ਸੀ, ਪਰ ਕਾਟਜੂ ਲਿਖਦਾ ਹੈ ਕਿ ਪਹਿਲੀ ਗੱਲ ਇਹ ਕਿ ਅੱਜ ਤੱਕ ਇਹ ਸਪੱਸ਼ਟ ਹੀ ਨਹੀਂ ਹੋਇਆ ਕਿ ਗੋਧਰਾ ਟਰੇਨ ਵਾਲੀ ਦੁਰਘਟਨਾ ਦੇ ਅਸਲ ਦੋਸ਼ੀ ਕੌਣ ਹਨ? ਦੂਜੀ ਗੱਲ ਇਹ ਕਿ ਪ੍ਰਤੀਕਰਮ ਵਾਲਾ ਬਹਾਨਾ ਸਾਰੇ ਜ਼ੋਰਾਵਰ ਲੋਕ ਹੀ ਵਰਤਦੇ ਹਨ। ਯਹੂਦੀਆਂ ਉਤੇ ਅਤਿਆਚਾਰ ਕਰਨ ਲਈ ਨਾਜ਼ੀਆਂ ਨੇ ਵੀ ਇਹੋ ਬਹਾਨਾ ਬਣਾਇਆ ਸੀ। ਸੰਨ 2002 ਦੇ ਇਸ ਕਤਲੇਆਮ ਬਾਰੇ ਕਾਟਜੂ ਦਾ ਇਹ ਵੀ ਮੰਨਣਾ ਹੈ ਕਿ ਅਹਿਮਦਾਬਾਦ ਦਾ ਚਮਨਪੁਰੇ ਦਾ ਇਲਾਕਾ ਜਿਥੇ ਇਹ ਤਾਂਡਵ ਨਾਚ ਹੋਇਆ, ਪੁਲਿਸ ਕਮਿਸ਼ਨਰ ਦੇ ਦਫ਼ਤਰ ਤੋਂ ਦੋ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਹੈ, ਉਥੋਂ ਦਾ ਥਾਣਾ ਉਥੋਂ ਸਿਰਫ਼ ਇਕ ਕਿਲੋਮੀਟਰ ਦੂਰੀ ‘ਤੇ ਹੈ। ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਲੋਕ ਸਲੰਡਰਾਂ ਨਾਲ ਕੰਧਾਂ ਚੀਰ ਰਹੇ ਹੋਣ, ਲੋਕਾਂ ਨੂੰ ਘਰਾਂ ‘ਚੋਂ ਧੂਹ ਰਹੇ ਹੋਣ, ਵੱਢ-ਟੁੱਕ ਕੇ ਜ਼ਿੰਦਾ ਜਲਾ ਰਹੇ ਹੋਣ, ਚੀਕ-ਪੁਕਾਰ ਹੋ ਰਹੀ ਹੋਵੇ, ਤੇ ਸਰਕਾਰ ਨੂੰ ਕੋਈ ਖ਼ਬਰ ਹੀ ਨਾ ਹੋਈ ਹੋਵੇ? ਇਸੇ ਲਈ ਕਾਟਜੂ ਮੋਦੀ ਨੂੰ ਇਸ ਖੂਨ-ਖਰਾਬੇ ਦਾ ਮੁੱਖ ਦੋਸ਼ੀ ਮੰਨਦਾ ਹੈ ਤੇ ਕਹਿੰਦਾ ਹੈ ਕਿ ਅਰਬ ਦੀਆਂ ਸਭੇ ਸੁਗੰਧਾਂ ਵੀ ਉਸ ਵਿਚੋਂ ਆਉਂਦੀ ਇਸ ਖੂਨ ਦੀ ਬੂਅ ਨੂੰ ਨਹੀਂ ਮਿਟਾ ਸਕਦੀਆਂ।
ਕਾਟਜੂ ਅੱਗੇ ਲਿਖਦਾ ਹੈ ਕਿ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੋਦੀ ਨੇ ਗੁਜਰਾਤ ਵਿਚ ਵਿਕਾਸ ਦੇ ਪਹਾੜ ਖੜ੍ਹੇ ਕਰ ਦਿੱਤੇ ਹਨ ਪਰ ਇਹ ਨਿਰਾ ਝੂਠ ਹੈ। ਨਾਲ ਹੀ ਉਹ ਅੰਕੜੇ ਦਿੰਦਾ ਹੈ ਕਿ ਗੁਜਰਾਤ ‘ਚ 48 ਫੀਸਦੀ ਬੱਚੇ ਘਟੀਆ ਤੇ ਨਾਕਾਫ਼ੀ ਖੁਰਾਕ ਕਾਰਨ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ। ਉਥੇ ਜੱਚਾ-ਬੱਚਾ ਦੀ ਮੌਤ ਦਰ ਭਾਰਤ ਦੇ ਬਹੁਤੇ ਰਾਜਾਂ ਨਾਲੋਂ ਵੱਧ ਹੈ। ਇਸ ਸਬੰਧ ‘ਚ ਕਾਟਜੂ ਇਕ ਹੋਰ ਲੇਖਕ ਰਾਮਚੰਦਰ ਗੁਹਾ ਦੇ ਲੇਖ ‘ਉਹ ਸ਼ਖ਼ਸ ਜੋ ਭਾਰਤ ਉਤੇ ਰਾਜ ਕਰੇਗਾ’ ਦਾ ਹਵਾਲਾ ਦਿੰਦਾ ਹੈ ਜਿਸ ਵਿਚ ਗੁਹਾ ਲਿਖਦਾ ਹੈ ਕਿ ਗੁਜਰਾਤ ਵਾਤਾਵਰਣ ਪੱਖੋਂ ਹੇਠਾਂ ਜਾ ਰਿਹਾ ਹੈ। ਗੁਜਰਾਤ ਦੇ ਬੱਚਿਆਂ ਦੀ ਸਿਹਤ ਦੇਸ਼ ਭਰ ‘ਚ ਮਾੜੀ ਹੈ। ਗੁਜਰਾਤ ਦੇ 33 ਫੀਸਦੀ ਬਾਲਗਾਂ ਦੀ ਸਿਹਤ ਵੀ ‘ਬਾਡੀ ਮਾਸ ਇੰਡੈਕਸ’ ਦੇ ਲਿਹਾਜ਼ ਨਾਲ ਭਾਰਤ ਦੀਆਂ 28 ਸਟੇਟਾਂ ‘ਚੋਂ 22ਵੇਂ ਨੰਬਰ ਉਤੇ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਨਾਈਟਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ) ਦੀ 2010 ਦੀ ਰਿਪੋਰਟ ਅਨੁਸਾਰ ਰਾਜ ਦੇ ਬਹੁਪੱਖੀ ਵਿਕਾਸ, ਖਾਸ ਤੌਰ ‘ਤੇ ਵਿਦਿਆ ਅਤੇ ਸਿਹਤ ਪੱਖੋਂ ਗੁਜਰਾਤ 28 ਸੂਬਿਆਂ ‘ਚੋਂ ਨੌਵੇਂ ਨੰਬਰ ਉਤੇ ਹੈ। ਕਾਟਜੂ ਆਪਣੇ ਲੇਖ ਵਿਚ ਇਹ ਗੱਲ ਵੀ ਸਪਸ਼ਟ ਕਰਦਾ ਹੈ ਕਿ ਮੋਦੀ ਗੁਜਰਾਤ ਦੇ ਜਿਸ ਵਿਕਾਸ ਦਾ ਪ੍ਰਚਾਰ ਕਰ ਰਿਹਾ ਹੈ, ਉਹ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਲਈ ਹੈ। ਇਨ੍ਹਾਂ ਘਰਾਣਿਆਂ ਨੂੰ ਸਸਤੀਆਂ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਬਿਜਨੈਸ ਤੇ ਕਾਰਖਾਨਿਆਂ ਲਈ ਵੱਡੀਆਂ ਤੇ ਸੌਖੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲਈ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਲਈ ਹੀ ਵੱਡੇ ਪੰਜ ਤਾਰਾ ਹੋਟਲ ਉਸਰ ਰਹੇ ਹਨ। ਲੇਖ ਦੇ ਅੰਤ ‘ਚ ਜਸਟਿਸ ਕਾਟਜੂ ਸਾਧਾਰਨ ਭਾਰਤੀਆਂ ਨੂੰ ਚੇਤੰਨ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਿਧਰੇ ਉਹ ਵੀ ਉਹੋ ਹੀ ਗਲਤੀ ਨਾ ਕਰ ਲੈਣ ਜੋ ਜਰਮਨ ਲੋਕਾਂ ਨੇ 1933 ਵਿਚ ਹਿਟਲਰ ਨੂੰ ਸੱਤਾ ਸੌਂਪ ਕੇ ਕੀਤੀ ਸੀ।
ਇਸ ਗੱਲ ਦਾ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਸਟਿਸ ਕਾਟਜੂ ਦੇ ਇਸ ਲੇਖ ਵਿਚਲੀਆਂ ਗੱਲਾਂ ਪੜ੍ਹ-ਸੁਣ ਕੇ ਭਾਜਪਾ ਅਤੇ ਇਸ ਦੀ ਮਾਤਰੀ ਸੰਸਥਾ ਆਰæਐਸ਼ਐਸ਼ ਦਾ ਕਿੰਨਾ ਕੁ ਖੂਨ ਖੌਲਿਆ ਹੋਵੇਗਾ! ਦਸ ਸਾਲਾਂ ਤੋਂ ਕੇਂਦਰ ਵਿਚ ਪੂਰੀ ਤਰ੍ਹਾਂ ਸੱਤਾ ਤੋਂ ਲਾਂਭੇ ਬੈਠੀ ਭਾਜਪਾ ਇਸ ਵਾਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕਰ ਕੇ 2014 ਦੀ ਕੌਮੀ ਚੋਣ ਜਿੱਤਣ ਦੀ ਤਾਕ ‘ਚ ਹੈ। ਹੁਣੇ-ਹੁਣੇ ਹੀ ਭਾਜਪਾ ਦੀ ਕੌਮੀ ਕਾਰਜਕਾਰੀ ਦੀ ਮੀਟਿੰਗ ਹੋਈ ਹੈ। ਇਹ ਅਸਲ ਵਿਚ ਇਸ ਚੋਣ ਦੀ ਤਿਆਰੀ ਲਈ ਹੀ ਕਵਾਇਦ ਸੀ। ਮੋਦੀ ਦਾ ਅਕਸ ਸਾਫ਼-ਸੁਥਰਾ ਦਿਖਾਉਣ ਲਈ ਭਾਜਪਾ ਦੇ ਬੁਲਾਰਿਆਂ ਨੇ ਕਾਟਜੂ ਉਤੇ ਸ਼ਬਦੀ ਹਮਲੇ ਕੀਤੇ ਹਨ। ਜਸਟਿਸ ਕਾਟਜੂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਆਦੀ ਹੈ। ਸੋ, ਦੋਹਾਂ ਧਿਰਾਂ ‘ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਮੋਦੀ ਨੇ ਕਿਹਾ ਹੈ ਕਿ ਪੀਲੀਏ ਦੇ ਮਰੀਜ਼ ਨੂੰ ਸਭ ਕੁਝ ਜ਼ਰਦ ਨਜ਼ਰ ਆਉਂਦਾ ਹੈ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਜਸਟਿਸ ਕਾਟਜੂ ਨੇ ਇਸ ਤਰ੍ਹਾਂ ਦਾ ਲੇਖ ਲਿਖ ਕੇ ਮਨਮੋਹਨ ਸਿੰਘ ਸਰਕਾਰ ਦਾ ਸ਼ੁਕਰਾਨਾ ਅਦਾ ਕੀਤਾ ਹੈ ਜਿਸ ਨੇ ਉਸ ਨੂੰ ਪ੍ਰੈਸ ਕੌਂਸਲ ਆਫ਼ ਇੰਡੀਆ ਦਾ ਚੇਅਰਮੈਨ ਨਾਮਜ਼ਦ ਕੀਤਾ ਸੀ, ਇਸ ਤਰ੍ਹਾਂ ਇਸ ਨੇ ਆਪਣੇ ਆਪ ਨੂੰ ਕਾਂਗਰਸੀਆਂ ਨਾਲੋਂ ਵੀ ਜ਼ਿਆਦਾ ਕਾਂਗਰਸੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਤਲੀ ਨੇ ਦੋਸ਼ ਲਾਇਆ ਹੈ ਕਿ ਕਾਟਜੂ ਸਿਰਫ਼ ਗੈਰ-ਕਾਂਗਰਸੀ ਮੁੱਖ ਮੰਤਰੀਆਂ ਦੀ ਆਲੋਚਨਾ ਹੀ ਕਰਦਾ ਹੈ; ਭਾਵੇਂ ਉਹ ਮੋਦੀ ਹੋਵੇ, ਮਮਤਾ ਬੈਨਰਜੀ ਜਾਂ ਨਿਤੀਸ਼ ਕੁਮਾਰ। ਜੇਤਲੀ ਨੇ ਇਹ ਵੀ ਕਿਹਾ ਹੈ ਕਿ ਕਾਟਜੂ ਨੂੰ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਵਜੋਂ ਸ਼ਾਨਦਾਰ ਬੰਗਲਾ ਤੇ ਹੋਰ ਸ਼ਾਹੀ ਸਹੂਲਤਾਂ ਮਿਲੀਆਂ ਹੋਈਆਂ ਹਨ ਜਿਸ ਕਰ ਕੇ ਉਹ ਸਿਆਸੀ ਸਰਗਰਮੀਆਂ ‘ਚ ਹਿੱਸਾ ਨਹੀਂ ਲੈ ਸਕਦਾ। ਉਸ ਦਾ ਚੇਅਰਮੈਨ ਦਾ ਅਹੁਦਾ ਅਰਧ-ਅਦਾਲਤੀ ਅਹੁਦਾ ਹੈ, ਇਸ ਲਈ ਉਸ ਲਈ ਸਿਆਸੀ ਟਿੱਪਣੀਆਂ ਕਰਨਾ ਗੈਰ-ਕਾਨੂੰਨੀ ਹੈ। ਇਸ ਲਈ ਜਾਂ ਤਾਂ ਜਸਟਿਸ ਕਾਟਜੂ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ, ਤੇ ਜਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਤੁਰੰਤ ਅਹੁਦੇ ਤੋਂ ਫਾਰਗ ਕਰੇ। ਜੇਤਲੀ ਨੇ ਇਹ ਵੀ ਕਿਹਾ ਹੈ ਕਿ ਰਿਟਾਇਰ ਜੱਜਾਂ ਨੂੰ ਇਸ ਤਰ੍ਹਾਂ ਦੇ ਅਹੁਦੇ ਦੇਣਾ ਹੀ ਗਲਤ ਹੈ। ਭਾਜਪਾ ਦਾ ਗੁੱਸਾ ਉਦੋਂ ਸੀਮਾ ਪਾਰ ਕਰ ਗਿਆ ਜਦੋਂ ਜੇਤਲੀ ਨੇ ਜਸਟਿਸ ਕਾਟਜੂ ਨੂੰ ਮੈਗਾਲੋਮੀਨੀਆ ਦਾ ਸ਼ਿਕਾਰ ਕਿਹਾ। ਇਸ ਦਾ ਅਰਥ ਹੈ, ਉਹ ਸਖ਼ਸ ਜੋ ਆਪਣੀ ਤਾਕਤ ਤੇ ਸਿਆਣਪ ਦੇ ਨਸ਼ੇ ‘ਚ ਦਿਮਾਗੀ ਤਵਾਜ਼ਨ ਗੁਆ ਬੈਠਦਾ ਹੈ। ਭਾਜਪਾ ਦੇ ਬੁਲਾਰੇ ਰਾਜੀਵ ਪ੍ਰਤਾਪ ਰੂਡੀ ਨੇ ਉਸ ਨੂੰ ਵੈਗਾਬੌਂਡ ਕਿਸਮ ਦਾ ਸ਼ਖਸ ਕਿਹਾ ਜਿਸ ਦਾ ਅਰਥ ਹੈ ਬੇਘਰ, ਅਵਾਰਾ।
