ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੀ ਚੋਣ ਵਿਚ ਬੇਨੇਮੀਆਂ ਦੇ ਮਾਮਲੇ ਵਿਚ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਾਂਚ ਸਬੰਧੀ ਜਾਰੀ ਆਦੇਸ਼ਾਂ ਤੋਂ ਬਾਅਦ ਦੀਵਾਨ ਵਿਚ ਮੁੜ ਧੜੇਬੰਦੀ ਉਭਰਨ ਦੇ ਆਸਾਰ ਹਨ, ਕਿਉਂਕਿ ਇਕ ਧੜਾ ਇਨ੍ਹਾਂ ਆਦੇਸ਼ਾਂ ਨਾਲ ਸਹਿਮਤ ਹੈ, ਜਦੋਂਕਿ ਦੂਜਾ ਧੜਾ ਇਨ੍ਹਾਂ ਆਦੇਸ਼ਾਂ ਨੂੰ ਦੀਵਾਨ ਦੇ ਕੰਮਕਾਜ ਵਿਚ ਬੇਲੋੜੀ ਦਖਲਅੰਦਾਜ਼ੀ ਵਜੋਂ ਦੇਖ ਰਿਹਾ ਹੈ। ਰਾਜ ਮਹਿੰਦਰ ਸਿੰਘ ਮਜੀਠਾ ਸਮੇਤ ਉਸ ਦੇ ਸਾਥੀਆਂ ਵੱਲੋਂ ਬੀਤੇ ਦਿਨੀਂ ਅਕਾਲ ਤਖਤ ਵਿਖੇ ਪੱਤਰ ਸੌਂਪ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਉਪ ਚੋਣਾਂ ਦੌਰਾਨ ਅਜਿਹੇ ਮੈਂਬਰਾਂ ਦੀਆਂ ਵੋਟਾਂ ਪਵਾਈਆਂ ਗਈਆਂ ਹਨ, ਜਿਨ੍ਹਾਂ ਨੇ ਦੀਵਾਨ ਦੀਆਂ ਲਗਾਤਾਰ 12 ਮੀਟਿੰਗਾਂ ਵਿਚ ਹਾਜ਼ਰੀ ਨਹੀਂ ਭਰੀ ਅਤੇ ਲੋੜੀਂਦੇ ਫੰਡ ਵੀ ਜਮ੍ਹਾਂ ਨਹੀਂ ਕਰਾਏ।
ਸੰਵਿਧਾਨ ਮੁਤਾਬਕ ਅਜਿਹੇ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਤਿਤ ਮੈਂਬਰਾਂ ਦੀਆਂ ਵੋਟਾਂ ਪਵਾਏ ਜਾਣ ਦੇ ਵੀ ਦੋਸ਼ ਸਨ। ਅਕਾਲ ਤਖਤ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿਚ ਦੀਵਾਨ ਦੇ ਦੋਵਾਂ ਆਨਰੇਰੀ ਸਕੱਤਰਾਂ ਨਰਿੰਦਰ ਸਿੰਘ ਖੁਰਾਣਾ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਮਾਮਲੇ ਦੀ ਜਾਂਚ ਕਰ ਕੇ 7 ਦਿਨਾਂ ਵਿਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਰਿਕਾਰਡ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਦੇ ਆਦੇਸ਼ਾਂ ਮੁਤਾਬਕ ਉਹ ਆਪਣੀ ਰਿਪੋਰਟ ਸੌਂਪ ਦੇਣਗੇ। ਉਨ੍ਹਾਂ ਆਖਿਆ ਕਿ ਦਸਤਾਵੇਜ਼ਾਂ ਵਿਚਲਾ ਸੱਚ ਛੁਪਾਇਆ ਨਹੀਂ ਜਾ ਸਕਦਾ। ਸ਼ਿਕਾਇਤਕਰਤਾ ਤੇ ਜਾਂਚਕਰਤਾ ਹੋਣ ਦੇ ਲੱਗ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਜੇਕਰ ਚੋਣ ਰੱਦ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਨੁਕਸਾਨ ਹੋਵੇਗਾ। ਦੀਵਾਨ ਦਾ ਵਧੇਰੇ ਕੰਮ ਸਕੱਤਰ ਰਾਹੀਂ ਹੁੰਦਾ ਹੈ, ਇਸੇ ਕਰ ਕੇ ਜਾਂਚ ਵੀ ਸਕੱਤਰਾਂ ਨੂੰ ਹੀ ਸੌਂਪੀ ਗਈ ਹੈ। ਇਸ ਲਈ ਇਹ ਦੋਸ਼ ਜਾਇਜ਼ ਨਹੀਂ ਹਨ।
ਦੂਜੇ ਪਾਸੇ, ਦੀਵਾਨ ਦੇ ਪ੍ਰਧਾਨ ਡਾæ ਸੰਤੋਖ ਸਿੰਘ ਨੇ ਆਖਿਆ ਕਿ ਇਸ ਮਾਮਲੇ ਬਾਰੇ ਛੇਤੀ ਹੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿਚ ਮਾਮਲਾ ਵਿਚਾਰਨ ਮਗਰੋਂ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਆਖਿਆ ਕਿ ਕੁਝ ਮੈਂਬਰਾਂ ਵੱਲੋਂ ਇਸ ਮੁੱਦੇ ਉਤੇ ਪਹਿਲਾਂ ਹੀ ਮੀਟਿੰਗ ਸੱਦਣ ਲਈ ਪੱਤਰ ਦਿੱਤਾ ਹੋਇਆ ਹੈ, ਜਿਸ ਦੇ ਆਧਾਰ ਉਤੇ ਮੈਂਬਰਾਂ ਦੀ ਮੀਟਿੰਗ ਵੀ ਸੱਦੀ ਜਾਵੇਗੀ। ਦੀਵਾਨ ਵਿਚਲੇ ਇਕ ਧੜੇ ਦਾ ਕਹਿਣਾ ਹੈ ਕਿ ਦੀਵਾਨ ਦੀ ਉਪ ਚੋਣ ਵਾਸਤੇ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਚੋਣ ਹੋਈ ਹੈ ਅਤੇ ਉਨ੍ਹਾਂ ਵੱਲੋਂ ਇਹ ਚੋਣ ਕਾਰਜਸਾਧਕ ਕਮੇਟੀ ਵੱਲੋਂ ਪ੍ਰਵਾਨ ਕੀਤੀ ਵੋਟਰ ਸੂਚੀ ਮੁਤਾਬਕ ਹੀ ਕਰਾਈ ਗਈ ਹੈ।
____________________
ਜਥੇਦਾਰ ਨੇ ਬੇਲੋੜੀ ਦਖਲਅੰਦਾਜ਼ੀ ਕੀਤੀ: ਸਰਨਾ
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅਕਾਲ ਤਖਤ ਵੱਲੋਂ ਉਪ ਚੋਣ ਦੀ ਜਾਂਚ ਸਬੰਧੀ ਦਿੱਤੇ ਆਦੇਸ਼ਾਂ ਉਤੇ ਸਖਤ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕਿ ਦੀਵਾਨ ਦੀ ਚੋਣ ਵਿਚ ਦਖਲਅੰਦਾਜ਼ੀ ਬੇਲੋੜੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਨੂੰ ਸਿਰਫ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਦਾ ਹੱਕ ਹੈ ਤੇ ਦੀਵਾਨ ਦੀ ਚੋਣ ਵਿਚ ਧਾਰਮਿਕ ਅਵੱਗਿਆ ਨਹੀਂ ਹੋਈ ਹੈ। ਉਨ੍ਹਾਂ ਨੇ ਦੀਵਾਨ ਦੇ ਮੈਂਬਰਾਂ ਨੂੰ ਵੀ ਆਖਿਆ ਕਿ ਬੇਲੋੜੀ ਦਖਲਅੰਦਾਜ਼ੀ ਦਾ ਨੋਟਿਸ ਲੈਣ।