ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਸਮੁੰਦਰ ਦੀ ਵਿਸ਼ਾਲਤਾ ਦਾ ਵਿਖਿਆਨ ਕਰਦਿਆਂ ਕਿਹਾ ਸੀ ਕਿ ਕੌਣ ਏ ਜੋ ਪਾਣੀਆਂ ਨੂੰ ਵੰਡ ਸਕੇ! ਪਾਣੀ ਤਾਂ ਜੀਵਨ-ਦਾਨੀ ਜਿਸ ਦਾ ਕੋਈ ਮਜ਼ਹਬ, ਕੌਮ, ਧਰਮ ਜਾਂ ਦੇਸ਼ ਨਹੀਂ।
ਡਾ. ਭੰਡਾਲ ਨੂੰ ਗਿਲਾ ਹੈ, “ਸਮੁੰਦਰ, ਅੱਜ ਕੱਲ ਆਪਣੀ ਹੋਣੀ ‘ਤੇ ਹੰਝੂ ਕੇਰਦਾ। ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣੇ ਸ਼ੁਰੂ। ਸਮੁੰਦਰ ਦਾ ਪੱਧਰ ਉਪਰ ਉਠਣ ‘ਤੇ ਇਸ ਦੇ ਕਿਨਾਰੇ ਵੱਸੇ ਸ਼ਹਿਰਾਂ ਦੇ ਨਾਮੋ-ਨਿਸ਼ਾਨ ਮਿਟਣ ਦਾ ਖਤਰਾ। ਪਰ ਮਨੁੱਖ ਸਮੁੰਦਰ ਦੀ ਹੂਕ ਸੁਣਨ ਤੋਂ ਆਕੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਛਾਵੇਂ ਦਾ ਵਿਸ਼ਲੇਸ਼ਣ ਕੀਤਾ ਹੈ, “ਪ੍ਰਛਾਵਾਂ ਇਕ ਬਿੰਬ। ਤੁਸੀਂ ਇਸ ਬਿੰਬ ਵਿਚੋਂ ਕਿਸ ਤਰ੍ਹਾਂ ਦੇ ਨਕਸ਼ ਨਿਹਾਰਦੇ ਹੋ, ਕਿਸ ਤਰ੍ਹਾਂ ਦੀ ਕਲਾ-ਨਿਕਾਸ਼ੀ ਕਰਦੇ ਹੋ ਅਤੇ ਮਨ-ਮੰਦਿਰ ‘ਤੇ ਕਿਹੜੀਆਂ ਸੋਚ-ਪਿੜੀਆਂ ਪਾਉਂਦੇ ਹੋ, ਇਹ ਤੁਹਾਡੀ ਦਿੱਭ-ਦ੍ਰਿਸ਼ਟੀ ‘ਤੇ ਨਿਰਭਰ।” ਉਹ ਨਸੀਹਤ ਦਿੰਦੇ ਹਨ, “ਕਦੇ ਵੀ ਕਿਸੇ ਦਾ ਪ੍ਰਛਾਵਾਂ ਨਾ ਬਣੋ। ਸਗੋਂ ਆਪਣੀ ਸ਼ਖਸੀਅਤ ਨੂੰ ਇੰਨਾ ਕੁ ਵਿਸਥਾਰੋ ਕਿ ਲੋਕ ਤੁਹਾਡਾ ਪ੍ਰਛਾਵਾਂ ਬਣਨ ਲਈ ਅਹੁਲਣ ਅਤੇ ਤੁਹਾਡੇ ਵਰਗਾ ਬਣਨ ਦੀ ਲੋਚਾ ਉਨ੍ਹਾਂ ਦਾ ਸੁਪਨਾ ਹੋਵੇ।” ਇਸ ਲੇਖ ਵਿਚ ਡਾ. ਭੰਡਾਲ ਕਦੇ ਸ਼ਾਇਰ ਨਜ਼ਰ ਆਉਂਦੇ ਹਨ ਤੇ ਕਦੇ ਕੋਈ ਸੰਤ ਮਹਾਤਮਾ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਪ੍ਰਛਾਵਾਂ, ਚਾਨਣ ਦੀ ਹੋਂਦ ਦਾ ਪ੍ਰਤੀਕ। ਹਨੇਰੇ ਵਿਚ ਤਾਂ ਅਸੀਂ ਖੁਦ ਹੀ ਪ੍ਰਛਾਵਾਂ ਬਣ, ਖੁਦ ਤੋਂ ਡਰਨ ਜੋਗੇ ਰਹਿ ਜਾਂਦੇ।
ਹਰ ਰੋਜ਼ ਸੈਰ ਕਰਦਾ ਹਾਂ। ਸਵੇਰ ਵੇਲੇ ਪ੍ਰਛਾਵਾਂ ਲੰਮਾ ਹੁੰਦਾ ਅਤੇ ਜਿਵੇਂ ਜਿਵੇਂ ਸੂਰਜ ਚੜ੍ਹਦਾ ਪ੍ਰਛਾਵਾਂ ਸੁੰਘੜਨ ਲੱਗਦਾ। ਸੂਰਜ ਸਿਰ ‘ਤੇ ਹੁੰਦਾ ਤਾਂ ਪ੍ਰਛਾਵਾਂ ਇਕ ਬਿੰਦੂ ‘ਤੇ ਸਿਮਟ ਜਾਂਦਾ। ਅਜਿਹੇ ਵਕਤ ਮਨੁੱਖ ਆਪਣੀ ਔਕਾਤ ਦੇ ਰੂਬਰੂ ਹੋ, ਖੁਦ ਦਾ ਗੁੰਮਿਆ ਪ੍ਰਛਾਵਾਂ ਤਲਾਸ਼ਦਾ।
ਲਹਿੰਦਾ ਸੂਰਜ ਢਲਦੇ ਪ੍ਰਛਾਵਿਆਂ ਦੀ ਦਸਤਕ, ਪ੍ਰਛਾਵਾਂ ਲੰਮੇਰਾ ਹੋ ਆਖਰ ਨੂੰ ਅਲੋਪ ਹੋ ਜਾਂਦਾ ਅਤੇ ਰਾਤ ਦੇ ਘੁਸਮੁਸੇ ਵਿਚ ਖੁਦ ਹੀ ਪ੍ਰਛਾਵਾਂ ਬਣਨ ਦਾ ਦਰਦ ਹੰਢਾਉਣਾ ਪੈਂਦਾ।
ਪ੍ਰਛਾਵਾਂ ਤੁਹਾਡੇ ਨਾਲ ਨਾਲ ਤੁਰਦਾ, ਤੁਹਾਡੀ ਹਰ ਹਰਕਤ, ਪੈੜਚਾਲ ਅਤੇ ਕਿਰਦਾਰ ਦਾ ਬਿੰਬ ਬਣ ਕੇ ਘੋਖਵੀਂ ਨਜ਼ਰ ਰੱਖਦਾ। ਤੁਹਾਨੂੰ ਸੂਚੇਤ ਕਰਦਾ ਅਤੇ ਤੁਹਾਡੇ ਪੈਰਾਂ ਵਿਚ ਸਾਵਧਾਨੀ ਤੇ ਚੇਤਾਵਨੀ ਧਰਦਾ। ਪਰ ਤੁਸੀਂ ਇਸ ਚੇਤਾਵਨੀ ਨੂੰ ਕਿਹੜੇ ਅਰਥਾਂ ਵਿਚ ਲੈਂਦੇ ਅਤੇ ਇਸ ਦੀ ਸੰਜ਼ੀਦਗੀ ਨੂੰ ਕਿੰਨਾ ਕੁ ਅਪਨਾਉਂਦੇ, ਇਹ ਤੁਹਾਡੇ ‘ਤੇ ਨਿਰਭਰ।
ਕਦੇ ਵੀ ਕਿਸੇ ਦਾ ਪ੍ਰਛਾਵਾਂ ਨਾ ਬਣੋ। ਸਗੋਂ ਆਪਣੀ ਸ਼ਖਸੀਅਤ ਨੂੰ ਇੰਨਾ ਕੁ ਵਿਸਥਾਰੋ ਕਿ ਲੋਕ ਤੁਹਾਡਾ ਪ੍ਰਛਾਵਾਂ ਬਣਨ ਲਈ ਅਹੁਲਣ ਅਤੇ ਤੁਹਾਡੇ ਵਰਗਾ ਬਣਨ ਦੀ ਲੋਚਾ ਉਨ੍ਹਾਂ ਦਾ ਸੁਪਨਾ ਹੋਵੇ। ਆਪਣੀ ਹਾਜਰੀ ਲਗਵਾਉਣ ਲਈ ਉਚੇਚ ਨਾ ਕਰੋ ਸਗੋਂ ਆਪਣਾ ਬਿੰਬ ਅਜਿਹਾ ਸਿਰਜੋ ਕਿ ਤੁਹਾਡੀ ਗੈਰ-ਹਾਜਰੀ ਰੜਕਣ ਲੱਗ ਪਵੇ।
ਕਈ ਵਾਰ ਪ੍ਰਛਾਵੇਂ ਵਾਂਗ ਰਹਿਣ ਵਾਲੇ ਲੋਕ ਤੁਹਾਡੇ ਰਾਹਾਂ ਦਾ ਰੋੜਾ ਬਣ, ਤੁਹਾਡੀਆਂ ਮੰਜ਼ਲਾਂ ਨੂੰ ਓਝੜ ਰਾਹਾਂ ਵੰਨੀਂ ਧੱਕਣ ਲਈ ਤੁਹਾਡੇ ਦਿਸਹੱਦਿਆਂ ਵਿਚ ਧੁੰਧਲਕਾ ਪੈਦਾ ਕਰਦੇ। ਅਜਿਹੇ ਪ੍ਰਛਾਵਿਆਂ ਤੋਂ ਸੁਚੇਤ ਰਹੋ।
ਕਦੇ ਕਦਾਈਂ ਖੁਦ ਦੇ ਪ੍ਰਛਾਵੇਂ ਨੂੰ ਕਿਸੇ ਤਲਾਅ ਦੇ ਠਹਿਰੇ ਹੋਏ ਪਾਣੀ ਵਿਚ ਦੇਖੋ। ਆਪਣੇ ਆਪ ਨੂੰ ਨਿਹਾਰੋ ਤੇ ਚਿਤਾਰੋ। ਖੁਦ ਵਿਚੋਂ ਖੁਦ ਦੀ ਬਾਰੀਕਬੀਨੀ ਨਾਲ ਕੀਤੀ ਪੁਣਛਾਣ ਵਿਚੋਂ ਤੁਸੀਂ ਬਹੁਤ ਕੁਝ ਨੂੰ ਨਕਾਰਨ ਵਿਚ ਸਫਲ ਹੋਵੋਗੇ ਜੋ ਤੁਹਾਡਾ ਕੋਝਾਪਣ ਏ ਅਤੇ ਕੁਝ ਅਜਿਹੇ ਵਿਚ ਹੋਰ ਨਿਖਾਰ ਲਿਆਵੋਗੇ ਜੋ ਤੁਹਾਡਾ ਸੁਹੱਪਣ ਏ।
ਘੰਟਿਆਂ ਬੱਧੀ ਸ਼ੀਸ਼ੇ ਮੂਹਰੇ ਖੁਦ ਨੂੰ ਨਿਹਾਰਨ ਅਤੇ ਸੰਵਾਰਨ ਵਾਲੇ ਲੋਕ ਸਿਰਫ ਬਾਹਰੀ ਸੁੰਦਰਤਾ ਤੀਕ ਸੀਮਤ। ਅੰਦਰਲੀ ਸੁੰਦਰਤਾ ਅਤੇ ਸੀਰਤ ਨੂੰ ਨਿਖਾਰਨ ਲਈ ਅਸੀਂ ਬਿਨਾ ਸ਼ੀਸ਼ੇ ਤੋਂ ਵੀ ਖੁਦ ਨੂੰ ਨਿਹਾਰ ਸਕਦੇ ਹਾਂ ਅਤੇ ਆਪਣੀਆਂ ਗਲਤੀਆਂ ਤੇ ਊਣਤਾਈਆਂ ਨੂੰ ਜਾਣ ਕੇ ਇਨ੍ਹਾਂ ਨੂੰ ਸੁਧਾਰ ਸਕਦੇ ਹਾਂ।
ਕਿਸੇ ਰਹਿਬਰ ਦੇ ਪ੍ਰਛਾਵੇਂ ਵਿਚ ਰਹਿਣ ਵਾਲਿਆਂ ਦੀ ਸੋਚ, ਸਿਆਣਪ ਅਤੇ ਸਲੀਕੇ ਵਿਚ ਪੂਰਨਤਾ ਝਲਕਦੀ ਹੈ ਕਿਉਂਕਿ ਉਨ੍ਹਾਂ ਵਿਚ ਜੀਵਨੀ ਸੁਹਜ ਤੇ ਸਹਿਜ ਨੂੰ ਪ੍ਰਣਾਏ ਨਵੀਨਤਮ ਰਾਹਾਂ ‘ਤੇ ਤੁਰਨ ਦੀ ਲੋਚਾ ਹੁੰਦੀ।
ਬਜ਼ੁਰਗਾਂ ਦੇ ਵਿਰਾਸਤੀ ਪ੍ਰਛਾਵੇਂ ਵਿਚ ਪਲਣ ਵਾਲੀ ਔਲਾਦ ਆਪਣੇ ਵਿਰਸੇ ਨਾਲ ਜੁੜੀ ਵਿਰਾਸਤ ਦੀ ਪਛਾਣ ਬਣ ਮੂਲ ਨਾਲ ਜੁੜਨ ਦਾ ਧਰਮ ਪਾਲਦੀ। ਉਸ ਦੇ ਜੀਵਨ-ਸਲੀਕੇ ਵਿਚ ਆਧੁਨਿਕਤਾ ਅਤੇ ਵਿਰਾਸਤ ਦਾ ਅਨੂਠਾ ਸੰਗਮ ਜਿਹੜਾ ਸਮੁੱਚੇ ਸਮਾਜ ਲਈ ਮਾਣ ਦਾ ਸਬੱਬ ਹੁੰਦਾ।
ਜਦ ਕੁਝ ਪਖੰਡੀ ਤੇ ਪਾਜੀ ਲੋਕ ਪ੍ਰਛਾਵਾਂ ਬਣਨ ਦਾ ਢਕਵੰਜ ਰਚਾਉਂਦੇ ਤਾਂ ਉਨ੍ਹਾਂ ਦੀ ਨੀਚਤਾ ਤੇ ਗਲਾਜ਼ਤ ਜਲਦੀ ਹੀ ਜੱਗ-ਜਾਹਰ ਹੋ ਜਾਂਦੀ। ਉਹ ਆਪਣੀ ਕਮੀਨਗੀ ਦਾ ਭਾਰ ਢੋਣ ਜੋਗੇ ਹੀ ਰਹਿ ਜਾਂਦੇ। ਅਜਿਹੇ ਬਹੁਰੂਪੀਏ ਅਕਸਰ ਹੀ ਸਮਾਜ ਦੇ ਹਰ ਦਾਇਰੇ ਤੇ ਪਰਤ ਵਿਚ ਨਜ਼ਰ ਆਉਂਦੇ। ਪਰ ਉਨ੍ਹਾਂ ਦੀ ਅਸਲੀਅਤ ਪਤਾ ਲੱਗਣ ‘ਤੇ ਉਹ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ।
