ਫਿਰਿ ਇਆ ਅਉਸਰੁ ਚਰੈ ਨ ਹਾਥਾ

-ਪ੍ਰਸੰਗ ਦਲਿਤਾਂ ਦੇ ਹਕੂਕ-
ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਹੜਤਾਲਾਂ ਤੇ ਬੰਦ ਮੁਲਕ ਦੇ ‘ਸਾਰੇ’ ਲੋਕਾਂ ਦਾ ਜਮਹੂਰੀ ਅਤੇ ਸੰਵਿਧਾਨਕ ਹੱਕ ਹੈ, ਜਿਸ ਤੋਂ ਕਿਸੇ ਨੂੰ ਵੀ ਵਾਂਝਿਆਂ ਨਹੀਂ ਕੀਤਾ ਜਾ ਸਕਦਾ ਸਗੋਂ ਸਭ ਨੂੰ ਇਸ ਹੱਕ ਦੀ ਸੰਜਮ ਤੇ ਸਮਝਦਾਰੀ ਨਾਲ ਸੁਯੋਗ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰ ਦੇ ਕੰਨਾਂ ‘ਤੇ ਸਮੇਂ ਸਮੇਂ ਜੂੰ ਸਰਕਦੀ ਰਹੇ; ਸਰਕਾਰ ਨੂੰ ਚੇਤੇ ਰਹੇ ਕਿ ਉਹ ਸਰਕਾਰ ਹੈ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ ਹਨ, ਜੋ ਉਸ ਨੇ ਨਿਭਾਉਣੇ ਹਨ। ਸਰਕਾਰ ਦਾ ਕੰਮ ਸਮਾਜ ‘ਤੇ ਬੋਝ ਪਾਉਣਾ ਨਹੀਂ ਸਗੋਂ ਹਟਾਉਣਾ ਜਾਂ ਘਟਾਉਣਾ ਹੁੰਦਾ ਹੈ। ਜੋ ਸਰਕਾਰ ਅਜਿਹਾ ਨਹੀਂ ਕਰਦੀ, ਉਹ ਲੋਕਾਂ ਦੀ ਸਰਕਾਰ ਨਹੀਂ ਹੁੰਦੀ। ਉਹ ਸਿਰਫ ਭੁਲੇਖਾ ਪਾਉਣ ‘ਚ ਹੀ ਕਾਮਯਾਬ ਹੋ ਗਈ ਹੈ ਕਿ ਉਹ ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੈ।

ਹੜਤਾਲਾਂ ਅਤੇ ਬੰਦ ਸਰਕਾਰ ਦੇ ਭਰਮ ਤੋੜਦੇ ਹਨ ਤੇ ਸਰਕਾਰ ਨੂੰ ਸੁਪਨ ਜਾਂ ਚਾਤਰ ਅਵਸਥਾ ਵਿਚੋਂ ਜਾਗ੍ਰਿਤ ਅਤੇ ਸੁਘੜ ਅਵਸਥਾ ਵਿਚ ਲੈ ਆਉਂਦੇ ਹਨ। ਅੱਛੀ ਸਰਕਾਰ ਹੋਣ ਦਾ ਇਕ ਟੈਸਟ ਇਹ ਵੀ ਹੈ ਕਿ ਉਸ ਅਧੀਨ ਆਉਂਦੇ ਲੋਕ ਕਿਤਨੇ ਕੁ ਹੌਲੇ ਫੁੱਲ ਜਾਂ ਸੁਬਕਦੋਸ਼ ਮਹਿਸੂਸ ਕਰਦੇ ਹਨ। ਆਮ ਸੱਥਾਂ, ਬੈਠਕਾਂ ਜਾਂ ਗੋਸ਼ਟੀਆਂ ਵਿਚ ਲੋਕ ਕਿਤਨੇ ਕੁ ਚਾਅ ਨਾਲ ਸ਼ਿਰਕਤ ਕਰਦੇ ਹਨ ਜਾਂ ਲੋਕਾਂ ਦੇ ਚਿਹਰਿਆਂ ‘ਤੇ ਕਿਤਨੀ ਕੁ ਰੌਣਕ ਤਾਰੀ ਰਹਿੰਦੀ ਹੈ; ਸਿੱਧੇ ਅਰਥਾਂ ਵਿਚ ਲੋਕ ਕਿਤਨੇ ਕੁ ਖੁਸ਼ ਰਹਿੰਦੇ ਹਨ।
