ਹੰਗਾਮਿਆਂ ਦੀ ਭੇਟ ਚੜ੍ਹ ਗਿਆ ਸੰਸਦ ਦਾ ਬਜਟ ਸੈਸ਼ਨ

ਨਵੀਂ ਦਿੱਲੀ: ਵਿਰੋਧ ਪ੍ਰਦਰਸ਼ਨਾਂ ਕਰ ਕੇ ਤਕਰੀਬਨ ਪੂਰਾ ਬਜਟ ਇਜਲਾਸ ਠੱਪ ਹੋ ਕੇ ਰਹਿ ਗਿਆ ਅਤੇ 250 ਕੰਮਕਾਜੀ ਘੰਟੇ ਬਰਬਾਦ ਹੋ ਗਏ। ਰਾਜ ਸਭਾ ਵਿਚ ਜਿਹੜੇ 19 ਸਵਾਲ ਪੜ੍ਹੇ ਜਾਂਦੇ ਹਨ ਅਤੇ ਉਨ੍ਹਾਂ ਉਤੇ ਪੂਰਕ ਸਵਾਲ ਪੁੱਛੇ ਜਾਂਦੇ ਹਨ, ਵਿਚੋਂ ਮਹਿਜ਼ ਪੰਜ ਦਾ ਹੀ ਮੰਤਰੀਆਂ ਵੱਲੋਂ ਜਬਾਨੀ ਜਵਾਬ ਦਿੱਤਾ ਗਿਆ ਜਦਕਿ 29 ਬੈਠਕਾਂ ਦੌਰਾਨ ਲੋਕ ਸਭਾ ‘ਚ ਅਜਿਹੇ 580 ਸਵਾਲਾਂ ਵਿਚੋਂ 17 ਦੇ ਹੀ ਜਵਾਬ ਦਿੱਤੇ ਜਾ ਸਕੇ।

ਇਹ ਹਰੇਕ ਦਿਨ ਔਸਤਨ 0æ58 ਸਵਾਲਾਂ ਦੇ ਜਵਾਬ ਬਣਦੇ ਹਨ। ਬਾਕੀ ਰਹਿੰਦੇ ਸਵਾਲਾਂ ਦੇ ਲਿਖਤੀ ਜਵਾਬ ਦਿੱਤੇ ਗਏ ਅਤੇ 6670 ਹੋਰ ਸਵਾਲ ਸਦਨ ਵਿਚ ਰੱਖੇ ਗਏ। ਰੌਲੇ ਰੱਪੇ ਕਾਰਨ ਸਰਕਾਰ ਖਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਵਿਸਾਹੀ ਦੇ ਮਤਿਆਂ ਬਾਰੇ ਨੋਟਿਸਾਂ ‘ਤੇ ਲੋਕ ਸਭਾ ਵਿਚ ਚਰਚਾ ਤੱਕ ਨਹੀਂ ਹੋ ਸਕੀ। ਇਜਲਾਸ ਦਾ ਦੂਜਾ ਪੜਾਅ, ਜੋ 5 ਮਾਰਚ ਤੋਂ ਸ਼ੁਰੂ ਹੋਇਆ ਸੀ, ਤਹਿਤ 22 ਬੈਠਕਾਂ ਹੋਈਆਂ ਜਿਨ੍ਹਾਂ ‘ਚੋਂ ਜ਼ਿਆਦਾ ਦੌਰਾਨ ਅੜਿੱਕਾ ਪਿਆ। ਆਪਣੀ ਸੰਖੇਪ ਰਿਪੋਰਟ ਵਿਚ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਲੋਕ ਸਭਾ ਦੀਆਂ 29 ਬੈਠਕਾਂ ਦੌਰਾਨ 34 ਘੰਟੇ ਅਤੇ 5 ਮਿੰਟ ਹੀ ਕੰਮ ਹੋ ਸਕਿਆ। ਕੁੱਲ 127 ਘੰਟੇ ਅਤੇ 45 ਮਿੰਟ ਅੜਿੱਕਿਆਂ ਅਤੇ ਕਾਰਵਾਈ ਮੁਲਤਵੀ ਹੋਣ ਕਾਰਨ ਪ੍ਰਭਾਵਤ ਹੋਏ। ਕਰੀਬ 9 ਘੰਟੇ 47 ਮਿੰਟਾਂ ਦੌਰਾਨ ਜ਼ਰੂਰੀ ਸਰਕਾਰੀ ਕੰਮਕਾਜ ਹੋਇਆ। ਲੋਕ ਸਭਾ ‘ਚ ਅਹਿਮ ਵਿੱਤ ਬਿੱਲ 2018 ਸਮੇਤ ਪੰਜ ਬਿੱਲ ਪਾਸ ਹੋ ਸਕੇ ਅਤੇ ਪੰਜ ਹੋਰਾਂ ਨੂੰ ਪੇਸ਼ ਕੀਤਾ ਗਿਆ ਸੀ। ਸਦਨ ਜਨ ਹਿੱਤ ਅਤੇ ਲੋਕਾਂ ਦੀ ਭਲਾਈ ਨਾਲ ਸਬੰਧਤ ਮੁੱਦੇ ਉਠਾਉਣ ਦਾ ਪਵਿੱਤਰ ਮੰਚ ਹੈ। ਉਧਰ ਰਾਜ ਸਭਾ ‘ਚ ਵੀ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਜਿਸ ‘ਤੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਅਫਸੋਸ ਜਤਾਇਆ। ਇਜਲਾਸ ਦੇ ਦੂਜੇ ਪੜਾਅ ਦੌਰਾਨ ਰਾਜ ਸਭਾ ਦੀਆਂ ਕੁੱਲ 30 ਬੈਠਕਾਂ ਹੋਈਆਂ ਜਿਸ ਵਿਚੋਂ 44 ਘੰਟੇ ਹੀ ਸਦਨ ਜੁੜਿਆ ਅਤੇ ਉਪਰਲੇ ਸਦਨ ਦੇ 121 ਤੋਂ ਵੱਧ ਘੰਟੇ ਅਜਾਈਂ ਗਏ। 27 ਦਿਨ ਪ੍ਰਸ਼ਨਕਾਲ ਨਹੀਂ ਹੋ ਸਕਿਆ।
___________________________
ਰਾਜ ਸਭਾ ‘ਚ ਕਰਵਾਈ ਰੋਕਣ ਦਾ ਬਣਿਆ ਨਵਾਂ ਰਿਕਾਰਡ
ਨਵੀਂ ਦਿੱਲੀ: ਭਾਰਤ ਦੀ ਸਿਆਸਤ ਵਿਚ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਤਾਜਾ ਰਿਕਾਰਡ ਰਾਜ ਸਭਾ ਵਿਚ ਬਣਿਆ ਹੈ। ਰਾਜ ਸਭਾ ਵਿਚ ਸ਼ੋਰ-ਸ਼ਰਾਬੇ ਕਰ ਕੇ ਸਦਨ ਨੂੰ ਰਿਕਾਰਡ ਗਿਆਰਾਂ ਵਾਰ ਉਠਾਉਣਾ ਪਿਆ। ਇਹ ਪਾਰਲੀਮੈਂਟ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਰਾਜ ਸਭਾ ਵਿਚ ਰਿਸ਼ਵਤ ਵਿਰੋਧੀ (ਸੋਧ) ਬਿੱਲ 2013 ਨੂੰ ਪਾਸ ਕਰਨ ਲਈ ਸੱਤਾਧਾਰੀ ਤੇ ਵਿਰੋਧੀ ਧਿਰ ਵਿਚ ਤਕਨੀਕੀ ਨੁਕਤਿਆਂ ਨੂੰ ਲੈ ਕੇ ਬਿਖੇੜਾ ਪਿਆ ਰਿਹਾ। ਬਾਅਦ ਵਿਚ ਸੱਤਾਧਾਰੀ ਧਿਰ ਨੇ ਬਿੱਲ ਨੂੰ ਜਬਾਨੀ ਵੋਟਾਂ ਨਾਲ ਪਾਸ ਕਰਨ ਲਈ ਵੀ ਜ਼ੋਰ ਦਿੱਤਾ ਜਦੋਂਕਿ ਵਿਰੋਧੀ ਧਿਰ ਵੋਟਾਂ ਪਵਾਉਣ ਉਤੇ ਅੜੀ ਰਹੀ ਪਰ ਵੋਟਾਂ ਨਾ ਪੈ ਸਕੀਆਂ।