ਨਿਊ ਯਾਰਕ: ਸਿੱਖ ਭਾਈਚਾਰੇ ਵੱਲੋਂ ਮਨਾਏ ਗਏ ਦਸਤਾਰ ਦਿਵਸ ਮੌਕੇ ਨਿਊ ਯਾਰਕ ਦਾ ਟਾਈਮਜ਼ ਸਕੁਏਅਰ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਨਾਲ ਰੰਗਿਆ ਗਿਆ। ਇਸ ਮੌਕੇ ਦਸਤਾਰਧਾਰੀ ਸਿੱਖਾਂ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਕਾਇਮ ਕਰ ਦਿੱਤਾ। ਕੁਝ ਘੰਟਿਆਂ ਵਿਚ 9000 ਤੋਂ ਵੱਧ ਲੋਕਾਂ ਨੇ ਦਸਤਾਰਾਂ ਬੰਨ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਸਿੱਖਜ਼ ਆਫ ਨਿਊ ਯਾਰਕ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵੱਲੋਂ ਇਕ ਪ੍ਰਮਾਣ ਪੱਤਰ ਦਿੱਤਾ ਗਿਆ।
ਦਸਤਾਰ ਦਿਵਸ ਮੌਕੇ ਸ਼ਹਿਰ ਦੇ ਟਾਈਮਜ਼ ਸਕੁਏਅਰ ਵਿਚ ਵੱਖ-ਵੱਖ ਰੰਗਾਂ ਦੀਆਂ ਪੱਗਾਂ ਦਾ ਸੈਲਾਬ ਆ ਗਿਆ। ਸਿੱਖ ਜਥੇਬੰਦੀਆਂ ਨੇ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ ਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਧਰਮ ਤੇ ਵਿਰਸੇ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਅਮਰੀਕਾ ਵਿਚ ਅਜੇ ਵੀ ਸਿੱਖਾਂ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਬਣੇ ਹੋਏ ਹਨ। ਸਿੱਖਜ਼ ਆਫ ਨਿਊ ਯਾਰਕ ਦੇ ਇਸ ਸਮਾਗਮ ਦੇ ਇਕ ਪ੍ਰਬੰਧਕ ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਕਰਾਉਣ ਦਾ ਮੰਤਵ ਇਹ ਚੇਤਨਾ ਫੈਲਾਉਣਾ ਹੈ ਕਿ ਸਿਰਾਂ ਉਤੇ ਦਸਤਾਰ ਸਜਾਉਣ ਵਾਲੇ ਲੋਕੀਂ ਸਿੱਖ ਅਖਵਾਉਂਦੇ ਹਨ। ਅਸੀਂ ਇਹ ਵੀ ਦੱਸਦੇ ਹਾਂ ਕਿ ਸਿੱਖ ਦਸਤਾਰ ਕਿਉਂ ਬੰਨ੍ਹਦੇ ਹਨ ਤੇ ਇਸ ਦਾ ਮਨੋਰਥ ਕੀ ਹੈ। ਇਹ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ। ਜੇ ਕੋਈ ਲੋੜਵੰਦ ਹੈ ਤਾਂ ਦਸਤਾਰਧਾਰੀ ਸਿੱਖ ਦਾ ਫਰਜ਼ ਹੈ ਕਿ ਉਸ ਦੀ ਮਦਦ ਕਰੇ।
ਉਨ੍ਹਾਂ ਦੱਸਿਆ ਕਿ ਇਹ ਛੇਵਾਂ ਸਮਾਗਮ ਕਰਾਇਆ ਗਿਆ ਹੈ ਤੇ ਲੋਕਾਂ ਦਾ ਹੁੰਗਾਰਾ ਜ਼ਬਰਦਸਤ ਰਿਹਾ ਹੈ।
ਦਸਤਾਰ ਦਿਵਸ ਸਮਾਗਮ ਵਿਚ ਹਿੱਸਾ ਲੈਣ ਵਾਲੀ ਇਕ ਨਾਗਰਿਕ ਹੱਕਾਂ ਦੀ ਜਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਭਾਈਚਾਰੇ ਦੇ ਮੈਂਬਰਾਂ ਖਿਲਾਫ਼ ਨਫਰਤੀ ਹਮਲੇ ਵਧੇ ਹਨ। ਜਥੇਬੰਦੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2018 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਹਫਤੇ ਸਿੱਖਾਂ ਨੂੰ ਔਸਤਨ ਇਕ ਨਫਰਤੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ਵਿਚ ਨਫਰਤੀ ਹਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੇ ਪੀੜਤ ਅਜਿਹੇ ਹਮਲਿਆਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜਾਂ ਸਿੱਖ ਕੁਲੀਸ਼ਨ ਨੂੰ ਇਤਲਾਹ ਨਹੀਂ ਦਿੰਦੇ।
ਅਮਰੀਕਨ ਮੀਡੀਆ ਨੇ ਆਮ ਲੋਕਾਂ ਦੇ ਮਨਾਂ ਵਿਚ ਇਹ ਭਰਮ ਬਿਠਾ ਦਿੱਤਾ ਹੈ ਕਿ ਦਸਤਾਰਧਾਰੀ ਲੋਕ ਦਹਿਸ਼ਤਪਸੰਦ ਹੁੰਦੇ ਹਨ ਤੇ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਸਿੱਖਾਂ ਨੂੰ ਹੀ ਭੁਗਤਣਾ ਪਿਆ ਹੈ। ਨੈਸ਼ਨਲ ਸਿੱਖ ਕੁਲੀਸ਼ਨ ਦੇ ਬਾਨੀ ਰਾਜਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਪੱਗ ਦੇਖ ਕੇ ਬਹੁਤ ਸਾਰੇ ਅਮਰੀਕੀਆਂ ਨੂੰ ਬੇਚੈਨੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਲੋਕ (ਅਮਰੀਕੀ) ਨਹੀਂ ਜਾਣਦੇ ਕਿ ਇਸ (ਪੱਗ) ਦਾ ਮੰਤਵ ਕੀ ਹੈ। ਉਹ ਇਸ ਨੂੰ ਅਤਿਵਾਦ ਨਾਲ ਜੋੜ ਕੇ ਦੇਖਦੇ ਹਨ ਜਦਕਿ ਇਹ ਸਮਾਨਤਾ ਤੇ ਇਕਸੁਰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦਿਵਸ ਅਮਰੀਕੀਆਂ ਤੇ ਸਾਰੇ ਗੈਰ ਸਿੱਖਾਂ ਨੂੰ ਦਸਤਾਰ ਬੰਨ੍ਹਣ ਤੇ ਆਪਣੇ ਸਿੱਖ ਅਮਰੀਕੀਆਂ ਨਾਲ ਘੁਲਣ ਮਿਲਣ ਦਾ ਮੌਕਾ ਦਿੰਦਾ ਹੈ। ਵਿਸਾਖੀ ਮੌਕੇ ਦੇਸ਼ ਦੇ ਕਈ ਹੋਰ ਹਿੱਸਿਆਂ ਤੇ ਯੂਨੀਵਰਸਿਟੀਆਂ ਵਿਚ ਇਹ ਸਮਾਗਮ ਰਚਾਏ ਜਾ ਰਹੇ ਹਨ।