ਕਾਰਪੋਰੇਟ ਸ਼ਬਦ ਦਾ ਮੂਲ ਹੈ, ਮੋਟੇ ਜਾਂ ਵਧੇ ਹੋਏ ਪੇਟ ਵਾਲਾ। ਜੋ ਲੋਕ ਕਿਸੇ ਵੀ ਤਰ੍ਹਾਂ ਦੀ ਸਾਂਝੀ ਪੂੰਜੀ ਦਾ ਵੱਡਾ ਹਿੱਸਾ ਹੜੱਪ ਜਾਂ ਗਲੱਪ ਜਾਂਦੇ ਹਨ, ਉਹ ਸਰਕਾਰ ‘ਤੇ ਹਾਵੀ ਜਾਂ ਕਾਬਜ਼ ਲੋਕਾਂ ਦੀ, ਕਿਸੇ ਵੀ ਹੀਲੇ ਵਸੀਲੇ, ਮੁੱਠੀ ਗਰਮ ਕਰ ਕੇ, ਉਨ੍ਹਾਂ ਨੂੰ ਆਪਣੀ ਮੁੱਠ ਵਿਚ ਕਰ ਲੈਂਦੇ ਹਨ; ਫਿਰ ਉਹ ਲੋਕਾਂ ਨੂੰ, ਹਰਬਰਟ ਮਾਰਕੂਜ਼ੇ ਦੇ ਸ਼ਬਦਾਂ ਵਿਚ ‘ਸਟੂਪਿਫਾਇ’ ਅਰਥਾਤ ਮੂਰਖ ਬਣਾ ਲੈਂਦੇ ਹਨ।
ਫਿਰ ਉਹ, ਉਨ੍ਹਾਂ ਮੂਰਖਾਂ ਨੂੰ ਹਰ ਪੱਖੋਂ ਊਣੇ ਤੇ ਬੌਣੇ ਬਣਾਉਣ ਲਈ, ਇਸ ਤਰ੍ਹਾਂ ਦੇ ਨਾਅਰੇ ਦਿੰਦੇ ਹਨ: ਕਰ ਲੋ ਦੁਨੀਆਂ ਮੁੱਠੀ ਮੇਂ। ਬਸ ਫਿਰ ਦੁਨੀਆਂ ਮੁੱਠੀ ਵਿਚ ਕਰਦੇ ਕਰਦੇ, ਮੂਰਖ ਲੋਕ ਆਪਣਾ ਝੁੱਗਾ ਚੌੜ ਕਰਾਉਣ ਦੇ ਕਦੀ ਵੀ ਨਾ ਮੁੱਕਣ ਵਾਲੇ ਰਾਹ ਪੈ ਜਾਂਦੇ ਹਨ। ਅਜਿਹੇ ਲੋਕ ਆਪਣਾ ਸਾਂਝਾ ਦੁਸ਼ਮਣ, ਠੱਗ, ਚੋਰ ਜਾਂ ਡਕੈਤ ਲੱਭਣ ਅਤੇ ਉਸ ਨਾਲ ਭਿੜਨ ਤੋਂ ਨਾਵਾਕਫ ਤੇ ਅਸਮਰੱਥ ਰਹਿੰਦੇ ਹਨ। ਆਪਣੀ ਹੋਂਦ ਦੇ ਨਿੱਕੇ ਨਿੱਕੇ ਘੇਰਿਆਂ ਵਿਚ ਘਿਰੀ ਹੋਈ ਮਾਨਸਿਕਤਾ ਵਸ, ਆਪੋ ਵਿਚ ਹੀ ਪਾਟ ਜਾਂਦੇ ਹਨ ਅਤੇ ਆਪਸੀ ਨਫਰਤਾਂ ਪਾਲ ਬਹਿੰਦੇ ਹਨ।
ਭਾਰਤ ਦੇ ਸਾਰੇ ਲੋਕ ਯਕਮੁਸ਼ਤ ਨਹੀਂ ਹਨ। ਧਰਮ ਦੇ ਆਧਾਰਤ ਬੋਧੀ, ਜੈਨੀ, ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਹਨ। ਸਮਾਜਕ ਆਧਾਰ ‘ਤੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ, ਜੋ ਹੁਣ ਜਨਰਲ ਤੇ ਐਸ਼ ਸੀ., ਐਸ਼ ਟੀ. ਅਤੇ ਓ. ਬੀ. ਸੀ. ਵਿਚ ਵੰਡੇ ਗਏ ਹਨ। ਕਸਬ ਦੇ ਆਧਾਰ ‘ਤੇ ਮੁਲਾਜ਼ਮ, ਮਜ਼ਦੂਰ, ਵਪਾਰੀ ਤੇ ਕਾਸ਼ਤਕਾਰ ਹੋ ਗਏ ਹਨ। ਆਮ ਤੌਰ ‘ਤੇ ਅਮੀਰ-ਗਰੀਬ ਅਤੇ ਮਾਲਿਕ-ਨੌਕਰ ਹਨ।
ਇਹ ਸਾਡੇ ਸਮਾਜ ਦੇ ਹਿੱਸੇ ਜਾਂ ਪਾੜੇ ਹਨ ਜੋ ਮਿਲਾ ਕੇ ‘ਸਾਰੇ’ ਬਣਦੇ ਹਨ। ਇਨ੍ਹਾਂ ਵਿਚੋਂ ਕਿਸੇ ਦੇ ਵੀ ਹੱਕ ਹਕੂਕ ਮਾਰੇ, ਦੱਬੇ, ਕੁਚਲੇ, ਹਟਾਏ ਜਾਂ ਘਟਾਏ ਜਾਂਦੇ ਹਨ ਤਾਂ ਉਹ ਹੜਤਾਲ ਜਾਂ ਬੰਦ ਕਰਦੇ ਹਨ। ਅਕਾਲੀ ਦਲ ਨੇ ਆਪਣੇ ਸੰਵਿਧਾਨਕ ਹੱਕਾਂ ਲਈ ਧਰਮ ਯੁੱਧ ਮੋਰਚੇ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਕੀ ਕੀਤਾ ਅਤੇ ਕੀ ਨਹੀਂ ਕੀਤਾ, ਅਸੀਂ ਸਭ ਜਾਣਦੇ ਹਾਂ; ਉਸ ਦਾ ਖਮਿਆਜ਼ਾ ਸਾਰਾ ਪੰਜਾਬ ਭੁਗਤ ਰਿਹਾ ਹੈ।
ਹਰਿਆਣੇ ਵਿਚ ਜਾਟਾਂ ਨੇ ਕੀ ਕੀ ਕੀਤਾ, ਉਹ ਵੀ ਅਸੀਂ ਜਾਣਦੇ ਹਾਂ ਤੇ ਜਿਸ ਦਾ ਖਮਿਆਜ਼ਾ ਪੂਰੇ ਦੇਸ਼ ਨੇ ਦੇਖਿਆ ਤੇ ਭੁਗਤਿਆ ਹੈ; ਜਿਸ ਦੇ ਡਰਾਉਣੇ ਸੁਪਨੇ ਅਜੇ ਵੀ ਉਨ੍ਹਾਂ ਬੱਚੇ ਬੱਚੀਆਂ ਨੂੰ ਆਉਂਦੇ ਹੋਣਗੇ, ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ, ਉਨ੍ਹਾਂ ਦੀਆਂ ਮਾਂਵਾਂ ਭੈਣਾਂ ਨੂੰ ਦਰਿੰਦੇ ਘੜੀਸ ਘੜੀਸ ਕੇ ਆਪਣੇ ਖੇਤਾਂ ਵਿਚ ਲੈ ਕੇ ਗਏ; ਜਿਨ੍ਹਾਂ ਦੇ ਰੁਲਦੇ ਹੋਏ ਅੰਡਰ-ਗਾਰਮੈਂਟਸ ਕਈ ਦਿਨ ਸੜਕਾਂ ‘ਤੇ ਕੁੱਤੇ ਚੱਟਦੇ ਦੇਖੇ ਗਏ। ਗੁੱਜਰਾਂ ਨੇ ਕੀ ਕੀਤਾ ਸੀ ਤੇ ਕਸ਼ਮੀਰ ਵਿਚ ਲਗਾਤਾਰ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ? ਉਹ ਵੀ ਸਭ ਦੇ ਸਾਹਮਣੇ ਹੈ।
ਕਈ ਸਾਲ ਪਹਿਲਾਂ ਪੰਜਾਬੀ ਕਿਸਾਨਾਂ ਨੇ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਜਿਹੜੇ ‘ਗੁਲ’ ਖਿਲਾਏ ਸਨ, ਸ਼ਾਇਦ ਉਹ ਸਾਨੂੰ ਭੁੱਲ ਗਏ ਹੋਣਗੇ, ਪਰ ਚੰਡੀਗੜ੍ਹੀਆਂ ਨੂੰ ਕਦੀ ਵੀ ਨਹੀਂ ਭੁੱਲਣੇ, ਜਿਨ੍ਹਾਂ ਨੂੰ ਕਈ ਹਫਤਿਆਂ ਤੱਕ ਰੋਜ਼ ਗਾਰਡਨ ਨੇੜਿਉਂ ਨੱਕ ‘ਤੇ ਰੁਮਾਲ ਧਰੇ ਬਗੈਰ ਲੰਘਣਾ ਮੁਹਾਲ ਹੋ ਗਿਆ ਸੀ। ਵਿਦਿਆਰਥੀਆਂ ਦੇ ਪੜ੍ਹਨ ਲਈ ਸੁਹਾਵਣੇ ਵਾਤਾਵਰਣ ਵਾਲੀ ਥਾਂ ਸ਼ਾਂਤੀ ਕੁੰਜ ਵਿਚਲੇ ਹਰੇ ਕਚੂਰ ਬਾਂਸ ਬੇਹੂਦਗੀ ਨਾਲ ਵੱਢ ਵੱਢ ਕੇ ਆਪਣੇ ਘਰਾਂ ਨੂੰ ਲੈ ਗਏ ਸਨ ਤੇ ਚੰਡੀਗੜ੍ਹ ਉਜਾੜੇ ਦਾ ਮੰਜ਼ਰ ਬਣ ਗਿਆ ਸੀ।
ਦਰਬਾਰ ਸਾਹਿਬ ‘ਤੇ ਹਮਲਾ, ਦਿੱਲੀ ਦੰਗੇ, ਪੰਜਾਬ ਵਿਚਲਾ ਹੜਦੁੰਗ ਅਤੇ ਆਤੰਕ, ਦਲਿਤ ਸੰਤ ਦਾ ਕਤਲ ਤੇ ਉਸ ਦਾ ਪ੍ਰਤੀਕਰਮ ਕਦੀ ਵੀ ਨਾ ਭੁੱਲਣ ਵਾਲਾ ਪੰਜਾਬੀ ‘ਚੇਤਾ’ ਹੈ।
ਜਦ ਵੀ ਕਿਸੇ ਛੋਟੇ ਲੋਕ ਸਮੂਹ ਨਾਲ ਕੁਝ ਵਾਪਰਦਾ ਹੈ ਤਾਂ ਉਹ ਬੰਦ ਅਤੇ ਹੜਤਾਲਾਂ ਕਰਦੇ ਆਏ ਹਨ। ਦੂਜੇ ਲੋਕ ਉਨ੍ਹਾਂ ਨੂੰ ਹਮੇਸ਼ਾਂ ‘ਕੁਝ ਲੋਕ’, ‘ਮੁੱਠੀ ਭਰ ਲੋਕ’ ਅਤੇ ‘ਚੁਟਕੀ ਭਰ ਲੋਕ’ ਗਰਦਾਨਦੇ ਹਨ। ਕਈ ਤਾਂ ਉਨ੍ਹਾਂ ਨੂੰ ‘ਨਕਸਲੀ’, ‘ਅਤੰਕਵਾਦੀ’ ਅਤੇ ‘ਅਤਿਵਾਦੀ’ ਵੀ ਕਹਿ ਲੈਂਦੇ ਹਨ। ਕੌਣ ਕਦੋਂ ਦੇਸ਼ ਭਗਤ ਜਾਂ ਦੇਸ਼ ਸੇਵਕ ਹੁੰਦਾ ਹੈ, ਤੇ ਕਦੋਂ ਦੇਸ਼ ਧ੍ਰੋਹੀ, ਆਤੰਕਵਾਦੀ, ਅਤਿਵਾਦੀ, ਖਾੜਕੂ ਜਾਂ ‘ਨਕਸਲੀ’, ਇਹ ਸਭ ਸਮੇਂ ਸਮੇਂ ਦੇ ਹੇਰ-ਫੇਰ ਜਾਂ ਝੂਠ-ਸੱਚ ਹਨ।