ਜਸਟਿਸ ਕਾਟਜੂ ਵੀ ਇਨ੍ਹਾਂ ਤਾਹਨੇ-ਮਿਹਣਿਆਂ ਦਾ ਲਗਾਤਾਰ ਜਵਾਬ ਦੇ ਰਿਹਾ ਹੈ। ਉਸ ਤੋਂ ਅਸਤੀਫ਼ਾ ਮੰਗਣ ਵਾਲੇ ਜੇਤਲੀ ਨੂੰ ਉਸ ਨੇ ਕਿਹਾ ਹੈ ਕਿ ਅਸਤੀਫ਼ਾ ਕਾਟਜੂ ਨੂੰ ਨਹੀਂ ਦੇਣਾ ਚਾਹੀਦਾ ਜਿਸ ਨੇ ਤੱਥ ਬਿਆਨ ਕੀਤੇ ਹਨ; ਸਗੋਂ ਜੇਤਲੀ ਨੂੰ ਸਿਆਸਤ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ ਜਿਸ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ; ਝੂਠੇ ਇਨਸਾਨ ਦਾ ਸਿਆਸਤ ‘ਚ ਕੋਈ ਕੰਮ ਨਹੀਂ ਹੈ। ਆਪਣੇ ਅਹੁਦੇ ਬਾਰੇ ਜਸਟਿਸ ਕਾਟਜੂ ਦਾ ਕਹਿਣਾ ਹੈ ਕਿ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਹੈ, ਉਦੋਂ ਤੋਂ ਹੀ ਪ੍ਰੈਸ ਕੌਂਸਲ ਆਫ਼ ਇੰਡੀਆ ਦਾ ਚੇਅਰਮੈਨ ਹਮੇਸ਼ਾ ਸੁਪਰੀਮ ਕੋਰਟ ਦਾ ਰਿਟਾਇਰ ਜੱਜ ਹੀ ਨਿਯੁਕਤ ਹੁੰਦਾ ਰਿਹਾ ਹੈ। ਉਸ ਦੀ ਨਿਯੁਕਤੀ ਨਾ ਅਨੋਖੀ ਹੈ ਤੇ ਨਾ ਹੀ ਇਹ ਉਸ ਨੇ ਮੰਗ ਕੇ ਲਈ ਹੈ ਜਿਸ ਬਦਲੇ ਉਸ ਨੂੰ ਕਿਸੇ ਦਾ ਸ਼ੁਕਰੀਆ ਕਰਨਾ ਪਵੇ।
ਸਿਰਫ਼ ਗੈਰ-ਕਾਂਗਰਸੀ ਮੁੱਖ ਮੰਤਰੀਆਂ ਦੀ ਆਲੋਚਨਾ ਕਰਨ ਦੇ ਦੋਸ਼ ਦੇ ਜਵਾਬ ਵਿਚ ਜਸਟਿਸ ਕਾਟਜੂ ਨੇ ਕਿਹਾ ਹੈ ਕਿ ਉਸ ਨੇ ਮੁੰਬਈ ਦੀਆਂ ਦੋ ਕੁੜੀਆਂ ਦੀ ਗ੍ਰਿਫਤਾਰੀ ਬਾਰੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੂੰ ਸਖ਼ਤ ਪੱਤਰ ਲਿਖਿਆ ਜੋ ਅਖ਼ਬਾਰਾਂ ‘ਚ ਵੀ ਛਪਿਆ; ਦਿੱਲੀ ਗੈਂਗ ਰੇਪ ਦੇ ਸਬੰਧ ‘ਚ ਨੌਜਵਾਨਾਂ ਉਤੇ ਹੋਏ ਲਾਠੀਚਾਰਜ ਤੇ ਅੱਥਰੂ ਗੈਸ ਹਮਲੇ ਕਾਰਨ ਉਸ ਨੇ ਦਿੱਲੀ ਸਰਕਾਰ ਅਤੇ ਪੁਲਿਸ ਦੀ ਭਰਪੂਰ ਤਨਕੀਦ ਕੀਤੀ ਹੈ; ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਵੱਲੋਂ ਇਕ ਕੈਮਰਾਮੈਨ ਨਾਲ ਕੀਤੀ ਬਦਸਲੂਕੀ ਦੀ ਉਸ ਨੇ ਟੀæਵੀæ ਚੈਨਲ ‘ਤੇ ਨਿੰਦਿਆ ਕੀਤੀ ਹੈ। ਇਹ ਤਿੰਨੇ ਕਾਂਗਰਸੀ ਮੁੱਖ ਮੰਤਰੀ ਹਨ। ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਅਤੇ ਸੁਪਰੀਮ ਕੋਰਟ ਦੇ ਜੱਜ ਵਜੋਂ ਜੇਤਲੀ ਵਲੋਂ ਵਾਹੀ ਗਈ ਲਛਮਣ ਰੇਖਾ ਦੇ ਜਵਾਬ ‘ਚ ਉਹ ਕਹਿੰਦਾ ਹੈ ਕਿ ਇਨ੍ਹਾਂ ਦੋ ਰੁਤਬਿਆਂ ਤੋਂ ਬਿਨਾਂ ਉਹ ਭਾਰਤੀ ਸ਼ਹਿਰੀ ਤੇ ਵੋਟਰ ਵੀ ਹੈ ਅਤੇ ਹਰ ਵੋਟਰ ਦਾ ਫ਼ਰਜ਼ ਹੈ ਤੇ ਅਧਿਕਾਰ ਵੀ ਕਿ ਉਹ ਸਿਆਸਤ ਤੇ ਸਿਆਸੀ ਲੋਕਾਂ ਬਾਰੇ ਟਿੱਪਣੀਆਂ ਕਰੇ। ਇਸ ਲਈ ਮੋਦੀ ਬਾਰੇ ਤੱਥ ਬੋਲ ਕੇ ਉਸ ਨੇ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ। ਰਿਟਾਇਰ ਜੱਜਾਂ ਨੂੰ ਕੋਈ ਵੱਡਾ ਅਹੁਦਾ ਨਾ ਦਿੱਤੇ ਜਾਣ ਦੀ ਜੇਤਲੀ ਦੀ ਤਜਵੀਜ਼ ਦੇ ਹਵਾਲੇ ਨਾਲ ਜਸਟਿਸ ਕਾਟਜੂ ਨੇ ਜੇਤਲੀ ਨੂੰ ਪੁੱਛਿਆ ਹੈ ਕਿ ਉਹ ਦੱਸੇ ਕਿ ਜਦੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਸੀ ਅਤੇ ਉਹ ਆਪ ਦੇਸ਼ ਦਾ ਕਾਨੂੰਨ ਮੰਤਰੀ ਸੀ, ਤਾਂ ਉਨ੍ਹਾਂ ਨੇ ਕਿੰਨੇ ਜੱਜਾਂ ਨੂੰ ਗਵਰਨਰ ਲਾਇਆ ਤੇ ਕਿੰਨਿਆਂ ਹੋਰਨਾਂ ਨੂੰ ਵੱਡੇ ਅਹੁਦੇ ਦਿੱਤੇ? ਉਸ ਬਾਰੇ ਵੈਗਾਬੌਂਡ ਵਰਗੇ ਬੋਲੇ ਗਏ ਅਪਸ਼ਬਦਾਂ ਬਾਰੇ ਉਸ ਨੇ ਕਿਹਾ ਕਿ ਮੂਰਖਾਂ ਦੀਆਂ ਗਾਲ੍ਹਾਂ ਦੇ ਜਵਾਬ ‘ਚ ਗਾਲ੍ਹਾਂ ਨਹੀਂ ਕੱਢੀਆਂ ਜਾ ਸਕਦੀਆਂ!
ਇਸੇ ਬਹਿਸ ਦੌਰਾਨ ਉਸ ਨੇ ਭਾਜਪਾ ਨੂੰ ਦੱਸਿਆ ਕਿ ਦੇਸ਼ ਦੇ ਨੇਤਾਵਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨਿਰੋਲ ਸੈਕੂਲਰ ਪੈਂਤੜੇ ਤੋਂ ਲੜੀ ਜਿਸ ਵਿਚ ਤਮਾਮ ਭਾਰਤ ਵਾਸੀ ਸ਼ਾਮਲ ਸਨ। ਇਸੇ ਲਈ ਉਨ੍ਹਾਂ ਨੇ ਦੇਸ਼ ਨੂੰ ਸੈਕੂਲਰ ਸੰਵਿਧਾਨ ਅਤੇ ਢਾਂਚਾ ਦਿੱਤਾ ਹੈ। ਇਸੇ ਕਰ ਕੇ ਇਹ ਦੇਸ਼ ਜਿੰਨਾ ਹਿੰਦੂਆਂ ਦਾ ਹੈ, ਉਨਾ ਹੀ ਮੁਸਲਮਾਨਾਂ, ਸਿੱਖਾਂ, ਇਸਾਈਆਂ, ਪਾਰਸੀਆਂ ਤੇ ਹੋਰ ਧਰਮਾਂ ਦਾ ਹੈ ਅਤੇ ਉਨਾ ਹੀ ਸੈਕੂਲਰ ਲੋਕਾਂ ਦਾ ਵੀ ਹੈ।

Be the first to comment

Leave a Reply

Your email address will not be published.