ਕਾਨੂੰਨੀ ਚੋਰ ਮੋਰੀਆਂ ਵਿਚ ਉਲਝੇ ਜਬਰ ਜਨਾਹ ਦੇ ਮੁਕੱਦਮੇ

ਚੰਡੀਗੜ੍ਹ: ਦੇਸ਼ ਵਿਚ ਦਿਨ-ਬ-ਦਿਨ ਵਧ ਰਹੀਆਂ ਬਲਾਤਕਾਰ ਦੀਆਂ ਸ਼ਰਮਨਾਕ ਘਟਨਾਵਾਂ ਦੇ ਮੱਦੇਨਜ਼ਰ ਭਾਵੇਂ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜਿਹੇ ਮਾਮਲਿਆਂ ਵਿਚ ਕਾਨੂੰਨੀ ਚੋਰ-ਮੋਰੀਆਂ ਦਾ ਵੀ ਰੱਜ ਕੇ ਫਾਇਦਾ ਉਠਾਇਆ ਜਾ ਰਿਹਾ ਹੈ। ਅਜਿਹੇ ਮਾਮਲਿਆਂ ਨੂੰ ਆਪਣੇ ਰਸੂਖ ਤੇ ਕਾਨੂੰਨ ਦੀ ਬੇਵੱਸੀ ਕਰਕੇ ਲੰਮਾ ਖਿੱਚਿਆ ਜਾ ਰਿਹਾ ਹੈ।
ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਅਜਿਹੇ ਕੰਮ ਵਿਚ ਸਭ ਤੋਂ ਮੋਹਰੀ ਹੈ ਜਿਥੋਂ ਦੀਆਂ ਅਦਾਲਤਾਂ ਵਿਚ ਬਲਾਤਕਾਰ ਦੇ 103 ਮਾਮਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੇ ਹਨ। ਕੁੱਲ ਮਿਲਾ ਕੇ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ 393 ਮਾਮਲੇ ਫ਼ੈਸਲਿਆਂ ਦੀ ਉਡੀਕ ਵਿਚ ਹਨ। ਹਰਿਆਣਾ ਵਿਚ ਇਸ ਪੱਖੋਂ ਰੋਹਤਕ ਜ਼ਿਲ੍ਹਾ ਮੋਹਰੀ ਰਿਹਾ ਹੈ, ਜਿਥੇ ਬਲਾਤਕਾਰ ਦੇ 45 ਕੇਸ ਲਟਕ ਰਹੇ ਹਨ। ਕੁੱਲ ਮਿਲਾ ਕੇ 324 ਕੇਸ ਬੀਤੇ ਇਕ ਸਾਲ ਤੋਂ ਹਰਿਆਣਾ ਦੀਆਂ ਅਦਾਲਤਾਂ ਵਿਚ ਵਿਚਾਰ-ਅਧੀਨ ਹਨ।
ਜ਼ਿਕਰਯੋਗ ਹੈ ਕਿ ਸੰਸਾਰ ਬੈਂਕ ਨੇ 2009 ਵਿਚ ਲੁਧਿਆਣਾ ਨੂੰ ਕਾਰੋਬਾਰੀ ਮਾਹੌਲ ਪੱਖੋਂ ਸਭ ਤੋਂ ਵਧੀਆ ਸ਼ਹਿਰ ਐਲਾਨਿਆ ਸੀ ਪਰ ਬਲਾਤਕਾਰ ਬਾਰੇ ਮਾਮਲਿਆਂ ਵਿਚ ਜ਼ਿਲ੍ਹੇ ਦੀ ਤਸਵੀਰ ਨਿਰਾਸ਼ਾਜਨਕ ਹੈ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਣਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਵੇਰਵਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ ਵਿਚ ਬਲਾਤਕਾਰ ਦੇ 99 ਕੇਸ ਵੱਖ-ਵੱਖ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀਆਂ ਅਦਾਲਤਾਂ ਵਿਚ ਇਕ ਸਾਲ ਤੋਂ ਵੱਧ ਸਮੇਂ ਤੋਂ ਜ਼ੇਰੇ-ਗ਼ੌਰ ਹਨ। ਅਜਿਹੇ ਚਾਰ ਮਾਮਲੇ ਬਾਲ ਨਿਆਂ ਬੋਰਡ ਸੁਣ ਰਿਹਾ ਹੈ।