ਕਿਸੇ ਸਮੇਂ ਭਗਤ ਨਾਮ ਦੇਵ ਨੇ ਸ਼ਿਕਾਇਤ ਕੀਤੀ ਸੀ ਕਿ “ਏ ਪੰਡੀਆ ਮੋ ਕਉ ਢੇਡ ਕਹਤ ਹੈ॥” ਭਗਤ ਕਬੀਰ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਪਾਂਡੇ ਉਸ ਨੂੰ ਜੁਲਾਹਾ ਜੁਲਾਹਾ ਕਹਿ ਕੇ ਹੱਸਦੇ ਹਨ। ਭਗਤ ਰਵਿਦਾਸ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਲੋਕ ਉਸ ਨੂੰ ਚਮਰੇਟਾ ਚਮਰੇਟਾ ਆਖਦੇ ਹਨ। ਭਾਈ ਲਾਲੋ ਨੂੰ ਪਤਾ ਨਹੀਂ, ਮਲਿਕ ਭਾਗੋ ਕੇ ਕੀ ਕੀ ਕਹਿੰਦੇ ਹੋਣਗੇ। ਇਨ੍ਹਾਂ ਦੀਆਂ ਸ਼ਿਕਾਇਤਾਂ ਕਿਸੇ ਕੋਰਟ ਕਚਹਿਰੀ ਨੇ ਨਾ ਸੁਣੀਆਂ। ਪੰਜਾਬ ਦਾ ਮੁੱਖ ਮੰਤਰੀ ਅਤੇ ਫਿਰ ਰਾਸ਼ਟਰਪਤੀ ਹੁੰਦਿਆਂ, ਕੁੱਲ ਜਹਾਨ ਦੇ ਲਤੀਫੇ, ਗਿਆਨੀ ਜ਼ੈਲ ਸਿੰਘ ਦੇ ਨਾਂ ਨਾਲ ਜੋੜ ਕੇ ਸੁਣਾਏ ਜਾਂਦੇ ਸਨ। ਗਿਆਨੀ ਜ਼ੈਲ ਸਿੰਘ ਦਾ ਨਾਂ ਇਸ ਤਰ੍ਹਾਂ ਲਿਆ ਜਾਂਦਾ ਸੀ, ਜਿਵੇਂ ਦੁਨੀਆਂ ਭਰ ਦਾ ਸਭ ਤੋਂ ਨਾਲਾਇਕ ਅਤੇ ਨਾ-ਸਮਝ ਬੰਦਾ ਉਹੋ ਹੀ ਹੋਵੇ।
ਅਖੀਰ ਗੁਰੂ ਨਾਨਕ ਨੇ ਸੁਣੀਆਂ ਤੇ ਰੱਬ ਦੇ ਘਰ ਇੰਦਰਾਜ ਹੋ ਗਈਆਂ। ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਜਦ ਤੱਕ ਸਮਾਂ ਰਹੇਗਾ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈਆਂ ਉਹ ਸ਼ਿਕਾਇਤਾਂ ਪਾਂਡਿਆਂ ਦੇ ਬੱਚਿਆਂ ਦਾ ਮੂੰਹ ਚਿੜਾਉਂਦੀਆਂ ਰਹਿਣਗੀਆਂ। ਪੰਡਿਤਾਂ ਦੇ ਬੱਚੇ ਜਦ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਗੇ, ਉਹ ਆਪਣੇ ਪੁਰਖਿਆਂ ਦੇ ਕਾਰਨਾਮਿਆਂ ਕਰ ਕੇ ਪਛਤਾਵੇ ਦੀ ਖੱਡ ਵਿਚ ਲਹਿ ਲਹਿ ਜਾਣਗੇ।
ਜੇ ਕੁੱਲਾਂ ਤਰ ਸਕਦੀਆਂ ਹਨ ਤਾਂ ਡੁੱਬ ਵੀ ਸਕਦੀਆਂ ਹਨ। ਦਾਦੇ ਦੀਆਂ ਕੀਤੀਆਂ ਪੁੱਤ, ਪੋਤੇ, ਪੜਪੋਤੇ ਤੇ ਪੜਪੜਪੋਤੇ ਭੁਗਤਦੇ ਦੇਖੇ ਜਾ ਸਕਦੇ ਹਨ। ਖੂਨ ਫਿਰ ਖੂਨ ਹੈ, ਟਪਕੇਗਾ ਤੋ ਜੰਮ ਜਾਏਗਾ। ਖਾਕਿ ਸਹਰਾ ਪੇ ਜਮੇਂ ਯਾ ਕਫਿ ਕਾਤਲ ਪੇ ਜਮੇਂ।
ਅੱਜ ਜਦੋਂ ਦਲਿਤ ਲੋਕ ਮੁੜ ਉਹੀ ਸ਼ਿਕਾਇਤ, ਕਿ ‘ਏ ਪੰਡੀਆ ਮੋ ਕਉ ਢੇਡ ਕਹਤ ਹੈ’ ਲੈ ਕੇ, ਭਾਰਤੀ ਕੋਰਟ ਕਚਹਿਰੀ ਵਿਚ ਹਾਜ਼ਰ ਹੋਏ ਹਨ, ਤਾਂ ਜਿਹੜੇ ਲੋਕ ਉਹੀ ਪੁਰਾਣੀ ਪੰਡੀਆ ਬਿਰਤੀ ਦੇ ਨਾਲ ਰਲਦੇ ਅਤੇ ਖੜ੍ਹਦੇ ਹਨ, ਉਨ੍ਹਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ‘ਭੈਅ’ ਅਤੇ ‘ਭਉ’ ਦਾ ਖਿਆਲ ਰੱਖਣਾ ਚਾਹੀਦਾ ਹੈ। ਨਹੀਂ ਤਾਂ ਸਾਡੇ ਪੁੱਤ, ਪੋਤੇ, ਪੜਪੋਤੇ ਤੇ ਪੜਪੜਪੋਤੇ ਕਦੀ ਵੀ ਨਿਜਾਤ ਨਹੀਂ ਪਾ ਸਕਣਗੇ, ਜਦ ਤੱਕ ਉਹ ਸਾਨੂੰ ਦੁਰਕਾਰ ਜਾਂ ਫਿਟਕਾਰ ਨਹੀਂ ਦੇਣਗੇ।
ਦਲਿਤ ਦਾਬੇ ਦੇ ਖਿਲਾਫ ਨਾਲ ਖੜ੍ਹਨਾ ਜਾਂ ਦਲਿਤਾਂ ਦੀ ਬਾਂਹ ਫੜ੍ਹਨਾ ਭਾਰਤੀ ਲੋਕਾਂ ਦਾ ਇਖਲਾਕੀ ਫਰਜ਼ ਤਾਂ ਹੈ ਹੀ, ਇਸ ਦੇ ਨਾਲ ਆਪਣੇ ਪੁਰਖਿਆਂ ਦੇ ਸਦੀਆਂ ਪੁਰਾਣੇ ਖੱਟੇ ‘ਕਲੰਕ’ ਤੋਂ ਨਿਜਾਤ ਪਾਉਣ ਦਾ ਮੁਕਤੀ ਅਵਸਰ ਵੀ ਹੈ; ਫਿਰਿ ਇਆ ਅਉਸਰੁ ਚਰੈ ਨ ਹਾਥਾ।”