ਬਠਿੰਡਾ: ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਭਗਵੰਤ ਮਾਨ ਅਗਲੀ ਚੋਣ ਬਾਦਲਾਂ ਦੇ ਹਲਕੇ ਬਠਿੰਡਾ ਤੋਂ ਲੜਨ ਦੀ ਤਿਆਰੀ ਖਿੱਚ ਚੁੱਕੇ ਹਨ। ਭਗਵੰਤ ਮਾਨ Ḕਮਿਸ਼ਨ-2019′ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖਿਲਾਫ਼ ਉਤਰਨ ਦਾ ਮਨ ਬਣਾਈ ਬੈਠੇ ਹਨ। ਅੰਦਰੋਂ ਅੰਦਰੀਂ ਉਨ੍ਹਾਂ ਨੇ ਤਿਆਰੀ ਵਿੱਢ ਦਿੱਤੀ ਹੈ। ਬਠਿੰਡਾ ਤੋਂ Ḕਆਪ’ ਵਿਧਾਇਕ ਵੀ ਭਗਵੰਤ ਮਾਨ ਦੇ ਨਾਲ ਇਕਸੁਰ ਹਨ।
ਵੇਰਵਿਆਂ ਅਨੁਸਾਰ ਭਗਵੰਤ ਮਾਨ ਨੇ ਪਿਛਲੇ ਸਮੇਂ ਤੋਂ ਬਠਿੰਡਾ ਸੰਸਦੀ ਹਲਕੇ ਦੇ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਅੰਦਰਖਾਤੇ Ḕਪ੍ਰਧਾਨ ਮੰਤਰੀ ਰਾਹਤ ਫੰਡ’ ਵਿਚੋਂ ਮਾਲੀ ਇਮਦਾਦ ਦਿਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਆਉਂਦੇ ਦਿਨਾਂ ਵਿਚ ਉਹ ਇਨ੍ਹਾਂ ਜਿਲ੍ਹਿਆਂ ਵਿਚ ਪ੍ਰੋਗਰਾਮ ਵੀ ਰੱਖ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਫਾਜ਼ਿਲਕਾ ਤੋਂ ਮਰਹੂਮ ਗੈਂਗਸਟਰ ਰੌਕੀ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨਾ ਵੀ ਇਹੋ ਸੰਕੇਤ ਕਰਦਾ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਬਠਿੰਡਾ ਤੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਹਿਸਾਬ ਨਾਲ ਫੈਸਲਾ ਲਵੇਗਾ। ਹਰਸਿਮਰਤ ਨੇ ਪਿਛਲੇ ਦਿਨੀਂ ਬੁਢਲਾਡਾ ਦੇ ਇਕ ਜਨਤਕ ਸਮਾਗਮ ਵਿਚ ਦਾਅਵਾ ਕੀਤਾ ਹੈ ਕਿ ਉਹ ਬਠਿੰਡਾ ਹਲਕੇ ਤੋਂ ਹੀ ਚੋਣ ਲੜਨਗੇ, ਪਰ ਉਹ ਇਹ ਇਸ਼ਾਰਾ ਵੀ ਕਰ ਗਏ, Ḕਬਾਕੀ ਵਾਹਿਗੁਰੂ ਨੇ ਜਿਥੋਂ ਦਾ ਦਾਣਾ ਪਾਣੀ ਲਿਖਿਆ, ਉੱਥੇ ਜਾਣਾ ਪੈਣਾ।’ ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਪੰਜ ਉਤੇ Ḕਆਪ’ ਦੇ ਵਿਧਾਇਕ ਕਾਬਜ਼ ਹਨ।