ਖੁਦ ਦਾ ਖੁਦ ਦੇ ਪ੍ਰਛਾਵੇਂ ਨਾਲ ਸੰਵਾਦ ਬਹੁਤ ਸਾਰੇ ਸਵਾਲਾਂ ਤੇ ਜਵਾਬਾਂ ਦਾ ਸਬੱਬ, ਕਮੀਆਂ ਤੇ ਪੂਰਨਤਾਵਾਂ ਦੀ ਤਸ਼ਬੀਹ, ਦਾਨਾਈ ਤੇ ਬੁਰਾਈ ਵਿਚਲਾ ਪਾੜਾ ਅਤੇ ਕਰਮਯੋਗਤਾ ਤੇ ਕਰਮਹੀਣਤਾ ਵਿਚਲੇ ਖੱਪੇ ਨੂੰ ਸਾਡੇ ਸਾਹਵੇਂ ਕਰਦਾ। ਮਨੁੱਖ ਖੁਦ ਦੇ ਵਿਸ਼ਲੇਸ਼ਣ ਵਿਚੋਂ ਨਵੀਂਆਂ ਪੈੜਾਂ ਦਾ ਸਿਰਜਕ ਬਣਦਾ।
ਪ੍ਰਛਾਵਾਂ ਕਿਸੇ ਦਾ ਕਰਮਯੋਗ ਹੁੰਦਾ ਜੋ ਤੁਹਾਨੂੰ ਨੇਕ ਰਾਹਾਂ ਦੀ ਦੱਸ ਪਾਉਂਦਾ। ਪ੍ਰਛਾਵਾਂ ਕਿਸੇ ਦੇ ਬੋਲਾਂ ਦਾ ਵੀ ਹੁੰਦਾ ਜੋ ਮਿਕਨਾਤੀਸੀ ਖਿੱਚ ਦਾ ਸਬੱਬ ਹੁੰਦਾ। ਪ੍ਰਛਾਵਾਂ ਕਿਸੇ ਦੀ ਔਕਾਤ ਦਾ ਹੁੰਦਾ ਜੋ ਤੁਹਾਡਾ ਮਸਤਕ ਦਰ ਠਕੋਰਦਾ। ਪ੍ਰਛਾਵਾਂ ਅਬੋਲ ਵਾਰਤਾਲਾਪ ਦਾ ਵੀ ਹੁੰਦਾ ਜਿਹੜੀ ਰਾਹਗੀਰ ਬਣੇ ਸੁੰਨੇ ਰਾਹਾਂ ‘ਤੇ ਸਿਰਜਦੇ ਹੋ। ਇਹ ਪ੍ਰਛਾਵੇਂ ਬਹੁਤ ਕੁਝ ਅਜਿਹਾ ਸੋਚ-ਧਰਾਤਲ ਵਿਚ ਧਰ ਜਾਂਦੇ ਜਿਨ੍ਹਾਂ ਨੇ ਤੁਹਾਨੂੰ ਵਿਸਥਾਰਨਾ ਤੇ ਵਿਸ਼ਾਲਣਾ ਹੁੰਦਾ।
ਦਿਨ ਵੇਲੇ ਪ੍ਰਛਾਵੇਂ ਕਦੇ ਵੀ ਥਿਰ ਨਹੀਂ। ਪਲ ਪਲ ਬਦਲ ਬਦਲਦੇ ਪ੍ਰਛਾਵਿਆਂ ਦੀ ਰੁੱਤ ਜ਼ਿੰਦਗੀ ਦੇ ਨਾਮ ਕਰਦੇ। ਮਸਨੂਈ ਰੋਸ਼ਨੀ ਵਿਚ ਪ੍ਰਛਾਵੇਂ ਥਿਰ ਰਹਿਣਗੇ ਜੇ ਮਨੁੱਖ ਅਹਿਲ ਰਹੇ। ਪਰ ਗਤੀਸ਼ੀਲ ਮਨੁੱਖ ਦਾ ਪ੍ਰਛਾਵਾਂ ਕਦੇ ਵੀ ਸਥਿੱਰ ਅਤੇ ਇਕਸਾਰ ਨਹੀਂ ਰਹਿੰਦਾ। ਪ੍ਰਛਾਵੇਂ ਦਾ ਬਦਲਨਾ ਹੀ ਨਿਰੰਤਰਤਾ ਦੀ ਨਿਸ਼ਾਨੀ ਜੋ ਜੀਵਨ ਦਾ ਧੁਰਾ। ਸਿਰਫ ਕਬਰ ਦਾ ਪ੍ਰਛਾਵਾਂ ਹੀ ਅਹਿਲ ਹੁੰਦਾ।
ਕਈ ਵਾਰ ਕੁਝ ਪ੍ਰਛਾਵੇਂ ਅਜਿਹੇ ਹੁੰਦੇ ਜੋ ਸਿਰਜਣਹਾਰੇ ਨੂੰ ਹੀ ਹੜੱਪ ਕਰ ਜਾਂਦੇ। ਅਜਿਹਾ ਕਰਕੇ ਉਹ ਖੁਦ ਹੀ ਆਪਣੀ ਹੋਂਦ ਗਵਾ ਬਹਿੰਦੇ। ਭਲਾ! ਸਿਰਜਣਹਾਰੇ ਤੋਂ ਬਗੈਰ ਪ੍ਰਛਾਵੇਂ ਦੀ ਔਕਾਤ ਹੀ ਕੀ ਏ?
ਪ੍ਰਛਾਵਾਂ ਹਮੇਸ਼ਾ ਰੌਸ਼ਨੀ ਵਿਚ ਬਣਦਾ ਏ। ਹਨੇਰਿਆਂ ਵਿਚ ਕੌਣ, ਕਿਸ ਦਾ, ਕਿਸ ਤਰ੍ਹਾਂ ਦਾ ਪ੍ਰਛਾਵਾਂ ਬਣਦਾ ਏ? ਹਨੇਰਾ ਹੀ ਹਨੇਰੇ ਦਾ ਪ੍ਰਛਾਵਾਂ।
ਪ੍ਰਛਾਵਾਂ ਇਕ ਬਿੰਬ। ਤੁਸੀਂ ਇਸ ਬਿੰਬ ਵਿਚੋਂ ਕਿਸ ਤਰ੍ਹਾਂ ਦੇ ਨਕਸ਼ ਨਿਹਾਰਦੇ ਹੋ, ਕਿਸ ਤਰ੍ਹਾਂ ਦੀ ਕਲਾ-ਨਿਕਾਸ਼ੀ ਕਰਦੇ ਹੋ ਅਤੇ ਮਨ-ਮੰਦਿਰ ‘ਤੇ ਕਿਹੜੀਆਂ ਸੋਚ-ਪਿੜੀਆਂ ਪਾਉਂਦੇ ਹੋ, ਇਹ ਤੁਹਾਡੀ ਦਿੱਭ-ਦ੍ਰਿਸ਼ਟੀ ‘ਤੇ ਨਿਰਭਰ।
ਪ੍ਰਛਾਵਾਂ ਇਕ ਛਲਾਵਾ, ਧੋਖਾ, ਫਰੇਬ ਅਤੇ ਮਨੋ-ਕਲਪਨਾ ਜਦ ਇਸ ਦੀਆਂ ਤਹਿਆਂ ਦੀ ਫਰੋਲਾ-ਫਰਾਲੀ ਵਿਚੋਂ ਸਿਰਫ ਲੀਰਾਂ ਉਘੜਦੀਆਂ। ਜਦ ਕੋਈ ਬੱਦਲੀ ਸੂਰਜ ਨੂੰ ਲੁਕੋਵੇ ਜਾਂ ਜਗਦਾ ਬਲਬ ਫਿਊਜ਼ ਹੋ ਜਾਵੇ ਤਾਂ ਪ੍ਰਛਾਵੇਂ ਦਾ ਵਜੂਦ ਖਤਮ ਹੋ ਜਾਂਦਾ। ਕਿਸੇ ‘ਤੇ ਨਿਰਭਰਤਾ ਦਾ ਅਜਿਹਾ ਅੰਜ਼ਾਮ ਹੀ ਤਾਂ ਹੁੰਦਾ।
ਪ੍ਰਛਾਵਾਂ ਬਣ ਕੇ ਜਿਉਣਾ ਲੋਚੇ ਰੂਹ ਦਾ ਇਕ ਪ੍ਰਛਾਵਾਂ। ਪ੍ਰਛਾਵੇਂ ਵਾਂਗਰਾਂ ਉਮਰ-ਪੈਂਡੇ, ਸਦਾ ਹੀ ਤੁਰਿਆ ਜਾਵਾਂ। ਚਾਨਣੀ ਰਾਤ ਦਾ ਇਕ ਪ੍ਰਛਾਵਾਂ, ਸਾਹਾਂ ਵਿਚ ਵਸੇਂਦਾ। ਦਿਨ ਚੜ੍ਹੇ ਕਿਤੇ ਨਜ਼ਰ ਆ ਆਵੇ, ਪਤਾ ਨਹੀਂ ਕਿਧਰ ਜਾਂਦਾ। ਸੋਚਾਂ ਦੇ ਵਿਚ ਕਰਮ-ਪ੍ਰਛਾਵਾਂ, ਜਦ ਹਾਸਲ ਬਣ ਜਾਵੇ। ਤਾਂ ਜੀਵਨ ਦੀ ਸਰਦਲ ਉਤੇ, ਕੋਈ ਸ਼ਗਨ ਕਰ ਜਾਵੇ। ਜੀਵਨ ਦੀ ਪੱਤਝੜ ਹੀ ਹੁੰਦੀ, ਪ੍ਰਛਾਵੇਂ ਦਾ ਨਾਮ। ਜਿਸ ਦੀ ਜੂਹ ਵਿਚ ਸਾਹਾਂ-ਸੰਦਲਾ, ਗੂੰਜੇ ਇਕ ਪੈਗਾਮ। ਜੀਵਨ ਇਕ ਪ੍ਰਛਾਵੇਂ ਵਾਂਗਰ, ਪਲ ਪਲ ਢਲਦਾ ਜਾਵੇ। ਪਤਾ ਨਹੀਂ ਕਿਸ ਮੋੜ ‘ਤੇ ਆ ਕੇ, ਸਾਥ-ਸਦੀਵੀ ਛੱਡ ਜਾਵੇ। ਪ੍ਰਛਾਵੇਂ ਨਾਲ ਮੋਹ ਦਾ ਰਿਸ਼ਤਾ, ਜਾਪੇ ਨਿਰਾ ਛਲਾਵਾ। ਪ੍ਰਛਾਵੇਂ ਵਰਗਾ ਜੱਗ ਏ ਬੀਬਾ, ਧੁੱਖਦਾ ਹੋਇਆ ਆਵਾ। ਇਕ ਫੁੱਲ ਸਦਾ ਬਣ ਪ੍ਰਛਾਵਾਂ, ਵਸਦਾ ਮਨ ਦੀ ਜੂਹੇ। ਇਸ ਸਦਕਾ ਹੀ ਰੂਹ ਦੀ ਬੀਹੀ, ਪੀਲੇ ਦਿਨ ਵੀ ਸੂਹੇ।