ਇਹ ਸੂਚੀ ਗੁਰਦਾਸਪੁਰ ਦੇ ਇਕ ਵਸਨੀਕ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿਚ ਪੇਸ਼ ਕੀਤੀ ਗਈ ਹੈ। ਪਟੀਸ਼ਨਰ ਦਾ ਦੋਸ਼ ਹੈ ਕਿ ਅਦਾਲਤਾਂ ਵਿਚ ਬੇਲੋੜੇ ਢੰਗ ਨਾਲ ਇਕ ਤੋਂ ਬਾਅਦ ਦੂਜਾ ਬਹਾਨਾ ਲਾ ਕੇ ਬਲਾਤਕਾਰ ਦੇ ਕੇਸ ਲਮਕਾਏ ਜਾਂਦੇ ਹਨ। ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਈ 2006 ਵਿਚ ਦਰਜ ਬਲਾਤਕਾਰ ਦਾ ਇਕ ਕੇਸ ਹਾਲੇ ਵੀ ਸੁਣਵਾਈ ਅਧੀਨ ਹੈ ਤਾਂ ਜਸਟਿਸ ਰਣਜੀਤ ਸਿੰਘ ਨੇ ਅਜਿਹੇ ਕੇਸਾਂ ਦੇ ਵੇਰਵੇ ਤਲਬ ਕੀਤੇ ਸਨ।
ਪੰਜਾਬ ਵਿਚ ਅਜਿਹੇ ਕੇਸਾਂ ਪੱਖੋਂ ਲੁਧਿਆਣਾ ਤੋਂ ਬਾਅਦ 26 ਕੇਸਾਂ ਨਾਲ ਅੰਮ੍ਰਿਤਸਰ ਦਾ ਨੰਬਰ ਹੈ। ਇਸ ਪਿੱਛੋਂ ਫਾਜ਼ਿਲਕਾ ਵਿਚ 20, ਖੰਨਾ ਵਿਚ 18, ਅੰਮ੍ਰਿਤਸਰ ਪੇਂਡੂ ਤੇ ਕਪੂਰਥਲਾ ਵਿਚ 17-17, ਗੁਰਦਾਸਪੁਰ ਵਿਚ 16, ਤਰਨ ਤਾਰਨ ਵਿਚ 15, ਬਟਾਲਾ ਤੇ ਸੰਗਰੂਰ ਵਿਚ 14-14, ਲੁਧਿਆਣਾ ਪੇਂਡੂ ਤੇ ਸ੍ਰੀ ਮੁਕਤਸਰ ਵਿਚ 13-13, ਮਾਨਸਾ ਵਿਚ 12 ਤੇ ਮੋਗਾ ਤੇ ਰੋਪੜ ਵਿਚ 10-10 ਕੇਸ ਲਟਕ ਰਹੇ ਹਨ। ਪਟਿਆਲਾ ਤੇ ਬਠਿੰਡਾ ਵਿਚ ਅਜਿਹੇ 9-9 ਕੇਸ ਹਨ। ਫਰੀਦਕੋਟ, ਫਿਰੋਜ਼ਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ ਰੂਰਲ, ਪਠਾਨਕੋਟ ਤੇ ਜਲੰਧਰ ਵਿਚ ਅਜਿਹੇ ਕੇਸਾਂ ਦੀ ਗਿਣਤੀ 9 ਤੋਂ ਘੱਟ ਹੈ ਤੇ ਬਰਨਾਲਾ ਵਿਚ ਇਕ ਕੇਸ ਲਟਕ ਰਿਹਾ ਹੈ।
ਹਰਿਆਣਾ ਵਿਚ ਰੋਹਤਕ ਤੋਂ ਬਾਅਦ 35 ਕੇਸਾਂ ਨਾਲ ਪਾਣੀਪਤ ਜ਼ਿਲ੍ਹਾ ਆਉਂਦਾ ਹੈ। ਇਸੇ ਤਰ੍ਹਾਂ ਸੋਨੀਪਤ ਵਿਚ 34, ਹਿਸਾਰ ਵਿਚ 29, ਫਰੀਦਾਬਾਦ ਤੇ ਕਰਨਾਲ ਵਿਚ 21-21, ਝੱਜਰ ਵਿਚ 17, ਗੁੜਗਾਉਂ ਵਿਚ 16, ਮੇਵਾਤ ਵਿਚ 15, ਪਲਵਲ ਵਿਚ 14, ਯਮੁਨਾਨਗਰ ਵਿਚ 11 ਤੇ ਭਿਵਾਨੀ ਵਿਚ 10 ਕੇਸ ਬਲਾਤਕਾਰ ਦੇ ਵਿਚਾਰ-ਅਧੀਨ ਹਨ। ਅੰਬਾਲਾ, ਅੰਬਾਲਾ ਪੇਂਡੂ, ਕੁਰੂਕਸ਼ੇਤਰ, ਕੈਥਲ, ਸਿਰਸਾ, ਜੀਂਦ, ਫਤਿਆਬਾਦ, ਰਿਵਾੜੀ, ਨਾਰਨੌਲ ਵਿਚ 10 ਤੋਂ ਘੱਟ ਤੇ ਪੰਚਕੂਲਾ ਵਿਚ ਸਿਰਫ਼ ਇਕ ਕੇਸ ਲਟਕ ਰਿਹਾ ਹੈ।
