ਪ੍ਰਿੰ. ਸਰਵਣ ਸਿੰਘ
ਆਤਮਾ ਸਿੰਘ ਗਰੇਵਾਲ ਕਿਸੇ ਸਮੇਂ ਕਿਲਾ ਰਾਇਪੁਰ ਦੀਆਂ ਖੇਡਾਂ ਦਾ ਥੰਮ੍ਹ ਸੀ। ਉਹ ਖੁਦ ਹਾਕੀ ਦਾ ਤਕੜਾ ਖਿਡਾਰੀ ਸੀ ਜੋ ਕਿਲਾ ਰਾਇਪੁਰ ਦੀਆਂ ਖੇਡਾਂ ਨੂੰ ਵਧ-ਚੜ੍ਹ ਕੇ ਸਹਿਯੋਗ ਦਿੰਦਾ ਸੀ। 28 ਫਰਵਰੀ 2018 ਨੂੰ ਉਹ 92 ਸਾਲ ਦੀ ਉਮਰੇ ਲਾਸ ਏਂਜਲਸ ਵਿਖੇ ਅਕਾਲ ਚਲਾਣਾ ਕਰ ਗਿਆ।
ਆਤਮਾ ਸਿੰਘ ਦਾ ਜਨਮ 9 ਜਨਵਰੀ 1926 ਨੂੰ ਗਰੇਵਾਲਾਂ ਦੇ ਪ੍ਰਸਿੱਧ ਪਿੰਡ ਕਿਲਾ ਰਾਇਪੁਰ ਵਿਚ ਸ਼ ਜੀਵਨ ਸਿੰਘ ਦੇ ਘਰ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਕਰਨ ਪਿੱਛੋਂ ਦਸਵੀਂ ਖਾਲਸਾ ਹਾਈ ਸਕੂਲ ਕਿਲਾ ਰਾਇਪੁਰ ਤੋਂ ਕੀਤੀ। ਉਥੇ ਹੀ ਉਹ ਹਾਕੀ ਖੇਡਣ ਲੱਗਾ ਅਤੇ ਬਾਅਦ ਵਿਚ ਹਾਕੀ ਦਾ ਨਾਮਵਰ ਖਿਡਾਰੀ ਬਣਿਆ। 1942 ਵਿਚ ਉਹ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਚ ਦਾਖਲ ਹੋਇਆ ਜਿਥੇ ਉਹਦੀ ਖੇਡ ਵਿਚ ਹੋਰ ਨਿਖਾਰ ਆਇਆ। ਇਹ ਉਹ ਦਿਨ ਸਨ ਜਦੋਂ ਬਲਬੀਰ ਸਿੰਘ ਸੀਨੀਅਰ ਵੀ ਉਸੇ ਕਾਲਜ ਵਿਚ ਹਾਕੀ ਖੇਡਦਾ ਸੀ। ਬਾਅਦ ਵਿਚ ਬਲਬੀਰ ਸਿੰਘ ਖਾਲਸਾ ਕਾਲਜ, ਅੰਮ੍ਰਿਤਸਰ ਦੀ ਟੀਮ ਵਿਚ ਚਲਾ ਗਿਆ।
ਕਾਲਜ ਦੀ ਪੜ੍ਹਾਈ ਪੂਰੀ ਕਰ ਕੇ 1946 ਵਿਚ ਆਤਮਾ ਸਿੰਘ ਕਲਕੱਤੇ ਜਾਂਦਾ ਰਿਹਾ ਜਿਥੇ ਉਸ ਦੇ ਪਿਤਾ ਦਾ ਟਰਾਂਸਪੋਰਟ ਦਾ ਕਾਰੋਬਾਰ ਸੀ। ਉਥੇ ਉਸ ਨੇ ‘ਪੰਜਾਬ ਸਪੋਰਟਸ ਕਲੱਬ’ ਦੀ ਸਥਾਪਨਾ ਕੀਤੀ ਜਿਸ ਦੀ ਪ੍ਰਮੁੱਖ ਖੇਡ ਹਾਕੀ ਸੀ। ਉਹ ਪੰਜਾਬ ਤੋਂ ਖਿਡਾਰੀ ਲਿਜਾ ਕੇ ਉਸ ਕਲੱਬ ਵਿਚ ਖਿਡਾਉਂਦਾ ਰਿਹਾ ਤੇ ਕਲਕੱਤੇ ਦੇ ਕੱਪ ਜਿੱਤਦਾ ਰਿਹਾ। ਉਸ ਨੇ ਕਿਲਾ ਰਾਇਪੁਰ ਦੇ ਹਾਈ ਸਕੂਲ, ਲਾਹੌਰ ਦੇ ਸਿੱਖ ਨੈਸ਼ਨਲ ਕਾਲਜ ਤੇ ਕਲਕੱਤੇ ਦੇ ਪੰਜਾਬ ਸਪੋਰਟਸ ਕਲੱਬ ਦੀਆਂ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਖੇਡਾਂ ਦੇ ਨਾਲ ਉਸ ਨੂੰ ਸਪੋਰਟਸ ਕਾਰਾਂ, ਦੇਸੀ ਵਿਦੇਸ਼ੀ ਗੰਨਾਂ, ਸ਼ਿਕਾਰ ਖੇਡਣ ਤੇ ਮੋਟਰ ਸਾਈਕਲ ਰੱਖਣ ਦਾ ਵੀ ਸ਼ੌਕ ਸੀ। ਉਸ ਨੇ ਸੁਤੰਤਰਤਾ ਸੰਗਰਾਮ ਵਿਚ ਵੀ ਬਣਦਾ ਯੋਗਦਾਨ ਪਾਇਆ ਤੇ ਪੂਰਬੀ ਬੰਗਾਲ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਸੰਭਾਲਿਆ।
ਆਤਮਾ ਸਿੰਘ ਦਾ ਵਿਆਹ 1952 ਵਿਚ ਬੀਬੀ ਜਸਪਾਲ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ ਇਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। ਕਲਕੱਤੇ ਵਿਚ ਕਰੀਬ ਅੱਧੀ ਸਦੀ ਟਰਾਂਸਪੋਰਟ ਦਾ ਕਾਰੋਬਾਰ ਕਰਨ ਪਿਛੋਂ ਉਨ੍ਹਾਂ ਦਾ ਪਰਿਵਾਰ 1992 ਵਿਚ ਅਮਰੀਕਾ ਚਲਾ ਗਿਆ। ਉਹ ਅਖੀਰ ਤਕ ਚੜ੍ਹਦੀ ਕਲਾ ਵਿਚ ਰਿਹਾ।
ਆਤਮਾ ਸਿੰਘ ਜਿੰਨੀ ਦੇਰ ਪਿੰਡ ਜਾਂ ਕਲਕੱਤੇ ਰਿਹਾ ਹਰ ਸਾਲ ਕਿਲਾ ਰਾਇਪੁਰ ਦੇ ਖੇਡ ਮੇਲੇ ਦੀ ਤਨ, ਮਨ ਤੇ ਧਨ ਨਾਲ ਮਦਦ ਕਰਦਾ ਰਿਹਾ। ਇਹ ਅਰਸਾ ਅੱਧੀ ਸਦੀ ਦੇ ਕਰੀਬ ਬਣਦੈ। ਉਹ ਕਲਕੱਤੇ ਦੇ ਕਾਰੋਬਾਰ ਤੋਂ ਛੁੱਟੀਆਂ ਕਰ ਲੈਂਦਾ ਤੇ ਮਹੀਨਾ ਡੇਢ ਮਹੀਨਾ ਪਿੰਡ ਰਹਿ ਕੇ ਖੇਡ ਮੈਦਾਨ ਤਿਆਰ ਕਰਵਾਉਂਦਾ, ਟੀਮਾਂ ਮੰਗਵਾਉਂਦਾ, ਲੰਗਰ ਤੇ ਖੇਡ ਮੇਲੇ ਦੇ ਅਨੇਕਾਂ ਕਾਰਜਾਂ ਦਾ ਪ੍ਰਬੰਧ ਕਰਦਾ। ਉਹ ਖੇਡ ਮੇਲੇ ਦੀ ਪ੍ਰਬੰਧਕ ਕਮੇਟੀ ਦਾ ਸਕੱਤਰ ਵੀ ਰਿਹਾ। ਉਹਦੀ ਸੇਵਾ ਨਿਸ਼ਕਾਮ ਸੀ। ਉਸ ਦਾ ਕਿਲਾ ਰਾਇਪੁਰ ਦੀਆਂ ਖੇਡਾਂ ਵਿਚ ਪਾਇਆ ਯੋਗਦਾਨ ਦੇਰ ਤਕ ਯਾਦ ਰਹੇਗਾ।