ਕੁਝ ਲੋਕ ਪ੍ਰਛਾਵਿਆਂ ਨੂੰ ਪਕੜਨ ਦੀ ਵਿਅਰਥ ਕੋਸ਼ਿਸ਼ ਵਿਚ ਹੀ ਜੀਵਨ-ਪੈਂਡਾ ਖੋਟਾ ਕਰ ਜਾਂਦੇ। ਭਲਾ! ਪ੍ਰਛਾਵੇਂ ਵੀ ਕਦੇ ਕਿਸੇ ਦੀ ਪਕੜ ਵਿਚ ਆਏ ਨੇ? ਪ੍ਰਛਾਵਾਂ ਸਿਰਫ ਪ੍ਰਛਾਵਾਂ ਹੁੰਦਾ ਜੋ ਕਿਸੇ ਦੇ ਹੱਥ ਨਾ ਆਵੇ।
ਕਈ ਵਾਰ ਪ੍ਰਛਾਵੇਂ ਬਹੁਤ ਧੁੰਧਲੇ ਜਿਹੇ ਹੁੰਦੇ। ਉਨ੍ਹਾਂ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਨਾ, ਸਭ ਤੋਂ ਕਠਿਨ। ਅਜਿਹੇ ਪ੍ਰਛਾਵੇਂ ਸਿਰਫ ਪੀੜਾ, ਦਰਦ, ਉਦਾਸੀ ਅਤੇ ਗਮ ਸਦਕਾ ਆਪਣੀ ਹੋਂਦ ਜਤਾਉਣ ਜੋਗੇ ਹੁੰਦੇ। ਪਰ ਕੁਝ ਲੋਕ ਅਜਿਹੇ ਹੁੰਦੇ ਜੋ ਤੁਹਾਡੇ ਅਦਿੱਖ ਪ੍ਰਛਾਵੇਂ ਬਣ ਤੁਹਾਡੀਆਂ ਰਾਹਾਂ ਰੁਸ਼ਨਾਉਂਦੇ। ਤੁਹਾਡੀ ਉਂਗਲ ਫੜ੍ਹ ਕੇ ਤੁਰਨਾ ਸਿਖਾਉਂਦੇ। ਕਲਮ ਪਕੜਾ ਕੇ ਪੂਰਨਿਆਂ ‘ਤੇ ਲਿਖਣਾ ਸਿਖਾਉਂਦੇ। ਮੁਹਾਰਨੀ ਪੜ੍ਹਾਉਂਦੇ ਅਤੇ ਮਸਤਕ ਵਿਚ ਗਿਆਨ-ਜੋਤ ਧਰਨ ਦਾ ਕਰਮ ਨਿਭਾਉਂਦੇ। ਮਾਪੇ ਸਾਰੀ ਉਮਰ ਹੀ ਪ੍ਰਛਾਵੇਂ ਦੀ ਤਰ੍ਹਾਂ ਬੱਚਿਆਂ ਦੇ ਸੁਪਨਿਆਂ ਦੀ ਪੂਰਨਤਾ ਅਤੇ ਉਨ੍ਹਾਂ ਦੇ ਜੀਵਨੀ-ਸਰੋਕਾਰਾਂ ਵਿਚ ਚਾਨਣ ਤਰੌਂਕਣ ਦਾ ਮਾਨਵੀ ਕਰਮ ਨਿਭਾਉਂਦੇ, ਆਪਣੀ ਅਦ੍ਰਿਸ਼ਟ ਹੋਂਦ ਵਿਚੋਂ ਹੀ ਸੰਤੁਸ਼ਟੀ ਪ੍ਰਾਪਤ ਕਰਦੇ।
ਸਮਾਜਕ ਪਰਦੇ ‘ਤੇ ਦ੍ਰਿਸ਼ਟਮਾਨ ਹੁੰਦਾ ਤੁਹਾਡਾ ਪ੍ਰਛਾਵਾਂ, ਤੁਹਾਡੇ ਵਰਗਾ ਹੀ ਹੋਵੇਗਾ। ਇਸ ਲਈ ਜਰੂਰੀ ਹੈ ਕਿ ਆਪਣੇ ਪ੍ਰਛਾਵੇਂ ਪ੍ਰਤੀ ਸੁਹਿਰਦ ਹੋਵੋ ਅਤੇ ਇਸ ਦੀ ਦਿੱਖ, ਦ੍ਰਿਸ਼ਟੀ, ਦਿਸ਼ਾ ਅਤੇ ਦਸ਼ਾ ਪ੍ਰਤੀ ਕਦੇ ਵੀ ਅਵੇਸਲਾ ਨਾ ਹੋਇਆ ਜਾਵੇ।
