ਸੰਗਰੂਰ: ਪੰਜਾਬ ਸਰਕਾਰ ਦੇ ਆਜ਼ਾਦੀ ਘੁਲਾਟੀਆਂ ਪ੍ਰਤੀ ਰਵੱਈਏ ਤੋਂ ਖਫਾ 98 ਸਾਲਾ ਫਰੀਡਮ ਫਾਈਟਰ ਲਾਭ ਸਿੰਘ ਸਣੇ ਤਿੰਨ ਹੋਰ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਬੋਤਲਾਂ ਲੈ ਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਟੈਂਕੀ ਉਪਰ ਚੜ੍ਹ ਗਏ। ਟੈਂਕੀ ਉਤੇ ਚੜ੍ਹੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ ਅਤੇ ਤਕਰੀਬਨ ਸਵਾ ਸਾਲ ਤੋਂ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ।
ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਪੰਜਾਬ ਦੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਲ ਹਾਲ ਵਿਚ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਮੀਟਿੰਗ ਚੱਲ ਰਹੀ ਸੀ, ਜਿਸ ਵਿਚ ਪੰਜਾਬ ਭਰ ਤੋਂ ਆਜ਼ਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੁੱਜੇ ਹੋਏ ਸਨ। ਮੀਟਿੰਗ ਪਿੱਛੋਂ 98 ਸਾਲਾ ਆਜ਼ਾਦੀ ਘੁਲਾਟੀਏ ਲਾਭ ਸਿੰਘ ਕਿਲਾ ਬਟੂਹਾ, ਉਤਰਾਧਿਕਾਰੀ ਸਿਆਸਤ ਸਿੰਘ ਖਨਾਲ, ਜਸਵੰਤ ਸਿੰਘ ਬੁਢਲਾਡਾ ਅਤੇ ਕੁਲਵੰਤ ਸਿੰਘ ਰੰਗੀਆਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਜਤਾਉਂਦਿਆਂ ਕੰਪਲੈਕਸ ਦੇ ਅੰਦਰ ਹੀ ਸਥਿਤ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ।
ਉਧਰ, ਮੀਟਿੰਗ ‘ਚ ਸ਼ਾਮਲ ਫਰੀਡਮ ਫਾਈਟਰ ਜਥੇਬੰਦੀ ਨਾਲ ਸਬੰਧਤ ਸਾਰੇ ਆਗੂ ਤੇ ਵਰਕਰ ਵੀ ਨਾਅਰੇਬਾਜ਼ੀ ਕਰਦੇ ਹੋਏ ਆਪਣੇ ਸਾਥੀਆਂ ਦੀ ਹਮਾਇਤ ਵਿਚ ਪਾਣੀ ਵਾਲੀ ਟੈਂਕੀ ਹੇਠਾਂ ਇਕੱਠੇ ਹੋ ਗਏ। ਟੈਂਕੀ ਉਤੇ ਤਾਇਨਾਤ ਦੋ ਮੁਲਾਜ਼ਮਾਂ ਵੱਲੋਂ ਜਥੇਬੰਦੀ ਦੇ ਕਾਰਕੁਨਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਜਿੰਦਰਾ ਲਗਾ ਦਿੱਤਾ ਗਿਆ ਪਰ ਰੋਹ ਵਿਚ ਆਏ ਕਾਰਕੁਨਾਂ ਨੇ ਇੱਟਾਂ ਮਾਰ-ਮਾਰ ਕੇ ਜਿੰਦਰਾ ਤੋੜ ਕੇ ਗੇਟ ਖੋਲ੍ਹ ਲਿਆ ਅਤੇ ਟੈਂਕੀ ਹੇਠਾਂ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਉੁਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਪੰਜਾਬ ਸਰਕਾਰ ਨੂੰ ਮੰਗਾਂ ਹੱਲ ਕਰਨ ਲਈ 5 ਅਪਰੈਲ ਤੱਕ ਦਾ ਅਲਟੀਮੇਟਮ ਦਿੱਤਾ ਸੀ। ਹਾੜ੍ਹੀ ਦੇ ਸੀਜ਼ਨ ਕਾਰਨ ਅਲਟੀਮੇਟਮ ਦੀ ਮਿਆਦ 20 ਅਪਰੈਲ ਤੱਕ ਵਧਾ ਦਿੱਤੀ ਹੈ।
__________________
ਆਜ਼ਾਦੀ ਘੁਲਾਟੀਆਂ ਦੀ ਮੰਗਾਂ
ਮੰਗਾਂ ਵਿਚ ਫਰੀਡਮ ਫਾਈਟਰ ਪਰਿਵਾਰਾਂ ਨੂੰ ਕੌਮੀ ਪਰਿਵਾਰ ਐਲਾਨਣ, ਮੁਫ਼ਤ ਬੱਸ ਸਫਰ ਦੀ ਸਹੂਲਤ, ਟੋਲ ਟੈਕਸ ਤੋਂ ਛੋਟ, ਜਿਲ੍ਹਾ ਪੱਧਰੀ ਕਮੇਟੀਆਂ ‘ਚ ਨੁਮਾਇੰਦਗੀ, ਨੌਕਰੀਆਂ ਦਾ ਕੋਟਾ 1 ਤੋਂ ਵਧਾ ਕੇ 5 ਫੀਸਦੀ ਕਰਨ, ਸਹੂਲਤਾਂ ਤਿੰਨ ਪੀੜ੍ਹੀਆਂ ਤੱਕ ਦੇਣ, ਹਰ ਜ਼ਿਲ੍ਹੇ ਵਿਚ ਦੇਸ਼ ਭਗਤ ਯਾਦਗਾਰੀ ਹਾਲ ਬਣਾਉਣ, ਸਿੱਖਿਆ ਤੇ ਸਿਹਤ ਸਹੂਲਤਾਂ ਮੁਫਤ ਦੇਣ, ਉਤਰਾਖੰਡ ਦੀ ਤਰਜ਼ ‘ਤੇ ਪੈਨਸ਼ਨ ਦੇਣਾ ਆਦਿ ਸ਼ਾਮਲ ਹਨ।