____________________________________
ਜਬਰ ਜਨਾਹ ਦੇ ਕੇਸ ਵਿਚ ਦੋ ਨੂੰ ਉਮਰ ਕੈਦ
ਸੰਗਰੂਰ: ਇਥੋਂ ਦੀ ਫਾਸਟ ਟਰੈਕ ਅਦਾਲਤ ਵੱਲੋਂ ਸਮੂਹਿਕ ਬਲਾਤਕਾਰ ਦੇ ਪੰਜ ਮਹੀਨੇ ਪੁਰਾਣੇ ਅਹਿਮ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਦੋ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੋਵੇਂ ਨੌਜਵਾਨਾਂ ਦੀ ਉਮਰ 19 ਤੇ 20 ਸਾਲ ਹੈ। ਇਸ ਕੇਸ ਵਿਚ ਸ਼ਾਮਲ ਤੀਜਾ ਲੜਕਾ ਨਾਬਾਲਗ ਹੋਣ ਕਾਰਨ ਉਸ ਖ਼ਿਲਾਫ਼ ਕੇਸ ਦੀ ਸੁਣਵਾਈ ਵੱਖਰੇ ਤੌਰ ‘ਤੇ ਬਾਲ ਅਪਰਾਧਾਂ ਬਾਰੇ ਅਦਾਲਤ ਵਿਚ ਚੱਲ ਰਹੀ ਹੈ। ਮਾਮਲੇ ਮੁਤਾਬਕ 19 ਸਾਲਾ ਲੜਕੀ ਨੇ 17 ਸਤੰਬਰ, 2012 ਨੂੰ ਸਿਟੀ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਸੀ ਕਿ ਉਹ ਕਾਲਜ ਵਿਚ ਬੀæਏæ ਭਾਗ-ਪਹਿਲਾ ਦੀ ਵਿਦਿਆਰਥਣ ਹੈ। ਉਸ ਦੇ ਨਾਲ ਇਕ ਲੜਕਾ ਅੰਮ੍ਰਿਤਪਾਲ ਸਿੰਘ ਸੇਖੋਂ ਵਾਸੀ ਆਫ਼ੀਸਰ ਕਲੋਨੀ ਸੰਗਰੂਰ ਪੜ੍ਹਦਾ ਹੈ। 14 ਸਤੰਬਰ, 2012 ਨੂੰ ਕਾਲਜ ਵਿਚ ਉਸ ਕੋਲ ਅੰਮ੍ਰਿਤਪਾਲ ਸਿੰਘ ਨੇ ਆ ਕੇ ਕਿਹਾ ਕਿ ਉਸ ਨੂੰ ਉਸ ਦੀ ਮਾਂ ਨੇ ਘਰ ਬੁਲਾਇਆ ਹੈ। ਉਹ ਉਸ ਨੂੰ ਘਰ ਲਿਜਾਣ ਦੀ ਬਜਾਏ ਜਬਰਦਸਤੀ ਸ਼ਿਵਮ ਕਲੋਨੀ ਸੰਗਰੂਰ ਵਿਖੇ ਆਪਣੇ ਦੋਸਤ ਮਨਦੀਪ ਸਿੰਘ ਉਰਫ ਮੋਨੂੰ ਦੇ ਘਰ ਲੈ ਗਿਆ। ਅੰਮ੍ਰਿਤਪਾਲ ਦੇ ਦੋਸਤ ਅਰਜਨ ਸਿੰਘ ਨੇ ਕਮਰੇ ਵਿਚ ਵੜਦਿਆਂ ਹੀ ਅੰਦਰੋਂ ਕੁੰਡੀ ਲਾ ਦਿੱਤੀ ਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ।
ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਸਿਟੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਸੇਖੋਂ ਵਾਸੀ ਆਫ਼ੀਸਰ ਕਲੋਨੀ ਸੰਗਰੂਰ, ਅਰਜਨ ਸਿੰਘ ਵਾਸੀ ਪਿੰਡ ਮੰਗਵਾਲ ਤੇ ਮਨਦੀਪ ਸਿੰਘ ਵਾਸੀ ਸ਼ਿਵਮ ਕਲੋਨੀ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਕੇਸ ਦੀ ਸੁਣਵਾਈ ਮੁਕੰਮਲ ਹੋਣ ‘ਤੇ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਸੇਖੋਂ (20) ਤੇ ਅਰਜਨ ਸਿੰਘ (19) ਨੂੰ ਉਮਰ ਕੈਦ ਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਕੇਸ ਚ ਸ਼ਾਮਲ ਨਾਬਾਲਗ ਮਨਦੀਪ ਸਿੰਘ ਉਰਫ ਮੋਨੂੰ ਖ਼ਿਲਾਫ਼ ਮਾਮਲੇ ਦੀ ਸੁਣਵਾਈ ਵੱਖਰੇ ਤੌਰ ‘ਤੇ ਬਾਲ ਅਦਾਲਤ ਵਿਚ ਚੱਲ ਰਹੀ ਹੈ।
___________________________________
ਸਕੂਲੀ ਬੱਚੀ ਨਾਲ ਸਮੂਹਿਕ ਬਲਾਤਕਾਰ
ਬਠਿੰਡਾ: ਸਕੂਲੀ ਬੱਚੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਕਾਰ ਸਵਾਰ ਵਿਅਕਤੀ ਉਸ ਨੂੰ ਬੱਸ ਸਟੈਂਡ ਵਿਚ ਛੱਡ ਗਏ। ਲੜਕੀ ਦਸਵੀਂ ਕਲਾਸ ਦੀ ਵਿਦਿਆਰਥਣ ਹੈ ਜੋ ਕਿ ਲਾਪਤਾ ਸੀ।
ਸਥਾਨਕ ਐਮਈਐਸ ਕਲੋਨੀ ਦੀ ਵਸਨੀਕ ਇਹ ਨਾਬਾਲਗ ਲੜਕੀ ਘਰ ਤੋਂ ਬਾਜ਼ਾਰ ਦਵਾਈ ਲੈਣ ਲਈ ਗਈ ਸੀ। ਉਸ ਨੇ ਇਕ ਕਾਰ ਵਾਲੇ ਵਿਅਕਤੀ ਤੋਂ ਲਿਫਟ ਲਈ ਜਿਸ ਨੇ ਉਸ ਨੂੰ ਸਾਫਟ ਡਰਿੰਕ ਪਿਲਾ ਦਿੱਤਾ ਤੇ ਲੜਕੀ ਬੇਹੋਸ਼ ਹੋ ਗਈ। ਇਹ ਵਿਅਕਤੀ ਲੜਕੀ ਨੂੰ ਸ਼ਹਿਰ ਦੇ ਲਾਗਲੇ ਬੀੜ ਤਲਾਬ ਦੇ ਖੇਤਾਂ ਵਿਚ ਬਣੇ ਇਕ ਕਮਰੇ ਵਿਚ ਲੈ ਗਿਆ ਜਿਥੇ ਉਸ ਨੇ ਆਪਣੇ ਦੋ ਹੋਰ ਦੋਸਤਾਂ ਨੂੰ ਬੁਲਾ ਲਿਆ ਤੇ ਪੂਰੀ ਰਾਤ ਲੜਕੀ ਨਾਲ ਬਲਾਤਕਾਰ ਕੀਤਾ। ਇਸ ਲੜਕੀ ਨੂੰ ਉਸ ਦੇ ਮਾਪਿਆਂ ਦੇ ਜਾਣਨ ਵਾਲਿਆਂ ਨੇ ਸੜਕ ‘ਤੇ ਵੇਖ ਲਿਆ ਤੇ ਉਸ ਨੇ ਮਾਪਿਆਂ ਨੂੰ ਫੌਰੀ ਸੂਚਿਤ ਕਰ ਦਿੱਤਾ। ਮਾਪਿਆਂ ਨੇ ਫੌਰੀ ਲੜਕੀ ਨੂੰ ਹਸਪਤਾਲ ਪਹੁੰਚਾ ਦਿੱਤਾ।

Be the first to comment

Leave a Reply

Your email address will not be published.