ਕਿਲਾ ਰਾਇਪੁਰ ਦੇ ਖੇਡ ਮੇਲੇ ਦੀ ਸ਼ੁਰੂਆਤ 1933-34 ਵਿਚ ਹੋਈ ਸੀ। ਪੜ੍ਹੇ ਲਿਖੇ ਗਰੇਵਾਲਾਂ ਨੇ ਦੂਰ ਦੀ ਸੋਚ ਕੇ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਲਈ ਇਹ ਖੇਡ ਮੇਲਾ ਅਰੰਭ ਕੀਤਾ। ਮੇਲੇ ਦੇ ਮੋਢੀ ਇੰਦਰ ਸਿੰਘ, ਮਿਹਰ ਸਿੰਘ, ਹਰਚੰਦ ਸਿੰਘ, ਜੋਗਿੰਦਰ ਸਿੰਘ, ਦਲੀਪ ਸਿੰਘ ਤੇ ਸ਼ਿਵਦਿੱਤ ਸਿੰਘ ਸਨ। ਪਹਿਲੇ ਸਾਲ ਹਾਕੀ ਟੂਰਨਾਮੈਂਟ ਹੋਇਆ ਜਿਸ ਲਈ ਛੋਟਾ ਜਿਹਾ ਜਿਸਤੀ ਕੱਪ ਇਨਾਮ ਰੱਖਿਆ ਗਿਆ। 84 ਸਾਲਾਂ ਦੀ ਗਰਦ ਨਾਲ ਉਹ ਕੱਪ ਹੁਣ ਘਸਮੈਲਾ ਜਿਹਾ ਹੋਇਆ ਪਿਆ ਹੈ ਜਿਸ ਨੂੰ ਅਮੁੱਲ ਵਸਤੂ ਸਮਝ ਕੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਅੱਜ ਤਕ ਸੰਭਾਲਿਆ ਹੋਇਆ ਹੈ। ਹਾਕੀ ਦੇ ਟੂਰਨਾਮੈਂਟ ਨਾਲ ਵਾਲੀਬਾਲ ਦਾ ਮੈਚ ਤੇ ਕੁਝ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ ਸਨ। ਰਾਤ ਸਮੇਂ ਧਾਰਮਿਕ ਦੀਵਾਨ ਲੱਗਾ। ਦੂਜੇ ਸਾਲ ਬੈਲ ਗੱਡੀਆਂ ਦੀ ਦੌੜ ਵੀ ਸ਼ਾਮਲ ਕੀਤੀ ਗਈ ਜਿਸ ਨੇ ਪੇਂਡੂ ਲੋਕਾਂ ਦੀ ਕਲਪਨਾ ਨੂੰ ਅਜਿਹਾ ਟੁੰਬਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਿਲਾ ਰਾਇਪੁਰ ਦੀਆਂ ਖੇਡਾਂ ਵੱਲ ਖਿੱਚੇ ਜਾਣ ਲੱਗੇ। ਇਲਾਕੇ ਦੇ ਲੋਕ ਖੇਡਾਂ ਨੂੰ ਖੇਲ੍ਹਾਂ ਕਹਿੰਦੇ ਸਨ ਇਸ ਲਈ ਖੇਡਾਂ ਦੀ ਥਾਂ ਖੇਲ੍ਹਾਂ ਨਾਂ ਪ੍ਰਚਲਿਤ ਹੋ ਗਿਆ। ਬੈਲ ਗੱਡੀਆਂ ਦੀ ਦੌੜ ਇਨ੍ਹਾਂ ਖੇਡਾਂ ਦੀ ਵਿਸ਼ੇਸ਼ ਖਿੱਚ ਬਣ ਗਈ। ਬੈਲ ਗੱਡੀਆਂ ਦੀ ਦੌੜ ਦਾ ਮੋਹਰੀ ਬਖਸ਼ੀਸ਼ ਸਿੰਘ ਸੀ ਜੀਹਦੇ ਬਾਰੇ ਇਹ ਟੱਪਾ ਪ੍ਰਚਲਿਤ ਹੋਇਆ, “ਬਖਸ਼ੀ ਚਾਲਕ ਨੀ ਕਿਸੇ ਬਣ ਜਾਣਾ ਘਰ-ਘਰ ਪੁੱਤ ਜੰਮਦੇ।”
ਇਹ ਮੇਲਾ ਆਮ ਕਰ ਕੇ ਫਰਵਰੀ ਮਹੀਨੇ ਹੁੰਦਾ ਹੈ। ਉਂਜ ਬੱਝਵੀਆਂ ਤਾਰੀਖਾਂ ਕੋਈ ਨਹੀਂ। ਕਦੇ ਜਨਵਰੀ ਦੇ ਮਹੀਨੇ ਅਤੇ ਕਦੇ ਮਾਰਚ ਤਕ ਪਛੜ ਜਾਂਦਾ ਰਿਹਾ ਹੈ। 40ਵਿਆਂ ‘ਚ ਪੁੱਜਦਿਆਂ ਇਸ ਦੀ ਏਨੀ ਮਸ਼ਹੂਰੀ ਹੋ ਗਈ ਕਿ ਗਰੇਵਾਲਾਂ ਦੇ ਪਿੰਡਾਂ ‘ਚ ਵਿਆਹ ਮੰਗਣਿਆਂ ਦੀਆਂ ਗੰਢਾਂ ਮੇਲੇ ਦੀਆਂ ਤਾਰੀਖਾਂ ਪੁੱਛ ਕੇ ਈ ਭੇਜੀਆਂ ਜਾਂਦੀਆਂ ਸਨ। ਸੰਸਾ ਰਹਿੰਦਾ ਸੀ ਕਿਤੇ ਵਿਆਹ ਸਾਹੇ ਦੇ ਦਿਨ ਖੇਡਾਂ ਨਾ ਹੋ ਰਹੀਆਂ ਹੋਣ। ਇਹ ਖੇਡਾਂ ਇਕ ਤਰ੍ਹਾਂ ਨਾਲ ਇਲਾਕੇ ਦਾ ਵੱਡਾ ਜੋੜ-ਮੇਲਾ ਸਮਝੀਆਂ ਜਾਂਦੀਆਂ ਸਨ।
1943 ਵਿਚ ਕਿਲਾ ਰਾਇਪੁਰ ਦਾ ਇਕ ਰਿਟਾਇਰ ਫੌਜੀ ਦਲੀਪ ਸਿੰਘ ਗਰੇਵਾਲ ਮੇਲੇ ਵਿਚ ਆਇਆ। ਉਸ ਦਾ ਕਲਕੱਤੇ ਟਰਾਂਸਪੋਰਟ ਦਾ ਤਕੜਾ ਕਾਰੋਬਾਰ ਸੀ। ਉਹ ਮੇਲੇ ਵਿਚ ਖਿਡਾਰੀਆਂ ਉਤੋਂ ਦੀ ਰੁਪਈਆਂ ਦਾ ਮੀਂਹ ਵਰ੍ਹਾਉਣ ਲੱਗਾ। ਉਨ੍ਹੀਂ ਦਿਨੀਂ ਜਦੋਂ ਕਈ ਪੇਂਡੂਆਂ ਨੇ ਸੌ ਦਾ ਨੋਟ ਵੇਖਿਆ ਵੀ ਨਹੀਂ ਸੀ, ਉਹ ਕਬੱਡੀ ਦੇ ਇਕ-ਇਕ ਪੁਆਇੰਟ ਉਤੇ ਸੌ-ਸੌ ਦੇ ਨੋਟ ਇਨਾਮ ਦੇਣ ਲੱਗਾ। ਸੌ ਦਾ ਪਹਿਲਾ ਨੋਟ ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਲੂ ਰਾਜੇਆਣੀਏਂ ਨੂੰ ਮਿਲਿਆ ਜਦੋਂ ਉਸ ਨੇ ਇਕ ਕਹਿੰਦੇ ਕਹਾਉਂਦੇ ਧਾਵੀ ਨੂੰ ਗੁੱਟੋਂ ਫੜ੍ਹ ਕੇ ਡੱਕ ਲਿਆ। ਉਦੋਂ ਜੋਗਿੰਦਰ ਸਿੰਘ ਪੀ. ਟੀ. ਖੇਡ ਮੁਕਾਬਲਿਆਂ ਦੀ ਕੁਮੈਂਟਰੀ ਕਰਦਾ ਹੁੰਦਾ ਸੀ। ਉਹਦੀਆਂ ਟਿੱਪਣੀਆਂ ਤੇ ਟੋਟਕੇ ਰੰਗ ਬੰਨ੍ਹੀ ਰੱਖਦੇ। ਜਦੋਂ ਬਿੱਲੂ ਨੇ ਗੁੱਟ ਫੜ੍ਹਨਾ ਤਾਂ ਪੀ. ਟੀ. ਨੇ ਲਾਊਡ ਸਪੀਕਰ ਤੋਂ ਕਹਿਣਾ, “ਲੈ ਆ-ਗੀ ਘੁਲਾੜੀ ‘ਚ ਬਾਂਹ। ਭਲਾ ਘੁਲਾੜੀ ‘ਚੋਂ ਬਾਂਹ ਵੀ ਕਦੇ ਨਿਕਲੀ ਐ?”
ਦਲੀਪ ਸਿੰਘ ਦੀ ਇਕ ਜ਼ੇਬ ਵਿਚ ਸੌ-ਸੌ ਦੇ ਨੋਟ ਹੁੰਦੇ ਤੇ ਦੂਜੀ ਵਿਚ ਦਸ-ਦਸ ਦੇ। ਉਹ ਕਬੱਡੀ ਦੇ ਪਾੜੇ ‘ਤੇ ਖੜ੍ਹ ਕੇ ਇਨਾਮ ਦਿੰਦਾ। ਉਹਨੇ ਜਿਸ ਜ਼ੇਬ ‘ਚ ਹੱਥ ਪਾਉਣਾ ਉਸੇ ਮੁਤਾਬਿਕ ਪੀ. ਟੀ. ਨੇ ਸੌ ਜਾਂ ਦਸ ਰੁਪਏ ਦਾ ਇਨਾਮ ਬੋਲ ਦੇਣਾ। ਲੋਕਾਂ ਨੇ ਕਹਿਣਾ, ਦਲੀਪ ਸਿੰਘ ਪੀ. ਟੀ. ਦੀ ਬੀਨ ਉਤੇ ਲੱਗਾ ਹੋਇਐ। ਖਿਡਾਰੀ ਕਹਿੰਦੇ, “ਕਿਲਾ ਰਾਇਪੁਰ ਦੀਆਂ ਖੇਡਾਂ ਨੇ ਸਾਡਾ ਪੂਰਾ ਮੁੱਲ ਪਾਇਆ।”
ਮੰਦੇ ਦੇ ਉਨ੍ਹੀਂ ਦਿਨੀਂ ਕਈ ਖਿਡਾਰੀਆਂ ਨੇ ਉਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਖੇਡ ਵਿਭਾਗ ਵਿਚ ਸੀਨੀਅਰ ਅਫਸਰ ਰਹੀ ਸ੍ਰੀਮਤੀ ਸੁਨੀਤਾ ਧੀਰ ਦੱਸਦੀ ਸੀ ਕਿ ਉਹ ਅਜੇ ਵਿਦਿਆਰਥਣ ਸੀ ਜਦੋਂ ਕਿਲਾ ਰਾਇਪੁਰ ਦੌੜਨ ਗਈ ਤੇ ਅੱਠ ਸੌ ਰੁਪਏ ਦੇ ਇਨਾਮ ਲੈ ਕੇ ਪਰਤੀ। ਕਬੱਡੀ ਦੀ ਕੁਮੈਂਟਰੀ ਕਿਲਾ ਰਾਇਪੁਰ ਦੀਆਂ ਖੇਡਾਂ ਵਿਚੋਂ ਜਨਮੀ। ਪੀ. ਟੀ. ਜੋਗਿੰਦਰ ਸਿੰਘ ਇਸ ਦਾ ਜਨਮਦਾਤਾ ਹੈ। ਉਹ ਕੁਮੈਂਟਰੀ ਵਿਚ ਲੋਕ ਗੀਤ, ਲਤੀਫੇ, ਕਹਾਵਤਾਂ ਤੇ ਨਿੱਕੇ-ਨਿੱਕੇ ਪ੍ਰਸੰਗ ਸੁਣਾਉਂਦਾ ਲੋਕਾਂ ਦਾ ਮਨੋਰੰਜਨ ਕਰੀ ਜਾਂਦਾ।
