ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਛਾਂਟੀ ਖਿਲਾਫ ਰੋਹ ਹੋਰ ਤਿੱਖਾ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ ਮੁਲਾਜ਼ਮਾਂ ਦੀ ਛਾਂਟੀ ਦਾ ਮਾਮਲਾ ਸ਼ਾਂਤ ਹੁੰਦਾ ਨਹੀਂ ਦਿੱਸ ਰਿਹਾ। ਮੁਲਾਜ਼ਮਾਂ ਨੂੰ ਫਾਰਗ ਕਰਨ ਤੋਂ ਬਾਅਦ ਜਿਥੇ ਬਡੂੰਗਰ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ, ਉਥੇ ਪ੍ਰਬੰਧਕ ਕਮੇਟੀ ਦੀ ਵਿਰੋਧੀ ਧਿਰ ਸਾਬਕਾ ਪ੍ਰਧਾਨ ਦੇ ਬਚਾਅ ਵਿਚ ਆ ਖੜੀ ਹੈ।

ਵਿਰੋਧੀ ਧਿਰ ਦੇ ਮੁੱਖ ਤਰਜਮਾਨ ਗੁਰਪ੍ਰੀਤ ਸਿੰਘ ਰੰਧਾਵਾ ਸਮੇਤ ਹੋਰ ਆਗੂਆਂ ਦਾ ਦੋਸ਼ ਹੈ ਕਿ ਬਡੂੰਗਰ ਦੇ ਕਾਰਜਕਾਲ ਦੌਰਾਨ ਹੋਈ ਭਰਤੀ ਨੂੰ ਜੇਕਰ ਗੁਰਦੁਆਰਾ ਐਕਟ ਮੁਤਾਬਕ ਗਲਤ ਵੀ ਮੰਨ ਲਿਆ ਜਾਵੇ, ਤਾਂ ਇਸ ਵਿਚ ਇਕੱਲੇ ਸਾਬਕਾ ਪ੍ਰਧਾਨ ਹੀ ਨਹੀਂ ਬਲਕਿ ਅੰਤਰਿੰਗ ਕਮੇਟੀ ਮੈਂਬਰ ਵੀ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਉਕਤ ਭਰਤੀ ਮਾਮਲੇ ਵਿਚ ਅੰਤਰਿੰਗ ਕਮੇਟੀ ਮੈਂਬਰਾਂ ਵੱਲੋਂ ਸਾਧੀ ਚੁੱਪੀ ਵੀ ਗੁੱਝੇ ਭੇਦਾਂ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਇਕ ਸਾਲ ਕੰਮ ਕਰਨ ਲਈ ਕਾਨੂੰਨੀ ਤਾਕਤ ਅੰਤਰਿੰਗ ਕਮੇਟੀ ਨੂੰ ਦਿੰਦਾ ਹੈ ਨਾ ਕਿ ਇਕੱਲੇ ਪ੍ਰਧਾਨ ਨੂੰ। ਉਂਜ ਵੀ ਬਿਨਾ ਮਤਾ ਪਾਸ ਕੀਤੇ ਪ੍ਰਧਾਨ ਕੋਈ ਇਕੱਲਾ ਫੈਸਲਾ ਨਹੀਂ ਕਰਦਾ ਪਰ ਮੌਜੂਦਾ ਸਮੇਂ ਵਿਚ ਦੋਸ਼ ਇਕੱਲੇ ਬਡੂੰਗਰ ਸਿਰ ਹੀ ਮੜ੍ਹੇ ਜਾ ਰਹੇ ਹਨ। ਉਧਰ, ਲੌਂਗੋਵਾਲ ਨੇ 523 ਮੁਲਾਜ਼ਮਾਂ ਨੂੰ ਫਾਰਗ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਪੁਰਾਣੀਆਂ ਭਰਤੀਆਂ ਮਨਮਰਜ਼ੀ ਨਾਲ ਕੀਤੀਆਂ ਸਨ।
ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਦਰ ਪਹਿਲਾਂ ਤਾਂ ਮਨਮਰਜ਼ੀ ਨਾਲ ਕਿਸੇ ਵੀ ਮੁਲਾਜ਼ਮ ਨੂੰ ਕੱਢ ਦਿੱਤਾ ਜਾਂਦਾ ਸੀ ਤੇ ਕਿਸੇ ਨੂੰ ਵੀ ਰੱਖ ਲਿਆ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਬੀਤੇ ਸਮੇਂ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਗਲਤ ਢੰਗ ਨਾਲ ਭਰਤੀ ਕੀਤੀ ਗਈ ਹੈ।
ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ਉਤੇ ਸ਼੍ਰੋਮਣੀ ਕਮੇਟੀ ਅੰਦਰ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਉਤੇ ਰਹੇ ਤੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਸਣੇ ਚਾਰ ਮੈਂਬਰਾਂ ਉਤੇ ਅਧਾਰਤ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਤਿਆਰ ਰਿਪੋਰਟ ਨੂੰ ਅੰਤ੍ਰਿੰਗ ਕਮੇਟੀ ਵਿਚ ਸਰਬਸੰਮਤੀ ਨਾਲ ਪ੍ਰਵਾਨ ਵੀ ਕੀਤਾ ਤੇ ਅਮਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਛੁਪਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਛੇਤੀ ਹੀ ਰਿਪੋਰਟ ਨਸ਼ਰ ਕਰ ਦੇਵਾਂਗੇ।
______________________
ਲੌਂਗੋਵਾਲ ਦੇ ਕਿਰਦਾਰ ਉਤੇ ਸਵਾਲ
ਪਟਿਆਲਾ: ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਮੁਲਾਜ਼ਮਾਂ ਨੂੰ ਫਾਰਗ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਕਿਰਦਾਰ ਉਪਰ ਸਵਾਲ ਉਠਾਏ ਹਨ। ਬਡੂੰਗਰ ਨੇ ਕਿਹਾ ਕਿ ਡੇਰਿਆਂ ਵਿਚ ਜਾਂ ਗੁਰਬਾਣੀ ਦੀਆਂ ਤੁਕਾਂ ਤੋੜ-ਮਰੋੜ ਕੇ ਬੋਲਣ ਤੇ ਇਸਾਈਆਂ ਦੇ ਸਮਾਗਮ ਵਿਚ ਜਾ ਕੇ ਮੱਥੇ ਟੇਕ ਕੇ ਕੌਮ ਨੂੰ ਢਾਹ ਲਾਉਣ ਵਾਲੇ ਮੌਜੂਦਾ ਪ੍ਰਧਾਨ ਲੌਂਗੋਵਾਲ ਨੂੰ ਅਜਿਹੇ ਦੋਸ਼ ਲਾਉਣਾ ਸ਼ੋਭਾ ਨਹੀਂ ਦਿੰਦਾ।
______________________________
ਬਡੂੰਗਰ ਦੇ ਹੱਕ ਵਿਚ ਹਾਅ ਦਾ ਨਾਅਰਾ
ਸ੍ਰੀ ਆਨੰਦਪੁਰ ਸਾਹਿਬ: ਤਕਰੀਬਨ ਦੋ ਦਹਾਕੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਅਹੁਦਿਆਂ ਉਤੇ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਭਰਤੀ ਲਈ ਇਕੱਲੇ ਬਡੂੰਗਰ ਨਹੀਂ, ਬਲਕਿ ਉਸ ਵੇਲੇ ਦੀ ਸਮੁੱਚੀ ਅੰਤ੍ਰਿੰਗ ਕਮੇਟੀ ਜ਼ਿੰਮੇਵਾਰ ਹੈ। ਜਥੇਦਾਰ ਭੌਰ ਨੇ ਕਿਹਾ ਕਿ ਕਾਨੂੰਨ ਮੁਤਾਬਕ ਨਿਯੁਕਤੀ, ਤਰੱਕੀ, ਮੁਅੱਤਲੀ ਆਦਿ ਦੇ ਸਾਰੇ ਅਧਿਕਾਰ ਜਨਰਲ ਹਾਊਸ ਵੱਲੋਂ ਅੰਤ੍ਰਿੰਗ ਕਮੇਟੀ ਨੂੰ ਦਿੱਤੇ ਹੋਏ ਹਨ।
_______________________
ਮਾਨ ਵੀ ਬਰਖਾਸਤ ਮੁਲਾਜ਼ਮਾਂ ਦੇ ਹੱਕ ਵਿਚ
ਪਟਿਆਲਾ: ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਦਿਨੀਂ ਫਾਰਗ ਕੀਤੇ 523 ਮੁਲਾਜ਼ਮਾਂ ਦੇ ਹੱਕ ਵਿਚ ਖੜ੍ਹ ਗਏ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਇਕ ਤਿੱਕੜੀ ਬੇਵਜ੍ਹਾ ਹੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਿਆਸੀ ਤੌਰ ਉਤੇ ਬਦਨਾਮ ਕਰਨ ਲਈ ਤੁਲੀ ਹੋਈ ਹੈ, ਜਦੋਂਕਿ ਪ੍ਰੋ. ਬਡੂੰਗਰ ਦੀ ਸ਼੍ਰੋਮਣੀ ਕਮੇਟੀ ਤੇ ਪੰਥ ਪ੍ਰਤੀ ਵੱਡੀ ਘਾਲਣਾ ਹੈ।