ਪਿਛਲੇ ਕੁਝ ਸਮੇਂ ਤੋਂ ਭਗਵੰਤ ਮਾਨ ਸਿਆਸੀ ਤੌਰ ਉਤੇ ਠੰਢੇ ਚੱਲ ਰਹੇ ਹਨ ਅਤੇ ਉਹ ਇਕਦਮ ਨਵੀਂ ਪਹਿਲਕਦਮੀ ਨਾਲ ਮੋੜਾ ਦੇਣ ਦੇ ਰੌਂਅ ਵਿਚ ਹਨ। ਮੌੜ ਤੋਂ Ḕਆਪ’ ਵਿਧਾਇਕ ਜਗਦੇਵ ਕਮਾਲੂ ਨੇ ਨਿੱਜੀ ਰਾਇ ਦਿੰਦੇ ਹੋਏ ਆਖਿਆ ਕਿ ਬਾਦਲਾਂ ਨੂੰ ਸਭ ਤੋਂ ਸਖਤ ਟੱਕਰ ਭਗਵੰਤ ਮਾਨ ਹੀ ਦੇ ਸਕਦਾ ਹੈ, ਜੇ ਉਹ ਬਠਿੰਡਾ ਤੋਂ ਚੋਣ ਲੜਨ ਲਈ ਮੰਨ ਜਾਵੇ ਤਾਂ ਪਾਰਟੀ ਦੀ ਝੋਲੀ ਇਹ ਸੀਟ ਆਸਾਨੀ ਨਾਲ ਪੈ ਜਾਵੇਗੀ। ਉਨ੍ਹਾਂ ਆਖਿਆ ਕਿ ਉਹ ਭਗਵੰਤ ਮਾਨ ਨੂੰ ਇਸ ਬਾਰੇ ਬੇਨਤੀ ਵੀ ਕਰ ਚੁੱਕੇ ਹਨ। ਇਸੇ ਤਰ੍ਹਾਂ ਬੁਢਲਾਡਾ ਹਲਕੇ ਤੋਂ Ḕਆਪ’ ਵਿਧਾਇਕ ਬੁੱਧ ਰਾਮ ਨੇ ਨਿੱਜੀ ਰਾਇ ਰੱਖੀ ਕਿ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਹਨ ਅਤੇ ਪਿਛਲੇ ਦਿਨੀਂ ਬੁਢਲਾਡਾ ਵਿਚ ਰੱਖੀਆਂ ਮੀਟਿੰਗਾਂ ਵਿਚ ਲੋਕਾਂ ਨੇ ਭਗਵੰਤ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਆਖਿਆ ਸੀ। ਬਠਿੰਡਾ (ਦਿਹਾਤੀ) ਤੋਂ Ḕਆਪ’ ਵਿਧਾਇਕ ਰੁਪਿੰਦਰ ਰੂਬੀ ਦਾ ਪ੍ਰਤੀਕਰਮ ਸੀ ਕਿ ਪਾਰਟੀ ਜਿਸ ਨੂੰ ਵੀ ਬਠਿੰਡਾ ਤੋਂ ਉਤਾਰੇਗੀ, ਉਸ ਦੀ ਡਟ ਕੇ ਹਮਾਇਤ ਕੀਤੀ ਜਾਵੇਗੀ।
ਭਗਵੰਤ ਮਾਨ ਦਾ ਪ੍ਰਤੀਕਰਮ ਸੀ ਕਿ ਉਸ ਨੇ ਸੰਗਰੂਰ ਸੰਸਦੀ ਹਲਕੇ ਵਿਚ ਰਿਕਾਰਡ ਕੰਮ ਕੀਤੇ ਹਨ ਅਤੇ ਪੇਂਡੂ ਸ਼ਹਿਰੀ ਵਿਕਾਸ ਲਈ ਖੁੱਲ੍ਹੇ ਫੰਡ ਵੰਡੇ ਹਨ। ਖਰਚ ਕੀਤਾ ਪੈਸਾ ਹੁਣ ਨਜ਼ਰ ਵੀ ਪੈਣ ਲੱਗਾ ਹੈ ਅਤੇ ਹਲਕੇ ਦੇ ਲੋਕਾਂ ਦਾ ਉਸ ਉਤੇ ਪੂਰਨ ਭਰੋਸਾ ਹੈ। ਉਨ੍ਹਾਂ ਆਖਿਆ ਕਿ ਸੰਗਰੂਰ ਹਲਕੇ ਨਾਲ ਚੰਗਾ ਪਿਆਰ ਬਣਿਆ ਹੋਇਆ ਹੈ ਤੇ ਉਹ ਸੰਗਰੂਰ ਤੋਂ ਹੀ ਅਗਲੀ ਚੋਣ ਲੜਨਗੇ, ਬਾਕੀ ਦਾਣੇ ਪਾਣੀ ਦੀ ਵੀ ਗੱਲ ਹੁੰਦੀ ਹੈ।
ਭਗਵੰਤ ਮਾਨ ਦਾ ਨਵਾਂ ਫੈਸਲਾ ਬਾਦਲਾਂ ਲਈ ਘਬਰਾਹਟ ਵਾਲਾ ਵੀ ਹੋ ਸਕਦਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਤਿਕੋਣਾ ਮੁਕਾਬਲਾ ਅਕਾਲੀ ਉਮੀਦਵਾਰ ਲਈ ਰਾਹ ਪੱਧਰਾ ਕਰੇਗਾ। ਚਰਚਾ ਹੈ ਕਿ ਭਗਵੰਤ ਮਾਨ ਨਵੇਂ ਉਪਜੇ ਹਾਲਾਤ ਵਿਚ ਦੋ ਹਲਕਿਆਂ ਤੋਂ ਵੀ ਕਾਗਜ਼ ਦਾਖਲ ਕਰ ਸਕਦੇ ਹਨ। ਬਠਿੰਡਾ, ਮਾਨਸਾ ਦੇ ਲੋਕ ਭਾਵੁਕ ਸੁਭਾਅ ਅਤੇ ਇਨਕਲਾਬੀ ਸੁਰ ਵਾਲੇ ਹਨ, ਜਿਸ ਦਾ ਫਾਇਦਾ ਭਗਵੰਤ ਮਾਨ ਲੈਣਾ ਚਾਹੁੰਦਾ ਹੈ। ਸੂਤਰ ਆਖਦੇ ਹਨ ਕਿ ਉਹ ਅਗਲੀ ਚੋਣ Ḕਆਪ’ ਤਰਫੋਂ ਹੀ ਲੜਨਗੇ।