ਬੈਲ ਗੱਡੀਆਂ ਦੀ ਦੌੜ ਸਮੇਂ ਪੀ. ਟੀ. ਬੈਲ ਗੱਡੀਆਂ ਨਾਲ ਸਬੰਧਤ ਲੋਕ ਗੀਤਾਂ ਦੇ ਟੱਪੇ ਸੁਣਾ ਕੇ ਮੇਲੇ ਨੂੰ ਨਿਹਾਲ ਕਰਦਾ:
-ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ।
-ਤੈਨੂੰ ਕੀ ਮੁਕਲਾਵਾ ਤਾਰੂ ਰੋਂਦੇ ਯਾਰ ਛੱਡ ਗਈ।
-ਗੱਡੀ ਵਿਚ ਮੈਂ ਰੋਵਾਂ ਮੇਰੀ ਕੱਤਣੀ ‘ਚ ਰੋਣ ਗਲੋਟੇ।
ਇਸ ਮੇਲੇ ਦੀ ਡਾਇਮੰਡ ਜੁਬਲੀ ਆਉਣ ਵਾਲੀ ਹੈ। ਇਹਦੇ ਵਿਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਆਲਮੀ ਪ੍ਰਸਿੱਧੀ ਵਾਲੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਂਦੇ ਰਹੇ। ਓਲੰਪੀਅਨ ਕਰਨਲ ਗੁਰਚਰਨ ਸਿੰਘ ਤਾਂ ਸੀ ਹੀ ਕਿਲਾ ਰਾਇਪੁਰ ਦਾ। ਉਸ ਦੇ ਭਰਾ ਮਿਹਰ ਸਿੰਘ ਗਰੇਵਾਲ ਨੇ ਵੀ ਚੰਗੀ ਹਾਕੀ ਖੇਡੀ ਤੇ ਮੇਲੇ ਦੀ ਸ਼ਾਨ ਚਮਕਾਈ। ਦੇਸ਼ ਭਰ ‘ਚੋਂ ਚੋਟੀ ਦੇ ਅਥਲੀਟ ਇਸ ਦੇ ਟਰੈਕ ਵਿਚ ਦੌੜਦੇ ਰਹੇ। ਇਥੇ ਗੋਲੇ ਦਾ ਸੁਟਾਵਾ ਪ੍ਰਦੁੱਮਣ ਸਿੰਘ ਆਇਆ, ਡਿਸਕਸ ਵਾਲਾ ਬਲਕਾਰ ਸਿੰਘ ਤੇ ਹੈਮਰ ਵਾਲਾ ਪਰਵੀਨ ਕੁਮਾਰ ਵੀ। ਇਥੇ ਕੁਸ਼ਤੀਆਂ ਭਾਵੇਂ ਨਹੀਂ ਸਨ ਹੁੰਦੀਆਂ ਪਰ ਕਰਤਾਰ ਸਿੰਘ ਤੋਂ ਲੈ ਕੇ ਦਾਰਾ ਸਿੰਘ ਤਕ ਪਹਿਲਵਾਨ ਦਰਸ਼ਨ ਦਿੰਦੇ ਰਹੇ।
ਇਸ ‘ਪੇਂਡੂ ਓਲੰਪਿਕਸ’ ਦੀ ਏਨੀ ਮਸ਼ਹੂਰੀ ਹੋਈ ਕਿ ਇਸ ਦੀਆਂ ਫਿਲਮਾਂ ਪਿਛਲੀ ਸਦੀ ਵਿਚ ਹੀ ਜਰਮਨੀ ਤੇ ਇੰਗਲੈਂਡ ਜਾ ਪੁੱਜੀਆਂ। ਸੁਰਗਵਾਸੀ ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ ਤੇ ਐਮ. ਐਲ਼ ਕਪੂਰ ਵਰਗੇ ਮੰਨੇ ਦੰਨੇ ਪੱਤਰਕਾਰ ਖੇਡ ਮੈਦਾਨ ਵਿਚ ਟੇਢੇ ਪੈ ਕੇ ਖੇਡਾਂ ਵੇਖਿਆ ਕਰਦੇ ਤੇ ਅਖਬਾਰਾਂ ਵਿਚ ਖੇਡਾਂ ਦੀਆਂ ਗੱਲਾਂ ਮਸਾਲੇ ਲਾ ਕੇ ਛਾਪਿਆ ਕਰਦੇ। ਇਥੇ ਗੁਰਬਖਸ਼ ਸਿੰਘ ਪ੍ਰੀਤ ਲੜੀ ਵਰਗੇ ਲੇਖਕ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਆਉਂਦੇ ਰਹੇ। ਗੁਰਬਖਸ਼ ਸਿੰਘ ਨੇ ਇਨ੍ਹਾਂ ਖੇਡਾਂ ਬਾਰੇ ਇਕ ਪ੍ਰਸ਼ੰਸਾਮਈ ਲੇਖ ਪ੍ਰੀਤ ਲੜੀ ਵਿਚ ਵੀ ਛਾਪਿਆ।
ਨਾਰੰਗਵਾਲ ਦੇ ਸ਼ ਪ੍ਰਹਿਲਾਦ ਸਿੰਘ ਗਰੇਵਾਲ ਦਾ ਪੁੱਤਰ ਅਫਰੀਕਾ ਵਿਚ ਪਾਣੀ ‘ਚ ਡੁੱਬ ਕੇ ਗੁਜ਼ਰ ਗਿਆ ਸੀ। ਉਸ ਨੇ ਆਪਣੇ ਪੁੱਤਰ ਦੀ ਯਾਦ ਵਿਚ 100 ਤੋਲੇ ਸ਼ੁਧ ਸੋਨੇ ਦਾ ਭਗਵੰਤ ਮੈਮੋਰੀਅਲ ਕੱਪ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਭੇਟ ਕੀਤਾ। ਇਹ ਕੱਪ ਹਾਕੀ ਦੀ ਸਰਦਾਰੀ ਦਾ ਚਿੰਨ੍ਹ ਹੈ ਜਿਸ ਨੂੰ ਜਿੱਤਣ ਲਈ ਹਰ ਸਾਲ ਹਾਕੀ ਦੀਆਂ ਬਿਹਤਰੀਨ ਟੀਮਾਂ ਜੂਝਦੀਆਂ ਹਨ। ਹਾਕੀ ਦੀ ਖੇਡ ਲਈ ਏਡਾ ਵੱਡਾ ਖਾਲਸ ਸੋਨੇ ਦਾ ਕੱਪ ਭਾਰਤ ਵਿਚ ਸ਼ਾਇਦ ਹੀ ਕੋਈ ਹੋਰ ਹੋਵੇ।
ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ‘ਚੋਂ ਸਾਈਕਲ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਅਲੈਕਸੀ ਦੀ ਮਾਂ ਜਰਮਨ ਮੂਲ ਦੀ ਹੈ ਤੇ ਪਿਤਾ ਪੰਜਾਬ ਦਾ ਸਿੰਘ ਸਰਦਾਰ। ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਸੱਦੇ ਉਤੇ ਅਲੈਕਸੀ ਸਿੰਘ ਗਰੇਵਾਲ ਮੇਲੇ ਵਿਚ ਵੀ ਆਇਆ।