ਮਨੁੱਖੀ ਮਨ ਦੇ ਚਿੱਤਰਪਟ ‘ਤੇ ਨਜ਼ਰ ਆਉਂਦੇ ਕੁਝ ਪ੍ਰਛਾਵੇਂ ਮਨੁੱਖੀ ਸੂਰਤਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਦੀ ਬਾਹਰੀ ਦਿੱਖ ਅਤੇ ਪ੍ਰਛਾਵੇਂ ਵਿਚਲਾ ਅੰਤਰ ਉਨ੍ਹਾਂ ਦੇ ਮਖੌਟਿਆਂ ਦੀ ਤਰਜ਼ਮਾਨੀ। ਤੁਹਾਨੂੰ ਮਖੌਟਿਆਂ ਨੂੰ ਜਾਣਨ, ਸਮਝਣ ਅਤੇ ਪੜ੍ਹਨ ਦੀ ਜਾਚ ਆਉਣੀ ਚਾਹੀਦੀ।
ਕਈ ਵਾਰ ਪ੍ਰਛਾਵਿਆਂ ਨਾਲ ਸਿਰਜੇ ਬਿੰਬ ਬੋਲਦੇ, ਹੁੰਗਾਰਾ ਭਰਦੇ ਅਤੇ ਤੁਹਾਡੀ ਚੇਤਨਾ ਵਿਚ ਕੁਝ ਅਜਿਹਾ ਅਣਕਿਹਾ ਧਰ ਜਾਂਦੇ ਕਿ ਤੁਸੀਂ ਇਸ ਦੇ ਅਰਥਾਂ ਦੀ ਅਸੀਮਤਾ ਤੱਕ ਪਹੁੰਚਣ ਤੋਂ ਵੀ ਅਮਸਰੱਥ ਹੁੰਦੇ। ਕਲਾਕਾਰ ਅਕਸਰ ਹੀ ਅਜਿਹਾ ਕਰਦੇ।
ਪ੍ਰਛਾਵੇਂ ਡਰਾਉਣੇ ਵੀ ਅਤੇ ਲੁਭਾਉਣੇ ਵੀ। ਸੰਦਰ ਸਰੂਪ ਵੀ ਅਤੇ ਕੋਝੇ ਕਰੂਪ ਵੀ। ਅਧੂਰੇ ਵੀ ਅਤੇ ਪੂਰੇ ਵੀ। ਕਾਤਲ ਵੀ, ਕਤਲ ਹੋਣ ਵਾਲੇ ਵੀ। ਦੂਰ ਜਾਂਦਾ ਵੀ ਅਤੇ ਨੇੜੇ ਆਉਂਦਾ ਵੀ। ਮੋਹ ਵੀ ਜਤਾਉਂਦਾ, ਤੋੜ-ਵਿਛੋੜਾ ਵੀ ਕਰਦਾ। ਸਭ ਕੁਝ ਪ੍ਰਛਾਵੇਂ ਦੀ ਤਾਸੀਰ ਤੇ ਤਕਦੀਰ ‘ਤੇ ਨਿਰਭਰ।
ਕਦੇ ਬਿਰਖ ਵਰਗਾ ਬਣਨ ਦਾ ਮਨ ਵਿਚ ਵਿਚਾਰ ਪੈਦਾ ਕਰਨਾ ਜਿਸ ਦਾ ਪ੍ਰਛਾਵਾਂ ਕਦੇ ਛੋਟਾ ਹੁੰਦਾ, ਕਦੇ ਵੱਡਾ ਹੁੰਦਾ। ਕਦੇ ਬਿਰਖ ਦੀ ਪਰਿਕਰਮਾ ਕਰਦਿਆਂ ਇਕ ਥਾਂ ਤੋਂ ਦੂਜੀ ਥਾਂ ‘ਤੇ ਤੁਰਦਾ ਰਹਿੰਦਾ, ਆਪ ਹੀ ਪੈਦਾ ਹੁੰਦਾ ਅਤੇ ਫਿਰ ਆਪ ਹੀ ਅਲੋਪ ਹੋ ਜਾਂਦਾ। ਪਰ ਬਿਰਖ ਹਮੇਸ਼ਾ ਅਡੋਲ ਰਹਿੰਦਾ। ਉਹ ਆਪਣੀ ਕਰਮਭੂਮੀ ਅਤੇ ਧਰਮ-ਰਹਿਤਲ ਨੂੰ ਕਦੇ ਨਹੀਂ ਤਿਆਗਦਾ। ਮਨੁੱਖ ਤਾਂ ਪ੍ਰਛਾਵਿਆਂ ਦੀ ਹੋਂਦ ਵਿਚ ਬਹੁਤ ਜਲਦੀ ਹੀ ਆਪਣੇ ਪੈਰ ਧਰਤੀ ਤੋਂ ਚੁੱਕ ਲੈਂਦਾ।
ਪ੍ਰਛਾਵੇਂ ਸਿਰਫ ਧਰਤੀ ‘ਤੇ ਵਿਚਰਦਿਆਂ ਹੀ ਬਣਦੇ। ਬਹੁਤੀ ਵਾਰ ਉਡਦੇ ਪੰਛੀ ਦਾ ਪ੍ਰਛਾਵਾਂ ਤਾਂ ਨਜ਼ਰ ਹੀ ਨਹੀਂ ਆਉਂਦਾ। ਇਹ ਖਲਾਅ ਵਿਚ ਹੀ ਕਿਧਰੇ ਗਵਾਚ ਜਾਂਦਾ।
ਪ੍ਰਛਾਵਿਆਂ ਕਰਕੇ ਹੀ ਗ੍ਰਹਿਣ ਲਗਦੇ। ਇਹ ਭਾਵੇਂ ਸੂਰਜ ਗ੍ਰਹਿਣ ਹੋਵੇ ਜਾਂ ਚੰਦ ਗ੍ਰਹਿਣ। ਅਜਿਹੇ ਮੌਕੇ ਚਲਾਕ ਲੋਕ, ਲੋਕਾਂ ਦੀ ਅਗਿਆਨਤਾ ਵਿਚੋਂ ਹੀ ਨਿਜੀ ਮੁਫਾਦ ਪੂਰਾ ਕਰਦੇ। ਖੁਦ ਅਜਿਹੇ ਗ੍ਰਹਿਣ ਤੋਂ ਬਚੇ ਰਹੋਗੇ ਤਾਂ ਚੰਗੇ ਰਹੋਗੇ।
ਖੁਦ ਦੇ ਚਾਨਣ ਵਿਚ ਸਿਰਜੇ ਹੋਏ ਪ੍ਰਛਾਵੇਂ ਹੀ ਸਦੀਵ ਰਹਿੰਦੇ। ਉਨ੍ਹਾਂ ਦੇ ਨਕਸ਼ ਸਮਾਂ ਵੀ ਨਹੀਂ ਮਿਟਾ ਸਕਦਾ।
ਪ੍ਰਛਾਵਾਂ ਹਮੇਸ਼ਾ ਚਾਨਣ ਦੇ ਸਾਥ ਵਿਚੋਂ ਹੀ ਉਪਜਦਾ, ਚਾਨਣ ਜਿੰਨੀ ਉਮਰ ਭੋਗਦਾ ਅਤੇ ਚਾਨਣ ਦੇ ਅਸਤ ਹੋਣ ਨਾਲ ਹੀ ਖਤਮ ਹੋ ਜਾਂਦਾ।
ਸਾਡਾ ਇਤਿਹਾਸ, ਮਿਥਿਹਾਸ, ਵਿਰਾਸਤ, ਧਰਮ, ਰਹਿਤ-ਮਰਿਆਦਾ, ਸਮਾਜਕ ਰਸਮਾਂ ਆਦਿ ਬੀਤੇ ਹੋਏ ਦੇ ਪ੍ਰਛਾਵੇਂ ਜੋ ਦਸਤਾਵੇਜ਼ੀ ਰੂਪ ਜਾਂ ਜੀਵਨ-ਜਾਚ ਵਿਚ ਹਰ ਪੀੜ੍ਹੀ ਨੇ ਆਉਣ ਵਾਲੀ ਪੀੜ੍ਹੀ ਲਈ ਸੰਭਾਲ ਕੇ ਰੱਖੇ ਹੋਏ ਨੇ ਤਾਂ ਕਿ ਇਨ੍ਹਾਂ ਪ੍ਰਛਾਵਿਆਂ ਦੀ ਅਕੱਥ ਕਹਾਣੀ ਵਿਚੋਂ ਜੀਵਨ ਦਾ ਤਰਕ ਸਮਝਿਆ ਅਤੇ ਮਾਣਿਆ ਜਾ ਸਕੇ।
ਆਪਣਾ ਮੁੱਖ ਹਮੇਸ਼ਾ ਚਾਨਣ ਵੱਲ ਰੱਖੋ ਤਾਂ ਤੁਹਾਨੂੰ ਪ੍ਰਛਾਵਾਂ ਨਜ਼ਰ ਨਹੀਂ ਆਵੇਗਾ ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਪ੍ਰਛਾਵਿਆਂ ਦਾ ਮੁਥਾਜ ਨਹੀਂ ਰਹਿਣ ਦੇਵੋਗੇ।
ਪ੍ਰਛਾਵਾਂ ਬਣਨਾ, ਆਉਂਦੇ ਚਾਨਣ ਦਾ ਸੰਕੇਤ, ਰੋਸ਼ਨ-ਸੰਦਰਭ। ਇਹ ਰੋਸ਼ਨੀ ਹੀ ਜ਼ਿੰਦਗੀ ਦੀ ਤਲੀ ‘ਤੇ ਚਾਨਣ ਦੀ ਮਹਿੰਦੀ ਲਾਉਂਦੀ। ਇਸ ਵਿਚੋਂ ਮਨੁੱਖੀ ਸੋਚਾਂ ਦੇ ਤਾਰੇ ਉਗਮਦੇ ਜੋ ਜੀਵਨ-ਅੰਬਰ ਨੂੰ ਨੂਰੋ-ਨੂਰ ਕਰਦੇ। ਅਜਿਹੇ ਚਾਨਣਾਂ ਨੂੰ ਖੁਸ਼-ਆਮਦੀਦ ਕਹਿਣ ਵਾਲੇ ਹੀ ਜਗਤ ਦੀ ਰੋਸ਼ਨ-ਆਭਾ ਹੁੰਦੇ। ਉਨ੍ਹਾਂ ਦੇ ਬੋਲਾਂ, ਕਰਮਾਂ ਅਤੇ ਹਰਫਾਂ ਵਿਚ ਸੁੱਚਮ, ਪਾਕੀਜ਼ਗੀ ਅਤੇ ਸ਼ਫਾਫਤ। ਅਜਿਹੀ ਕਰਮ-ਧਰਾਤਲ ਅਤੇ ਸੋਚ-ਆਗਮਨ ਨੂੰ ਜੀ-ਆਇਆਂ ਤਾਂ ਕਹਿਣਾ ਹੀ ਬਣਦਾ ਏ!