ਕਿਲਾ ਰਾਇਪੁਰ ਦੇ ਖੇਡ ਮੇਲੇ ਉਤੇ ਹਰ ਸਾਲ ਹਰ ਤਰ੍ਹਾਂ ਦੇ ਸਿਆਸਤਦਾਨ ਹਾਜ਼ਰੀ ਲੁਆਉਂਦੇ ਹਨ। ਉਥੇ ਪੁੱਜਣ ਲਈ ਸਾਬਕਾ ਰਾਸ਼ਟਰਪਤੀ ਵੀ. ਵੀ. ਗਿਰੀ ਪਰਿਵਾਰ ਸਮੇਤ ਹਵਾਈ ਜਹਾਜ਼ ਚੜ੍ਹਿਆ ਸੀ। ਸ਼ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤਕ ਤੇ ਪੰਜਾਬ ਦੇ ਗਵਰਨਰ ਸਾਹਿਬਾਨ ਕਿਲਾ ਰਾਇਪੁਰ ਪਧਾਰ ਚੁਕੇ ਹਨ। ਜਸਟਿਸ ਗੁਰਨਾਮ ਸਿੰਘ ਤਾਂ ਸੀ ਹੀ ਘਰ ਦਾ। ਭਰੇ ਮੇਲੇ ਨੂੰ ਵੇਖਦਿਆਂ ਸਿਆਸੀ ਨੇਤਾ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰਦੇ ਰਹਿੰਦੇ ਹਨ ਪਰ ਉਨ੍ਹਾਂ ‘ਤੇ ਅਮਲ ਘੱਟ-ਵੱਧ ਹੀ ਹੁੰਦਾ ਹੈ। ਇਹੋ ਕਾਰਨ ਹੈ ਕਿ ਕਿਲਾ ਰਾਇਪੁਰ ਵਰਗੇ ਖੇਡਾਂ ਦੇ ਕੁੰਭ ਵਿਚ ਵੀ ਸਰਕਾਰਾਂ ਵੱਲੋਂ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਨਹੀਂ ਕੀਤੀਆਂ ਗਈਆਂ। ਪੰਜਾਬ ਦੀਆਂ ਪੇਂਡੂ ਖੇਡਾਂ ਨੂੰ ਲੋਰੀ ਦੇਣ ਵਾਲੇ ਇਸ ਖੇਡ ਮੈਦਾਨ ਉਤੇ ਅਕਸਰ ਬਰਬਰ ਉਡਦੀ ਹੈ।
ਮੇਲਾ ਸ਼ੁਰੂ ਕਰਨ ਵਾਲੇ ਸੱਜਣ ਤਾਂ ਕਦੋਂ ਦੇ ਇਸ ਦੁਨੀਆਂ ਤੋਂ ਕੂਚ ਕਰ ਗਏ ਹਨ। ਦੂਜੀ ਪੀੜ੍ਹੀ ਦਾ ਆਖਰੀ ਥੰਮ੍ਹ ਆਤਮਾ ਸਿੰਘ ਵੀ ਫਤਿਹ ਬੁਲਾ ਗਿਆ ਹੈ। ਤੀਜੀ ਪੀੜ੍ਹੀ ਵੀ ਰਿਟਾਇਰ ਹੋ ਚੁਕੀ ਹੈ। ਚੌਥੀ ਪੀੜ੍ਹੀ ਜੋ ਕਦੋਂ ਦੀ ਕੰਡਿਆਲੇ ਚੱਬਦੀ ਸੀ, ਇਸ ਇਤਿਹਾਸਕ ਮੇਲੇ ਦੀਆਂ ਲਗਾਮਾਂ ਹੁਣ ਉਹਦੇ ਹੱਥ ਹਨ। ਵੇਖਦੇ ਹਾਂ, ਨਵੀਂ ਪੀੜ੍ਹੀ ਦੇ ਪੜ੍ਹੇ-ਲਿਖੇ ਨੌਜੁਆਨ ਕਿਲਾ ਰਾਇਪੁਰ ਦੀਆਂ ‘ਪੇਂਡੂ ਓਲੰਪਿਕ ਖੇਡਾਂ’ ਨੂੰ ਇੱਕੀਵੀਂ ਸਦੀ ‘ਚ ਕਿਹੜੀਆਂ ਸਿਖਰਾਂ ‘ਤੇ ਲਿਜਾਂਦੇ ਹਨ?